ਕਿਨ੍ਹਾਂ ਲੋਕਾਂ ਨੂੰ H1N1 ਦਾ ਸਭ ਤੋਂ ਵੱਧ ਖ਼ਤਰਾ? ਦਿੱਲੀ-NCR 'ਚ ਸਵਾਈਨ ਫਲੂ ਦੇ ਮਾਮਲੇ 1400 ਤੋਂ ਪਾਰ
ਜ਼ਿਆਦਾਤਰ ਲੋਕਾਂ 'ਚ H1N1 ਆਮ ਫਲੂ ਵਾਂਗ ਹੀ ਹੁੰਦਾ ਹੈ, ਪਰ ਕੁਝ ਮਾਮਲਿਆਂ 'ਚ ਵਾਇਰਸ ਫੇਫੜਿਆਂ ਦੀ ਗਹਿਰਾਈ ਤਕ ਪਹੁੰਚ ਜਾਂਦਾ ਹੈ। ਇਸ ਸਥਿਤੀ 'ਚ ਵਾਇਰਸ ਫੇਫੜਿਆਂ ਦੇ ਟਿਸ਼ੂ 'ਚ ਸੋਜ ਪੈਦਾ ਕਰ ਦਿੰਦਾ ਹੈ, ਜਿੱਥੇ ਸਰੀਰ 'ਚ ਆਕਸੀਜਨ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਇਸ ਕਾਰਨ ਸਾਹ ਲੈਣ 'ਚ ਦਿੱਕਤ ਹੋਣ ਲੱਗਦੀ ਹੈ।
Publish Date: Fri, 21 Aug 2026 03:37 PM (IST)
Updated Date: Fri, 21 Aug 2026 03:41 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦਿੱਲੀ-NCR ਵਿੱਚ ਮਾਨਸੂਨ ਦੇ ਵਿਚਕਾਰ H1N1 ਯਾਨੀ ਸਵਾਈਨ ਫਲੂ ਦੇ ਮਾਮਲਿਆਂ ਵਿੱਚ ਕਾਫ਼ੀ ਤੇਜ਼ੀ ਨਾਲ ਵਾਧਾ ਹੋਇਆ ਹੈ। ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਅੰਕੜਿਆਂ ਮੁਤਾਬਕ, ਇਸ ਸਾਲ 12 ਅਗਸਤ ਤੱਕ ਦਿੱਲੀ ਵਿੱਚ ਸਵਾਈਨ ਫਲੂ ਦੇ 1,449 ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ ਛੇ ਗੁਣਾ ਜ਼ਿਆਦਾ ਹਨ।
ਸਵਾਈਨ ਫਲੂ ਦੇ ਵਧਦੇ ਮਾਮਲਿਆਂ ਵਿਚਕਾਰ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ ਦੀ ਲੋੜ ਹੈ। ਇਸ ਬਿਮਾਰੀ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ ਦੀ ਜਾਣਕਾਰੀ ਹੋਣ ਨਾਲ ਵਿਅਕਤੀ ਆਪਣੀ ਅਤੇ ਆਪਣੇ ਪਰਿਵਾਰ ਦੀ ਬਿਹਤਰ ਸੁਰੱਖਿਆ ਕਰ ਸਕਦਾ ਹੈ।
ਕਿਉਂ ਹੁੰਦੀ ਹੈ ਸਵਾਈਨ ਫਲੂ ਦੇ ਮਰੀਜ਼ਾਂ ਨੂੰ ਸਾਹ ਲੈਣ 'ਚ ਦਿੱਕਤ ?
ਜ਼ਿਆਦਾਤਰ ਲੋਕਾਂ 'ਚ H1N1 ਆਮ ਫਲੂ ਵਾਂਗ ਹੀ ਹੁੰਦਾ ਹੈ, ਪਰ ਕੁਝ ਮਾਮਲਿਆਂ 'ਚ ਵਾਇਰਸ ਫੇਫੜਿਆਂ ਦੀ ਗਹਿਰਾਈ ਤਕ ਪਹੁੰਚ ਜਾਂਦਾ ਹੈ। ਇਸ ਸਥਿਤੀ 'ਚ ਵਾਇਰਸ ਫੇਫੜਿਆਂ ਦੇ ਟਿਸ਼ੂ 'ਚ ਸੋਜ ਪੈਦਾ ਕਰ ਦਿੰਦਾ ਹੈ, ਜਿੱਥੇ ਸਰੀਰ 'ਚ ਆਕਸੀਜਨ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਇਸ ਕਾਰਨ ਸਾਹ ਲੈਣ 'ਚ ਦਿੱਕਤ ਹੋਣ ਲੱਗਦੀ ਹੈ।
ਇਸ ਕਾਰਨ ਵਾਇਰਲ ਨਿਮੋਨੀਆ ਹੋ ਸਕਦਾ ਹੈ ਅਤੇ ਇਹ ਫੇਫੜਿਆਂ ਨੂੰ ਇੰਨਾ ਕਮਜ਼ੋਰ ਕਰ ਦਿੰਦਾ ਹੈ ਕਿ ਬੈਕਟੀਰੀਆ ਆਸਾਨੀ ਨਾਲ ਹਮਲਾ ਕਰ ਕੇ ਸੈਕੰਡਰੀ ਇਨਫੈਕਸ਼ਨ ਪੈਦਾ ਕਰ ਸਕਦੇ ਹਨ। ਇਨ੍ਹਾਂ ਦੋਵਾਂ ਹਾਲਾਤ 'ਚ ਸਾਹ ਲੈਣ ਦੀ ਪ੍ਰਕਿਰਿਆ ਮੁਸ਼ਕਲ ਹੋ ਜਾਂਦੀ ਹੈ।
ਸਾਹ ਲੈਣ 'ਚ ਤਕਲੀਫ਼ ਕਦੋਂ ਐਮਰਜੈਂਸੀ ਬਣ ਜਾਂਦੀ ਹੈ?
ਜੇਕਰ ਤੁਸੀਂ ਬਿਨਾਂ ਕੋਈ ਕੰਮ ਕੀਤੇ, ਸਿਰਫ਼ ਬੈਠੇ-ਬੈਠੇ ਵੀ ਤੇਜ਼ੀ ਨਾਲ ਹਫ਼ ਰਹੇ ਹੋ ਜਾਂ ਆਮ ਨਾਲੋਂ ਬਹੁਤ ਤੇਜ਼ ਸਾਹ ਲੈ ਰਹੇ ਹੋ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਸ ਤੋਂ ਇਲਾਵਾ, ਬੁੱਲ੍ਹਾਂ ਜਾਂ ਉਂਗਲਾਂ ਦਾ ਨੀਲਾ ਪੈਣਾ, ਛਾਤੀ 'ਚ ਜਕੜਨ ਮਹਿਸੂਸ ਹੋਣਾ, ਕਨਫਿਊਜ਼ਨ ਜਾਂ ਬਹੁਤ ਜ਼ਿਆਦਾ ਸੁਸਤੀ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਹਸਪਤਾਲ ਜਾਓ। ਇਹ ਲੱਛਣ ਸੰਕੇਤ ਦਿੰਦੇ ਹਨ ਕਿ ਸਰੀਰ ਨੂੰ ਸਹੀ ਮਾਤਰਾ ਵਿੱਚ ਆਕਸੀਜਨ ਨਹੀਂ ਮਿਲ ਰਹੀ।
ਆਕਸੀਜਨ ਲੈਵਲ ਘੱਟ ਹੋਣ ਦਾ ਕੀ ਮਤਲਬ ਹੈ?
ਜੇਕਰ ਪਲਸ ਆਕਸੀਮੀਟਰ 'ਚ ਆਕਸੀਜਨ ਲੈਵਲ 94 ਫੀਸਦੀ ਤੋਂ ਘੱਟ ਆਉਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਫੇਫੜੇ ਖੂਨ ਤਕ ਲੋੜੀਂਦੀ ਮਾਤਰਾ 'ਚ ਆਕਸੀਜਨ ਨਹੀਂ ਪਹੁੰਚਾ ਪਾ ਰਹੇ। ਕਈ ਵਾਰ ਮਰੀਜ਼ ਨੂੰ ਸਾਹ ਲੈਣ 'ਚ ਬਹੁਤ ਜ਼ਿਆਦਾ ਪਰੇਸ਼ਾਨੀ ਮਹਿਸੂਸ ਨਹੀਂ ਹੁੰਦੀ, ਪਰ ਪਲਸ ਆਕਸੀਮੀਟਰ ਦੀ ਰੀਡਿੰਗ ਘੱਟ ਆਉਂਦੀ ਹੈ। ਅਜਿਹੀ ਸਥਿਤੀ 'ਚ ਵੀ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਹਾਲਤ ਵਿਗੜਨ ਦਾ ਇੰਤਜ਼ਾਰ ਨਾ ਕਰੋ।
ਕੀ H1N1 ਨਾਲ ਨਿਮੋਨੀਆ ਤੇ ਰੈਸਪਾਇਰੇਟਰੀ ਫੇਲੀਅਰ ਹੋ ਸਕਦਾ ਹੈ?
ਕੁਝ ਮਾਮਲਿਆਂ 'ਚ ਅਜਿਹਾ ਹੋ ਸਕਦਾ ਹੈ। ਇਹ ਇਨਫੈਕਸ਼ਨ ਆਮ ਫਲੂ ਤੋਂ ਵੱਧ ਕੇ ਵਾਇਰਲ ਨਿਮੋਨੀਆ ਤੇ ਗੰਭੀਰ ਮਾਮਲਿਆਂ 'ਚ ਐਕਿਊਟ ਰੈਸਪਾਇਰੇਟਰੀ ਡਿਸਟ੍ਰੈੱਸ ਸਿੰਡਰੋਮ (ARDS) ਦਾ ਰੂਪ ਲੈ ਸਕਦਾ ਹੈ। ARDS 'ਚ ਫੇਫੜੇ ਇੰਨੇ ਕਮਜ਼ੋਰ ਹੋ ਜਾਂਦੇ ਹਨ ਕਿ ਵੈਂਟੀਲੇਟਰ ਦੀ ਲੋੜ ਪੈ ਸਕਦੀ ਹੈ। ਇਸ ਲਈ ਹਾਈ-ਰਿਸਕ ਵਾਲੇ ਮਰੀਜ਼ਾਂ ਨੂੰ ਵਧੇਰੇ ਨਿਗਰਾਨੀ ਦੀ ਲੋੜ ਹੁੰਦੀ ਹੈ।
ਕੀ H1N1 ਦੇ ਹਰ ਮਰੀਜ਼ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ?
ਅਜਿਹਾ ਬਿਲਕੁਲ ਨਹੀਂ ਹੈ। ਜ਼ਿਆਦਾਤਰ ਮਰੀਜ਼ ਘਰ ਵਿਚ ਹੀ ਆਰਾਮ ਕਰਕੇ, ਤਰਲ ਪਦਾਰਥ ਲੈ ਕੇ, ਪੈਰਾਸੀਟਾਮੋਲ ਤੇ ਡਾਕਟਰ ਦੀ ਸਲਾਹ 'ਤੇ ਐਂਟੀਵਾਇਰਲ ਦਵਾਈਆਂ ਦੀ ਮਦਦ ਨਾਲ ਠੀਕ ਹੋ ਜਾਂਦੇ ਹਨ। ਆਕਸੀਜਨ ਸਪੋਰਟ ਦੀ ਲੋੜ ਸਿਰਫ਼ ਉਨ੍ਹਾਂ ਮਰੀਜ਼ਾਂ ਨੂੰ ਪੈਂਦੀ ਹੈ, ਜਿਨ੍ਹਾਂ ਦੇ ਖੂਨ 'ਚ ਆਕਸੀਜਨ ਦਾ ਪੱਧਰ ਘੱਟ ਜਾਂਦਾ ਹੈ।
ਕਿਨ੍ਹਾਂ ਨੂੰ ਸਵਾਈਨ ਫਲੂ ਦਾ ਸਭ ਤੋਂ ਵੱਧ ਖ਼ਤਰਾ ਹੈ?
ਗਰਭਵਤੀ ਔਰਤਾਂ, ਛੋਟੇ ਬੱਚੇ, 65 ਸਾਲ ਦੀ ਉਮਰ ਤੋਂ ਵੱਧ ਉਮਰ ਦੇ ਬਜ਼ੁਰਗ ਤੇ ਪਹਿਲਾਂ ਤੋਂ ਕਿਸੇ ਬਿਮਾਰੀ ਜਿਵੇਂ ਅਸਥਮਾ, COPD, ਡਾਇਬਟੀਜ਼, ਦਿਲ ਦੀ ਬਿਮਾਰੀ, ਮੋਟਾਪਾ ਜਾਂ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਇਸ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਜੇਕਰ ਇਸ ਵਰਗ ਦੇ ਲੋਕਾਂ 'ਚ ਫਲੂ ਵਰਗੇ ਲੱਛਣ ਦਿਖਾਈ ਦੇਣ ਤਾਂ ਉਨ੍ਹਾਂ ਨੂੰ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।