- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਤ ਉਹੀ ਹੁੰਦਾ ਹੈ, ਜਿਸ ’ਚ ਸਭ ਦਾ ਹਿੱਤ ਸ਼ਾਮਿਲ ਹੁੰਦਾ ਹੈ। ਫਿਰ ਉਹ ਮਨੁੱਖ ਹੋਵੇ, ਪਸ਼ੂ-ਪੰਛੀ ਤੇ ਜਾਂ ਸਾਰੀ ਕੁਦਰਤ, ਉਸ ਵਿਚ ਸਭ ਦੀ ਹਿੱਤ ਦੀ ਗੱਲ ਹੁੰਦੀ ਹੈ। ਲੇਖਕ ਅੱਜ ਦੇ ਸਮੇਂ ਸਮਾਜ ’ਚ ਆ ਰਹੇ ਬਦਲਾਅ, ਮਨੁੱਖ ਵੱਲੋਂ ਕੁਦਰਤ ਦਾ ਕੀਤਾ ਜਾ ਰਿਹਾ ਘਾਣ, ਤਕਨਾਲੋਜੀ ਕਰ ਕੇ ਮਨੁੱਖੀ ਜੀਵਨ ’ਤੇ ਪ੍ਰਭਾਵ ਅੱਖੀਂ ਦੇਖ ਰਿਹਾ ਹੈ।

ਪੁਸਤਕ : ਜਰੀਦਾ
ਲੇਖਕ : ਇਕਵਾਕ ਸਿੰਘ ਪੱਟੀ
ਪੰਨੇ :128 ਕੀਮਤ : 299
ਪ੍ਰਕਾਸ਼ਕ : ਮਾਝਾ ਵਰਲਡਵਾਇਡ
ਸਾਹਿਤ ਉਹੀ ਹੁੰਦਾ ਹੈ, ਜਿਸ ’ਚ ਸਭ ਦਾ ਹਿੱਤ ਸ਼ਾਮਿਲ ਹੁੰਦਾ ਹੈ। ਫਿਰ ਉਹ ਮਨੁੱਖ ਹੋਵੇ, ਪਸ਼ੂ-ਪੰਛੀ ਤੇ ਜਾਂ ਸਾਰੀ ਕੁਦਰਤ, ਉਸ ਵਿਚ ਸਭ ਦੀ ਹਿੱਤ ਦੀ ਗੱਲ ਹੁੰਦੀ ਹੈ। ਲੇਖਕ ਅੱਜ ਦੇ ਸਮੇਂ ਸਮਾਜ ’ਚ ਆ ਰਹੇ ਬਦਲਾਅ, ਮਨੁੱਖ ਵੱਲੋਂ ਕੁਦਰਤ ਦਾ ਕੀਤਾ ਜਾ ਰਿਹਾ ਘਾਣ, ਤਕਨਾਲੋਜੀ ਕਰ ਕੇ ਮਨੁੱਖੀ ਜੀਵਨ ’ਤੇ ਪ੍ਰਭਾਵ ਅੱਖੀਂ ਦੇਖ ਰਿਹਾ ਹੈ। ਲੇਖਕ ਨੇ ਜੋ ਸਮਾਜ ’ਚ ਵਿਚਰਦਿਆਂ ਮਹਿਸੂਸ ਕੀਤਾ, ਦੇਖਿਆ, ਵਿਚਾਰਿਆ ਸਭ ਨੂੰ ਆਪਣੀ ਵਾਰਤਕ ਦਾ ਵਿਸ਼ਾ ਬਣਾਇਆ ਹੈ। ਉਹ ਮਿਹਨਤ ਤੇ ਅਨੁਸ਼ਾਸਨ ਦੀ ਗੱਲ ਕਰਦਾ ਹੈ, ਉਹ ਸਰੀਰਕ ਤੇ ਮਾਨਸਿਕ ਸਿਹਤ ਪ੍ਰਤੀ ਸੁਚੇਤ ਕਰਦਾ ਹੈ, ਉਹ ਨਸ਼ਿਆਂ ਤੋਂ ਬਚਣ ਦੀ ਗੱਲ ਕਰਦਾ ਹੈ, ਉਹ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਕਰਦਾ ਹੈ, ਵਾਤਾਵਰਣ ਸੰਭਾਲਣ ਦੀ ਗੱਲ ਕਰਦਾ ਹੈ। ਉਹ ਜ਼ਿੰਦਗੀ ਦੀ ਤੇਜ਼ ਰਫ਼ਤਾਰੀ ਵਿਚ ਹੋ ਰਹੇ ਸੜਕ ਹਾਦਸਿਆਂ ਦੀ ਗੱਲ ਕਰਦਾ ਹੈ।
ਪੁਸਤਕ ਦਾ ਸਿਰਲੇਖ ‘ਜਰੀਦਾ’ ਜਿਸ ਦਾ ਅਰਥ ਹੈ ਅਖ਼ਬਾਰ, ਰਸਾਲਾ ਜਾਂ ਡਾਇਰੀ। ਕਿਤਾਬ ਵਿਚ 25 ਲੇਖ ਸ਼ਾਮਿਲ ਕੀਤੇ ਗਏ ਹਨ ਤੇ ਵੱਖ-ਵੱਖ ਵਿਸ਼ੇ ਲਏ ਗਏ ਹਨ। ਸਮੇਂ ਦੀ ਮਹੱਤਤਾ, ਕਾਮਯਾਬੀ ਦਾ ਪਹਿਲਾ ਮੰਤਰ ਹੈ ਕੋਸ਼ਿਸ਼, ਪੁਸਤਕ ਪੜ੍ਹੀਏ, ਜ਼ਰਾ ਬਚ ਕੇ ਮੋਬਾਇਲ ਤੋਂ ਆਦਿ ਲੇਖ ਕਿਤਾਬ ਦਾ ਸ਼ਿੰਗਾਰ ਬਣੇ ਹਨ। ਪਾਠਕ ਜਦੋਂ ਕਿਸੇ ਲਿਖਤ ਨੂੰ ਪੜ੍ਹਦੇ, ਪਰਖਦੇ ਤੇ ਚੰਗਾ ਪ੍ਰਭਾਵ ਕਬੂਲਦੇ ਹਨ ਤਾਂ ਉਦੋਂ ਲੇਖਕ ਦਾ ਲਿਖਿਆ ਜਾਣਾ ਸਾਰਥਿਕ ਹੋ ਜਾਂਦਾ ਹੈ। ਕਿਤਾਬ ਦੇ ਛਪ ਚੁੱਕੇ ਤਿੰਨ ਐਡੀਸ਼ਨ ਇਸੇ ਗੱਲ ਦਾ ਸਬੂਤ ਹਨ ਕਿ ਪਾਠਕਾਂ ਵੱਲੋਂ ਕਿਤਾਬ ਬਹੁਤ ਪਸੰਦ ਕੀਤੀ ਜਾ ਰਹੀ ਹੈ। ਵੱਖ-ਵੱਖ ਲੇਖਾਂ ਵਿਚ ਵਿਸ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਉਣ ਲਈ ਥਾਂ-ਥਾਂ ’ਤੇ ਗੁਰਬਾਣੀ ਦੀਆਂ ਤੁਕਾਂ ਦੀ ਢੁੱਕਵੀਂ ਵਰਤੋਂ ਕੀਤੀ ਗਈ ਹੈ।
ਪਾਣੀ ਦੀ ਮਹੱਤਤਾ ਦਰਸਾਉਂਦਾ ਲੇਖ ਹੈ,‘ਜੀਵਨ ਦਾ ਪਹਿਲਾ ਸੱਚ ਹੈ ਪਾਣੀ।’ ਇਸ ਵਿਚ ਜਿੱਥੇ ਪਾਣੀ ਦੀ ਹੋ ਰਹੀ ਬੇਕਦਰੀ ’ਤੇ ਚਾਨਣਾ ਪਾਇਆ ਗਿਆ ਹੈ, ਉੱਥੇ ਉਸ ਦੀ ਦੁਰਵਰਤੋਂ ਰੋਕਣ ਦੇ ਉਪਾਅ ਵੀ ਦੱਸੇ ਗਏ ਹਨ। ‘ਜ਼ਰਾ ਬਚ ਕੇ ਮੋਬਾਈਲ ਤੋਂ, ਬੱਚਿਆਂ ਨੂੰ ਸਮਾਰਟਫੋਨ ਦੀ ਲੋੜ’ ਲੇਖ ਵਿਚ ਬੱਚਿਆਂ ਤੇ ਵੱਡਿਆਂ ਨੂੰ ਮੋਬਾਇਲ ਦੀ ਬੇਲੋੜੀ ਵਰਤੋਂ ਨਾਲ ਹੋ ਰਹੇ ਮਾਨਸਿਕ ਅਤੇ ਸਰੀਰਕ ਨੁਕਸਾਨ ਉੱਤੇ ਚਾਨਣਾ ਪਾਇਆ ਹੈ। ਵਿਭਿੰਨ ਲੇਖਾਂ ਵਿਚ ਸਿਰਲੇਖ ਦੇ ਆਧਾਰ ’ਤੇ ਸਰਲ ਤੇ ਸਮਝ ਆ ਜਾਣ ਵਾਲੀ ਭਾਸ਼ਾ ਵਰਤੀ ਗਈ ਹੈ। ਲੇਖਾਂ ’ਚ ਜ਼ਰੂਰਤ ਮੁਤਾਬਿਕ ਸਹੀ ਅੰਕੜੇ ਸ਼ਾਮਿਲ ਕੀਤੇ ਗਏ ਹਨ ਤੇ ਜਾਣਕਾਰੀ ਪੇਸ਼ ਕੀਤੀ ਗਈ ਹੈ। ਇਹ ਕਿਤਾਬ ਪਾਠਕ ਨੂੰ ਸਮਾਜ, ਕੁਦਰਤ ਤੇ ਆਪਣੇ ਆਲੇ ਦੁਆਲੇ ਪ੍ਰਤੀ ਜਾਗਰੂਕ ਕਰੇਗੀ ਤੇ ਜੀਵਨ ਨੂੰ ਬਿਹਤਰ ਬਣਾਉਣ ਵਿਚ ਸਹਾਇਤਾ ਕਰੇਗੀ।
ਮਨਿੰਦਰ ਕੌਰ ਬਸੀ