- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਸਤਕ ਦੀ ਪਹਿਲੀ ਕਹਾਣੀ ਬਾਪੂ ਬਲਬੀਰ ਸਿੰਘ ਦੇ ਪੁੱਤਰਾਂ, ਉਸਦੀ ਨੂੰਹ ਦੇ ਚਰਿੱਤਰ ਰਾਹੀਂ ਮਾਪਿਆਂ ਦਾ ਜ਼ਮੀਨ ਵੇਚਕੇ ਉਨ੍ਹਾਂ ਨੂੰ ਬਾਹਰ ਭੇਜਣਾ, ਵਿਦੇਸ਼ਾਂ ਵਿਚ ਪੱਕੇ ਹੋਣ ਲਈ ਜਦੋ-ਜਹਿਦ ਅਤੇ ਮਾਪਿਆਂ ਦਾ ਬਿਰਧ ਆਸ਼ਰਮ ਵਿਚ ਪਹੁੰਚਣਾ ਆਦਿ ਸਮਾਜਿਕ ਮੁੱਦਿਆਂ ਦੀ ਚਰਚਾ ਕਰ ਰਹੀ ਹੈ।

ਪੁਸਤਕ : ਤਾਣਾ- ਬਾਣਾ
ਲੇਖਕ : ਇਕਵਾਕ ਸਿੰਘ ਪੱਟੀ
ਪੰਨੇ : 128 , ਮੱੁਲ : 200 /-
ਪ੍ਰਕਾਸ਼ਕ : ਲੇਖਕ ਖ਼ੁਦ, ਜੋਧ ਨਗਰ ਸੁਲਤਾਨਵਿੰਡ ਰੋਡ, ਅੰਮਿ੍ਰਤਸਰ।
ਪੁਸਤਕ ‘ਤਾਣਾ ਬਾਣਾ’ ’ਚ ਇਕਵਾਕ ਸਿੰਘ ਪੱਟੀ ਦੀਆਂ ਕੁੱਲ 23 ਕਹਾਣੀਆਂ ਹਨ। ਲੇਖਕ ਨੇ ਕਹਾਣੀ ਸੰਗ੍ਰਹਿ ਵਿਚ ਬਜ਼ੁਰਗਾਂ ਦਾ ਬਿਰਧ ਆਸ਼ਰਮਾਂ ਵਿਚ ਪਹੁੰਚਣਾ, ਔਲਾਦ ਦੀ ਮਾਂ ਬਾਪ ਪ੍ਰਤੀ ਫ਼ਰਜ਼ਾਂ ਦੀ ਕੁਤਾਹੀ, ਨੌਜਵਾਨ ਪੀੜ੍ਹੀ ਦਾ ਵਿਦੇਸ਼ ਜਾਣ ਵੱਲ ਰੁਝਾਨ, ਏਜੰਟਾਂ ਦੀ ਵਿਦੇਸ਼ ਭੇਜਣ ਦੇ ਨਾਂ ’ਤੇ ਲੁੱਟ, ਠੇਕੇਦਾਰਾਂ ਵੱਲੋਂ ਗ਼ਰੀਬਾਂ ਦਾ ਸ਼ੋਸ਼ਣ, ਨੌਜਵਾਨ ਮੁੰਡੇ ਕੁੜੀਆਂ ਦਾ ਪ੍ਰੇਮ ਵਿਆਹ ਵੱਲ ਰੁਝਾਨ, ਮਾਪਿਆਂ ਦਾ ਆਪਣੇ ਆਪ ਨੂੰ ਹਾਲਾਤ ਅਨੁਸਾਰ ਢਾਲਣਾ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਸਤਿਕਾਰ, ਸਰਕਾਰੀ ਸਕੂਲਾਂ ਦੇ ਮਹੱਤਵ ਅਤੇ ਅੱਤਵਾਦ ਦੇ ਦਿਨਾਂ ਵਿਚ ਪੁਲਿਸ ਦਾ ਨੌਜਵਾਨਾਂ ’ਤੇ ਤਸ਼ੱਦਦ ਆਦਿ ਵਿਸ਼ਿਆਂ ਨੂੰ ਛੂਹਿਆ ਹੈ।
ਪੁਸਤਕ ਦੀ ਪਹਿਲੀ ਕਹਾਣੀ ਬਾਪੂ ਬਲਬੀਰ ਸਿੰਘ ਦੇ ਪੁੱਤਰਾਂ, ਉਸਦੀ ਨੂੰਹ ਦੇ ਚਰਿੱਤਰ ਰਾਹੀਂ ਮਾਪਿਆਂ ਦਾ ਜ਼ਮੀਨ ਵੇਚਕੇ ਉਨ੍ਹਾਂ ਨੂੰ ਬਾਹਰ ਭੇਜਣਾ, ਵਿਦੇਸ਼ਾਂ ਵਿਚ ਪੱਕੇ ਹੋਣ ਲਈ ਜਦੋ-ਜਹਿਦ ਅਤੇ ਮਾਪਿਆਂ ਦਾ ਬਿਰਧ ਆਸ਼ਰਮ ਵਿਚ ਪਹੁੰਚਣਾ ਆਦਿ ਸਮਾਜਿਕ ਮੁੱਦਿਆਂ ਦੀ ਚਰਚਾ ਕਰ ਰਹੀ ਹੈ। ਦੂਜੀ ਕਹਾਣੀ ਦੇ ਪਾਤਰਾਂ ਸਰਵਣ ਸਿੰਘ, ਕੋਠੀ ਦੇ ਮਾਲਿਕ ਅਤੇ ਠੇਕੇਦਾਰ ਦੇ ਮਾਧਿਅਮ ਰਾਹੀਂ ਠੇਕੇਦਾਰਾਂ ਦੁਆਰਾ ਗ਼ਰੀਬ ਮਜ਼ਦੂਰਾਂ ਦੇ ਸ਼ੋਸ਼ਣ ਦੀਆਂ ਪਰਤਾਂ ਖੋਲ੍ਹਕੇ ਮਜ਼ਦੂਰਾਂ ਦੇ ਅਧਿਕਾਰਾਂ ਦੇ ਹੱਕ ਵਿਚ ਖੜ੍ਹੇ ਹੋਣ ਦੀ ਹਾਮੀ ਭਰੀ ਗਈ ਹੈ। ਆਈਸਕ੍ਰੀਮ ਕੌਣ ਕਹਾਣੀ ਵਿਚ ਸਮਾਜ ਦੇ ਅਜੋਕੇ ਮਾਹੌਲ ਵਿਚ ਨਵੀਂ ਪੀੜ੍ਹੀ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਫੋਨਾਂ ’ਤੇ ਇਕ ਦੂਜੇ ਨੂੰ ਸੁਨੇਹੇ ਭੇਜਣਾ, ਚੈਟਿੰਗ ਕਰਨਾ, ਪ੍ਰੇਮ ਵਿਆਹਾਂ ਵਿਚ ਵਾਧਾ ਹੋਣਾ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਸਮਝੌਤਾ ਕਰਨ ਲਈ ਮਜਬੂਰ ਹੋਣਾ ਆਦਿ ਪਹਿਲੂਆਂ ਦੀ ਗੱਲ ਕੀਤੀ ਗਈ ਹੈ।
ਕਹਾਣੀਕਾਰ ਵਿਸ਼ਿਆਂ ਦੀ ਚੋਣ ਕਰਨ ਅਤੇ ਭਖਦੇ ਮੁੱਦਿਆਂ ਨੂੰ ਉਠਾਉਣ ਵਿਚ ਸਫਲ ਰਿਹਾ ਹੈ। ਸ਼ਬਦ, ਵਾਕ ਬਣਤਰ, ਪਾਤਰਾਂ ਦੇ ਸੰਵਾਦ ਅਤੇ ਉਨ੍ਹਾਂ ਦੀ ਮਾਨਸਿਕਤਾ ਕਹਾਣੀਆਂ ਦੇ ਅਨੁਸਾਰ ਢੁਕਵੇਂ ਹਨ। ਪੁਸਤਕ ਦੀ ਛਪਾਈ ਅਤੇ ਮੁੱਖ ਪੰਨਾ ਮਨ ਨੂੰ ਟੁੰਬਦੇ ਹਨ ।
- ਪਿ੍ਰੰ. ਵਿਜੈ ਕੁਮਾਰ