- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਮੁਖ ਸਿੰਘ ਹੁਰਾਂ ਦੀ ਇਹ ਤੀਜੀ ਕਿਤਾਬ ਜਿਹੜੀ ਭਾਗ ਤੀਜੇ ਦੇ ਰੂਪ ਵਿਚ ‘ਨਿਸ਼ਚੈ ਕਰਿ ਅਪਨੀ ਜੀਤ ਕਰੋ’ ਤਹਿਤ ਸਾਹਮਣੇ ਆਉਂਦੀ ਹੈ। ਇਹ ਪੁਸਤਕ ਵੀ ਭਾਈ ਸੰਤੋਖ ਸਿੰਘ ਰਚਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ’ਤੇ ਆਧਾਰਿਤ ਹੈ। ਇਸ ਪੁਸਤਕ ’ਚ ਗੁਰਮੁਖ ਸਿੰਘ ਹੁਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ।

ਪੁਸਤਕ : ਨਿਸ਼ਚੈ ਕਰਿ ਅਪਨੀ ਜੀਤ ਕਰੋ
ਲੇਖਕ: ਗੁਰਮੁਖ ਸਿੰਘ
ਮੁੱਲ:995 ਰੁਪਏ ਸਫ਼ੇ :528
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ।
ਗੁਰਮੁਖ ਸਿੰਘ ਹੁਰਾਂ ਦੀ ਇਹ ਤੀਜੀ ਕਿਤਾਬ ਜਿਹੜੀ ਭਾਗ ਤੀਜੇ ਦੇ ਰੂਪ ਵਿਚ ‘ਨਿਸ਼ਚੈ ਕਰਿ ਅਪਨੀ ਜੀਤ ਕਰੋ’ ਤਹਿਤ ਸਾਹਮਣੇ ਆਉਂਦੀ ਹੈ। ਇਹ ਪੁਸਤਕ ਵੀ ਭਾਈ ਸੰਤੋਖ ਸਿੰਘ ਰਚਿਤ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ’ਤੇ ਆਧਾਰਿਤ ਹੈ। ਇਸ ਪੁਸਤਕ ’ਚ ਗੁਰਮੁਖ ਸਿੰਘ ਹੁਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਪਹਿਲੀਆਂ ਦੋ ਪੁਸਤਕਾਂ ਵਾਂਗ ਇਸ ਪੁਸਤਕ ਵਿਚ ਵੀ ਪਹਿਲੇ ਗੁਰੂ ਸਾਹਿਬਾਨ ਦੇ ਜੀਵਨ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਉਨ੍ਹਾਂ ਦੀ ਮਨੁੱਖਤਾ ਨੂੰ ਦੇਣ ਤੇ ਉਨ੍ਹਾਂ ਵੱਲੋਂ ਧਾਰਮਿਕ ਤੇ ਸਮਾਜਿਕ ਖੇਤਰ ਵਿਚ ਕੀਤੇ ਕਾਰਜਾਂ ਨੂੰ ਪੇਸ਼ ਕੀਤਾ ਗਿਆ ਹੈ। ਇਹ ਪੁਸਤਕ ਪੜ੍ਹਨ ਤੋਂ ਪਹਿਲਾਂ ਪਾਠਕ ਇਹੀ ਸੋਚਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੱਕ ਇਕ ਸਿੱਧੇ ਬਿਰਤਾਂਤ ਨੂੰ ਪੇਸ਼ ਕਰਦੀ ਹੋਵੇਗੀ ਪਰ ਜਦੋਂ ਅਸੀਂ ਪੁਸਤਕ ਨੂੰ ਪੜ੍ਹਦੇ ਹਾਂ ਤਾਂ ਅਜਿਹਾ ਨਹੀਂ ਹੈ। ਇਹ ਪੁਸਤਕ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਦੀ ਤਿਲਮਲਾਉਂਦੀ ਹੋਈ ਹਾਲਤ ਤੋਂ ਬਿਰਤਾਂਤ ਤੋਂ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਨਾਲ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੇ ਪਹਾੜੀ ਰਾਜਿਆਂ ਨਾਲ ਉਨ੍ਹਾਂ ਦੇ ਸਬੰਧਾਂ ਦੀ ਨਿਸ਼ਾਨਦੇਹੀ ਕਰਦੀ ਹੈ। ਪੁਸਤਕ ਵਿਚ ਬਹੁਤ ਸਾਰੀਆਂ ਕਥਾਵਾਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ ਨੂੰ ਪੇਸ਼ ਕਰਦੀਆਂ ਹਨ, ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਹੈ। ਖ਼ਾਲਸਾ ਦੀ ਸਿਰਜਣਾ ਦੇ ਨਾਲ-ਨਾਲ ਇਸ ਪੁਸਤਕ ਵਿਚ ਗੁਰੂ ਘਰ ਦੇ ਕਵੀਆਂ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ ਤੇ ਉਨ੍ਹਾਂ ਕਵੀਆਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜੇ ਸਵਾਲ ਜਵਾਬ ਕੀਤੇ ਗਏ ਹਨ ਉਹਨਾਂ ਦਾ ਬਹੁਤ ਹੀ ਦਿਲਚਸਪ ਬਿਓਰਾ ਇਸ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਚਨ ਜਿਹੜੇ ਉਨ੍ਹਾਂ ਸੰਗਤ ਨਾਲ ਕੀਤੇ, ਨੂੰ ਵੀ ਪੁਸਤਕ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਕਿਸ ਤਰ੍ਹਾਂ ਦਾ ਵਾਤਾਵਰਣ ਬਣਿਆ ਸੀ, ਉਸਦੇ ਦਰਸ਼ਨ ਦੀਦਾਰ ਵੀ ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਨੂੰ ਹੁੰਦੇ ਹਨ। ਇਹ ਪੁਸਤਕ ਪਹਿਲੀਆਂ ਦੋਵਾਂ ਪੁਸਤਕਾਂ ਵਾਂਗ ਹੀ ਪਾਠਕਾਂ ਨੂੰ ਸਿੱਖ ਧਰਮ ਬਾਰੇ ਭਰਪੂਰ ਜਾਣਕਾਰੀ ਦੇਣ ਵਾਲੀ ਪੁਸਤਕ ਹੈ, ਜਿਸ ਨੂੰ ਹਰ ਪਾਠਕ ਨੂੰ ਪੜ੍ਹਨਾ ਚਾਹੀਦਾ ਹੈ।
- ਡਾ. ਸਰਦੂਲ ਸਿੰਘ ਔਜਲਾ