ਪ੍ਰੀ-ਡਾਇਬਟੀਜ਼ ਵਾਲੀਆਂ ਔਰਤਾਂ ਵੀ ਚੁਣ ਸਕਦੀਆਂ ਹਨ IVF ਤੇ ਐਗ ਫ੍ਰੀਜ਼ਿੰਗ, ਟ੍ਰੀਟਮੈਂਟ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
30 ਸਾਲ ਦੀ ਉਮਰ 'ਚ ਐਗ ਦੀ ਗੁਣਵੱਤਾ ਅਤੇ ਓਵਰੀਅਨ ਰਿਜ਼ਰਵ ਬਿਹਤਰ ਹੁੰਦੇ ਹਨ, ਜੋ ਐਗ ਫ੍ਰੀਜ਼ਿੰਗ ਅਤੇ ਫਰਟੀਲਿਟੀ ਟ੍ਰੀਟਮੈਂਟ ਲਈ ਚੰਗਾ ਮੌਕਾ ਹੋ ਸਕਦਾ ਹੈ। ਦੱਸ ਦੇਈਏ ਕਿ ਐਗ ਫ੍ਰੀਜ਼ਿੰਗ ਇਕ ਅਜਿਹਾ ਤਰੀਕਾ ਹੈ, ਜਿਸ 'ਚ ਔਰਤ ਆਪਣੇ ਐਗਜ਼ ਨੂੰ ਫ੍ਰੀਜ਼ ਕਰਵਾ ਕੇ ਭਵਿੱਖ 'ਚ ਵਰਤੋਂ ਲਈ ਸੁਰੱਖਿਅਤ ਰੱਖ ਸਕਦੀ ਹੈ।
Publish Date: Sat, 24 Oct 2026 02:24 PM (IST)
Updated Date: Sat, 24 Oct 2026 02:26 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਲੋਕਾਂ 'ਚ ਆਮ ਧਾਰਨਾ ਹੈ ਕਿ ਪ੍ਰੀ-ਡਾਇਬਟੀਜ਼ ਵਰਗੀ ਸਥਿਤੀ 'ਚ ਐਗ ਫ੍ਰੀਜ਼ਿੰਗ ਜਾਂ ਆਈਵੀਐੱਫ (IVF) ਦਾ ਵਿਕਲਪ ਨਹੀਂ ਚੁਣਿਆ ਜਾ ਸਕਦਾ, ਜਦਕਿ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ। ਅਜਿਹਾ ਕੋਈ ਕਾਰਨ ਨਹੀਂ ਹੈ, ਜੋ ਇਹ ਸਾਬਤ ਕਰ ਸਕੇ ਕਿ 30 ਸਾਲ ਦੀ ਉਮਰ ਅਤੇ ਪ੍ਰੀ-ਡਾਇਬਟੀਜ਼ ਦੀ ਹਿਸਟਰੀ ਵਾਲੀ ਔਰਤ ਐਗ ਫ੍ਰੀਜ਼ਿੰਗ ਜਾਂ ਆਈਵੀਐੱਫ ਨਹੀਂ ਕਰਵਾ ਸਕਦੀ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਪ੍ਰੀ-ਡਾਇਬਟੀਜ਼ ਗਰਭਧਾਰਨ ਦੇ ਇਨ੍ਹਾਂ ਤਰੀਕਿਆਂ 'ਚ ਆਪਣੇ ਆਪ ਕੋਈ ਰੁਕਾਵਟ ਨਹੀਂ ਹੈ।
ਹਾਲਾਂਕਿ, ਜੇਕਰ ਕੋਈ ਔਰਤ ਅਜਿਹਾ ਕਰਵਾਉਣਾ ਚਾਹੁੰਦੀ ਹੈ, ਤਾਂ ਉਸ ਲਈ ਸਿਹਤ ਨਾਲ ਜੁੜੀਆਂ ਆਮ ਜਾਂਚਾਂ, ਬਲੱਡ ਗਲੂਕੋਜ਼, ਓਵਰੀਅਨ ਰਿਜ਼ਰਵ ਅਤੇ ਪ੍ਰਜਨਨ ਨਾਲ ਜੁੜੀਆਂ ਤਰਜੀਹਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ।
30 ਸਾਲ ਦੀ ਉਮਰ 'ਚ ਉੱਚ ਗੁਣਵੱਤਾ ਵਾਲੇ ਐਗ ਫ੍ਰੀਜ਼ ਕਰਵਾਉਣ ਦਾ ਚੰਗਾ ਮੌਕਾ
30 ਸਾਲ ਦੀ ਉਮਰ 'ਚ ਐਗ ਦੀ ਗੁਣਵੱਤਾ ਅਤੇ ਓਵਰੀਅਨ ਰਿਜ਼ਰਵ ਬਿਹਤਰ ਹੁੰਦੇ ਹਨ, ਜੋ ਐਗ ਫ੍ਰੀਜ਼ਿੰਗ ਅਤੇ ਫਰਟੀਲਿਟੀ ਟ੍ਰੀਟਮੈਂਟ ਲਈ ਚੰਗਾ ਮੌਕਾ ਹੋ ਸਕਦਾ ਹੈ। ਦੱਸ ਦੇਈਏ ਕਿ ਐਗ ਫ੍ਰੀਜ਼ਿੰਗ ਇਕ ਅਜਿਹਾ ਤਰੀਕਾ ਹੈ, ਜਿਸ 'ਚ ਔਰਤ ਆਪਣੇ ਐਗਜ਼ ਨੂੰ ਫ੍ਰੀਜ਼ ਕਰਵਾ ਕੇ ਭਵਿੱਖ 'ਚ ਵਰਤੋਂ ਲਈ ਸੁਰੱਖਿਅਤ ਰੱਖ ਸਕਦੀ ਹੈ। ਉੱਥੇ ਹੀ, ਆਈਵੀਐੱਫ 'ਚ ਇਨ੍ਹਾਂ ਐਗਜ਼ ਦੀ ਵਰਤੋਂ ਕਰਕੇ ਭਰੂਣ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਬਾਅਦ 'ਚ ਬੱਚੇਦਾਨੀ 'ਚ ਟਰਾਂਸਫਰ ਕੀਤਾ ਜਾਂਦਾ ਹੈ।
ਪ੍ਰੀ-ਡਾਇਬਟੀਜ਼ ਦਾ ਫਰਟੀਲਿਟੀ ਟ੍ਰੀਟਮੈਂਟ 'ਤੇ ਅਸਰ
ਕਿਸੇ ਮਾਮਲੇ 'ਚ ਜੇਕਰ ਮਰੀਜ਼ ਪ੍ਰੀ-ਡਾਇਬਟੀਜ਼ ਤੋਂ ਪੀੜਤ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਦੇ ਖ਼ੂਨ 'ਚ ਗਲੂਕੋਜ਼ ਦਾ ਪੱਧਰ ਆਮ ਨਾਲੋਂ ਵੱਧ ਹੈ, ਪਰ ਹਾਲੇ ਉਹ ਡਾਇਬਟੀਜ਼ ਦੇ ਪੱਧਰ ਤੱਕ ਨਹੀਂ ਪਹੁੰਚਿਆ ਹੈ। ਔਰਤਾਂ 'ਚ ਇਹ ਸਥਿਤੀ ਕਈ ਵਾਰ ਇਨਸੁਲਿਨ ਰੇਜ਼ਿਸਟੈਂਸ, ਹਾਰਮੋਨਲ ਅਸੰਤੁਲਨ ਅਤੇ ਇੱਥੋਂ ਤੱਕ ਕਿ ਪੀਸੀਓਐੱਸ (PCOS) ਨਾਲ ਵੀ ਜੁੜੀ ਹੋ ਸਕਦੀ ਹੈ।
ਅਜਿਹੇ 'ਚ ਡਾਕਟਰ ਫਰਟੀਲਿਟੀ ਟ੍ਰੀਟਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਕਈ ਤਰ੍ਹਾਂ ਦੇ ਟੈਸਟ ਕਰਵਾਉਣ ਦੀ ਸਲਾਹ ਦੇ ਸਕਦੇ ਹਨ। ਇਨ੍ਹਾਂ 'ਚ HbA1c, ਖਾਲੀ ਪੇਟ ਬਲੱਡ ਸ਼ੂਗਰ, ਥਾਇਰਾਇਡ ਹਾਰਮੋਨ, ਓਵਰੀਅਨ ਰਿਜ਼ਰਵ ਦੀ ਜਾਂਚ ਲਈ AMH ਅਤੇ ਅਲਟਰਾਸਾਊਂਡ ਵਰਗੇ ਟੈਸਟ ਸ਼ਾਮਲ ਹਨ।
ਐਗ ਫ੍ਰੀਜ਼ਿੰਗ ਜਾਂ IVF ਦੌਰਾਨ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ?
ਹਾਂ, ਸੰਤੁਲਿਤ ਖੁਰਾਕ, ਨਿਯਮਤ ਕਸਰਤ, ਲੋੜੀਂਦੀ ਨੀਂਦ ਅਤੇ ਡਾਕਟਰ ਦੀ ਸਲਾਹ ਦੀ ਪਾਲਣਾ ਕਰਕੇ ਬਲੱਡ ਗਲੂਕੋਜ਼ ਨੂੰ ਸਹੀ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਪ੍ਰਜਨਨ ਸਿਹਤ ਨੂੰ ਵੀ ਬਿਹਤਰ ਬਣਾਈ ਰੱਖਣ 'ਚ ਮਦਦ ਮਿਲ ਸਕਦੀ ਹੈ। ਇਸ ਲਈ ਫਰਟੀਲਿਟੀ ਟੀਮ ਬਲੱਡ ਗਲੂਕੋਜ਼ ਦੀ ਜਾਂਚ ਕਰਦੀ ਹੈ, ਖ਼ਾਸ ਤੌਰ 'ਤੇ ਜਦੋਂ ਹਾਰਮੋਨਲ ਸਟਿਮੂਲੇਸ਼ਨ ਜਾਂ ਮੈਟਾਬੋਲਿਕ ਡਿਸਆਰਡਰ ਵਰਗੀ ਸਥਿਤੀ ਮੌਜੂਦ ਹੋਵੇ।
ਟ੍ਰੀਟਮੈਂਟ ਕਦੋਂ ਸ਼ੁਰੂ ਕਰਵਾਉਣਾ ਚਾਹੀਦਾ ਹੈ?
ਪ੍ਰੀ-ਡਾਇਬਟੀਜ਼ ਦੀ ਸਥਿਤੀ 'ਚ ਔਰਤਾਂ ਨੂੰ ਫਰਟੀਲਿਟੀ ਟ੍ਰੀਟਮੈਂਟ ਕਰਵਾਉਣ ਤੋਂ ਝਿਜਕਣਾ ਨਹੀਂ ਚਾਹੀਦਾ। ਇਸ ਦੀ ਬਜਾਏ, ਸੰਭਾਵੀ ਖ਼ਤਰਿਆਂ ਤੋਂ ਬਚਣ ਲਈ ਰੀਪ੍ਰੋਡਕਟਿਵ ਐਂਡੋਕ੍ਰਾਈਨੋਲੋਜਿਸਟ ਅਤੇ ਲੋੜ ਪੈਣ 'ਤੇ ਐਂਡੋਕ੍ਰਾਈਨੋਲੋਜਿਸਟ ਵਰਗੇ ਮਾਹਿਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ।
(ਡਾ. ਪੁਨੀਤ ਰਾਣਾ ਅਰੋੜਾ, ਸੀਆਈਐੱਫਏਆਰ (CIFAR), ਗੁਰੂਗ੍ਰਾਮ 'ਚ ਫਰਟੀਲਿਟੀ ਐਕਸਪਰਟ ਡਾਇਰੈਕਟਰ ਹਨ।)