- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਅਤੇ ਫਾਊਂਡੇਸ਼ਨ ਦੇ ਮੈਂਬਰਾਂ ਨੇ ਨਾ ਸਿਰਫ਼ ਪੌਦੇ ਲਗਾਏ ਸਗੋਂ ਭਵਿੱਖ ਵਿੱਚ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਅਤੇ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਵਾਰੀ ਵੀ ਲਈ।
ਦਰਸ਼ਨ ਸਿੰਘ ਸੋਢੀ, ਮੁਹਾਲੀ: ਵਿਸ਼ਵ ਵਾਤਾਵਰਣ ਦਿਵਸ 'ਤੇ ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 'ਨੀਲ ਵਰਸ ਫਾਊਂਡੇਸ਼ਨ' ਵੱਲੋਂ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਫੇਜ਼-6, ਮੁਹਾਲੀ ਵਿਖੇ 'ਪਲਾਂਟੇਸ਼ਨ ਡਰਾਈਵ 2.0' ਦੇ ਬੈਨਰ ਹੇਠ ਵਾਤਾਵਰਨ ਦਿਵਸ ਮਨਾਇਆ ਗਿਆ। ਇਹ ਮੁਹਿੰਮ ਕਾਲਜ ਦੀ ਐਨ.ਐਸ.ਐਸ. ਯੂਨਿਟ ਅਤੇ ਹਾਸਪਿਟੈਲਿਟੀ ਐਂਡ ਟੂਰਿਜ਼ਮ ਸੁਸਾਇਟੀ ਦੇ ਸਾਂਝੇ ਸਹਿਯੋਗ ਨਾਲ ਉਲੀਕੀ ਗਈ।
ਇਸ ਦੌਰਾਨ ਕਾਲਜ ਦੀ ਪ੍ਰਿੰਸੀਪਲ ਡਾ. ਜਸਪ੍ਰੀਤ ਕੌਰ ਬੈਂਸ ਦੀ ਅਗਵਾਈ ਹੇਠ ਕਾਲਜ ਕੰਪਲੈਕਸ ਵਿਖੇ ਵੱਖ-ਵੱਖ ਕਿਸਮਾਂ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ।
ਵਿਦਿਆਰਥੀਆਂ ਅਤੇ ਫਾਊਂਡੇਸ਼ਨ ਦੇ ਮੈਂਬਰਾਂ ਨੇ ਨਾ ਸਿਰਫ਼ ਪੌਦੇ ਲਗਾਏ ਸਗੋਂ ਭਵਿੱਖ ਵਿੱਚ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਅਤੇ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਵਾਰੀ ਵੀ ਲਈ।
ਇਸ ਮੌਕੇ ਨੀਲ ਵਰਸ ਫਾਊਂਡੇਸ਼ਨ ਦੀ ਪ੍ਰਧਾਨ ਐਡਵੋਕੇਟ ਚਾਂਦਨੀ ਸੂਰੀ ਨੇ ਵਲੰਟੀਅਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਨ ਸੰਭਾਲ ਦੇ ਮਹੱਤਵ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ "ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਪੌਦੇ ਲਗਾਉਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਕ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਦੇਣਾ ਚਾਹੁੰਦੇ ਹਾਂ ਤਾਂ ਹਰ ਨਾਗਰਿਕ ਨੂੰ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਪਵੇਗਾ।"
ਸੰਸਥਾ ਦੀ ਡਾਇਰੈਕਟਰ
ਸ੍ਰੀਮਤੀ ਗੀਤਾ ਸੂਰੀ ਨੇ ਕਾਲਜ ਪ੍ਰਸ਼ਾਸਨ, ਅਧਿਆਪਕਾਂ ਅਤੇ ਵਿਦਿਆਰਥੀ ਵਲੰਟੀਅਰਾਂ ਦੇ ਉਤਸ਼ਾਹ ਦੀ ਦਿਲੋਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਦੇ ਸਹਿਯੋਗ ਸਦਕਾ ਹੀ ਇਹ 'ਪਲਾਂਟੇਸ਼ਨ ਡਰਾਈਵ 2.0' ਸਫ਼ਲ ਹੋ ਸਕੀ ਹੈ। ਉਨ੍ਹਾਂ ਦੁਹਰਾਇਆ ਕਿ ਨੀਲ ਵਰਸ ਫਾਊਂਡੇਸ਼ਨ ਭਵਿੱਖ ਵਿੱਚ ਵੀ ਸਮਾਜਿਕ ਅਤੇ ਵਾਤਾਵਰਨ ਜਾਗਰੂਕਤਾ ਨਾਲ ਜੁੜੇ ਅਜਿਹੇ ਉਪਰਾਲੇ ਨਿਰੰਤਰ ਜਾਰੀ ਰੱਖੇਗੀ।
ਪ੍ਰੋਗਰਾਮ ਦੇ ਅਖੀਰ ਵਿੱਚ ਸੰਸਥਾ ਦੇ ਮੈਂਬਰਾਂ ਸਮੇਤ ਕਾਲਜ ਦੇ ਸਟਾਫ਼, ਐਨ.ਐਸ.ਐਸ. ਵਲੰਟੀਅਰਾਂ ਨੇ ਵਾਤਾਵਰਨ ਦੀ ਰੱਖਿਆ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਪਾਣੀ ਦੀ ਬਚਤ ਕਰਨ ਦਾ ਸਾਂਝਾ ਸੰਕਲਪ ਲਿਆ। ਕਾਲਜ ਪ੍ਰਸ਼ਾਸਨ ਨੇ ਨੀਲ ਵਰਸ ਫਾਊਂਡੇਸ਼ਨ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।