- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਡੀਓ ਨੇ ਹਮੇਸ਼ਾ ਲੋਕਾਂ ਵਿਚ ਹਿੰਮਤ, ਹੌਸਲਾ ਅਤੇ ਜਜ਼ਬਾ ਭਰਿਆ ਹੈ। ਇਸ ਨੇ ਕਈ ਨਵੇਂ ਕਲਾਕਾਰਾਂ ਨੂੰ ਅਜਿਹਾ ਮੰਚ ਪ੍ਰਦਾਨ ਕੀਤਾ, ਜਿਸ ਨਾਲ ਉਹਨਾਂ ਦੀਆਂ ਜ਼ਿੰਦਗੀਆਂ ਹੀ ਬਦਲ ਗਈਆਂ।

ਗੱਲ ਜਦੋਂ ਆਕਾਸ਼ਵਾਣੀ ਦੀ ਆਉਂਦੀ ਹੈ ਤਾਂ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਚੱਲ ਰਹੀ ਗੁਰਬਾਣੀ ਦੀ ਇਲਾਹੀ ਤੇ ਦਰਗਾਹੀ ਖਿੱਚ ਹਰ ਕਿਸੇ ਦੇ ਮਨ ਨੂੰ ਭਾਉਂਦੀ ਹੈ। ਅੱਜ ਅਸੀਂ ਬੜ੍ਹੇ ਹੀ ਮਾਣ, ਚਾਅ ਅਤੇ ਉਤਸ਼ਾਹ ਨਾਲ ‘90 ਸਾਲ ਆਕਾਸ਼ਵਾਣੀ ਦੇ ਨਾਲ’ ਮਨਾ ਰਹੇ ਹਾਂ। ਬਹੁਤ ਸਾਰੇ ਦਿਲਾਂ ਦੀ ਧੜਕਣ, ਕਈਆਂ ਦਾ ਸੱਚਾ ਸਾਥੀ, ਰੂਹ ਦਾ ਹਾਣੀ ਅਤੇ ਜਿੰਦ-ਜਾਨ ਬਣਿਆ ਉਹ ਪਿਆਰਾ ਜਿਹਾ ਰੇਡੀਓ ਸੈੱਟ ਹੈ, ਜਿਸ ਉੱਪਰ ਆਵਾਜ਼ਾਂ ਦੇ ਜਾਦੂ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਹੈ। ਜੇਕਰ ਗੱਲ ਇਸ ਸਿਲਸਿਲੇ ਦੀ ਸ਼ੁਰੂਆਤ ਦੀ ਕਰੀਏ ਤਾਂ ਇਸ ਨੇ 1936 ਵਿਚ ਘਰ-ਘਰ ਖ਼ਬਰਾਂ, ਸੁੱਖ-ਸੁਨੇਹੇ ਅਤੇ ਜ਼ਰੂਰੀ ਜਾਣਕਾਰੀ ਪਹੁੰਚਾਉਣ ਦਾ ਕਾਰਜ ਸ਼ੁਰੂ ਕੀਤਾ ਸੀ। 08 ਜੂਨ 1936 ਨੂੰ ਸਾਡੇ ਦੇਸ਼ ਭਾਰਤ ਵਿਚ ਰੇਡੀਓ ਦਾ ਅਧਿਕਾਰਤ ਪ੍ਰਸਾਰਣ ਸ਼ੂਰੂ ਹੋਇਆ। ਇਸ ਸਾਲ (2026 ਵਿਚ) ਆਕਾਸ਼ਵਾਣੀ ਦੇ 90 ਸਾਲ ਦਾ ਸਫ਼ਰ ਪੂਰਾ ਹੋਣ ’ਤੇ, ਇਸੇ ਇਤਿਹਾਸਕ ਪਲ ਨੂੰ ਮੁੱਖ ਰੱਖਦੇ ਹੋਏ ਮਈ ਮਹੀਨੇ ਤੋਂ ਲੈ ਕੇ 8 ਜੂਨ ਤੱਕ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ।
ਇਹ 90 ਸਾਲਾਂ ਦਾ ਸਫ਼ਰ ਅਜਿਹਾ ਬੇਮਿਸਾਲ ਸਫ਼ਰ ਹੈ, ਜਿਸ ਵਿਚ ਰੇਡੀਓ ਨੇ ਮਨੋਰੰਜਨ, ਜਾਣਕਾਰੀ, ਸਿੱਖਿਆ ਅਤੇ ਇਸ ਦੇ ਨਾਲ-ਨਾਲ ਜ਼ਿੰਦਗੀ ਦੇ ਕਈ ਅਹਿਮ ਪਹਿਲੂਆਂ ਨੂੰ ਛੂਹ ਕੇ ਵੱਖ-ਵੱਖ ਪ੍ਰੋਗਰਾਮਾਂ ਦੇ ਜ਼ਰੀਏ ਸਰੋਤਿਆਂ ਦੇ ਵਿਹੜੇ ਵਿਚ ਆਪਣੀ ਨਿਰੰਤਰ ਹਾਜ਼ਰੀ ਲਗਵਾਈ ਹੈ।
ਪ੍ਰਸਾਰਣ ਦਾ ਦਾਇਰਾ ਤੇ ਭਾਸ਼ਾਵਾਂ
ਆਲ ਇੰਡੀਆ ਰੇਡੀਓ ਦੀ ਪਹੁੰਚ ਭਾਰਤ ਦੇ ਕੋਨੇ-ਕੋਨੇ ਤੱਕ ਹੈ। ਇਹ ਦੇਸ਼ ਦੀ ਲਗਪਗ 99% ਆਬਾਦੀ ਅਤੇ 92% ਭੂਗੋਲਿਕ ਖੇਤਰ ਨੂੰ ਕਵਰ ਕਰਦਾ ਹੈ। ਏਆਈਆਰ ਵੱਲੋਂ 23 ਪ੍ਰਮੁੱਖ ਭਾਸ਼ਾਵਾਂ ਅਤੇ 179 ਬੋਲੀਆਂ ਵਿਚ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, ਇਸ ਦੀ ‘ਬਾਹਰੀ ਸੇਵਾ’ ਦੁਆਰਾ ਦੁਨੀਆ ਭਰ ਦੇ ਕਈ ਦੇਸ਼ਾਂ ਲਈ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਪ੍ਰਸਾਰਣ ਕੀਤਾ ਜਾਂਦਾ ਹੈ, ਜੋ ਭਾਰਤ ਦੇ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਂਦਾ ਹੈ।
ਪੰਜਾਬੀ ਭਾਸ਼ਾ ਤੇ ਰੇਡੀਓ ਜਲੰਧਰ
ਪੰਜਾਬ ਦੇ ਸੰਦਰਭ ਵਿਚ, ਆਕਾਸ਼ਵਾਣੀ ਜਲੰਧਰ ਦਾ ਬਹੁਤ ਵੱਡਾ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਹੈ। ਇਸ ਕੇਂਦਰ ਨੇ ਪੰਜਾਬੀ ਲੋਕ ਗਾਇਕੀ, ਨਾਟਕਾਂ, ਅਤੇ ਸਾਹਿਤ ਨੂੰ ਘਰ-ਘਰ ਪਹੁੰਚਾਇਆ ਹੈ। ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਅਤੇ ਨਵੇਂ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨ ਵਿਚ ਇਸ ਸਟੇਸ਼ਨ ਨੇ ਮੋਹਰੀ ਭੂਮਿਕਾ ਨਿਭਾਈ ਹੈ। ਪੇਂਡੂ ਭਰਾਵਾਂ ਲਈ ਪ੍ਰੋਗਰਾਮ ਅਤੇ ਸਾਹਿਤਕ ਮਹਿਫ਼ਲਾਂ ਅੱਜ ਵੀ ਪੰਜਾਬੀ ਸਰੋਤਿਆਂ ਦੇ ਦਿਲਾਂ ਦੇ ਬਹੁਤ ਨੇੜੇ ਹਨ.
ਪ੍ਰਤਿਭਾ ਤੇ ਹੁਨਰ ਦਾ ਮਾਰਗਦਰਸ਼ਕ
ਰੇਡੀਓ ਨੇ ਹਮੇਸ਼ਾ ਲੋਕਾਂ ਵਿਚ ਹਿੰਮਤ, ਹੌਸਲਾ ਅਤੇ ਜਜ਼ਬਾ ਭਰਿਆ ਹੈ। ਇਸ ਨੇ ਕਈ ਨਵੇਂ ਕਲਾਕਾਰਾਂ ਨੂੰ ਅਜਿਹਾ ਮੰਚ ਪ੍ਰਦਾਨ ਕੀਤਾ, ਜਿਸ ਨਾਲ ਉਹਨਾਂ ਦੀਆਂ ਜ਼ਿੰਦਗੀਆਂ ਹੀ ਬਦਲ ਗਈਆਂ। ਜਿੱਥੇ ਇਹ ਆਪਣੇ ਬਿਹਤਰੀਨ ਪ੍ਰੋਗਰਾਮਾਂ ਦੇ ਜ਼ਰੀਏ ਸਰੋਤਿਆਂ ਲਈ ਜਾਦੂ ਦਾ ਪਿਟਾਰਾ ਬਣ ਕੇ ਸਾਹਮਣੇ ਆਇਆ, ਉੱਥੇ ਹੀ ਕਈ ਕਲਾਕਾਰਾਂ ਲਈ ਅਜਿਹਾ ਰਹਿਬਰ ਬਣਿਆ ਜੋ ਉਹਨਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ ਦੇ ਕੇ ਤਰੱਕੀ ਦੇ ਰਾਹਾਂ ’ਤੇ ਪਾ ਗਿਆ; ਫਿਰ ਚਾਹੇ ਉਹ ਸੰਗੀਤਕ ਖੇਤਰ ਹੋਵੇ, ਨਾਟਕ, ਕਹਾਣੀ, ਕਵਿਤਾ ਜਾਂ ਫਿਰ ਕੁਝ ਵੀ ਅਜਿਹਾ ਜਿਸ ਵਿਚ ਆਵਾਜ਼ ਦਾ ਜਾਦੂ ਬਿਖੇਰਿਆ ਜਾ ਸਕਦਾ ਹੋਵੇ।
ਵਿਭਿੰਨਤਾ ਤੇ ਸਰਵਵਿਆਪਕਤਾ
ਆਕਾਸ਼ਵਾਣੀ ਦੇ ਵੱਖ-ਵੱਖ ਪ੍ਰੋਗਰਾਮਾਂ ਨੇ ਇਸ ਦੀ ਇਕ ਵਿਲੱਖਣ ਪਛਾਣ ਬਣਾਈ ਹੈ। ਇਸ ਦੁਆਰਾ ਹਰ ਵਰਗ ਦੇ ਸੁਆਦ ਅਤੇ ਲੋੜ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਉਲੀਕੇ ਗਏ :
*ਪਰਿਵਾਰਿਕ ਅਤੇ ਸੱਭਿਆਚਾਰਕ ਪ੍ਰੋਗਰਾਮ
*ਖੇਤੀਬਾੜੀ ਅਤੇ ਪਸ਼ੂਪਾਲਣ ਨਾਲ ਸਬੰਧਿਤ ਵਿਸ਼ੇਸ਼ ਜਾਣਕਾਰੀਆਂ
*ਬੱਚਿਆਂ ਦੇ ਪ੍ਰੋਗਰਾਮ ਅਤੇ ਸਿੱਖਿਆ
*ਸਵੈ-ਨਿਰਭਰਤਾ, ਘਰੇਲੂ ਪ੍ਰਬੰਧਨ ਅਤੇ ਹੁਨਰ ਵਿਕਾਸ
*ਖੇਡਾਂ ਅਤੇ ਵਿਗਿਆਨ ਜਗਤ ਦੀਆਂ ਗਤੀਵਿਧੀਆਂ
ਰੇਡੀਓ ਨੇ ਇਹਨਾਂ ਤਮਾਮ ਪ੍ਰੋਗਰਾਮਾਂ ਰਾਹੀਂ ਜਿੱਥੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ, ਉੱਥੇ ਹੀ ਉਹਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਅਤੇ ਕਈ ਗੰਭੀਰ ਸਮਾਜਿਕ ਮੁੱਦਿਆ ਨੂੰ ਵੀ ਬੜੀ ਬਾਰੀਕੀ ਨਾਲ ਛੂਹਿਆ ਗਿਆ। ਹਰ ਉਮਰ, ਵਰਗ ਅਤੇ ਖੇਤਰ ਦੇ ਲੋਕਾਂ ਲਈ ਇਹ ਵੱਡੀ ਤਾਕਤ ਬਣ ਕੇ ਸਾਹਮਣੇ ਆਇਆ ਅਤੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਪ੍ਰੇਰਣਾ ਦਾ ਮੁੱਖ ਸ੍ਰੋਤ ਬਣਿਆ। ਅੱਜ ਦੇ ਇਸ ਡਿਜ਼ੀਟਲ ਯੁੱਗ ਵਿਚ ਵੀ ਆਕਾਸ਼ਵਾਣੀ ਨੂੰ ਢੇਰ ਸਾਰਾ ਪਿਆਰ ਮਿਲ ਰਿਹਾ ਹੈ, ਜਿਸ ਦਾ ਸਬੂਤ ਇਸ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਆਉਂਦੀਆਂ ਹਜ਼ਾਰਾਂ ਚਿੱਠੀਆਂ ਅਤੇ ਫੋਨ ਕਾਲਾਂ ਹਨ। ਇਹ ਸੰਸਥਾ ਸਮੇਂ ਦੇ ਕਈ ਬਦਲਦੇ ਰੰਗ ਅਤੇ ਰੁੱਤਾਂ ਹੰਢਾ ਚੁੱਕੀ ਹੈ।
ਬਦਲਦੇ ਦੌਰ ’ਚ ਆਕਾਸ਼ਵਾਣੀ ਦੀ ਪ੍ਰਸੰਗਿਕਤਾ
ਸਮਾਂ ਬਦਲਿਆ, ਤਕਨੀਕ ਬਦਲੀ ਪਰ ਆਕਾਸ਼ਵਾਣੀ ਦਾ ਮੋਹ ਅੱਜ ਵੀ ਓਵੇਂ ਹੀ ਬਰਕਰਾਰ ਹੈ। ਇਕ ਦੌਰ ਸੀ ਜਦੋਂ ਰੇਡੀਓ ਘਰ ਦੇ ਵਿਹੜੇ ਵਿਚ ਇਕ ਸਤਿਕਾਰਯੋਗ ਬਜ਼ੁਰਗ ਵਾਂਗ ਸੁਸ਼ੋਭਿਤ ਹੁੰਦਾ ਸੀ, ਜਿਸ ਦੇ ਆਲੇ-ਦੁਆਲੇ ਪੂਰਾ ਪਰਿਵਾਰ ਇਕੱਠਾ ਬੈਠ ਕੇ ਖ਼ਬਰਾਂ ਜਾਂ ਫ਼ਿਲਮੀ ਗੀਤ ਸੁਣਦਾ ਸੀ। ਅੱਜ ਭਾਵੇਂ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਦਾ ਹੜ੍ਹ ਆਇਆ ਹੋਇਆ ਹੈ ਪਰ ਆਕਾਸ਼ਵਾਣੀ ਨੇ ਆਪਣੀ ਨਿਰਪੱਖਤਾ ਅਤੇ ਭਰੋਸੇਯੋਗਤਾ ਨੂੰ ਕਦੇ ਆਂਚ ਨਹੀਂ ਆਉਣ ਦਿੱਤੀ।
ਆਫ਼ਤਾਂ ਵੇਲੇ ਸੱਚਾ ਸਾਰਥੀ
ਆਕਾਸ਼ਵਾਣੀ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਰਿਹਾ, ਸਗੋਂ ਔਖੇ ਸਮਿਆਂ ਵਿਚ ਇਹ ਦੇਸ਼ ਦਾ ਸਭ ਤੋਂ ਮਜ਼ਬੂਤ ਅਤੇ ਭਰੋਸੇਮੰਦ ਸੂਚਨਾ ਤੰਤਰ ਸਾਬਤ ਹੋਇਆ ਹੈ। ਚਾਹੇ ਉਹ ਕੁਦਰਤੀ ਆਫ਼ਤਾਂ ਹੋਣ ਜਾਂ ਦੇਸ਼ ਦੀ ਸੁਰੱਖਿਆ ਨਾਲ ਜੁੜੇ ਨਾਜ਼ੁਕ ਪਲ, ਆਕਾਸ਼ਵਾਣੀ ਦੀ ਆਵਾਜ਼ ਨੇ ਹਮੇਸ਼ਾ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਅਫ਼ਵਾਹਾਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਵਰਗੇ ਪ੍ਰੋਗਰਾਮਾਂ ਨੇ ਇਸ ਨੂੰ ਮੁੜ ਜਨ-ਸੰਵਾਦ ਦਾ ਇਕ ਬਹੁਤ ਵੱਡਾ ਅਤੇ ਪ੍ਰਭਾਵਸ਼ਾਲੀ ਕੇਂਦਰ ਬਣਾ ਦਿੱਤਾ ਹੈ।
ਪੰਜਾਬੀ ਸੱਭਿਆਚਾਰ ਦਾ ਰਾਖਾ
ਖੇਤਰੀ ਭਾਸ਼ਾਵਾਂ, ਖ਼ਾਸ ਕਰਕੇ ਸਾਡੀ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿੱਚ ਆਕਾਸ਼ਵਾਣੀ ਦਾ ਯੋਗਦਾਨ ਅਭੁੱਲ ਹੈ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਵਰਗੇ ਸਟੇਸ਼ਨਾਂ ਨੇ ਪੰਜਾਬੀ ਲੋਕ-ਸੰਗੀਤ, ਸਾਹਿਤ ਅਤੇ ਪੇਂਡੂ ਜੀਵਨ ਦੀ ਅਮੀਰੀ ਨੂੰ ਜਿਉਂਦਾ ਰੱਖਣ ਵਿਚ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ। ਪੁਰਾਣੇ ਕਿੱਸੇ, ਲੋਕ-ਗਾਥਾਵਾਂ ਅਤੇ ਪ੍ਰਸਿੱਧ ‘ਦੇਹਾਤੀ ਪ੍ਰੋਗਰਾਮ’ ਰਾਹੀਂ ਖੇਤੀਬਾੜੀ ਦੀਆਂ ਨਵੀਆਂ ਅਤੇ ਆਧੁਨਿਕ ਤਕਨੀਕਾਂ ਨੂੰ ਸਿੱਧਾ ਕਿਸਾਨਾਂ ਤੱਕ ਪਹੁੰਚਾਉਣਾ ਇਸ ਦੀ ਸਭ ਤੋਂ ਵੱਡੀ ਪ੍ਰਾਪਤੀ ਰਹੀ ਹੈ।
ਇਸ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਅਟੱਲ ਸੱਚਾਈ ਅਤੇ ਉੱਚੀ ਭਰੋਸੇਯੋਗਤਾ ਹੈ। 90 ਸਾਲ ਆਕਾਸ਼ਵਾਣੀ ਦੇ ਨਾਲ ਮਨਾਉਂਦਿਆਂ ਅੱਜ ਇਹ ਮਹਿਸੂਸ ਹੁੰਦਾ ਹੈ ਕਿ ਇਹ ਕੇਵਲ ਇਕ ਆਵਾਜ਼ ਹੀ ਨਹੀਂ, ਬਲਕਿ ਸਾਡੇ ਸਮਾਜ ਦੀ ਅਸਲ ਧੜਕਣ ਹੈ, ਜਿਸ ਨੇ ਕਰੋੜਾਂ ਦਿਲਾਂ ਨਾਲ ਇਕ ਗਹਿਰਾ ਰਿਸ਼ਤਾ ਬਣਾਇਆ ਹੈ। ਇਹ ਕੱਲ੍ਹ ਵੀ ਸਦੀਵੀ ਸੀ, ਅੱਜ ਵੀ ਪ੍ਰਸੰਗਿਕ ਹੈ ਅਤੇ ਯੁਗਾਂ ਤੱਕ ਇਸ ਨੂੰ ਇਸੇ ਤਰ੍ਹਾਂ ਸੁਣਿਆ ਅਤੇ ਮਾਣਿਆ ਜਾਂਦਾ ਰਹੇਗਾ।
ਖ਼ਬਰਾਂ ਅਤੇ ਭਰੋਸੇਯੋਗਤਾ
ਸੂਚਨਾ ਦੇ ਖੇਤਰ ਵਿੱਚ ਆਲ ਇੰਡੀਆ ਰੇਡੀਓ ਨੂੰ ਸਭ ਤੋਂ ਭਰੋਸੇਮੰਦ ਸਰੋਤ ਮੰਨਿਆ ਜਾਂਦਾ ਹੈ। ਏਆਈਆਰ ਦਾ ਨਿਊਜ਼ ਸਰਵਿਸਿਜ਼ ਡਿਵੀਜ਼ਨ ਹਰ ਰੋਜ਼ ਸੈਂਕੜੇ ਨਿਊਜ਼ ਬੁਲੇਟਿਨ ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਸਾਰਿਤ ਕਰਦਾ ਹੈ। ਚਾਹੇ ਕੋਈ ਕੁਦਰਤੀ ਆਫ਼ਤ ਹੋਵੇ, ਚੋਣਾਂ ਦੇ ਨਤੀਜੇ ਹੋਣ ਜਾਂ ਕੋਈ ਰਾਸ਼ਟਰੀ ਸੰਕਟ, ਲੋਕ ਅੱਜ ਵੀ ਸਹੀ ਅਤੇ ਸੱਚੀ ਖ਼ਬਰ ਜਾਣਨ ਲਈ ਆਕਾਸ਼ਵਾਣੀ ‘ਤੇ ਭਰੋਸਾ ਕਰਦੇ ਹਨ।
ਆਕਾਸ਼ਵਾਣੀ ਦੀ ਨਵੀਂ ਪਛਾਣ
ਆਕਾਸ਼ਵਾਣੀ ਨੇ ਆਪਣੇ 90 ਸਾਲਾਂ ਦੇ ਇਸ ਲੰਬੇ ਸਫ਼ਰ ਵਿਚ ਨਾ ਕੇਵਲ ਪੁਰਾਣੀਆਂ ਪਰੰਪਰਾਵਾਂ ਨੂੰ ਸਾਂਭਿਆ ਹੈ, ਸਗੋਂ ਆਧੁਨਿਕਤਾ ਦੇ ਹਾਣੀ ਬਣ ਕੇ ਨੌਜਵਾਨ ਪੀੜ੍ਹੀ ਨਾਲ ਵੀ ਇਕ ਨਵਾਂ ਅਤੇ ਮਜ਼ਬੂਤ ਰਿਸ਼ਤਾ ਗੰਢਿਆ ਹੈ। ਅੱਜ ਦੇ ਇਸ ਤਕਨਾਲੋਜੀ ਦੇ ਯੁੱਗ ਵਿਚ ਜਿੱਥੇ ਮੋਬਾਈਲ ਅਤੇ ਟੀਵੀ ਦੀਆਂ ਸਕ੍ਰੀਨਾਂ ਦਾ ਪ੍ਰਭਾਵ ਹੱਦੋਂ ਵੱਧ ਵਧ ਰਿਹਾ ਹੈ, ਉੱਥੇ ਰੇਡੀਓ ਇਕ ‘ਸਕ੍ਰੀਨ-ਲੈੱਸ’ ਮਨੋਰੰਜਨ ਦੇ ਰੂਪ ਵਿਚ ਸਾਡੀ ਮਾਨਸਿਕ ਸਿਹਤ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਹ ਸਾਡੀਆਂ ਅੱਖਾਂ ’ਤੇ ਬਿਨਾਂ ਕੋਈ ਬੋਝ ਪਾਏ ਸਾਨੂੰ ਦੁਨੀਆ ਭਰ ਦੀਆਂ ਖ਼ਬਰਾਂ, ਜਾਣਕਾਰੀ ਅਤੇ ਸੁਖਦ ਸੰਗੀਤ ਨਾਲ ਜੋੜਦਾ ਹੈ।
ਡਿਜੀਟਲ ਕ੍ਰਾਂਤੀ ਅਤੇ ਵਿਸ਼ਵਵਿਆਪੀ ਪਹੁੰਚ
ਵਿਸ਼ੇਸ਼ ਤੌਰ ’ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਨੇ ਡਿਜੀਟਲ ਪਲੇਟਫਾਰਮਾਂ ਜਿਵੇਂ ਕਿ ‘ਨਿਊਜ਼ ਆਨ ਏਅਰ’ ਐਪ ਅਤੇ ਵੱਖ-ਵੱਖ ਸੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਵਿਸ਼ਵ ਭਰ ਵਿਚ ਬੈਠੇ ਪੰਜਾਬੀ ਪ੍ਰਵਾਸੀਆਂ ਨੂੰ ਉਹਨਾਂ ਦੀਆਂ ਜੜ੍ਹਾਂ ਅਤੇ ਪਿੰਡ-ਗਰਾਂ ਨਾਲ ਜੋੜ ਕੇ ਰੱਖਿਆ ਹੈ।
ਇਹ ਕੇਵਲ ਸੂਚਨਾ ਕੇਂਦਰ ਨਹੀਂ, ਸਗੋਂ ਸਾਡੀ ਭਾਸ਼ਾਈ ਸ਼ੁੱਧਤਾ ਦਾ ਅਲੰਬਰਦਾਰ (ਰਾਖਾ) ਵੀ ਹੈ, ਜੋ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਦੇ ਸਹੀ ਉਚਾਰਨ ਅਤੇ ਅਮੀਰ ਸ਼ਬਦਾਵਲੀ ਨਾਲ ਨਿਰੰਤਰ ਜਾਣੂ ਕਰਵਾ ਰਿਹਾ ਹੈ। ਮਹਿਲਾਵਾਂ ਦੀ ਸਵੈ-ਨਿਰਭਰਤਾ ਅਤੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਚਲਾਏ ਜਾਂਦੇ ਵਿਸ਼ੇਸ਼ ਪ੍ਰੋਗਰਾਮਾਂ ਨੇ ਇਸ ਨੂੰ ਹਰ ਘਰ ਦੀ ਮੁੱਖ ਲੋੜ ਬਣਾ ਦਿੱਤਾ ਹੈ।
ਆਕਾਸ਼ਵਾਣੀ ਦੀ ਇਹ 90 ਸਾਲਾਂ ਦੀ ਗੌਰਵਮਈ ਯਾਤਰਾ ਇਸ ਗੱਲ ਦਾ ਪੁਖ਼ਤਾ ਪ੍ਰਤੀਕ ਹੈ ਕਿ ਇਹ ਸੰਸਥਾ ਸਮੇਂ ਦੀ ਹਰ ਲਹਿਰ ਅਤੇ ਬਦਲਾਅ ਦੇ ਨਾਲ ਹੋਰ ਨਿਖ਼ਰ ਕੇ ਸਾਹਮਣੇ ਆਈ ਹੈ। ਭਵਿੱਖ ਵਿਚ ਵੀ ਇਹ ‘ਬਹੁਜਨ ਹਿਤਾਏ, ਬਹੁਜਨ ਸੁਖਾਏ’ (ਸਾਰਿਆਂ ਦੇ ਭਲੇ ਅਤੇ ਸਾਰਿਆਂ ਦੇ ਸੁੱਖ) ਦੇ ਮਾਰਗ ’ਤੇ ਚੱਲਦਿਆਂ ਸਾਡੇ ਜੀਵਨ ਦਾ ਅਟੁੱਟ ਹਿੱਸਾ ਬਣੀ ਰਹੇਗੀ।
-ਪ੍ਰਭਜੋਤ ਕੌਰ
62807-54924
ਸਹਾਇਕ ਲਾਇਬ੍ਰੇਰੀ ਤੇ ਜਾਣਕਾਰੀ ਅਧਿਕਾਰੀ
ਆਕਾਸ਼ਵਾਣੀ, ਜਲੰਧਰ।