- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਰਚਾ ਅਧੀਨ ਪੁਸਤਕ ਕਾਵਿ ਅਤੇ ਲੇਖ ਸੰਗ੍ਰਹਿ ਹੈ। ਕਿਤਾਬ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ 27 ਕਵਿਤਾਵਾਂ ਹਨ ਤੇ ਦੂਸਰੇ ਵਾਰਤਕ ਭਾਗ ਵਿਚ 13 ਲੇਖ ਹਨ। ਲੇਖਕ ਕਿਰਤੀ ਵਰਗ ਵਿੱਚੋਂ ਹੈ, ਜੋ ਰਾਜਗਿਰੀ ਦਾ ਕੰਮ ਕਰਦਾ ਹੈ ਪਰ ਸਾਹਿਤ ਨਾਲ ਜੁੜਿਆ ਹੋਇਆ ਹੈ। ਇਹ ਉਸ ਦੀ ਪਹਿਲੀ ਕਿਤਾਬ ਹੈ।

ਪੁਸਤਕ - ਸੰਗਰਾਮੀ ਸੁਨੇਹਾ
ਲੇਖਕ - ਗੁਰਮੇਲ ਸਿੰਘ ਪ੍ਰਦੇਸੀ
ਪੰਨੇ-80 ਮੁੱਲ-150 ਰੁਪਏ
ਪ੍ਰਕਾਸ਼ਨ - ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਚਰਚਾ ਅਧੀਨ ਪੁਸਤਕ ਕਾਵਿ ਅਤੇ ਲੇਖ ਸੰਗ੍ਰਹਿ ਹੈ। ਕਿਤਾਬ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ 27 ਕਵਿਤਾਵਾਂ ਹਨ ਤੇ ਦੂਸਰੇ ਵਾਰਤਕ ਭਾਗ ਵਿਚ 13 ਲੇਖ ਹਨ। ਲੇਖਕ ਕਿਰਤੀ ਵਰਗ ਵਿੱਚੋਂ ਹੈ, ਜੋ ਰਾਜਗਿਰੀ ਦਾ ਕੰਮ ਕਰਦਾ ਹੈ ਪਰ ਸਾਹਿਤ ਨਾਲ ਜੁੜਿਆ ਹੋਇਆ ਹੈ। ਇਹ ਉਸ ਦੀ ਪਹਿਲੀ ਕਿਤਾਬ ਹੈ। ਕਿਤਾਬ ਅਤੇ ਲੇਖਕ ਬਾਰੇ 7 ਸ਼ਖ਼ਸੀਅਤਾਂ ਨੇ ਵਿਚਾਰ ਲਿਖੇ ਹਨ, ਜਿਨ੍ਹਾਂ ਵਿਚ ਬਲਬੀਰ ਚੰਦ ਲੌਂਗੋਵਾਲ, ਬਲਵੀਰ ਸਿੰਘ ਮੰਡੇਰ, ਗਿਆਨ ਸਿੰਘ ਭੁੱਲਰ, ਹਾਕਮ ਸਿੰਘ ਨੂਰ, ਨਰਾਇਣ ਦੱਤ, ਡਾ. ਰਜਿੰਦਰ ਪਾਲ ਤੇ ਕਵੀ ਮਿੰਦਰ ਪਾਲ ਭੱਠਲ ਸ਼ਾਮਿਲ ਹਨ। ਲੇਖਕ ਇਨਕਲਾਬੀ ਵਿਚਾਰਾਂ ਦਾ ਹੈ, ਜੋ ਕਿਰਤੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਰੱਖਦਾ ਹੈ। ਉਹ ਸੰਘਰਸ਼ਮਈ ਹੈ। ਉਸ ਦੀ ਕਵਿਤਾ ਵਿਚ ਵੰਨ-ਸੁਵੰਨੇ ਵਿਸ਼ੇ ਹਨ। ਸਮਾਜਿਕ ਕੁਰੀਤੀਆਂ, ਘਰੇਲੂ ਦੁਸ਼ਵਾਰੀਆ, ਨਸ਼ੇ, ਭਰੂਣ ਹੱਤਿਆ, ਸ਼ਰਾਬੀ ਦੀ ਪਤਨੀ, ਮਾਰੋਂਗੇ ਜੇ ਧੀਆਂ ਨੂੰ, ਸ਼ਰਮ ਕਰੋ ਦੇਸ਼ ਦੇ ਹਾਕਮੋ ਆਦਿ ਕਵਿਤਾਵਾਂ ਸ਼ਾਮਿਲ ਹਨ। ਕਵਿਤਾ ਪਾਕਿਸਤਾਨ ਅਤੇ ਭਾਰਤ ਵਿਚ ਉਹ ਲਿਖਦਾ ਹੈ ਕਿ ਦਿੱਲੀ ਤੇ ਲਾਹੌਰ ਦੇ ਹਾਕਮੋ ਤੁਸੀਂ ਕਾਹਤੋਂ ਰਹੇ ਜ਼ੁਲਮ ਕਮਾ, ਪਾਕਿਸਤਾਨੀ ਅਤੇ ਭਾਰਤੀ ਦੋਵੇਂ ਹਨ ਸਕੇ ਭਰਾ। ਮਾਂ ਕਵਿਤਾ ਵਿਚ ਆਪਣੇ ਘਰੇਲੂ ਹਾਲਾਤਾਂ ਬਾਰੇ ਲਿਖਦਾ ਹੈ, ‘ਮਾਂ ਮੇਰੀਏ ਦੁੱਖਾਂ ਦੀਏ ਮਾਰੀਏ ਨੀ ਅਸੀਂ ਕਿਵੇਂ ਉਤਾਰਾਂਗੇ ਕਰਜ਼ ਤੇਰਾ।’ ਬਾਪ ਦੀ ਮੌਤ ਪਿੱਛੋਂ ਕਵੀ ਮਾਂ ਨਾਲ ਦੁੱਖ ਸਾਂਝਾ ਕਰਦਾ ਹੈ ਤੇ ਭਵਿੱਖ ਦੀਆਂ ਯੋਜਨਾਵਾਂ ਬਣਾਉਂਦਾ ਹੈ। ਕਿਸਾਨਾਂ ਦੇ ਮਸਲਿਆ ਦੀ ਗੱਲ ਕਰਦਾ ਹੈ, ‘ਉੱਠ ਜਾਗ ਕਿਸਾਨਾਂ ਓਏ ਤੈਨੂੰ ਦਿੱਲੀ ਲੁੱਟਣ ਆ ਗਈ, ਤੇਰੀਆਂ ਕਿਰਤਾਂ ਨੂੰ ਹਾਕਮ ਜੁੰਡਲੀ ਰਲ ਕੇ ਖਾ ਗਈ।’ ਕਵੀ ਕੋਲ ਜ਼ਿੰਦਗੀ ਦਾ ਗਹਿਰਾ ਸੰਘਰਸ਼ਮਈ ਤਜਰਬਾ ਹੈ।
ਦੂਸਰੇ ਭਾਗ ਦੇ ਲੇਖਾਂ ਵਿਚ ਕਵੀ ਨੇ ਸਮੇਂ ਦਾ ਸੱਚ ਲਿਖਿਆ ਹੈ। ਉਹ ਕਿਰਤੀ ਅਤੇ ਦਲਿਤ ਵਰਗ ਦੀ ਹੁੰਦੀ ਲੁੱਟ ਅਤੇ ਕੁੱਟ ਦਾ ਜ਼ਿਕਰ ਬੇਬਾਕ ਹੋ ਕੇ ਕਰਦਾ ਹੈ। ਬਚਪਨ ਦੇ ਔਖੇ ਦਿਨਾਂ ਨੂੰ ਯਾਦ ਕਰਦਾ ਹੈ। ਵਾਰਤਕ ਲੇਖਾਂ ਵਿਚ ਸਹਿਜ ਹੈ, ਸਪੱਸ਼ਟਤਾ ਹੈ। ਭਾਸ਼ਾ ਸ਼ੈਲੀ ਸਧਾਰਨ ਅਤੇ ਪ੍ਰਭਾਵਸ਼ਾਲੀ ਹੈ। ਸਿਰਲੇਖ ਵੀ ਸਾਦ-ਮੁਰਾਦੇ ਹਨ। ਪੁਸਤਕ ਦੀ ਸਧਾਰਨਤਾ ਹੀ ਇਸ ਦਾ ਮੀਰੀ ਗੁਣ ਹੈ । ਲੇਖ ਖੇਤੀ ਦੇ ਸੰਦ ਅਤੇ ਭਾਰਤ ਦੀ ਕਰੰਸੀ ਵਿਚ ਕਵੀ ਨੇ ਨੋਟ ਬਦਲੀ ਵੇਲੇ ਦਾ ਮਿਹਨਤਕਸ਼ ਦਾ ਦਰਦ ਲਿਖਿਆ ਹੈ। ਲੇਖ ਯਾਦਾਂ ਦੇ ਜ਼ਖ਼ਮ ਤੇ ਯਾਦਾਂ ਦੇ ਝਰੋਖੇ ’ਚ ਸੰਘਰਸ਼ੀ ਬਚਪਨ ਅਤੇ ਲੇਖਕ ਦੀਆਂ ਸਮਾਜਿਕ ਗਤੀਵਿਧੀਆਂ ਦਾ ਜ਼ਿਕਰ ਹੈ।
- ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ