- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਭਲਾਈ ਮਨੁੱਖੀ ਸੰਵੇਦਨਾ ਦੀ ਉਹ ਅਵਸਥਾ ਹੈ, ਜਿੱਥੇ ‘ਮੈਂ’ ਦਾ ਵਜੂਦ ‘ਸਭ ਦੇ ਸੁਖ’ ਵਿਚ ਲੀਨ ਹੋ ਜਾਂਦਾ ਹੈ। ਇਸੇ ਤਰਜ਼ ’ਤੇ ‘ਕਹਿਰ ਦੀ ਹਨੇਰੀ’ ਪੁਸਤਕ ਵੀ ਸਮਾਜਿਕ ਸਰੋਕਾਰਾਂ ਨਾਲ ਜੁੜੇ ਪ੍ਰਸਿੱਧ ਸਮਾਜ ਸੇਵਕ ਤੇ ਲੇਖਕ ਮੋਹਨ ਸ਼ਰਮਾ ਦੀ ਗੰਭੀਰ ਤੇ ਹਲੂਣਾ ਦੇਣ ਵਾਲੀ ਰਚਨਾ ਹੈ, ਜਿਸਦਾ ਸੰਪਾਦਨ ਸ. ਸ. ਰਮਲਾ ਵੱਲੋਂ ਕੀਤਾ ਗਿਆ ਹੈ।

ਪੁਸਤਕ: ਕਹਿਰ ਦੀ ਹਨੇਰੀ (ਨਸ਼ਿਆਂ ਸਬੰਧੀ ਚੋਣਵੇਂ ਲੇਖਾਂ ਦਾ ਸੰਗ੍ਰਹਿ)
ਲੇਖਕ: ਮੋਹਨ ਸ਼ਰਮਾ
ਪੰਨੇ:115 ਮੁੱਲ:200/-
ਪ੍ਰਕਾਸ਼ਕ: ਕਲਾਬਾਜ਼ੀਆਂ ਪ੍ਰਕਾਸ਼ਨ, ਸੰਗਰੂਰ।
ਸਮਾਜ ਭਲਾਈ ਮਨੁੱਖੀ ਸੰਵੇਦਨਾ ਦੀ ਉਹ ਅਵਸਥਾ ਹੈ, ਜਿੱਥੇ ‘ਮੈਂ’ ਦਾ ਵਜੂਦ ‘ਸਭ ਦੇ ਸੁਖ’ ਵਿਚ ਲੀਨ ਹੋ ਜਾਂਦਾ ਹੈ। ਇਸੇ ਤਰਜ਼ ’ਤੇ ‘ਕਹਿਰ ਦੀ ਹਨੇਰੀ’ ਪੁਸਤਕ ਵੀ ਸਮਾਜਿਕ ਸਰੋਕਾਰਾਂ ਨਾਲ ਜੁੜੇ ਪ੍ਰਸਿੱਧ ਸਮਾਜ ਸੇਵਕ ਤੇ ਲੇਖਕ ਮੋਹਨ ਸ਼ਰਮਾ ਦੀ ਗੰਭੀਰ ਤੇ ਹਲੂਣਾ ਦੇਣ ਵਾਲੀ ਰਚਨਾ ਹੈ, ਜਿਸਦਾ ਸੰਪਾਦਨ ਸ. ਸ. ਰਮਲਾ ਵੱਲੋਂ ਕੀਤਾ ਗਿਆ ਹੈ। ਇਹ ਪੁਸਤਕ ਪੰਜਾਬ ਦੀ ਜਵਾਨੀ ਨੂੰ ਲੱਗੇ ਨਸ਼ਿਆਂ ਤੇ ਹਿੰਸਕ ਪ੍ਰਵਿਰਤੀਆਂ ਨੂੰ ਬੇਬਾਕੀ ਨਾਲ ਬਿਆਨ ਕਰਦੀ ਹੈ। ਪੁਸਤਕ ਦੇ ਮੁੱਖ ਪੰਨੇ ’ਤੇ ਬਣੀ ਹੱਥ ਵਿਚ ਸਰਿੰਜ ਤੇ ਨਸ਼ੇ ਦੀਆਂ ਗੋਲੀਆਂ ਦੀ ਤਸਵੀਰ ਹੀ ਮੌਜੂਦਾ ਹਾਲਾਤ ਨੂੰ ਸਪੱਸ਼ਟ ਕਰਦੀ ਹੈ। ਇਸ ਪੁਸਤਕ ’ਚ 24 ਲੇਖ ਸ਼ਾਮਿਲ ਹਨ, ਜਿਨ੍ਹਾਂ ਵਿਚ ‘ਨਸ਼ਾ ਛਡਾਊ ਕੇਂਦਰਾਂ ਵਿੱਚੋਂ ਕਿਉਂ ਭੱਜਦੇ ਹਨ ਨਸ਼ੇੜੀ’?, ‘ਜ਼ਹਿਰੀਲੀ ਸ਼ਰਾਬ ਦਾ ਕਹਿਰ’ ਤੇ ‘ਪੰਜਾਬ ਦੀਆਂ ਜੇਲ੍ਹਾਂ ਸਵਾਲਾਂ ਦੇ ਘੇਰੇ ਵਿਚ’ ਵਰਗੇ ਸੰਵੇਦਨਸ਼ੀਲ ਵਿਸ਼ੇ ਛੋਹੇ ਗਏ ਹਨ। ਲੇਖਕ ਮੋਹਨ ਸ਼ਰਮਾ ਜੀ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਰਹਿ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦਾ ਪ੍ਰਸ਼ਾਸਨਿਕ ਅਨੁਭਵ ਇਸ ਪੁਸਤਕ ’ਚ ਦਿਖਾਈ ਦਿੰਦਾ ਹੈ।
ਪੁਸਤਕ ਦੀ ਕਹਾਣੀ ‘ਮੱਥਾ ਟੇਕਣਾ’ ਨਸ਼ੇ ਦੀ ਦਲਦਲ ’ਚ ਫਸੇ ਇਕ ਨੌਜਵਾਨ ਤੇ ਉਸ ਦੇ ਲਾਚਾਰ ਮਾਪਿਆਂ ਦੀ ਦਰਦਨਾਕ ਕਹਾਣੀ ਪੇਸ਼ ਕਰਦੀ ਹੈ ਕਿ ਕਿਵੇਂ ਨਸ਼ਾ ਇਕ ਹੱਸਦੇ-ਖੇਡਦੇ ਪਰਿਵਾਰ ਨੂੰ ਆਰਥਿਕ ਅਤੇ ਮਾਨਸਿਕ ਤੌਰ ’ਤੇ ਤਬਾਹ ਕਰ ਦਿੰਦਾ ਹੈ ਪਰ ਇਸ ਵਿਚ ਇਕ ਮਨੋਵਿਗਿਆਨੀ ਡਾਕਟਰ ਦੀ ਸਕਾਰਾਤਮਕ ਪਹੁੰਚ ਨੂੰ ਦਿਖਾਇਆ ਗਿਆ ਹੈ, ਜੋ ਨੌਜਵਾਨ ਦਾ ਹਮਦਰਦੀ ਨਾਲ ਇਲਾਜ ਕਰਦਾ ਹੈ ਤੇ ਪਰਿਵਾਰਕ ਜੁਗਤ ਰਾਹੀਂ ਉਸ ਨੂੰ ਨਸ਼ਾ-ਮੁਕਤ ਕਰਦਾ ਹੈ। ਜਦੋਂ ਨੌਜਵਾਨ ਪੂਰੀ ਤਰ੍ਹਾਂ ਠੀਕ ਹੋ ਕੇ ਆਉਂਦਾ ਹੈ ਤਾਂ ਉਹ ਡਾਕਟਰ ਦੇ ਸਤਿਕਾਰ ’ਚ ਕਹਿੰਦਾ ਹੈ ਕਿ ‘ਅਸੀਂ ਇਕ ਭਲੇ ਪੁਰਸ਼ ਨੂੰ ਮੱਥਾ ਟੇਕਣ ਚੱਲੇ ਹਾਂ’, ਜੋ ਸਾਬਿਤ ਕਰਦਾ ਹੈ ਕਿ ਨਸ਼ੇ ਦੀ ਲਤ ਨਾਲ ਜੂਝ ਰਹੇ ਵਿਅਕਤੀ ਸਿਰਫ਼ ਦੋਸ਼ ਦੇ ਨਹੀਂ ਸਗੋਂ ਇਲਾਜ ਅਤੇ ਹਮਦਰਦੀ ਦੇ ਵੀ ਹੱਕਦਾਰ ਹਨ।
ਇਸੇ ਤਰ੍ਹਾਂ ਇਕ ਲੇਖ ਵਿਚ ਲੇਖਕ ਘਟਨਾ ਦਾ ਜ਼ਿਕਰ ਕਰਦਾ ਹੈ, ਜਿੱਥੇ ਨਸ਼ਾ ਤਸਕਰਾਂ ਵੱਲੋਂ ਗ਼ਰੀਬ ਲੋਕਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਲੇਖਕ ਬਸ਼ੀਰ ਬਦਰ ਦੇ ਸ਼ਿਅਰ ‘ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ’ ਰਾਹੀਂ ਪੀੜਤਾਂ ਦੇ ਦਰਦ ਨੂੰ ਬਿਆਨ ਕਰਦਾ ਹੈ ਤੇ ਸਿਸਟਮ ’ਤੇ ਚੋਟ ਕਰਦਿਆਂ ਦੱਸਦਾ ਹੈ ਕਿ ਘਟਨਾ ਤੋਂ ਬਾਅਦ ਜਦੋਂ ਪੀੜਤ ਪਿੰਡ ਦੇ ਸਰਪੰਚ ਕੋਲ ਜਾਂਦੇ ਹਨ ਤਾਂ ਸਰਪੰਚ ਉਨ੍ਹਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੰਦਾ ਹੈ ਪਰ ਨਸ਼ਾ ਤਸਕਰਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕਰਦਾ। ਲੇਖਕ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਬੇਬਾਕ ਸਵਾਲ ਖੜ੍ਹੇ ਕਰਦਾ ਹੈ ਤੇ ਸੂਝਵਾਨ ਲੋਕਾਂ ਦੇ ਹਵਾਲੇ ਨਾਲ ਸਮਾਜਿਕ ਚੇਤਨਾ ਦੀ ਲੋੜ ’ਤੇ ਜ਼ੋਰ ਦਿੰਦਾ ਹੈ। ਉਹ ਅਜੋਕੇ ਸਕੂਲਾਂ-ਕਾਲਜਾਂ ਵਿਚ ਵਧ ਰਹੀ ਹਿੰਸਕ ਪ੍ਰਵਿਰਤੀ ਤੇ ਹਥਿਆਰਾਂ ਦੇ ਰੁਝਾਨ ’ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਮਾਪਿਆਂ ਵੱਲੋਂ ਬੱਚਿਆਂ ਨੂੰ ਬਿਨਾਂ ਨਿਗਰਾਨੀ ਖੁੱਲ੍ਹਾ ਜੇਬ-ਖ਼ਰਚ ਦੇਣ ਦਾ ਰੁਝਾਨ ਵੀ ਠੀਕ ਨਹੀਂ ਹੈ। ਸਮੁੱਚੇ ਰੂਪ ’ਚ ਇਹ ਕਿਹਾ ਜਾ ਸਕਦਾ ਹੈ ਕਿ ‘ਕਹਿਰ ਦੀ ਹਨੇਰੀ’ ਸਮਾਜ ਨੂੰ ਸੇਧ ਦੇਣ ਵਾਲੀ ਮੁੱਲਵਾਨ ਪੁਸਤਕ ਹੈ।
- ਪਰਮਜੀਤ ਸਿੰਘ ਸੰਸੋਆ