- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੀਰਾ ਸਿੰਘ ਤੂਤ ਨੇ ਆਪਣੀਆਂ ਲਿਖਤਾਂ ਨੂੰ ‘ਤੂਤ ਦੀ ਪੈੜ’ ਪੁਸਤਕ ਦੇ ਰੂਪ ’ਚ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਹ ਪੁਸਤਕ ਵਾਰਤਕ ਵਿਧਾ ਨਾਲ ਸਬੰਧਿਤ ਹੈ। ਇਸ ਪੁਸਤਕ ’ਚ ਲੇਖਕ ਨੇ 32 ਸਿਰਲੇਖਾਂ ਅਧੀਨ ਸ਼ਬਦ-ਚਿੱਤਰ ਤੇ ਆਪਣੇ ਜੀਵਨ ਵੇਰਵੇ ਪੇਸ਼ ਕੀਤੇ ਹਨ। ‘ਤੂਤ ਦੀ ਪੈੜ’ ਪੁਸਤਕ ਦੀ ਭੂਮਿਕਾ ਵਾਰਤਕਕਾਰ ਨਿੰਦਰ ਘੁਗਿਆਣਵੀਂ ਨੇ ਲਿਖੀ ਹੈ।

ਪੁਸਤਕ - ਤੂਤ ਦੀ ਪੈੜ
ਲੇਖਕ - ਹੀਰਾ ਸਿੰਘ ਤੂਤ
ਸਫ਼ੇ 112 - ਮੁੱਲ 250
ਪ੍ਰਕਾਸ਼ਨ - ਪੰਜਾਬੀ ਕਵੀ ਪਬਲੀਕੇਸ਼ਨ, ਮੋਗਾ।
ਹੀਰਾ ਸਿੰਘ ਤੂਤ ਨੇ ਆਪਣੀਆਂ ਲਿਖਤਾਂ ਨੂੰ ‘ਤੂਤ ਦੀ ਪੈੜ’ ਪੁਸਤਕ ਦੇ ਰੂਪ ’ਚ ਪਾਠਕਾਂ ਦੇ ਸਨਮੁੱਖ ਕੀਤਾ ਹੈ। ਇਹ ਪੁਸਤਕ ਵਾਰਤਕ ਵਿਧਾ ਨਾਲ ਸਬੰਧਿਤ ਹੈ। ਇਸ ਪੁਸਤਕ ’ਚ ਲੇਖਕ ਨੇ 32 ਸਿਰਲੇਖਾਂ ਅਧੀਨ ਸ਼ਬਦ-ਚਿੱਤਰ ਤੇ ਆਪਣੇ ਜੀਵਨ ਵੇਰਵੇ ਪੇਸ਼ ਕੀਤੇ ਹਨ। ‘ਤੂਤ ਦੀ ਪੈੜ’ ਪੁਸਤਕ ਦੀ ਭੂਮਿਕਾ ਵਾਰਤਕਕਾਰ ਨਿੰਦਰ ਘੁਗਿਆਣਵੀਂ ਨੇ ਲਿਖੀ ਹੈ। ਇਸ ਪੁਸਤਕ ’ਚ ਸਾਹਿਤਕ ਸਫ਼ਰ ਵਿਚ ਰਾਹੇ-ਬਿਗਾਹੇ ਮਿਲੇ ਸੱਜਣਾਂ ਦੀਆਂ ਯਾਦਾਂ ਹਨ। ਇਸ ਪੁਸਤਕ ਜ਼ਰੀਏ ਲੇਖਕ ਨੇ ਨਿੱਕੇ-ਨਿੱਕੇ ਸ਼ਬਦ-ਚਿੱਤਰ (ਰੇਖਾ-ਚਿੱਤਰ) ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਵਿਚਲੀਆਂ ਲਿਖਤਾਂ ਆਪਣੇ-ਆਪ ਵਿਚ ਮੁੱਲਵਾਨ ਹਨ। ਇਸ ਪੁਸਤਕ ਦੇ ਸਿਰਲੇਖ ਬੜੇ ਢੁੱਕਵੇਂ ਜਾਂ ਪ੍ਰਤੀਕਮਈ ਹਨ, ਜੋ ਪਾਤਰ ਦੀ ਸ਼ਖ਼ਸੀਅਤ ਨਾਲ ਮੇਲ ਖਾਦੇ ਹਨ, ਜਿਵੇਂ ਪੈੱਨ ਨਾਲ ਮੋਹ, ਮਾਸਟਰ ਜੀ, ਦਾਦੀ ਮਾਂ ਦੀਆਂ ਬਾਤਾਂ, ਜਦੋਂ ਦੀ ਜੰਗੀਰੋ ਜੰਮ ਪਈ ਆਦਿ। ਲੇਖਕ ਪਹਿਲੇ ਸ਼ਬਦ-ਚਿੱਤਰ ਪੈੱਨ ਨਾਲ ਮੋਹ ਰੇਖਾ-ਚਿੱਤਰ ’ਚ ਦੱਸਦਾ ਹੈ ਕਿ ਉਸ ਲਈ ਇਹ ਪੈੱਨ ਸਿਰਫ਼ ਲਿਖਣ ਵਾਲੀ ਚੀਜ਼ ਨਹੀਂ ਸਗੋਂ ਲੇਖਕ ਦੀ ਸੋਚ ਤੇ ਰਚਨਾਤਮਿਕਤਾ ਦਾ ਸਾਧਨ ਹੈ। ਇਸ ’ਚ ਇਹ ਵੀ ਦੱਸਿਆ ਹੈ ਕਿ ਮਨੁੱਖ ਆਪਣੀਆਂ ਵਰਤੋਂ ਦੀਆਂ ਚੀਜ਼ਾਂ ਨਾਲ ਵੀ ਭਾਵਨਾਤਮਕ ਤੌਰ ਉੱਤੇ ਜੁੜ ਜਾਂਦਾ ਹੈ। ਲੇਖਕ ਲਈ ਪੈੱਨ ਉਸ ਦੇ ਲਿਖਣ, ਵਿਚਾਰਾਂ ਤੇ ਯਾਦਾਂ ਦਾ ਸਾਥੀ ਹੈ। ਲੇਖਕ ਆਪਣੇ ਪੈੱਨ ਨਾਲ ਜੁੜੀਆਂ ਯਾਦਾਂ ਤੇ ਪਿਆਰ ਨੂੰ ਬਿਆਨ ਕਰਦਾ ਹੈ। ਇਸ ਤੋਂ ਅਗਲੇ ਲੇਖ ਵਿਚ ਲੇਖਕ ਆਪਣੇ ਸਕੂਲ ਅਧਿਆਪਕਾਂ ਤੇ ਬਚਪਨ ਦੀਆਂ ਯਾਦਾਂ ਨੂੰ ਬੜੇ ਪਿਆਰ ਨਾਲ ਪੇਸ਼ ਕਰਦਾ ਹੈ। ਅਧਿਆਪਕ ਦੀਆਂ ਸਿੱਖਿਆ ਤੇ ਉਨ੍ਹਾਂ ਦੇ ਪਿਆਰ ਦਾ ਲੇਖਕ ਦੇ ਜੀਵਨ ਉੱਤੇ ਡੂੰਘਾ ਪ੍ਰਭਾਵ ਪਿਆ ਹੈ। ਇਸ ਵਾਰਤਕ ਪੁਸਤਕ ’ਚ ਲੇਖਕ ਨੇ ਆਪਣੇ ਪਿੰਡ ਤੂਤ ਦੀ ਮਿੱਟੀ, ਪੰਜਾਬੀ ਜੀਵਨ ਜਾਂਚ, ਪੇਂਡੂ ਸਭਿਆਚਾਰ ਤੇ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਬਹੁਤ ਬਾਰੀਕੀ ਨਾਲ ਬਿਆਨ ਕੀਤਾ ਹੈ। ਇਸ ਪੁਸਤਕ ਜ਼ਰੀਏ ਮਾਨਵੀ ਕਦਰਾਂ-ਕੀਮਤਾਂ ਨੂੰ ਉਜਾਗਰ ਕੀਤਾ ਹੈ। ਪੁਸਤਕ ਵਿਚਲੇ ਲੇਖ ਡਾਇਰੀ ਜਾਂ ਸ਼ਬਦ-ਚਿੱਤਰ ਪਾਠਕਾਂ ਨੂੰ ਆਪਣੇ ਵਿਰਸੇ, ਪੁਰਖਿਆਂ ਦੀਆਂ ਪਾਈਆਂ ਪੈੜਾਂ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਸੁਨੇਹਾ ਦਿੰਦੇ ਹਨ। ਇਕ ਅਧਿਆਪਕ ਹੋਣ ਦੇ ਨਾਤੇ ਹੀਰਾ ਸਿੰਘ ਤੂਤ ਦੀ ਲਿਖਣ ਸ਼ੈਲੀ ਬਹੁਤ ਹੀ ਸਰਲ, ਪ੍ਰਭਾਵਸ਼ਾਲੀ ਤੇ ਆਮ ਲੋਕਾਂ ਦੇ ਦਿਲਾਂ ਨੂੰ ਛੂੰਹਣ ਵਾਲੀ ਹੈ। ਇਸ ਕਰਕੇ ਇਹ ਕਿਤਾਬ ਹਰ ਵਰਗ ਦੇ ਪਾਠਕ ਲਈ ਬਹੁਤ ਮਹੱਤਵਪੂਰਨ ਹੈ। ਤੂਤ ਦੀ ਪੈੜ ਪੁਸਤਕ ਦਾ ਸਿਰਲੇਖ ਬਹੁਤ ਹੀ ਡੂੰਘਾ, ਅਰਥਪੂਰਨ ਤੇ ਪ੍ਰਤੀਕਾਤਮਕ ਹੈ। ਇਹ ਸਿਰਫ਼ ਇਕ ਨਾਂ ਨਹੀਂ ਸਗੋਂ ਹੀਰਾ ਸਿੰਘ ਤੂਤ ਦੀ ਜੀਵਨ ਯਾਤਰਾ, ਸੋਚ ਤੇ ਉਨ੍ਹਾਂ ਦਾ ਪਿਛੋਕੜ ਹੈ। ਸਿਰਲੇਖ ਵਿਚ ਤੂਤ ਸ਼ਬਦ ਦੀ ਵਰਤੋਂ ਇਹ ਦਰਸਾਉਂਦੀ ਹੈ ਕਿ ਲੇਖਕ ਜ਼ਿੰਦਗੀ ਦੇ ਜਿਸ ਮਰਜ਼ੀ ਮੁਕਾਮ ਉੱਤੇ ਪਹੁੰਚ ਗਿਆ ਹੋਵੇ ਪਰ ਉਸ ਦੀਆਂ ਜੜ੍ਹਾਂ ਅੱਜ ਵੀ ਆਪਣੇ ਪਿੰਡ ਦੀ ਮਿੱਟੀ ਨਾਲ ਮਜ਼ਬੂਤੀ ਨਾਲ ਜੁੜੀਆਂ ਹੋਈਆਂ ਹਨ। ਇਸ ਪੁਸਤਕ ਦੇ ਜ਼ਿਆਦਾਤਰ ਲੇਖ ਲੇਖਕ ਦੇ ਜੀਵਨ ਨਾਲ ਜੁੜੇ ਹੋਏ ਹਨ। ਇਸ ਪੁਸਤਕ ਦੀਆਂ ਸਾਰੀਆਂ ਰਚਨਾਵਾਂ ਆਪਣੇ ਆਪ ਵਿਚ ਕੋਈ ਨਾ ਕੋਈ ਸੁਨੇਹਾ ਦਿੰਦੀਆਂ ਹਨ ਤੇ ਬਾਲ ਮਨਾਂ ਨੂੰ ਆਕਰਸ਼ਿਤ ਕਰਦੀਆਂ ਉਨ੍ਹਾਂ ਨੂੰ ਜੀਵਨ ਵਿਚ ਸਹੀ ਸੇਧ ਦੇਣ ਦਾ ਯਤਨ ਕਰਦੀਆਂ ਹਨ।
ਸੀਤਾ, ਪਟਿਆਲਾ।