- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਆਫ ਲਿਮਰਿਕ ਦੀ ਮੈਰੀ ਐੱਮ. ਹਾਊਸਫੈਲਡ ਅਤੇ ਯੂਨੀਵਰਸਿਟੀ ਆਫ ਜ਼ਿਊਰਿਖ ਦੇ ਯੋਖੇਨ ਮੇਂਗੇਸ ਨੇ 1995 ਤੋਂ 2023 ਤੱਕ ਪ੍ਰਕਾਸ਼ਿਤ ਖੋਜਾਂ ਦੀ ਸਮੀਖਿਆ ਕੀਤੀ। ਇਸ ’ਚ 76 ਦੇਸ਼ਾਂ ਦੇ ਛੇ ਲੱਖ ਤੋਂ ਵੱਧ ਲੋਕ ਸ਼ਾਮਲ ਸਨ। ਅਧਿਐਨ ’ਚ ਔਸਤਨ ਔਰਤਾਂ ਦਾ ਭਾਵਨਾਤਮਕ ਬੁੱਧੀਮਤਾ ਦੇ ਮਾਮਲੇ ’ਚ ਪ੍ਰਦਰਸ਼ਨ ਮਰਦਾਂ ਨਾਲੋਂ ਬਿਹਤਰ ਪਾਇਆ ਗਿਆ।

ਜ਼ਿਊਰਿਖ (ਦਿ ਕਨਵਰਜ਼ੇਸ਼ਨ) : ਕਿਸੇ ਮੀਟਿੰਗ ’ਚ ਸਹਿ-ਕਰਮੀ ਦਾ ਅਚਾਨਕ ਚੁੱਪ ਹੋ ਜਾਣਾ, ਕਿਸੇ ਦੋਸਤ ਦੇ ਚਿਹਰੇ ਤੋਂ ਉਸ ਦੀ ਪਰੇਸ਼ਾਨੀ ਭਾਂਪ ਲੈਣਾ ਜਾਂ ਤਣਾਅ ਦਰਮਿਆਨ ਸਹੀ ਗੱਲ ਕਹਿ ਕੇ ਮਾਹੌਲ ਸੰਭਾਲ ਲੈਣਾ, ਇਹ ਅਜਿਹੇ ਹੁਨਰ ਹਨ ਜੋ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਕੰਮਕਾਜ ਨੂੰ ਵੀ ਸੁਖਾਲਾ ਬਣਾਉਂਦੇ ਹਨ। ਪਰ ਜਦੋਂ ਇਨ੍ਹਾਂ ਨੂੰ ਕਿਸੇ ਦਾ ਸੁਭਾਵਕ ਗੁਣ ਮੰਨ ਲਿਆ ਜਾਂਦਾ ਹੈ ਤਾਂ ਇਹੋ ਸਮਰੱਥਾ ਉਸ ਲਈ ਵਾਧੂ ਜ਼ਿੰਮੇਵਾਰੀ ਬਣ ਸਕਦੀ ਹੈ। ਔਰਤਾਂ ਨਾਲ ਅਕਸਰ ਅਜਿਹਾ ਹੀ ਹੁੰਦਾ ਹੈ।
ਯੂਨੀਵਰਸਿਟੀ ਆਫ ਲਿਮਰਿਕ ਦੀ ਮੈਰੀ ਐੱਮ. ਹਾਊਸਫੈਲਡ ਅਤੇ ਯੂਨੀਵਰਸਿਟੀ ਆਫ ਜ਼ਿਊਰਿਖ ਦੇ ਯੋਖੇਨ ਮੇਂਗੇਸ ਨੇ 1995 ਤੋਂ 2023 ਤੱਕ ਪ੍ਰਕਾਸ਼ਿਤ ਖੋਜਾਂ ਦੀ ਸਮੀਖਿਆ ਕੀਤੀ। ਇਸ ’ਚ 76 ਦੇਸ਼ਾਂ ਦੇ ਛੇ ਲੱਖ ਤੋਂ ਵੱਧ ਲੋਕ ਸ਼ਾਮਲ ਸਨ। ਅਧਿਐਨ ’ਚ ਔਸਤਨ ਔਰਤਾਂ ਦਾ ਭਾਵਨਾਤਮਕ ਬੁੱਧੀਮਤਾ ਦੇ ਮਾਮਲੇ ’ਚ ਪ੍ਰਦਰਸ਼ਨ ਮਰਦਾਂ ਨਾਲੋਂ ਬਿਹਤਰ ਪਾਇਆ ਗਿਆ। ਇਹ ਬੜ੍ਹਤ ਖ਼ਾਸ ਤੌਰ ’ਤੇ ਦੂਜਿਆਂ ਦੀਆਂ ਭਾਵਨਾਵਾਂ ਪਛਾਣਨ, ਉਨ੍ਹਾਂ ਦੇ ਕਾਰਨਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਨਜਿੱਠਣ ’ਚ ਮਦਦ ਕਰਨ ਦੇ ਮਾਮਲੇ ’ਚ ਦੇਖੀ ਗਈ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਕਿ ਹਰ ਔਰਤ ਇਸ ਮਾਮਲੇ ’ਚ ਹਰ ਮਰਦ ਨਾਲੋਂ ਬਿਹਤਰ ਹੁੰਦੀ ਹੈ।
ਬਚਪਨ ਤੋਂ ਮਿਲਦਾ ਹੈ ਵੱਧ ਅਭਿਆਸ
ਭਾਵਨਾਤਮਕ ਬੁੱਧੀਮਤਾ ਦਾ ਮਤਲਬ ਆਪਣੀਆਂ ਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਪਛਾਣਨ, ਸਮਝਣ ਤੇ ਸੰਭਾਲਣ ਦੀ ਸਮਰੱਥਾ ਹੈ। ਖੋਜੀਆਂ ਮੁਤਾਬਕ, ਇਸ ਦਾ ਇਕ ਕਾਰਨ ਬਚਪਨ ’ਚ ਮੁੰਡਿਆਂ ਤੇ ਕੁੜੀਆਂ ਦੇ ਪਾਲਣ-ਪੋਸ਼ਣ ’ਚ ਫ਼ਰਕ ਹੋ ਸਕਦਾ ਹੈ। ਮਾਪੇ ਅਕਸਰ ਧੀਆਂ ਨੂੰ ਭਾਵਨਾਵਾਂ ਬਾਰੇ ਗੱਲ ਕਰਨ ਤੇ ਉਨ੍ਹਾਂ ਨੂੰ ਸ਼ਬਦਾਂ ਰਾਹੀਂ ਪ੍ਰਗਟਾਉਣ ਲਈ ਵੱਧ ਉਤਸ਼ਾਹਤ ਕਰਦੇ ਹਨ ਜਦਕਿ ਪੁੱਤਰਾਂ ਨੂੰ ਕਈ ਵਾਰ ਭਾਵਨਾਵਾਂ ਦਬਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਇਸ ਤਰ੍ਹਾਂ ਕੁੜੀਆਂ ਨੂੰ ਦੂਜਿਆਂ ਦੀਆਂ ਭਾਵਨਾਵਾਂ ਸਮਝਣ ਅਤੇ ਉਨ੍ਹਾਂ ਮੁਤਾਬਕ ਪ੍ਰਤੀਕਿਰਿਆ ਦੇਣ ਦਾ ਵੱਧ ਅਭਿਆਸ ਮਿਲਦਾ ਹੈ। ਜਿਵੇਂ ਕੋਈ ਭਾਸ਼ਾ ਜਾਂ ਸਾਜ਼ ਸਿੱਖਣ ਨਾਲ ਉਸ ’ਚ ਮੁਹਾਰਤ ਵਧਦੀ ਹੈ, ਉਸੇ ਤਰ੍ਹਾਂ ਭਾਵਨਾਤਮਕ ਹੁਨਰ ਵੀ ਅਭਿਆਸ ਨਾਲ ਨਿਖਰਦੇ ਹਨ। ਸਾਲ 2019 ’ਚ 58 ਅਧਿਐਨਾਂ ਦੇ ਮੈਟਾ-ਵਿਸ਼ਲੇਸ਼ਣ ’ਚ ਵੀ ਪਤਾ ਲੱਗਾ ਕਿ ਸਿਖਲਾਈ ਰਾਹੀਂ ਭਾਵਨਾਤਮਕ ਬੁੱਧੀਮਤਾ ਵਿਕਸਤ ਕੀਤੀ ਜਾ ਸਕਦੀ ਹੈ।
ਖ਼ੂਬੀ ਨੂੰ ਜ਼ਿੰਮੇਵਾਰੀ ਨਾ ਬਣਾਇਆ ਜਾਵੇ
ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਔਰਤਾਂ ਦੀ ਇਸ ਸਮਰੱਥਾ ਨੂੰ ਹੁਨਰ ਮੰਨਣ ਦੀ ਬਜਾਏ ਉਨ੍ਹਾਂ ਦੀ ਸੁਭਾਵਕ ਜ਼ਿੰਮੇਵਾਰੀ ਸਮਝ ਲਿਆ ਜਾਂਦਾ ਹੈ। ਦਫ਼ਤਰ ’ਚ ਟੀਮ ਦਾ ਤਣਾਅ ਸੰਭਾਲਣਾ, ਪਰੇਸ਼ਾਨ ਸਹਿ-ਕਰਮੀ ਨੂੰ ਸਹਾਰਾ ਦੇਣਾ ਅਤੇ ਵਿਵਾਦ ਸ਼ਾਂਤ ਕਰਨਾ ਅਕਸਰ ਉਨ੍ਹਾਂ ਦੇ ਹਿੱਸੇ ਆਉਂਦਾ ਹੈ। ਇਸ ਨਾਲ ਕੰਮਕਾਜ ਸੁਚਾਰੂ ਰਹਿੰਦਾ ਹੈ, ਪਰ ਕਾਰਗੁਜ਼ਾਰੀ ਦੇ ਮੁਲਾਂਕਣ ਅਤੇ ਇਨਾਮਾਂ ’ਚ ਇਸ ਯੋਗਦਾਨ ਨੂੰ ਥਾਂ ਨਹੀਂ ਮਿਲਦੀ। ਪਰਿਵਾਰ ਤੇ ਦੋਸਤਾਂ ਦਰਮਿਆਨ ਵੀ ਕਿਸੇ ਦਾ ਹਾਲ-ਚਾਲ ਪੁੱਛਣਾ, ਉਸ ਦੀ ਪਰੇਸ਼ਾਨੀ ਨੂੰ ਯਾਦ ਰੱਖਣਾ ਅਤੇ ਰਿਸ਼ਤਿਆਂ ’ਚ ਵਧ ਰਹੀ ਦੂਰੀ ਨੂੰ ਭਾਂਪਣਾ ਭਾਵਨਾਤਮਕ ਕਿਰਤ ਹੈ। ਇਸ ਕੰਮ ਨੂੰ ਅਕਸਰ ਇਸ ਲਈ ਅਣਗੌਲਿਆ ਕਰ ਦਿੱਤਾ ਜਾਂਦਾ ਹੈ, ਕਿਉਂਕਿ ਇਸ ਨੂੰ ਸਹਿਜ ਅਤੇ ਸੁਭਾਵਕ ਮੰਨ ਲਿਆ ਜਾਂਦਾ ਹੈ।