
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਵੇਂ ਅੱਜ ਰਾਮੇਨ ਨੂਡਲਜ਼ ਨੂੰ ਜਾਪਾਨ ਦੀ ਪਛਾਣ ਮੰਨਿਆ ਜਾਂਦਾ ਹੈ, ਪਰ ਇਸ ਦਾ ਅਸਲ ਜਨਮ ਚੀਨ ’ਚ ਹੋਇਆ ਸੀ। 19ਵੀਂ ਸਦੀ ਦੇ ਆਖ਼ਰੀ ਦੌਰ ’ਚ ਜਦੋਂ ਜਾਪਾਨ ਨੇ ਕਰੀਬ 200 ਸਾਲਾਂ ਤਕ ਬਾਕੀ ਦੁਨੀਆ ਤੋਂ ਵੱਖ ਰਹਿਣ ਤੋਂ ਬਾਅਦ ਆਪਣੀਆਂ ਸਰਹੱਦਾਂ ਖੋਲ੍ਹੀਆਂ ਤਾਂ ਉੱਥੇ ਵੱਡੀ ਗਿਣਤੀ ’ਚ ਚੀਨੀ ਪ੍ਰਵਾਸੀ ਆ ਕੇ ਵੱਸਣ ਲੱਗੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ ਦੁਨੀਆ ਭਰ ’ਚ ਲੋਕ ਹਰ ਸਾਲ 100 ਅਰਬ ਤੋਂ ਵੀ ਵੱਧ ਇੰਸਟੈਂਟ ਨੂਡਲਜ਼ ਖਾ ਜਾਂਦੇ ਹਨ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿਰਫ਼ ਗਰਮ ਪਾਣੀ ਪਾ ਕੇ ਦੋ ਮਿੰਟਾਂ ’ਚ ਤਿਆਰ ਹੋ ਜਾਣ ਵਾਲੇ ਇਸ ਖਾਣੇ ਦੀ ਸ਼ੁਰੂਆਤ ਆਖ਼ਿਰ ਕਦੋਂ ਤੇ ਕਿਵੇਂ ਹੋਈ ਸੀ? ਦਰਅਸਲ, ਇਸ ਦੀ ਕਹਾਣੀ 25 ਅਗਸਤ 1958 ਤੋਂ ਸ਼ੁਰੂ ਹੁੰਦੀ ਹੈ, ਜਦੋਂ ਜਾਪਾਨੀ ਵਪਾਰੀ ਮੋਮੋਫੁਕੂ ਐਂਡੋ ਨੇ ‘ਚਿਕਨ ਰਾਮੇਨ’ ਦੇ ਨਾਂ ਨਾਲ ਦੁਨੀਆ ਦਾ ਪਹਿਲਾ ਇੰਸਟੈਂਟ ਨੂਡਲ ਬਾਜ਼ਾਰ ’ਚ ਉਤਾਰਿਆ।
ਭਾਵੇਂ ਅੱਜ ਰਾਮੇਨ ਨੂਡਲਜ਼ ਨੂੰ ਜਾਪਾਨ ਦੀ ਪਛਾਣ ਮੰਨਿਆ ਜਾਂਦਾ ਹੈ, ਪਰ ਇਸ ਦਾ ਅਸਲ ਜਨਮ ਚੀਨ ’ਚ ਹੋਇਆ ਸੀ। 19ਵੀਂ ਸਦੀ ਦੇ ਆਖ਼ਰੀ ਦੌਰ ’ਚ ਜਦੋਂ ਜਾਪਾਨ ਨੇ ਕਰੀਬ 200 ਸਾਲਾਂ ਤਕ ਬਾਕੀ ਦੁਨੀਆ ਤੋਂ ਵੱਖ ਰਹਿਣ ਤੋਂ ਬਾਅਦ ਆਪਣੀਆਂ ਸਰਹੱਦਾਂ ਖੋਲ੍ਹੀਆਂ ਤਾਂ ਉੱਥੇ ਵੱਡੀ ਗਿਣਤੀ ’ਚ ਚੀਨੀ ਪ੍ਰਵਾਸੀ ਆ ਕੇ ਵੱਸਣ ਲੱਗੇ।
ਇਹ ਲੋਕ ਆਪਣੇ ਨਾਲ ਕਣਕ ਦੇ ਨੂਡਲਜ਼ ਲੈ ਕੇ ਆਏ ਸਨ। ਹੌਲੀ-ਹੌਲੀ ਇਨ੍ਹਾਂ ਚੀਨੀ ਨੂਡਲਜ਼ ’ਚ ਜਾਪਾਨ ਦੇ ਸਥਾਨਕ ਸਵਾਦ ਤੇ ਉੱਥੋਂ ਦੀਆਂ ਸਮੱਗਰੀਆਂ ਨੂੰ ਮਿਲਾਇਆ ਗਿਆ, ਜਿਸ ਨਾਲ ਰਾਮੇਨ ਦਾ ਇਕ ਨਵਾਂ ਰੂਪ ਸਾਹਮਣੇ ਆਇਆ। 1920 ਦੇ ਦਹਾਕੇ ਤੱਕ ਇਹ ਜਾਪਾਨੀ ਸ਼ਹਿਰਾਂ ’ਚ ਲੋਕਾਂ ਦਾ ਮਨਪਸੰਦ ਖਾਣਾ ਬਣ ਚੁੱਕਾ ਸੀ।
ਦੂਜੇ ਵਿਸ਼ਵ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਜਾਪਾਨ ’ਚ ਖਾਣ-ਪੀਣ ਦੀ ਭਾਰੀ ਕਮੀ ਹੋ ਗਈ ਸੀ। ਮੋਮੋਫੁਕੂ ਐਂਡੋ ਨੇ ਦੇਖਿਆ ਕਿ ਲੋਕ ਬਲੈਕ ਮਾਰਕੀਟ ’ਚ ਰਾਮੇਨ ਸਟਾਲਾਂ ਦੇ ਬਾਹਰ ਭੁੱਖੇ ਪੇਟ ਲੰਬੀਆਂ-ਲੰਬੀਆਂ ਕਤਾਰਾਂ ’ਚ ਖੜ੍ਹੇ ਰਹਿੰਦੇ ਸਨ। ਉਨ੍ਹਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਜਦੋਂ ਤੱਕ ਲੋਕਾਂ ਦਾ ਢਿੱਡ ਨਹੀਂ ਭਰੇਗਾ, ਦੁਨੀਆ ’ਚ ਸ਼ਾਂਤੀ ਨਹੀਂ ਆ ਸਕਦੀ। ਇਸੇ ਸੋਚ ਨੇ ਉਨ੍ਹਾਂ ਨੂੰ ਅਜਿਹਾ ਖਾਣਾ ਬਣਾਉਣ ਲਈ ਪ੍ਰੇਰਿਤ ਕੀਤਾ, ਜਿਸ ਨੂੰ ਲੋਕ ਬਿਨਾਂ ਕਿਸੇ ਪਰੇਸ਼ਾਨੀ ਦੇ ਆਸਾਨੀ ਨਾਲ ਆਪਣੇ ਘਰ ’ਚ ਤਿਆਰ ਕਰ ਸਕਣ।
ਇਸ ਵਿਚਾਰ ਨੂੰ ਹਕੀਕਤ ’ਚ ਬਦਲਣ ਲਈ ਐਂਡੋ ਨੇ ਆਪਣੇ ਘਰ ਦੇ ਪਿਛਵਾੜੇ ’ਚ ਮੌਜੂਦ ਇਕ ਛੋਟੇ ਜਿਹੇ ਸ਼ੈੱਡ ’ਚ ਪੂਰੇ ਇਕ ਸਾਲ ਤੱਕ ਕਈ ਪ੍ਰਯੋਗ ਕੀਤੇ, ਪਰ ਕਾਮਯਾਬੀ ਦਾ ਰਸਤਾ ਉਨ੍ਹਾਂ ਨੂੰ ਆਪਣੀ ਪਤਨੀ ਤੋਂ ਮਿਲਿਆ।
ਇੱਕ ਦਿਨ ਉਨ੍ਹਾਂ ਨੇ ਆਪਣੀ ਪਤਨੀ ਨੂੰ ਟੈਂਪੂਰਾ ਬਣਾਉਂਦੇ ਦੇਖਿਆ ਤੇ ਗੌਰ ਕੀਤਾ ਕਿ ਕਿਵੇਂ ਖੌਲਦਾ ਹੋਇਆ ਤੇਲ ਆਟੇ ਦੀ ਸਾਰੀ ਨਮੀ ਸੋਖ ਲੈਂਦਾ ਹੈ। ਇੱਥੋਂ ਹੀ ਉਨ੍ਹਾਂ ਨੂੰ ਇੰਸਟੈਂਟ ਨੂਡਲਜ਼ ਦੀ ਮੁੱਖ ਤਕਨੀਕ ਦਾ ਵਿਚਾਰ ਮਿਲਿਆ। ਉਨ੍ਹਾਂ ਨੇ ਨੂਡਲਜ਼ ਨੂੰ ਪਕਾ ਕੇ ਤੇਲ ’ਚ ਤਲਿਆ, ਜਿਸ ਨਾਲ ਉਨ੍ਹਾਂ ਦੀ ਨਮੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣਾ ਸੰਭਵ ਹੋ ਗਿਆ।
ਮੋਮੋਫੁਕੂ ਐਂਡੋ ਦੀ ਇੱਛਾ ਸੀ ਕਿ ਧਰਤੀ ਦੇ ਨਾਲ-ਨਾਲ ਪੁਲਾੜ ਯਾਤਰੀ ਵੀ ਉਨ੍ਹਾਂ ਦੇ ਨੂਡਲਜ਼ ਦਾ ਸਵਾਦ ਚੱਖਣ। ਇਸ ਸੁਪਨੇ ਨੂੰ ਪੂਰਾ ਕਰਨ ਲਈ ਨਿਸਿਨ ਕੰਪਨੀ ਨੇ 2001 ’ਚ ਜਾਪਾਨ ਦੀ ਪੁਲਾੜ ਏਜੰਸੀ JAXA ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ।
ਪੁਲਾੜ ’ਚ ਗੁਰੂਤਵਾਕਰਸ਼ਣ ਦੀ ਕਮੀ ਕਾਰਨ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਆਮ ਨੂਡਲਜ਼ ਅਤੇ ਸੂਪ ਹਵਾ ’ਚ ਉੱਡ ਕੇ ਖਿੱਲਰ ਸਕਦੇ ਸਨ। ਇਸ ਦਾ ਹੱਲ ਕੱਢਣ ਲਈ ‘ਸਪੇਸ ਰਾਮ’ ਨਾਂ ਦੇ ਖ਼ਾਸ ਨੂਡਲਜ਼ ਬਣਾਏ ਗਏ। ਇਨ੍ਹਾਂ ਦੇ ਸੂਪ ਨੂੰ ਇੰਨਾ ਗਾੜ੍ਹਾ ਰੱਖਿਆ ਗਿਆ ਕਿ ਉਹ ਬਿਲਕੁਲ ਨਾ ਫੈਲੇ ਅਤੇ ਨੂਡਲਜ਼ ਨੂੰ ਇੱਕ ਵਾਰ ’ਚ ਖਾਧੇ ਜਾ ਸਕਣ ਵਾਲੇ ਛੋਟੇ ਟੁਕੜਿਆਂ ’ਚ ਬਣਾਇਆ ਗਿਆ। ਇਸ ਤੋਂ ਇਲਾਵਾ ਆਟੇ ਅਤੇ ਸਟਾਰਚ ’ਚ ਅਜਿਹਾ ਬਦਲਾਅ ਕੀਤਾ ਗਿਆ ਕਿ ਇਹ ਮਹਿਜ਼ 70 ਡਿਗਰੀ ਤਾਪਮਾਨ ਵਾਲੇ ਪਾਣੀ ’ਚ ਪੱਕ ਜਾਣ ਅਤੇ ਇਨ੍ਹਾਂ ਦਾ ਆਕਾਰ ਵੀ ਨਾ ਵਿਗੜੇ।
ਆਖ਼ਿਰਕਾਰ ਜੁਲਾਈ 2005 ’ਚ ਸਪੇਸ ਸ਼ਟਲ ‘ਡਿਸਕਵਰੀ’ ਦੇ ਨਾਲ ਇਹ ਖ਼ਾਸ ਨੂਡਲਜ਼ ਪੁਲਾੜ ’ਚ ਪਹੁੰਚੇ। ਉੱਥੇ ਜਾਪਾਨੀ ਪੁਲਾੜ ਯਾਤਰੀ ਸੋਇਚੀ ਨੋਗੁਚੀ ਨੇ ਇਨ੍ਹਾਂ ਨੂੰ ਖਾਧਾ ਅਤੇ ਇਸ ਦੇ ਨਾਲ ਹੀ ਉਹ ਪੁਲਾੜ ’ਚ ਇੰਸਟੈਂਟ ਨੂਡਲਜ਼ ਖਾਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ।