Vitamin D2 ਜਾਂ D3? ਸਪਲੀਮੈਂਟ ਲੈਣ ਤੋਂ ਪਹਿਲਾਂ ਜਾਣ ਲਓ ਦਿਲ ਤੇ ਮਾਸਪੇਸ਼ੀਆਂ ਲਈ ਕਿਹੜਾ ਵਿਟਾਮਿਨ ਹੈ ਬਿਹਤਰ
Health Tips : ਵਿਗਿਆਨੀਆਂ ਕੋਲ ਇਸ ਗੱਲ ਦੇ ਬਹੁਤ ਘੱਟ ਸਬੂਤ ਸਨ ਕਿ ਹੱਡੀਆਂ ਦੀ ਸਿਹਤ ਤੋਂ ਇਲਾਵਾ, ਕੀ ਵਿਟਾਮਿਨ-D ਦੇ ਇਹ ਦੋਵੇਂ ਰੂਪ ਸਰੀਰ ਦੇ ਬਾਕੀ ਹਿੱਸਿਆਂ 'ਤੇ ਵੀ ਇੱਕੋ ਜਿਹਾ ਅਸਰ ਪਾਉਂਦੇ ਹਨ ਜਾਂ ਨਹੀਂ।
Publish Date: Tue, 27 Oct 2026 10:13 AM (IST)
Updated Date: Tue, 27 Oct 2026 10:14 AM (IST)
ਏਐਨਆਈ, ਨਵੀਂ ਦਿੱਲੀ: ਜਦੋਂ ਵੀ ਹੱਡੀਆਂ ਦੀ ਮਜ਼ਬੂਤੀ ਅਤੇ ਕੈਲਸ਼ੀਅਮ ਦੀ ਗੱਲ ਆਉਂਦੀ ਹੈ, ਤਾਂ ਸਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਵਿਟਾਮਿਨ-D ਦਾ ਨਾਂ ਆਉਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਵਿਟਾਮਿਨ ਸਾਡੀਆਂ ਹੱਡੀਆਂ ਲਈ ਕਿੰਨਾ ਜ਼ਰੂਰੀ ਹੈ।
ਹਾਲਾਂਕਿ, ਇਸ ਦੀ ਭੂਮਿਕਾ ਸਿਰਫ਼ ਹੱਡੀਆਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਸਾਡੀਆਂ ਪਿੰਜਰ ਦੀਆਂ ਮਾਸਪੇਸ਼ੀਆਂ (Skeletal Muscles) ਅਤੇ ਦਿਲ ਸਮੇਤ ਸਰੀਰ ਦੇ ਹੋਰ ਟਿਸ਼ੂਜ਼ 'ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਹਾਲ ਹੀ 'ਚ ਹੋਏ ਇੱਕ ਦਿਲਚਸਪ ਅਧਿਐਨ ਤੋਂ ਪਤਾ ਲੱਗਾ ਹੈ ਕਿ ਦਿਲ ਅਤੇ ਮਾਸਪੇਸ਼ੀਆਂ ਦੀ ਸਿਹਤ ਲਈ ਵਿਟਾਮਿਨ-D ਦਾ ਇੱਕ ਖ਼ਾਸ ਰੂਪ ਦੂਜੇ ਦੇ ਮੁਕਾਬਲੇ ਜ਼ਿਆਦਾ ਅਸਰਦਾਰ ਹੋ ਸਕਦਾ ਹੈ।
ਰਿਸਰਚ 'ਚ ਕੀ ਸਾਹਮਣੇ ਆਇਆ?
ਆਮ ਤੌਰ 'ਤੇ ਡਾਇਟਰੀ ਸਪਲੀਮੈਂਟਸ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਬਣਾਉਣ ਲਈ ਵਿਟਾਮਿਨ-D ਦੇ ਦੋ ਮੁੱਖ ਰੂਪਾਂ—ਵਿਟਾਮਿਨ D2 ਅਤੇ ਵਿਟਾਮਿਨ D3—ਦੀ ਵਰਤੋਂ ਕੀਤੀ ਜਾਂਦੀ ਹੈ।
ਹੈਦਰਾਬਾਦ ਸਥਿਤ 'ਆਈਸੀਐਮਆਰ-ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ' (ICMR-NIN) ਵੱਲੋਂ ਕੀਤੀ ਗਈ ਇੱਕ ਨਵੀਂ ਖੋਜ 'ਚ ਪਾਇਆ ਗਿਆ ਹੈ ਕਿ ਪਿੰਜਰ ਦੀਆਂ ਮਾਸਪੇਸ਼ੀਆਂ ਅਤੇ ਦਿਲ ਦੇ ਕੰਮਕਾਜ ਨੂੰ ਬਿਹਤਰ ਬਣਾਈ ਰੱਖਣ 'ਚ ਵਿਟਾਮਿਨ D3, ਵਿਟਾਮਿਨ D2 ਦੇ ਮੁਕਾਬਲੇ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ।
ਆਖ਼ਰ ਇਸ ਅਧਿਐਨ ਦੀ ਲੋੜ ਕਿਉਂ ਪਈ?
ਵਿਗਿਆਨੀਆਂ ਕੋਲ ਇਸ ਗੱਲ ਦੇ ਬਹੁਤ ਘੱਟ ਸਬੂਤ ਸਨ ਕਿ ਹੱਡੀਆਂ ਦੀ ਸਿਹਤ ਤੋਂ ਇਲਾਵਾ, ਕੀ ਵਿਟਾਮਿਨ-D ਦੇ ਇਹ ਦੋਵੇਂ ਰੂਪ ਸਰੀਰ ਦੇ ਬਾਕੀ ਹਿੱਸਿਆਂ 'ਤੇ ਵੀ ਇੱਕੋ ਜਿਹਾ ਅਸਰ ਪਾਉਂਦੇ ਹਨ ਜਾਂ ਨਹੀਂ।
ਇਸੇ ਵੱਡੇ ਸਵਾਲ ਦਾ ਜਵਾਬ ਲੱਭਣ ਲਈ ਖੋਜਕਰਤਾਵਾਂ ਨੇ ਇਹ ਅਧਿਐਨ ਕੀਤਾ। ਇਸ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਮਾਸਪੇਸ਼ੀਆਂ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਈ ਰੱਖਣ 'ਚ ਵਿਟਾਮਿਨ D2 ਅਤੇ D3 'ਚੋਂ ਕਿਹੜਾ ਰੂਪ ਵਧੇਰੇ ਅਸਰਦਾਰ ਹੈ।
ਕਿਵੇਂ ਕੀਤਾ ਗਿਆ ਪ੍ਰਯੋਗ?
ਇਨ੍ਹਾਂ ਅੰਤਰਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਖੋਜਕਰਤਾਵਾਂ ਨੇ ਨਰ ਚੂਹਿਆਂ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦਾ ਭੋਜਨ ਦਿੱਤਾ। ਇਸ ਪ੍ਰਯੋਗ ਦੌਰਾਨ ਵਿਟਾਮਿਨ-D ਦੀ ਕਮੀ ਤੋਂ ਉਭਰਨ ਅਤੇ ਸਰੀਰ 'ਚ ਇਸ ਦੇ ਪੱਧਰ ਨੂੰ ਬਣਾਈ ਰੱਖਣ ਦੀ ਪ੍ਰਕਿਰਿਆ 'ਚ ਚੂਹਿਆਂ ਦੀਆਂ ਪਿੰਜਰ ਦੀਆਂ ਮਾਸਪੇਸ਼ੀਆਂ ਅਤੇ ਦਿਲ ਨਾਲ ਸਬੰਧਤ ਮਾਪਦੰਡਾਂ 'ਤੇ ਵਿਟਾਮਿਨ D2 ਅਤੇ D3 ਦੇ ਪ੍ਰਭਾਵਾਂ ਦੀ ਤੁਲਨਾ ਕੀਤੀ ਗਈ।
ਤੁਹਾਨੂੰ ਦੱਸ ਦੇਈਏ ਕਿ ਇਹ ਮਹੱਤਵਪੂਰਨ ਖੋਜ 'ਮੌਲੀਕਿਊਲਰ ਨਿਊਟ੍ਰੀਸ਼ਨ ਐਂਡ ਫੂਡ ਰਿਸਰਚ' (Molecular Nutrition & Food Research) ਜਰਨਲ 'ਚ ਪ੍ਰਕਾਸ਼ਿਤ ਹੋਈ ਹੈ। ਖੋਜ ਦੇ ਨਤੀਜਿਆਂ ਮੁਤਾਬਕ, ਮਾਸਪੇਸ਼ੀਆਂ ਅਤੇ ਦਿਲ ਦੀ ਸਿਹਤ ਨਾਲ ਜੁੜੇ ਕੁਝ ਮਾਪਦੰਡਾਂ 'ਚ ਵਿਟਾਮਿਨ D3 ਵਧੇਰੇ ਕਾਰਗਰ ਪਾਇਆ ਗਿਆ।