- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜਕਰਤਾਵਾਂ ਨੇ ਆਸਟ੍ਰੇਲੀਅਨ ਜੈਨੇਟਿਕਸ ਆਫ਼ ਡਿਪ੍ਰੈਸ਼ਨ ਸਟੱਡੀ ਦੇ ਅੰਕੜਿਆਂ ਦੀ ਵਰਤੋਂ ਕਰਦਿਆਂ ਡਿਪ੍ਰੈਸ਼ਨ ਤੋਂ ਪੀੜਤ 10,000 ਤੋਂ ਵੱਧ ਲੋਕਾਂ ਦਾ ਕਲੀਨਿਕਲ ਤੇ ਜੈਨੇਟਿਕ ਵਿਸ਼ਲੇਸ਼ਣ ਕੀਤਾ। ਯੂਨੀਵਰਸਿਟੀ ਆਫ਼ ਸਿਡਨੀ ਦੇ ਬ੍ਰੇਨ ਐਂਡ ਮਾਈਂਡ ਸੈਂਟਰ ਦੀ ਐਮਿਲਿਆਨਾ ਟੋਨਿਨੀ ਨੇ ਕਿਹਾ, “ਸਾਡੀ ਸੋਧ ’ਚ ਸਰਕੇਡੀਅਨ ਡਿਪ੍ਰੈਸ਼ਨ ਨੂੰ ਡਿਪ੍ਰੈਸ਼ਨ ਦੇ ਇਕ ਨਵੇਂ ਰੂਪ ਵਜੋਂ ਪਛਾਣਿਆ ਗਿਆ ਹੈ।

ਪੀਟੀਆਈ: ਜੈਨੇਟਿਕ ਵਿਸ਼ਲੇਸ਼ਣ ਰਾਹੀਂ ਡਿਪ੍ਰੈਸ਼ਨ ਦੇ ਇਕ ਨਵੇਂ ਰੂਪ ਦੀ ਪਛਾਣ ਹੋਈ ਹੈ, ਜੋ ਸਰੀਰ ਦੀ 24 ਘੰਟਿਆਂ ਵਾਲੀ ਅੰਦਰੂਨੀ ਘੜੀ (ਜੋ ਸੌਣ ਤੇ ਜਾਗਣ ਦੇ ਚੱਕਰ ਨੂੰ ਕੰਟਰੋਲ ਕਰਦੀ ਹੈ) ਨਾਲ ਜੁੜਿਆ ਹੈ। ਇਸ ਨਵੇਂ ਰੂਪ ਨੂੰ ‘ਸਰਕੇਡੀਅਨ ਡਿਪ੍ਰੈਸ਼ਨ’ ਕਿਹਾ ਗਿਆ ਹੈ।
ਖੋਜਕਰਤਾਵਾਂ ਨੇ ਆਸਟ੍ਰੇਲੀਅਨ ਜੈਨੇਟਿਕਸ ਆਫ਼ ਡਿਪ੍ਰੈਸ਼ਨ ਸਟੱਡੀ ਦੇ ਅੰਕੜਿਆਂ ਦੀ ਵਰਤੋਂ ਕਰਦਿਆਂ ਡਿਪ੍ਰੈਸ਼ਨ ਤੋਂ ਪੀੜਤ 10,000 ਤੋਂ ਵੱਧ ਲੋਕਾਂ ਦਾ ਕਲੀਨਿਕਲ ਤੇ ਜੈਨੇਟਿਕ ਵਿਸ਼ਲੇਸ਼ਣ ਕੀਤਾ। ਯੂਨੀਵਰਸਿਟੀ ਆਫ਼ ਸਿਡਨੀ ਦੇ ਬ੍ਰੇਨ ਐਂਡ ਮਾਈਂਡ ਸੈਂਟਰ ਦੀ ਐਮਿਲਿਆਨਾ ਟੋਨਿਨੀ ਨੇ ਕਿਹਾ, “ਸਾਡੀ ਸੋਧ ’ਚ ਸਰਕੇਡੀਅਨ ਡਿਪ੍ਰੈਸ਼ਨ ਨੂੰ ਡਿਪ੍ਰੈਸ਼ਨ ਦੇ ਇਕ ਨਵੇਂ ਰੂਪ ਵਜੋਂ ਪਛਾਣਿਆ ਗਿਆ ਹੈ। ਅਧਿਐਨ ’ਚ ਸ਼ਾਮਲ ਗੰਭੀਰ, ਵਾਰ-ਵਾਰ ਹੋਣ ਵਾਲੇ ਜਾਂ ਲੰਬੇ ਸਮੇਂ ਤੱਕ ਬਣੇ ਰਹਿਣ ਵਾਲੇ ਡਿਪ੍ਰੈਸ਼ਨ ਤੋਂ ਪੀੜਤ ਲੋਕਾਂ ਵਿਚੋਂ ਲਗਪਗ ਹਰ ਚੌਥਾ ਵਿਅਕਤੀ ਇਸ ਤੋਂ ਪ੍ਰਭਾਵਿਤ ਹੈ।”
ਸਰਕੇਡੀਅਨ ਡਿਪ੍ਰੈਸ਼ਨ ਦੇ ਲੱਛਣਾਂ ’ਚ ਬਿਮਾਰੀ ਦਾ ਮੌਸਮਾਂ ਨਾਲ ਜੁੜਿਆ ਰੁਝਾਨ, ਡਿਪ੍ਰੈਸ਼ਨ ਦੌਰਾਨ ਬਹੁਤ ਜ਼ਿਆਦਾ ਸੌਣਾ, ਜਾਗਣ ਮਗਰੋਂ ਬਹੁਤ ਥਕਾਵਟ ਮਹਿਸੂਸ ਕਰਨਾ ਤੇ ਦੇਰ ਰਾਤ ਤੱਕ ਜਾਗਦੇ ਰਹਿਣਾ ਸ਼ਾਮਲ ਹਨ। ਟੋਨਿਨੀ ਨੇ ਕਿਹਾ, “ਡਿਪ੍ਰੈਸ਼ਨ ਹਰ ਕਿਸੇ ’ਚ ਇੱਕੋ ਜਿਹਾ ਨਹੀਂ ਹੁੰਦਾ। ਇਸ ਦੇ ਵੱਖ-ਵੱਖ ਰੂਪਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਣ ਨਾਲ ਅਸੀਂ ਲੋਕਾਂ ਨੂੰ ਉਹ ਇਲਾਜ ਜਲਦੀ ਮੁਹੱਈਆ ਕਰਵਾ ਸਕਦੇ ਹਾਂ, ਜੋ ਉਨ੍ਹਾਂ ਲਈ ਸਭ ਤੋਂ ਵੱਧ ਅਸਰਦਾਰ ਹੋਣ।”
ਖੋਜਕਰਤਾਵਾਂ ਮੁਤਾਬਕ, ਸਰਕੇਡੀਅਨ ਡਿਪ੍ਰੈਸ਼ਨ ’ਤੇ ਆਮ ਤੌਰ ’ਤੇ ਵਰਤੀਆਂ ਜਾਂਦੀਆਂ ਸੇਰੋਟੋਨਿਨ-ਆਧਾਰਿਤ ਡਿਪ੍ਰੈਸ਼ਨ-ਰੋਕੂ ਦਵਾਈਆਂ ਦਾ ਅਸਰ ਘੱਟ ਹੁੰਦਾ ਹੈ। ਹਾਲਾਂਕਿ, ਇਹ ਉਨ੍ਹਾਂ ਵਿਹਾਰਕ ਤੇ ਡਾਕਟਰੀ ਇਲਾਜਾਂ ਨਾਲ ਬਿਹਤਰ ਹੁੰਗਾਰਾ ਦਿੰਦਾ ਹੈ, ਜੋ ਸਰੀਰ ਦੀ ਅੰਦਰੂਨੀ ਘੜੀ ਨਾਲ ਜੁੜੇ ਦਿਮਾਗੀ ਸਰਕਟਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਨ੍ਹਾਂ ’ਚ ਮੈਲਾਟੋਨਿਨ, ਮੈਲਾਟੋਨਿਨ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਡਿਪ੍ਰੈਸ਼ਨ-ਰੋਕੂ ਦਵਾਈਆਂ ਤੇ ਲਾਈਟ ਥੈਰੇਪੀ ਸ਼ਾਮਲ ਹਨ।