ਰੈਬੀਜ਼ ਪੀੜਤ ਗਾਂ ਦਾ ਦੁੱਧ ਪੀ ਲਿਆ ਤਾਂ ਕੀ ਹੋਵੇਗਾ? ਜਾਨਲੇਵਾ ਵਾਇਰਸ ਨੂੰ ਲੈ ਕੇ ਦੂਰ ਕਰ ਲਓ ਆਪਣੀ ਉਲਝਣ
ਭਾਰਤ ਸਰਕਾਰ ਦੇ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦਾ ਕਹਿਣਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਗਾਂ ਦੇ ਦੁੱਧ ਰਾਹੀਂ ਵੀ ਰੇਬੀਜ਼ ਫੈਲ ਸਕਦਾ ਹੈ। ਇਸ ਤੋਂ ਇਲਾਵਾ ਕੋਈ ਵਿਗਿਆਨਕ ਸਬੂਤ ਵੀ ਇਹ ਨਹੀਂ ਦੱਸਦੇ ਕਿ ਦੁੱਧ ਜਾਂ ਇਸ ਤੋਂ ਬਣੀਆਂ ਚੀਜ਼ਾਂ ਦੇ ਸੇਵਨ ਨਾਲ ਰੇਬੀਜ਼ ਦਾ ਖ਼ਤਰਾ ਰਹਿੰਦਾ ਹੈ।
Publish Date: Mon, 02 Nov 2026 10:52 AM (IST)
Updated Date: Mon, 02 Nov 2026 10:54 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ 'ਤੇ ਇਕ ਖ਼ਬਰ ਕਾਫ਼ੀ ਵਾਇਰਲ ਹੋ ਰਹੀ ਹੈ ਕਿ ਇਕ ਬਿਮਾਰ ਗਾਂ ਦੇ ਦੁੱਧ ਤੋਂ ਬਣਿਆ ਚਰਨਾਮ੍ਰਿਤ ਪੀਣ ਤੋਂ ਬਾਅਦ ਡਰ ਦੇ ਮਾਰੇ ਕਰੀਬ 450 ਲੋਕ ਰੇਬੀਜ਼ ਦਾ ਟੀਕਾ ਲਗਵਾਉਣ ਪਹੁੰਚ ਗਏ। ਇਸ ਤੋਂ ਬਾਅਦ ਮਨ 'ਚ ਇਕ ਸਵਾਲ ਆਉਣਾ ਸੁਭਾਵਿਕ ਹੈ ਕਿ ਜੇਕਰ ਕਿਸੇ ਗਾਂ ਨੂੰ ਕੁੱਤਾ ਵੱਢ ਲਵੇ ਤਾਂ ਕੀ ਉਸ ਦਾ ਦੁੱਧ ਪੀਣ ਨਾਲ ਰੇਬੀਜ਼ ਫੈਲ ਸਕਦਾ ਹੈ? ਆਓ ਜਾਣਦੇ ਹਾਂ ਇਸ ਦਾ ਜਵਾਬ।
ਰੇਬੀਜ਼ ਕੀ ਹੈ ਅਤੇ ਇਹ ਕਿਵੇਂ ਫੈਲਦਾ ਹੈ?
ਰੇਬੀਜ਼ ਇਕ ਗੰਭੀਰ ਅਤੇ ਜਾਨਲੇਵਾ 'ਲਿਸਾਵਾਇਰਸ' (Lyssavirus) ਕਾਰਨ ਹੋਣ ਵਾਲੀ ਬਿਮਾਰੀ ਹੈ, ਜੋ ਜਾਨਵਰਾਂ ਤੋਂ ਮਨੁੱਖਾਂ 'ਚ ਫੈਲਦੀ ਹੈ। ਇਹ ਵਾਇਰਸ ਲਾਰ ਰਾਹੀਂ ਸਭ ਤੋਂ ਆਸਾਨੀ ਨਾਲ ਸਰੀਰ 'ਚ ਦਾਖ਼ਲ ਹੁੰਦਾ ਹੈ। ਦੱਸ ਦੇਈਏ ਕਿ ਭਾਰਤ 'ਚ ਆਵਾਰਾ ਕੁੱਤਿਆਂ ਦੇ ਵੱਢਣ ਕਾਰਨ ਰੇਬੀਜ਼ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ। ਇਸ ਤੋਂ ਇਲਾਵਾ ਬਾਂਦਰ, ਬਿੱਲੀ, ਨੇਵਲਾ ਅਤੇ ਲੂੰਬੜੀ ਵਰਗੇ ਜਾਨਵਰ ਵੀ ਰੇਬੀਜ਼ ਨਾਲ ਸੰਕਰਮਿਤ ਹੋ ਸਕਦੇ ਹਨ।
ਕੀ ਗਾਂ ਦੇ ਦੁੱਧ ਤੋਂ ਬਣੇ ਡੇਅਰੀ ਉਤਪਾਦਾਂ ਨਾਲ ਫੈਲ ਸਕਦਾ ਹੈ ਰੇਬੀਜ਼?
ਇਸ ਸਬੰਧੀ ਭਾਰਤ ਸਰਕਾਰ ਦੇ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦਾ ਕਹਿਣਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਗਾਂ ਦੇ ਦੁੱਧ ਰਾਹੀਂ ਵੀ ਰੇਬੀਜ਼ ਫੈਲ ਸਕਦਾ ਹੈ। ਇਸ ਤੋਂ ਇਲਾਵਾ ਕੋਈ ਵਿਗਿਆਨਕ ਸਬੂਤ ਵੀ ਇਹ ਨਹੀਂ ਦੱਸਦੇ ਕਿ ਦੁੱਧ ਜਾਂ ਇਸ ਤੋਂ ਬਣੀਆਂ ਚੀਜ਼ਾਂ ਦੇ ਸੇਵਨ ਨਾਲ ਰੇਬੀਜ਼ ਦਾ ਖ਼ਤਰਾ ਰਹਿੰਦਾ ਹੈ।
ਅਜਿਹੇ 'ਚ ਜੇਕਰ ਕਿਸੇ ਗਾਂ ਨੂੰ ਰੇਬੀਜ਼ ਦੀ ਲਾਗ ਹੈ ਤਾਂ ਸਿਰਫ਼ ਉਸ ਦਾ ਦੁੱਧ ਪੀਣ ਦੇ ਆਧਾਰ 'ਤੇ ਰੇਬੀਜ਼ ਦਾ ਟੀਕਾ ਲਗਵਾਉਣ ਦੀ ਲੋੜ ਨਹੀਂ ਹੁੰਦੀ। ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਰੇਬੀਜ਼ ਨਾਲ ਸੰਕਰਮਿਤ ਪਸ਼ੂ ਦਾ ਦੁੱਧ ਪੀਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਜਿਹੇ ਦੁੱਧ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਹੀ ਸਮਝਦਾਰੀ ਹੈ।
WHO ਦਾ ਕੀ ਕਹਿਣਾ ਹੈ?
ਵਿਸ਼ਵ ਸਿਹਤ ਸੰਗਠਨ (WHO) ਦਾ ਮੰਨਣਾ ਹੈ ਕਿ ਰੇਬੀਜ਼ ਨਾਲ ਸੰਕਰਮਿਤ ਜਾਨਵਰ ਤੋਂ ਪ੍ਰਾਪਤ ਡੇਅਰੀ ਉਤਪਾਦਾਂ ਰਾਹੀਂ ਇਸ ਬਿਮਾਰੀ ਦੇ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਹਾਲਾਂਕਿ, ਸੁਰੱਖਿਆ ਅਤੇ ਸਾਵਧਾਨੀ ਨੂੰ ਧਿਆਨ 'ਚ ਰੱਖਦੇ ਹੋਏ ਅਜਿਹੇ ਉਤਪਾਦਾਂ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਦੁੱਧ ਉਬਾਲਣ ਜਾਂ ਦਹੀਂ ਜਮਾਉਣ ਨਾਲ ਖ਼ਤਮ ਹੋ ਸਕਦਾ ਹੈ ਰੇਬੀਜ਼ ਦਾ ਵਾਇਰਸ?
ਇਹ ਜਾਣਨਾ ਵੀ ਜ਼ਰੂਰੀ ਹੈ ਕਿ ਰੇਬੀਜ਼ ਦੇ ਵਾਇਰਸ ਨੂੰ ਦੁੱਧ ਉਬਾਲਣ ਨਾਲ ਨਿਸ਼ਕਿਰਿਆ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਵਾਇਰਸ ਜ਼ਿਆਦਾ ਤਾਪਮਾਨ ਅਤੇ ਗਰਮੀ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਇਸ ਤਰ੍ਹਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲਣਾ ਵੀ ਰੇਬੀਜ਼ ਦੇ ਸੰਭਾਵੀ ਖ਼ਤਰੇ ਨੂੰ ਘਟਾ ਸਕਦਾ ਹੈ।
ਉੱਥੇ ਹੀ ਦਹੀਂ ਜਮਾਉਣ ਦੀ ਗੱਲ ਕਰੀਏ ਤਾਂ ਦਹੀਂ ਜਾਂ ਪਨੀਰ ਫਰਮੈਂਟੇਸ਼ਨ (Fermentation) ਦੀ ਪ੍ਰਕਿਰਿਆ ਰਾਹੀਂ ਤਿਆਰ ਕੀਤੇ ਜਾਂਦੇ ਹਨ, ਜਿਸ 'ਚ ਚੰਗੇ ਬੈਕਟੀਰੀਆ ਦੀ ਕਾਫ਼ੀ ਮਾਤਰਾ ਹੁੰਦੀ ਹੈ। ਪਰ ਇਸ ਪ੍ਰਕਿਰਿਆ ਨੂੰ ਦੁੱਧ ਗਰਮ ਕਰਨ ਜਾਂ ਉਬਾਲਣ ਦੇ ਬਦਲ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।
ਡਿਸਕਲੇਮਰ: ਲੇਖ 'ਚ ਦੱਸੇ ਗਏ ਸੁਝਾਅ ਸਿਰਫ਼ ਆਮ ਜਾਣਕਾਰੀ ਲਈ ਹਨ ਅਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਨਹੀਂ ਮੰਨਿਆ ਜਾਣਾ ਚਾਹੀਦਾ। ਕਿਸੇ ਵੀ ਸਵਾਲ ਜਾਂ ਸਿਹਤ ਸਬੰਧੀ ਸਮੱਸਿਆ ਲਈ ਹਮੇਸ਼ਾ ਆਪਣੇ ਡਾਕਟਰ ਦੀ ਸਲਾਹ ਲਓ।