- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਹਰਫ਼ਾਂ ਦੇ ਹਾਣੀ’ ਮਨੁੱਖੀ ਰੂਹ ਤੇ ਬਦਲਦੇ ਸਮੇਂ ਦੀ ਬਾਤ ਪਾਉਂਦੀ ਕਾਵਿ ਪੁਸਤਕ ਹੈ। ਕਵਿਤਾ ਹਮੇਸ਼ਾ ਹੀ ਮਨੁੱਖੀ ਹੋਂਦ ਦੇ ਸੱਚ ਅਤੇ ਸਮਾਜਿਕ ਸਰੋਕਾਰਾਂ ਨੂੰ ਪ੍ਰਗਟਾਉਣ ਦਾ ਜ਼ਰੀਆ ਰਹੀ ਹੈ। ਪ੍ਰੰਤੂ ਕੀ ਮਨੁੱਖੀ ਜਜ਼ਬਾਤ ਮਸ਼ੀਨਾਂ ਦੇ ਇਸ ਦੌਰ ’ਚ ਆਪਣੇ ਨਿੱਘ ਤੇ ਹੋਂਦ ਨੂੰ ਬਚਾ ਸਕਣਗੇ? ਸੁਰਿੰਦਰ ਮਕਸੂਦਪੁਰੀ ਨੇ ਇਸੇ ਚਿੰਤਾ ਨੂੰ ਮੁੱਖ ਰੱਖਦਿਆਂ ਇਸ ਪੁਸਤਕ ਦਾ ਸੰਪਾਦਨ ਬੜੀ ਨੀਝ ਨਾਲ ਕੀਤਾ ਹੈ।

ਪੁਸਤਕ: ਹਰਫ਼ਾਂ ਦੇ ਹਾਣੀ (ਕੁਝ ਚੋਣਵੀਂ ਪੰਜਾਬੀ ਕਵਿਤਾ)
ਸੰਪਾਦਕ: ਸੁਰਿੰਦਰ ਮਕਸੂਦਪੁਰੀ
ਪੰਨੇ:160 ਮੁੱਲ:300/-
ਪ੍ਰਕਾਸ਼ਕ: ਲਾਹੌਰ ਬੁੱਕ ਸ਼ਾਪ, ਲੁਧਿਆਣਾ।
‘ਹਰਫ਼ਾਂ ਦੇ ਹਾਣੀ’ ਮਨੁੱਖੀ ਰੂਹ ਤੇ ਬਦਲਦੇ ਸਮੇਂ ਦੀ ਬਾਤ ਪਾਉਂਦੀ ਕਾਵਿ ਪੁਸਤਕ ਹੈ। ਕਵਿਤਾ ਹਮੇਸ਼ਾ ਹੀ ਮਨੁੱਖੀ ਹੋਂਦ ਦੇ ਸੱਚ ਅਤੇ ਸਮਾਜਿਕ ਸਰੋਕਾਰਾਂ ਨੂੰ ਪ੍ਰਗਟਾਉਣ ਦਾ ਜ਼ਰੀਆ ਰਹੀ ਹੈ। ਪ੍ਰੰਤੂ ਕੀ ਮਨੁੱਖੀ ਜਜ਼ਬਾਤ ਮਸ਼ੀਨਾਂ ਦੇ ਇਸ ਦੌਰ ’ਚ ਆਪਣੇ ਨਿੱਘ ਤੇ ਹੋਂਦ ਨੂੰ ਬਚਾ ਸਕਣਗੇ? ਸੁਰਿੰਦਰ ਮਕਸੂਦਪੁਰੀ ਨੇ ਇਸੇ ਚਿੰਤਾ ਨੂੰ ਮੁੱਖ ਰੱਖਦਿਆਂ ਇਸ ਪੁਸਤਕ ਦਾ ਸੰਪਾਦਨ ਬੜੀ ਨੀਝ ਨਾਲ ਕੀਤਾ ਹੈ। ਇਹ ਕਿਤਾਬ ਪੰਜਾਬੀ ਕਾਵਿ-ਜਗਤ ਦੇ ਵੱਖ-ਵੱਖ ਦੌਰਾਂ ਦੇ ਨਾਮਵਰ ਕਵੀਆਂ ਦੀਆਂ ਚੋਣਵੀਆਂ ਰਚਨਾਵਾਂ ਦਾ ਸੁਮੇਲ ਹੈ, ਜੋ ਪਾਠਕ ਦੇ ਮਨ ਮਸਤਕ ’ਤੇ ਵੱਖਰਾ ਪ੍ਰਭਾਵ ਪਾਉਂਦੀਆਂ ਹਨ। ਪੁਸਤਕ ਵਿਚ ਸੰਪਾਦਕ ਸੁਰਿੰਦਰ ਮਕਸੂਦਪੁਰੀ ਸਮੇਤ ਕੁੱਲ 91 ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ। ਉਨ੍ਹਾਂ ਦੀ ਕਵਿਤਾ ‘ਰੱਬ ਕਰੇ!’ ਮਨੁੱਖਤਾ ਦੇ ਭਲੇ ਤੇ ਵਿਸ਼ਵ ਸ਼ਾਂਤੀ ਦੀ ਬਾਤ ਪਾਉਂਦੀ ਹੈ। ਇਸ ਕਵਿਤਾ ਵਿਚ ਉਹ ਵਰਤਮਾਨ ਦੌਰ ਦੇ ਹਾਕਮਾਂ, ਹਿਟਲਰਾਂ ਤੇ ਜੰਗਾਂ ਦੇ ਖ਼ੂਨੀ ਮੰਜਰਾਂ ’ਤੇ ਚਿੰਤਾ ਕਰਦੇ ਹੋਏ ਮਹਾਪੁਰਖਾਂ ਦੇ ਦੁਬਾਰਾ ਪ੍ਰਕਾਸ਼ ਦੀ ਮੰਗ ਕਰਦੇ ਹਨ ਤਾਂ ਜੋ ਰੱਬ ਇਕ ਹੈ ਦਾ ਸੁਨੇਹਾ ਘਰ-ਘਰ ਪਹੁੰਚ ਸਕੇ। ਇਸੇ ਤਰ੍ਹਾਂ ਉਹਨਾਂ ਦੀ ਅਗਲੀ ਰਚਨਾ ‘ਕਵਿਤਾ ਦੀ ਗੂੰਜ’ ਸਾਹਿਤਕ ਹੋਂਦ ਤੇ ਮਾਂ-ਬੋਲੀ ਪੰਜਾਬੀ ਦੇ ਅੱਖਰਾਂ ਦੀ ਰੱਖਿਆ ਲਈ ਹੋਕਾ ਦਿੰਦੀ ਹੈ। ਪੁਸਤਕ ’ਚ ਸ਼ਾਮਿਲ ਪ੍ਰਬੁੱਧ ਸਾਹਿਤਕਾਰ ਹਰਮੀਤ ਸਿੰਘ ਅਟਵਾਲ ਦੀ ਗ਼ਜ਼ਲ ਦੀਆਂ ਸਤਰਾਂ ‘ਸਾਡੀ ਚਿਰਾਂ ਤੋਂ ਨਿਭੇ ਜੀ ਚੰਦ ਤਾਰਿਆਂ ਦੇ ਨਾਲ...’ ਜ਼ਿੰਦਗੀ ਦੇ ਫ਼ਲਸਫ਼ੇ, ਵਫ਼ਾ ਤੇ ਸਮੇਂ ਦੀ ਸੱਚਾਈ ਨੂੰ ਬਹੁਤ ਹੀ ਸਰਲ ਪਰ ਅਰਥਪੂਰਨ ਢੰਗ ਨਾਲ ਬਿਆਨ ਕਰਦੀਆਂ ਹਨ। ਅੱਗੇ ਪੰਜਾਬੀ ਸਾਹਿਤ ਦੇ ਮਹਾਨ ਹਸਤਾਖ਼ਰ ਭਾਈ ਵੀਰ ਸਿੰਘ ਜੀ ਦੀਆਂ ਚਾਰ ਰੁਬਾਈਆਂ ਦਰਜ ਹਨ 'ਜੀ ਆਇਆਂ ਨੂੰ' ਅਤੇ 'ਪ੍ਰੀਤਮ ਛੂਹ’ ਵਿਚ ਪ੍ਰੀਤਮ (ਪ੍ਰਭੂ) ਦੇ ਮਿਲਾਪ ਦੀ ਖ਼ੁਸ਼ੀ ਤੇ ਉਸ ਦੇ ਵਿਛੋੜੇ ਦੇ ਦਰਦ ਨੂੰ ਬਹੁਤ ਹੀ ਭਾਵੁਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। 'ਹੋਸ਼-ਮਸਤੀ' ਰੁਬਾਈ ਮਨੁੱਖ ਨੂੰ ਦੁਨੀਆ ਦੀ ਫੋਕੀ ਸਿਆਣਪ ਛੱਡ ਕੇ ਰੱਬੀ ਮਸਤੀ ਤੇ ਅਨੰਦ ਵਿਚ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੀ ਹੈ। ‘ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ’ ਰੁਬਾਈ ਰਾਹੀਂ ਕੁਦਰਤ ਦੀ ਸੁੰਦਰਤਾ ਨੂੰ ਮਾਣਨ ਅਤੇ ਉਸ ਨੂੰ ਨੁਕਸਾਨ ਨਾ ਪਹੁੰਚਾਉਣ ਦਾ ਖ਼ੂਬਸੂਰਤ ਸੁਨੇਹਾ ਦਿੱਤਾ ਹੈ। ਇਸ ਦੇ ਨਾਲ ਹੀ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ, ਸੰਤ ਰਾਮ ਉਦਾਸੀ, ਬਾਬਾ ਨਜ਼ਮੀ ਤੇ ਡਾ. ਜਗਤਾਰ ਵਰਗੇ ਸਿਰਮੌਰ ਕਵੀਆਂ ਦੀਆਂ ਲਿਖਤਾਂ ਨੂੰ ਵੀ ਇੱਕੋ ਲੜੀ ਵਿਚ ਪਰੋਇਆ ਗਿਆ ਹੈ।ਪੁਸਤਕ ਦੀ ਭਾਸ਼ਾ ਸਰਲ ਹੈ, ਜੋ ਪਾਠਕ ਦੇ ਮਨ ਨੂੰ ਪ੍ਰਭਾਵਿਤ ਕਰਦੀ ਹੈ। ‘ਹਰਫ਼ਾਂ ਦੇ ਹਾਣੀ’ ਰਾਹੀਂ ਲੇਖਕ ਨੇ ਪੰਜਾਬੀ ਕਾਵਿ-ਪਰੰਪਰਾ ਦੀਆਂ ਵੱਖ-ਵੱਖ ਆਵਾਜ਼ਾਂ ਨੂੰ ਇਕੱਠਿਆਂ ਪੇਸ਼ ਕਰਨ ਦਾ ਸਾਰਥਕ ਉਪਰਾਲਾ ਕੀਤਾ ਹੈ।
- ਪਰਮਜੀਤ ਸਿੰਘ ਸੰਸੋਆ