- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਤਿੰਦਰ ਸੰਧੂ ਜੀ ਦਾ ਨਿਵੇਕਲਾ ਤੇ ਵਿਲੱਖਣ ਦ੍ਰਿਸ਼ਟੀਕੋਣ ਵਰਤਮਾਨ ਵਰਤਾਰਿਆਂ ਬਾਰੇ ‘ਤੱਥਕ’ ਜਾਣਕਾਰੀ ਉੱਤੇ ਆਧਾਰਿਤ ਹੈ। ਆਲੇ-ਦੁਆਲੇ ਕੀ ਵਾਪਰ ਰਿਹਾ ਹੈ? ਇਤਿਹਾਸਕ ਘਟਨਾਵਾਂ ਕਿਵੇਂ ਮਨੁੱਖ ਦੀ ਵਰਤਮਾਨ ਜੀਵਨਸ਼ੈਲੀ ਨੂੰ ਪ੍ਰਭਾਵਿਤ ਕਰਦੀਆਂ ਹਨ? ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ। ਸੰਧੂ ਜੀ ਦਾ ਸਵੈ-ਕਥਨ, ‘ਅਸਲ ਵਿਚ ਹਰ ਇਨਸਾਨ ਦੇ ਸੋਚਣ ਦਾ ਆਪਣਾ ਢੰਗ ਹੁੰਦਾ ਹੈ।

ਪੁਸਤਕ - ਕੀੜੀਆਂ ਸੁੱਤੀਆਂ ਨਹੀਂ
ਲੇਖਕ : ਅਰਤਿੰਦਰ ਸੰਧੂ
ਪੰਨੇ 126, - ਮੁੱਲ 250
ਪ੍ਰਕਾਸ਼ਨ - ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ।
ਅਰਤਿੰਦਰ ਸੰਧੂ ਦਾ ਪੰਜਾਬੀ ਸਾਹਿਤਕ ਖੇਤਰ ’ਚ ਵਿਸ਼ੇਸ਼ ਤੇ ਸਨਮਾਨਯੋਗ ਸਥਾਨ ਹੈ। ਉਨ੍ਹਾਂ ਦੀਆਂ ਕਿਰਤਾਂ ਜੀਵਨ ਤਜਰਬਿਆਂ ਨੂੰ ਰੂਪਮਾਨ ਕਰਦੀਆਂ ਹੋਈਆਂ ਪਾਠਕਾਂ ਲਈ ਰਾਹ-ਦਸੇਰੇ ਦਾ ਕਾਰਜ ਕਰਦੀਆਂ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ 16 ਕਾਵਿ-ਸੰਗ੍ਰਹਿ, ਵਾਰਤਕ, 4 ਅਨੁਵਾਦਤ ਪੁਸਤਕਾਂ, 2 ਸੰਪਾਦਿਤ ਪੁਸਤਕਾਂ ਪਾਈਆਂ ਹਨ। 2012 ਤੋਂ ਲਗਾਤਾਰ ਸਾਹਿਤਕ ਏਕਮ ਮੈਗਜ਼ੀਨ ਕੱਢ ਰਹੇ ਹਨ। ਉਨ੍ਹਾਂ ਦੀ ਹੱਥਲੀ ਪੁਸਤਕ ‘ਕੀੜੀਆਂ ਸੁੱਤੀਆਂ ਨਹੀਂ’ ਵਿਭਿੰਨ ਵਿਸ਼ਿਆਂ ਬਾਰੇ ਵਿਚਾਰ ਪ੍ਰਗਟਾਉਂਦੀ ਹੈ। ਇਸ ਪੁਸਤਕ ਦੇ ਤਿੰਨ ਭਾਗ ਹਨ, ਪਹਿਲੇ ਭਾਗ ਵਿਚ 20 ਲੇਖ, ਦੂਜੇ ਭਾਗ ਵਿਚ 3 ਲੇਖ ਤੇ ਭਾਗ ਤੀਜਾ ਵਿਚ 3 ਲੇਖ ਹਨ।
ਅਰਤਿੰਦਰ ਸੰਧੂ ਜੀ ਦਾ ਨਿਵੇਕਲਾ ਤੇ ਵਿਲੱਖਣ ਦ੍ਰਿਸ਼ਟੀਕੋਣ ਵਰਤਮਾਨ ਵਰਤਾਰਿਆਂ ਬਾਰੇ ‘ਤੱਥਕ’ ਜਾਣਕਾਰੀ ਉੱਤੇ ਆਧਾਰਿਤ ਹੈ। ਆਲੇ-ਦੁਆਲੇ ਕੀ ਵਾਪਰ ਰਿਹਾ ਹੈ? ਇਤਿਹਾਸਕ ਘਟਨਾਵਾਂ ਕਿਵੇਂ ਮਨੁੱਖ ਦੀ ਵਰਤਮਾਨ ਜੀਵਨਸ਼ੈਲੀ ਨੂੰ ਪ੍ਰਭਾਵਿਤ ਕਰਦੀਆਂ ਹਨ? ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ। ਸੰਧੂ ਜੀ ਦਾ ਸਵੈ-ਕਥਨ, ‘ਅਸਲ ਵਿਚ ਹਰ ਇਨਸਾਨ ਦੇ ਸੋਚਣ ਦਾ ਆਪਣਾ ਢੰਗ ਹੁੰਦਾ ਹੈ। ਕਿਸੇ ਇੱਕ ਪਰਿਵਾਰ ਦੇ ਜੀਆਂ ਤਕ ਦੇ ਵੀ ਵਿਚਾਰ, ਸੋਚਣ ਦਾ ਤਰੀਕਾ ਤੇ ਪਸੰਦ ਨਾ ਪਸੰਦ ਆਪਸ ਵਿਚ ਇਕ-ਦੂਜੇ ਤੋਂ ਵੱਖਰੀ ਹੁੰਦੀ ਹੈ। ਫਿਰ ਇਹ ਵੱਖਰਾਪਣ ਸਮਾਜ ਦੇ ਪੱਧਰ ’ਤੇ ਵਧੇਰੇ ਵਿਆਪਕ ਹੋ ਜਾਂਦਾ ਹੈ ਕਿਉਂਕਿ ਸਮਾਜ ਅਨੇਕ ਵਿਅਕਤੀਆਂ ਦਾ ਸਮੂਹ ਹੁੰਦਾ ਹੈ।’ ਉਨ੍ਹਾਂ ਨੇ ਰਾਜਸਥਾਨ ਦੇ ਪਿੰਡਾਂ ਵਿਚ ਔਰਤ ਦੀ ਸਥਿਤੀ ਨੂੰ ਪ੍ਰਗਟ ਕੀਤਾ ਹੈ। ਇੱਥੇ ‘ਗੁਲਾਬੂਆਂ ਦਾ ਹੀ ਪਿੰਡ’ ਹੈ ਯਾਨੀ ਇੱਥੇ ਛੋਟੀ ਉਮਰ ਦੇ ਮੁੰਡਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਵਹੁਟੀਆਂ ਭਰ ਜਵਾਨ ਲਿਆਂਦੀਆਂ ਜਾਂਦੀਆਂ ਹਨ। ਮੁੰਡੇ ਗਲੀਆਂ ਵਿਚ ਖੇਡਣ ਵਾਲੇ ਨਿਆਣੀ ਉਮਰ ਦੇ ਹੁੰਦੇ ਹਨ ਤੇ ਵਹੁਟੀਆਂ ’ਤੇ ਸਹੁਰੇ ਦਾ ਅਧਿਕਾਰ ਹੁੰਦਾ ਹੈ। ਉਨ੍ਹਾਂ ਨਾਲ ਕੀਤੇ ਜਿਸਮਾਨੀ ਸ਼ੋਸ਼ਣ ਤੋਂ ਬੱਚੇ ਵੀ ਪੈਦਾ ਹੁੰਦੇ ਹਨ। ‘ਪਰੰਪਰਾ’ ਦੇ ਨਾਂ ਉੱਤੇ ਔਰਤਾਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਸ ਅਨੈਤਿਕਤਾ ਦਾ ਕੋਈ ਵਿਰੋਧ ਨਹੀਂ ਕਰਦਾ। ਲੇਖ ‘ਕੀੜੀਆਂ ਸੁੱਤੀਆਂ ਨਹੀਂ’ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਦੁਆਰਾ ਜੀਵਾਂ ਦੇ ਸੁਭਾਅ ਦਾ ਜ਼ਿਕਰ ਕੀਤਾ ਗਿਆ ਹੈ। ਧਰਤੀ ਅੰਦਰ ਹੀ ਜੀਵਾਂ ਦੀਆਂ ਲੁਕਣਗਾਹਾਂ ਤੇ ਹੋਂਦ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਾਕਰੋਚ, ਕੀੜੀਆਂ, ਠੂੰਹੇਂ, ਕਿਰਲੀਆਂ ਸਰਦੀਆਂ ਸਮੇਂ ਜ਼ਮੀਨ ਦੇ ਅੰਦਰ ਸੁੱਤੇ ਰਹਿੰਦੇ ਹਨ ਯਾਨੀ ਕੁਝ ਲੋਕ ਹਿੰਦੂ ਮਿਥਿਹਾਸ ਦਾ ਹਵਾਲਾ ਦੇ ਕੇ ਸ਼ਿਵ ਜੀ ਦਾ ਜ਼ਿਕਰ ਵੀ ਕਰਦੇ ਹਨ। ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਾਰਨ ਪਾਣੀ ਜ਼ਹਿਰੀਲਾ ਹੋ ਗਿਆ ਹੈ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ’ਚ ਵਾਧਾ ਹੋਇਆ ਹੈ। ਦੇਸ਼ ਵਿਚ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਯਤਨ ਨਹੀਂ ਕੀਤੇ ਜਾ ਰਹੇ, ਜਦੋਂਕਿ ਵਿਦੇਸ਼ਾਂ ਵਿਚ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਸਵਿਟਜ਼ਰਲੈਂਡ ਵਿਚ ਗਲੇਸ਼ੀਅਰਾਂ ਨੂੰ ਧੁੱਪ ਕਾਰਨ ਪਿਗਲਣ ਤੋਂ ਬਚਾਉਣ ਲਈ ਮੋਟੇ ਕੱਪੜਿਆਂ ਨਾਲ ਢਕਿਆ ਜਾ ਰਿਹਾ ਹੈ।’ ਅਰਤਿੰਦਰ ਸੰਧੂ ਜੀ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੱਥਾਂ ਦੇ ਨਾਲ-ਨਾਲ ਕਲਾਤਮਕਤਾ ਭਰਪੂਰ ਹੈ, ਜਿਸ ਸਦਕਾ ਪਾਠਕ ਵਰਗ ਦਾ ਜਾਣਕਾਰੀ ਦੇ ਨਾਲ-ਨਾਲ ਹੋਰ ਅੱਗੇ ਜਾਣਨ ਦਾ ਸੁਭਾਅ ਬਣਿਆ ਰਹਿੰਦਾ ਹੈ। ਵਿਦਵਾਨਾਂ, ਚਿੰਤਕਾਂ, ਵਿਦਿਆਰਥੀਆਂ ਤੇ ਖੋਜਾਰਥੀਆਂ ਨੂੰ ਪੁਸਤਕ ਨੂੰ ਜ਼ਰੂਰ ਵਾਚਣਾ ਚਾਹੀਦਾ ਹੈ।
ਡਾ. ਹਰਿੰਦਰ ਸਿੰਘ ਤੁੜ