ਲੰਡਨ ਦੇ 'ਇੰਪੀਰੀਅਲ ਕਾਲਜ ਹੈਲਥ ਪਾਰਟਨਰਜ਼' ਦੀ ਖੋਜ ਸਹਿ-ਲੇਖਿਕਾ ਹੀਥਰ ਫਿਟਜ਼ਕੇ ਅਨੁਸਾਰ, ਜੋ ਲੋਕ ਮੋਟਾਪੇ ਦਾ ਸ਼ਿਕਾਰ ਹਨ, ਉਨ੍ਹਾਂ 'ਤੇ ਇਸ ਬਿਮਾਰੀ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਅੰਕੜਿਆਂ ਦੀ ਮੰਨੀਏ ਤਾਂ ਓਐੱਸਏ (OSA) ਤੋਂ ਪੀੜਤ ਲਗਪਗ 40 ਤੋਂ 70 ਫ਼ੀਸਦੀ ਲੋਕ ਜ਼ਿਆਦਾ ਭਾਰ ਜਾਂ ਮੋਟਾਪੇ ਤੋਂ ਪੀੜਤ ਹੁੰਦੇ ਹਨ। ਇੰਨਾ ਹੀ ਨਹੀਂ, ਆਮ ਲੋਕਾਂ ਦੇ ਮੁਕਾਬਲੇ ਮੋਟੇ ਲੋਕਾਂ ਵਿੱਚ ਸਲੀਪ ਐਪਨੀਆ ਦਾ ਜ਼ਿਆਦਾ ਗੰਭੀਰ ਰੂਪ ਦੇਖਣ ਨੂੰ ਮਿਲਦਾ ਹੈ।

ਆਈਏਐੱਨਐੱਸ, ਨਵੀਂ ਦਿੱਲੀ: ਕੀ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਸੌਂਦੇ ਸਮੇਂ ਜ਼ੋਰ-ਜ਼ੋਰ ਨਾਲ ਘਰਾੜੇ ਮਾਰਦਾ ਹੈ? ਜੇਕਰ ਹਾਂ, ਤਾਂ ਇਸ ਨੂੰ ਹਲਕੇ ਵਿਚ ਬਿਲਕੁਲ ਨਾ ਲਓ। ਹਾਲ ਹੀ 'ਚ ਹੋਏ ਇਕ ਵਿਗਿਆਨਕ ਅਧਿਐਨ 'ਚ ਇਹ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ 'ਓਬਸਟ੍ਰਕਟਿਵ ਸਲੀਪ ਐਪਨੀਆ' ਯਾਨੀ ਨੀਂਦ 'ਚ ਸਾਹ ਰੁਕਣ ਦੀ ਬਿਮਾਰੀ ਤੋਂ ਪੀੜਤ ਲੋਕਾਂ 'ਚ ਦਿਲ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਜਾਂ ਕਿਸੇ ਵੀ ਕਾਰਨ ਕਰਕੇ ਮੌਤ ਦਾ ਜੋਖ਼ਮ ਆਮ ਲੋਕਾਂ ਦੇ ਮੁਕਾਬਲੇ 71 ਫ਼ੀਸਦੀ ਤਕ ਜ਼ਿਆਦਾ ਹੁੰਦਾ ਹੈ।
ਇਹ ਨੀਂਦ ਨਾਲ ਜੁੜੀ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਸੌਂਦੇ ਸਮੇਂ ਗਲੇ ਦੀਆਂ ਮਾਸਪੇਸ਼ੀਆਂ ਬਹੁਤ ਜ਼ਿਆਦਾ ਢਿੱਲੀਆਂ ਪੈ ਜਾਂਦੀਆਂ ਹਨ। ਇਸ ਕਾਰਨ ਸਾਹ ਨਲੀ 'ਚ ਰੁਕਾਵਟ ਆ ਜਾਂਦੀ ਹੈ ਅਤੇ ਵਿਅਕਤੀ ਦਾ ਸਾਹ ਵਾਰ-ਵਾਰ ਰੁਕਦਾ ਤੇ ਸ਼ੁਰੂ ਹੁੰਦਾ ਹੈ। ਇਸ ਬਿਮਾਰੀ ਦੇ ਮੁੱਖ ਲੱਛਣਾਂ 'ਚ ਸੌਂਦੇ ਸਮੇਂ ਜ਼ੋਰ-ਜ਼ੋਰ ਨਾਲ ਘਰਾੜੇ ਮਾਰਨਾ, ਦਿਨ ਭਰ ਬਹੁਤ ਜ਼ਿਆਦਾ ਨੀਂਦ ਆਉਣਾ, ਥਕਾਵਟ ਮਹਿਸੂਸ ਹੋਣਾ ਤੇ ਸਵੇਰੇ ਉੱਠਣ 'ਤੇ ਸਿਰਦਰਦ ਹੋਣਾ ਸ਼ਾਮਲ ਹੈ।
ਲੰਡਨ ਦੇ 'ਇੰਪੀਰੀਅਲ ਕਾਲਜ ਹੈਲਥ ਪਾਰਟਨਰਜ਼' ਦੀ ਖੋਜ ਸਹਿ-ਲੇਖਿਕਾ ਹੀਥਰ ਫਿਟਜ਼ਕੇ ਅਨੁਸਾਰ, ਜੋ ਲੋਕ ਮੋਟਾਪੇ ਦਾ ਸ਼ਿਕਾਰ ਹਨ, ਉਨ੍ਹਾਂ 'ਤੇ ਇਸ ਬਿਮਾਰੀ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਅੰਕੜਿਆਂ ਦੀ ਮੰਨੀਏ ਤਾਂ ਓਐੱਸਏ (OSA) ਤੋਂ ਪੀੜਤ ਲਗਪਗ 40 ਤੋਂ 70 ਫ਼ੀਸਦੀ ਲੋਕ ਜ਼ਿਆਦਾ ਭਾਰ ਜਾਂ ਮੋਟਾਪੇ ਤੋਂ ਪੀੜਤ ਹੁੰਦੇ ਹਨ। ਇੰਨਾ ਹੀ ਨਹੀਂ, ਆਮ ਲੋਕਾਂ ਦੇ ਮੁਕਾਬਲੇ ਮੋਟੇ ਲੋਕਾਂ ਵਿੱਚ ਸਲੀਪ ਐਪਨੀਆ ਦਾ ਜ਼ਿਆਦਾ ਗੰਭੀਰ ਰੂਪ ਦੇਖਣ ਨੂੰ ਮਿਲਦਾ ਹੈ।
ਇਸ ਸਿੱਟੇ ਤਕ ਪਹੁੰਚਣ ਲਈ ਵਿਗਿਆਨੀਆਂ ਨੇ 29 ਲੱਖ ਲੋਕਾਂ ਦੇ ਸਿਹਤ ਰਿਕਾਰਡ ਦਾ ਵੱਡੇ ਪੱਧਰ 'ਤੇ ਇਸਤੇਮਾਲ ਕੀਤਾ। ਆਪਣੇ ਵਿਸ਼ਲੇਸ਼ਣ 'ਚ ਉਨ੍ਹਾਂ ਨੇ ਸਲੀਪ ਐਪਨੀਆ ਤੋਂ ਪੀੜਤ 20,300 ਲੋਕਾਂ ਦੀ ਤੁਲਨਾ 97,412 ਸਿਹਤਮੰਦ ਵਿਅਕਤੀਆਂ ਨਾਲ ਕੀਤੀ। ਜਾਂਚ ਵਿਚ ਇਹ ਪਾਇਆ ਗਿਆ ਕਿ ਸਲੀਪ ਐਪਨੀਆ ਵਾਲੇ ਸਮੂਹ ਵਿੱਚ 57.2 ਫ਼ੀਸਦੀ (11,613) ਲੋਕ ਮੋਟਾਪੇ ਨਾਲ ਗ੍ਰਸਤ ਸਨ। ਹੀਥਰ ਫਿਟਜ਼ਕੇ ਨੇ ਦੱਸਿਆ ਕਿ ਅਮਰੀਕਾ ਤੋਂ ਬਾਹਰ ਓਬਸਟ੍ਰਕਟਿਵ ਸਲੀਪ ਐਪਨੀਆ 'ਤੇ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਖੋਜ ਕਾਰਜ ਹੈ।
ਇਸ ਖੋਜ ਦੇ ਨਤੀਜੇ ਇਕ ਵੱਡੀ ਚਿਤਾਵਨੀ ਦਿੰਦੇ ਹਨ। ਇਹ ਅਧਿਐਨ ਮੋਟਾਪੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਦੀ ਸਖ਼ਤ ਲੋੜ 'ਤੇ ਜ਼ੋਰ ਦਿੰਦਾ ਹੈ। ਇਸ ਦੇ ਨਾਲ ਹੀ, ਇਹ ਸਪੱਸ਼ਟ ਕਰਦਾ ਹੈ ਕਿ ਜਾਨਲੇਵਾ ਖ਼ਤਰਿਆਂ ਤੋਂ ਬਚਣ ਲਈ ਇਸ ਬਿਮਾਰੀ ਦੀ ਸ਼ੁਰੂਆਤੀ ਜਾਂਚ ਅਤੇ ਸਹੀ ਸਮੇਂ 'ਤੇ ਇਸ ਦਾ ਇਲਾਜ ਕਰਨਾ ਕਿੰਨਾ ਮਹੱਤਵਪੂਰਨ ਹੈ।