- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਮੁਖ ਸਿੰਘ ਹੁਰਾਂ ਦੀ ਇਹ ਪੁਸਤਕ ਵੀ ਮੀਰੀ-ਪੀਰੀ ਤੋਂ ਸ਼ਹਾਦਤ ਤੱਕ ਭਾਈ ਸੰਤੋਖ ਸਿੰਘ ਰਚਿ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ’ਤੇ ਆਧਾਰਿਤ ਹੈ, ਜਿਵੇਂ ਪਹਿਲੀ ਪੁਸਤਕ ਤਸਬੀ ਤੋਂ ਤਵੀ ਤੱਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਕਾਲ ਤੱਕ ਦੇ ਸਿੱਖ ਇਤਿਹਾਸ ਨੂੰ ਪੇਸ਼ ਕਰਦੀ ਸੀ।

ਪੁਸਤਕ : ਮੀਰੀ-ਪੀਰੀ ਤੋਂ ਸ਼ਹਾਦਤ ਤੱਕ (ਭਾਗ-ਦੂਜਾ)
(ਗੁਰੂ ਹਰਗੋਬਿੰਦ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ)
ਲੇਖਕ: ਗੁਰਮੁਖ ਸਿੰਘ
ਮੁੱਲ : 1095 ਰੁਪਏ ਸਫੇ: 639
ਪ੍ਰਕਾਸ਼ਕ :ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
ਗੁਰਮੁਖ ਸਿੰਘ ਹੁਰਾਂ ਦੀ ਇਹ ਪੁਸਤਕ ਵੀ ਮੀਰੀ-ਪੀਰੀ ਤੋਂ ਸ਼ਹਾਦਤ ਤੱਕ ਭਾਈ ਸੰਤੋਖ ਸਿੰਘ ਰਚਿ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ’ਤੇ ਆਧਾਰਿਤ ਹੈ, ਜਿਵੇਂ ਪਹਿਲੀ ਪੁਸਤਕ ਤਸਬੀ ਤੋਂ ਤਵੀ ਤੱਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਕਾਲ ਤੱਕ ਦੇ ਸਿੱਖ ਇਤਿਹਾਸ ਨੂੰ ਪੇਸ਼ ਕਰਦੀ ਸੀ। ਮੀਰੀ-ਪੀਰੀ ਤੋਂ ਸ਼ਹਾਦਤ ਤੱਕ ਸਿਰਲੇਖ ਵਾਲੀ ਇਹ ਪੁਸਤਕ ਵੀ ਗੁਰੂ ਹਰਿਗੋਬਿੰਦ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਦੇ ਇਤਿਹਾਸ ਨੂੰ ਪੇਸ਼ ਕਰਦੀ ਹੈ। ਜਦੋਂ ਅਸੀਂ ਇਸ ਪੁਸਤਕ ਨੂੰ ਪੜ੍ਹਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਇਸ ਪੁਸਤਕ ਵਿਚ ਗੁਰੂ ਹਰਿਗੋਬਿੰਦ ਜੀ ਦੇ ਜੀਵਨ ਦੀਆਂ ਘਟਨਾਵਾਂ, ਉਨ੍ਹਾਂ ਦੀਆਂ ਜੰਗਾਂ ਤੇ ਇਸ ਦੇ ਨਾਲ-ਨਾਲ ਉਨ੍ਹਾਂ ਦੁਆਰਾ ਧਾਰਮਿਕ ਤੇ ਅਧਿਆਤਮਿਕ ਖੇਤਰ ਵਿਚ ਕੀਤੇ ਕਾਰਜਾਂ ਬਾਰੇ ਵਿਸਤ੍ਰਿਤ ਵੇਰਵੇ ਦਰਸਾਏ ਗਏ ਹਨ। ਇਸ ਦੇ ਨਾਲ ਹੀ ਇਹ ਵੀ ਵਰਨਣਯੋਗ ਹੈ ਕਿ ਇਸ ਪੁਸਤਕ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਾਕੀ ਗੁਰੂ ਸਾਹਿਬਾਨ ਨਾਲੋਂ ਜ਼ਿਆਦਾ ਵਿਸਥਾਰ ਵਿੱਚ ਪੇਸ਼ ਹੋਇਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਮੀਰੀ-ਪੀਰੀ ਦੇ ਸੰਕਲਪ ਤੇ ਇਸ ਦੇ ਨਾਲ ਹੀ ਗੁਰੂ ਸਾਹਿਬ ਦੁਆਰਾ ਵੱਖ-ਵੱਖ ਮਤਾਂਤਰਾਂ ਦੇ ਪੈਰੋਕਾਰਾਂ ਨਾਲ ਕੀਤੇ ਸੰਵਾਦ ਦੀਆਂ ਉਦਾਹਰਨਾਂ ਵੀ ਪੁਸਤਕ ’ਚ ਪੇਸ਼ ਹਨ, ਜੋ ਆਮ ਪਾਠਕ ਲਈ ਬਿਲਕੁਲ ਨਵੀਨ ਗਿਆਨ ਰੱਖਦੀਆਂ ਹਨ।
ਗੁਰੂ ਹਰਿ ਰਾਏ ਜੀ, ਗੁਰੂ ਹਰਕ੍ਰਿਸ਼ਨ ਜੀ ਦੇ ਜੀਵਨ ਦੀਆਂ ਘਟਨਾਵਾਂ ਇਸ ਪੁਸਤਕ ਵਿਚ ਭਾਵੇਂ ਬਹੁਤ ਜ਼ਿਆਦਾ ਵਿਸਥਾਰ ਨਾਲ ਪੇਸ਼ ਨਹੀਂ ਹੋਈਆਂ, ਜਿੰਨਾ ਵਿਸਥਾਰ ਗੁਰੂ ਹਰਿਗੋਬਿੰਦ ਜੀ ਦੀ ਜੀਵਨ ਗਾਥਾ ਨਾਲ ਸੰਬੰਧਿਤ ਹੈ ਪਰ ਇਹ ਪੁਸਤਕ ਭਾਈ ਸੰਤੋਖ ਸਿੰਘ ਜੀ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ’ਤੇ ਆਧਾਰਿਤ ਹੈ, ਇਸ ਕਰਕੇ ਜਿੰਨੀ ਕਥਾ ਗੁਰਮੁਖ ਸਿੰਘ ਹੋਰਾਂ ਨੇ ਗੁਰਦੁਆਰੇ ਜਾ ਕੇ ਇਕ ਸਰੋਤੇ ਦੇ ਤੌਰ ’ਤੇ ਸੁਣੀ ਅਤੇ ਉਸ ਨੂੰ ਬਾਅਦ ਵਿੱਚ ਲਿਖਤੀ ਰੂਪ ਦਿੱਤਾ, ਉਸ ਨੂੰ ਇਸ ਪੁਸਤਕ ’ਚ ਪੇਸ਼ ਕੀਤਾ ਗਿਆ ਹੈ। ਗੁਰੂ ਹਰਿ ਰਾਏ ਜੀ ਦੇ ਜੀਵਨ ਕਾਲ ਦੀਆਂ ਸਾਖੀਆਂ ਜਿਹੜੀਆਂ ਇਸ ਪੁਸਤਕ ਵਿਚ ਦਰਜ ਹਨ ਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਜੀਵਨ ਕਾਲ ਵਿਚ ਗੁਰੂ ਘਰ ਦੇ ਇਤਿਹਾਸ ਨੂੰ ਲੇਖਕ ਨੇ ਬੜੇ ਹੀ ਵਿਵੇਕ ਤੇ ਸ਼ਰਧਾ ਨਾਲ ਪੇਸ਼ ਕੀਤਾ ਹੈ। ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਇਸ ਪੁਸਤਕ ਵਿੱਚੋਂ ਗਿਆਨ ਪ੍ਰਾਪਤ ਕਰਦੇ ਹਾਂ ਤਾਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਛੇਵੇਂ ਤੇ ਸੱਤਵੇਂ ਗੁਰੂ ਦੇ ਜੀਵਨ ਨਾਲੋਂ ਥੋੜ੍ਹਾ ਜ਼ਿਆਦਾ ਵਿਸਥਾਰ ਦਿੱਤਾ ਗਿਆ ਹੈ ।
ਇਸ ਪੁਸਤਕ ਵਿਚ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਸਾਖੀਆਂ ਨੂੰ ਪੜ੍ਹਦਿਆਂ ਜਿੱਥੇ ਮਨ ਵਿੱਚ ਸ਼ਰਧਾ ਜਾਗਦੀ ਹੈ, ਉੱਥੇ ਪਾਠਕ ਕਦੇ ਵੀ ਇਸ ਪੁਸਤਕ ਨੂੰ ਪੜ੍ਹਦਿਆਂ ਅੱਕਦਾ-ਥੱਕਦਾ ਨਹੀਂ ਸਗੋਂ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੀਆਂ ਇਨ੍ਹਾਂ ਇਤਿਹਾਸਕ ਘਟਨਾਵਾਂ ਦੇ ਨਾਲ-ਨਾਲ ਤੁਰਦਾ ਹੋਇਆ ਇਨਾ ਘਟਨਾਵਾਂ ਨੂੰ ਆਪਣੀ ਅੱਖੀਂ ਦੇਖਦਾ ਤੇ ਉਨ੍ਹਾਂ ਦੁਆਰਾ ਕੀਤੇ ਕੌਤਕਾਂ ਨੂੰ ਮਾਣਦਾ ਹੈ। ਗੁਰਮੁਖ ਸਿੰਘ ਦੀ ਪਹਿਲੀ ਪੁਸਤਕ ਵਾਂਗ ਇਹ ਪੁਸਤਕ ਵੀ ਭਾਗ ਦੂਜੇ ਦੇ ਰੂਪ ਵਿੱਚ ਗੁਰੂ ਸਾਹਿਬਾਨ ਪ੍ਰਤੀ ਪਾਠਕਾਂ ਦੇ ਮਨਾਂ ਵਿੱਚ ਸ਼ਰਧਾ ਜਗਾਉਂਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸ਼ਹਾਦਤ ਨਾਲ ਜੁੜੇ ਕਾਰਨਾਂ ਨੂੰ ਸੌਖੇ ਸ਼ਬਦਾਂ ਵਿਚ ਲੇਖਕ ਨੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਕਿਤੇ-ਕਿਤੇ ਇਸ ਪੁਸਤਕ ਵਿਚਲੀਆਂ ਸਾਖੀਆਂ ਪਾਠਕ ਨੂੰ ਭਾਵੁਕ ਵੀ ਕਰਦੀਆਂ ਹਨ ਤੇ ਇਹ ਭਾਵੁਕਤਾ ਹੀ ਪਾਠਕ ਦੀ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਨੂੰ ਪੇਸ਼ ਕਰ ਜਾਂਦੀ ਹੈ। ਸਿੱਖ ਇਤਿਹਾਸ ਪ੍ਰਤੀ ਗੁਰਮੁਖ ਸਿੰਘ ਦਾ ਕੀਤਾ ਗਿਆ ਕਾਰਜ ਇਹ ਸਲਾਹੁਣਯੋਗ ਹੈ।
- ਡਾ. ਸਰਦੂਲ ਸਿੰਘ ਔਜਲਾ