- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਥਲੀ ਪੁਸਤਕ ਮਨਜੀਤ ਕੌਰ ਸੇਖੋਂ ਦੁਆਰਾ ਵਿਆਹ ਗੀਤਾਂ ਦੇ ਸੰਕਲਨ ਤੇ ਉਨ੍ਹਾਂ ਗੀਤਾਂ ਦੇ ਅਧਿਐਨ ਅਤੇ ਉਹਨਾਂ ਗੀਤਾਂ ਵਿਚ ਬਿਆਨ ਹੋਏ ਰਿਸ਼ਤਿਆਂ ਸਬੰਧੀ ਸਮੀਖਿਆਵਾਂ ’ਤੇ ਆਧਾਰਿਤ ਹੈ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਇਸ ਪੁਸਤਕ ਦਾ ਸੰਪਾਦਨ ਕੀਤਾ ਗਿਆ ਹੈ ਤੇ ਪਬਲੀਕੇਸ਼ਨ ਬਿਊਰੋ ਵੱਲੋਂ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।

ਪੁਸਤਕ : ਵਿਆਹ-ਗੀਤਾਂ ਤੇ ਰਿਸ਼ਤਿਆਂ ਦੀ ਸਤਰੰਗੀ ਪੀਂਘ
ਲੇਖਕ - ਮਨਜੀਤ ਕੌਰ ਸੇਖੋਂ
ਪੰਨੇ: 400 ਮੁੱਲ : 700/-
ਪ੍ਰਕਾਸ਼ਨ - ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੱਥਲੀ ਪੁਸਤਕ ਮਨਜੀਤ ਕੌਰ ਸੇਖੋਂ ਦੁਆਰਾ ਵਿਆਹ ਗੀਤਾਂ ਦੇ ਸੰਕਲਨ ਤੇ ਉਨ੍ਹਾਂ ਗੀਤਾਂ ਦੇ ਅਧਿਐਨ ਅਤੇ ਉਹਨਾਂ ਗੀਤਾਂ ਵਿਚ ਬਿਆਨ ਹੋਏ ਰਿਸ਼ਤਿਆਂ ਸਬੰਧੀ ਸਮੀਖਿਆਵਾਂ ’ਤੇ ਆਧਾਰਿਤ ਹੈ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਇਸ ਪੁਸਤਕ ਦਾ ਸੰਪਾਦਨ ਕੀਤਾ ਗਿਆ ਹੈ ਤੇ ਪਬਲੀਕੇਸ਼ਨ ਬਿਊਰੋ ਵੱਲੋਂ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪੁਸਤਕ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਮਨਜੀਤ ਕੌਰ ਸੇਖੋਂ ਨੇ ਸਭ ਤੋਂ ਪਹਿਲਾਂ ਲੋਕ ਗੀਤਾਂ ਦੇ ਪਿਛੋਕੜ ਬਾਰੇ ਚਰਚਾ ਕਰਦੇ ਹੋਏ ਇਨ੍ਹਾਂ ਲੋਕ ਗੀਤਾਂ ਦੀ ਉਮਰ ਦਰਿਆਫ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧ ਵਿਚ ਉਹ ਲੋਕ ਗੀਤਾਂ ਵਿੱਚੋਂ ਹਵਾਲੇ ਲੈ ਕੇ ਉਨ੍ਹਾਂ ਵਿਚ ਦਰਸਾਈਆਂ ਵਸਤੂਆਂ ਦੇ ਸਮਾਂ-ਕਾਲ ਦੇ ਹਿਸਾਬ ਨਾਲ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਉਂਦੀ ਹੈ। ਅਗਲੇ ਪਾਠਾਂ ਵਿਚ ਪੰਜਾਬੀ ਲੋਕ ਨਾਚਾਂ ਤੇ ਗਿੱਧੇ ਦੀਆਂ ਬੋਲੀਆਂ ਦੀ ਗੱਲ ਕਰਦਿਆਂ ਪੰਜਾਬੀ ਰਿਸ਼ਤਾ-ਨਾਤਾ ਪ੍ਰਬੰਧ ਵਿਚ ਵਰਤੀ ਜਾਂਦੀ ਸ਼ਬਦਾਵਲੀ ਦੀ ਸੰਰਚਨਾ ਬਾਰੇ ਚਰਚਾ ਕੀਤੀ ਹੈ। ਇਸ ਤੋਂ ਅੱਗੇ ਪੰਜਾਬੀ ਸੱਭਿਆਚਾਰ ਵਿਚ ਪ੍ਰਚੱਲਿਤ ਕੁਝ ਵਿਸ਼ਿਆਂ ਨੂੰ ਲੈ ਕੇ ਉਨ੍ਹਾਂ ਦੀ ਸੰਰਚਨਾ, ਪਿਛੋਕੜ ਬਾਰੇ ਗੱਲ ਕਰਦਿਆਂ ਉਨ੍ਹਾਂ ਨਾਲ ਸਬੰਧਤ ਬੋਲੀਆਂ ਦਾ ਸੰਕਲਨ ਕਰ ਕੇ ਸਮੀਖਿਆ ਕੀਤੀ ਹੈ। ਇਨ੍ਹਾਂ ਵਿਚ ਪੇਕਾ ਪਰਿਵਾਰ ਤੇ ਸਹੁਰਾ ਪਰਿਵਾਰ ਨਾਲ ਸਬੰਧਿਤ ਬੋਲੀਆਂ ਤੋਂ ਬਾਅਦ ਸੌਂਕਣ, ਛੜੇ, ਗਹਿਣਿਆਂ, ਵਸਤਰ ਅਤੇ ਹੋਰ ਹਾਰ ਸ਼ਿੰਗਾਰ ਪ੍ਰਮੁੱਖ ਹਨ। ਅਗਲੇ ਪਾਠਾਂ ਵਿਚ ਪੰਜਾਬੀ ਸੱਭਿਆਚਾਰ, ਪਿੰਡਾਂ, ਸ਼ਹਿਰਾਂ ਤੇ ਵੱਖ-ਵੱਖ ਭੂਗੋਲਿਕ ਖਿੱਤਿਆਂ ਨਾਲ ਸਬੰਧਿਤ ਬੋਲੀਆਂ ਅਤੇ ਉਨ੍ਹਾਂ ਬੋਲੀਆਂ ਦਾ ਪਿਛੋਕੜ ਜਾਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਪਹਿਲੇ ਭਾਗ ਦੇ ਅੰਤ ਵਿਚ ਵੱਖ-ਵੱਖ ਜਾਤਾਂ, ਵਰਗਾਂ ਤੇ ਕੰਮਾਂ ਕਾਰਾਂ ਨਾਲ ਸਬੰਧਿਤ ਬੋਲੀਆਂ, ਇਤਿਹਾਸ-ਮਿਥਿਹਾਸ ਨਾਲ ਸਬੰਧਿਤ ਬੋਲੀਆਂ ਤੇ ਟੱਪੇ ਵੀ ਸ਼ਾਮਿਲ ਕੀਤੇ ਗਏ ਹਨ। ਇਸ ਪੁਸਤਕ ਦੇ ਦੂਜੇ ਭਾਗ ਵਿਚ ਲੰਮੀ ਹੇਕ ਵਾਲੇ ਗੀਤ, ਸੁਹਾਗ, ਘੋੜੀਆਂ, ਢੋਲਕੀ ਗੀਤ, ਸਿਹਰਾ, ਸਿੱਖਿਆ, ਸਿਠਣੀਆਂ, ਛੰਦ, ਬਾਰਹਮਾਹ ਅਤੇ ਹੇਅਰੇ ਆਦਿ ਦਾ ਸੰਕਲਨ ਕਰ ਕੇ ਇਨ੍ਹਾਂ ਕਾਵਿ-ਰੂਪਾਂ ਦੇ ਪਿਛੋਕੜ ਬਾਰੇ ਚਰਚਾ ਵੀ ਕੀਤੀ ਗਈ ਹੈ। ਇਸ ਢੰਗ ਨਾਲ ਇਹ ਪੁਸਤਕ ਵਿਆਹ ਗੀਤਾਂ ਦੇ ਵੱਖ-ਵੱਖ ਕਾਵਿ-ਰੂਪਾਂ ਨਾਲ ਸਬੰਧਿਤ ਵਧੀਆ ਦਸਤਾਵੇਜ਼ ਸਾਬਿਤ ਹੁੰਦੀ ਹੈ।
- ਡਾ. ਸੰਦੀਪ ਰਾਣਾ