ਸਮੇਂ ਦੇ ਨਾਲ ਇਸ ਦਵਾਈ ਦਾ ਅਸਰ ਘੱਟ ਹੋਣ ਲੱਗਦਾ ਹੈ ਪਰ ਮਰੀਜ਼ਾਂ ਨੇ ਕੀਮੋਥੈਰੇਪੀ ਗਰੁੱਪ ਦੀ ਤੁਲਨਾ 'ਚ ਇਸਦੀ ਵਰਤੋਂ ਕਾਫ਼ੀ ਲੰਬੇ ਸਮੇਂ ਤਕ ਕੀਤੀ। ਇਸ ਟੈਬਲੇਟ ਦੀ ਵਜ੍ਹਾ ਕਰ ਕੇ ਟਿਊਮਰ ਦਾ ਸਾਈਜ਼ ਛੋਟਾ ਹੋਇਆ, ਜਿਸ ਨਾਲ ਮਰੀਜ਼ਾਂ ਨੂੰ ਦਰਦ ਤੋਂ ਰਾਹਤ ਮਿਲੀ ਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਬਿਹਤਰ ਹੋਈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੈਂਸਰ ਦੀਆਂ ਸਭ ਤੋਂ ਖ਼ਤਰਨਾਕ ਤੇ ਜਾਨਲੇਵਾ ਕਿਸਮਾਂ 'ਚ ਪੈਨਕ੍ਰੀਆਟਿਕ ਕੈਂਸਰ (ਲਬਲਬੇ ਦਾ ਕੈਂਸਰ) ਦਾ ਨਾਂ ਵੀ ਸ਼ਾਮਲ ਹੈ, ਪਰ ਹਾਲ ਹੀ 'ਚ ਹੋਈ ਇਕ ਖੋਜ (ਰਿਸਰਚ) ਮਰੀਜ਼ਾਂ ਦੇ ਦਿਲ ਵਿੱਚ ਉਮੀਦ ਦੀ ਨਵੀਂ ਕਿਰਨ ਜਗਾ ਰਹੀ ਹੈ।
ਦਰਅਸਲ, ਇਕ ਨਵੀਂ ਐਕਸਪੈਰੀਮੈਂਟਲ ਟੈਬਲੇਟ ਨੇ ਐਡਵਾਂਸਡ ਪੈਨਕ੍ਰੀਆਟਿਕ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਲੰਬੇ ਸਮੇਂ ਤਕ ਜਿਊਂਦੇ ਰਹਿਣ 'ਚ ਮਦਦ ਕੀਤੀ ਹੈ। ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ਦੇ ਡਾਕਟਰ ਜੇਵ ਵੇਨਬਰਗ ਦਾ ਕਹਿਣਾ ਹੈ ਕਿ ਭਾਵੇਂ ਇਹ ਦਵਾਈ ਕੈਂਸਰ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਕਰਦੀ, ਪਰ ਇਹ ਇਸ ਦਿਸ਼ਾ ਵਿਚ ਇਕ ਬਹੁਤ ਵੱਡਾ ਕਦਮ ਹੈ।
ਇਸ ਨਵੀਂ ਟੈਬਲੇਟ ਦਾ ਨਾਮ ਡੈਰਾਕਸੋਨਰਾਸਿਬ (daraxonrasib) ਹੈ। ਦਰਅਸਲ, 90% ਤੋਂ ਵੱਧ ਪੈਨਕ੍ਰੀਆਟਿਕ ਕੈਂਸਰ ਦੇ ਮਾਮਲਿਆਂ 'ਚ ਇਕ ਮਿਊਟੇਟਿਡ ਪ੍ਰੋਟੀਨ ਟਿਊਮਰ ਨੂੰ ਵਧਾਉਣ ਦਾ ਕੰਮ ਕਰਦਾ ਹੈ। ਦਹਾਕਿਆਂ ਤੋਂ ਵਿਗਿਆਨੀ ਇਸ ਪ੍ਰੋਟੀਨ ਨੂੰ ਰੋਕਣ ਦਾ ਤਰੀਕਾ ਲੱਭ ਰਹੇ ਸਨ, ਪਰ ਸਫਲਤਾ ਨਹੀਂ ਮਿਲ ਰਹੀ ਸੀ। ਹੁਣ ਇਹ ਨਵੀਂ ਦਵਾਈ ਇਸੇ ਮਿਊਟੇਟਿਡ ਪ੍ਰੋਟੀਨ ਨੂੰ ਬਲਾਕ ਕਰਨ ਦਾ ਕੰਮ ਕਰਦੀ ਹੈ।
ਇਹ ਖੋਜ 'ਨਿਊ ਇੰਗਲੈਂਡ ਜਰਨਲ ਆਫ ਮੈਡੀਸਨ' 'ਚ ਪਬਲਿਸ਼ ਹੋਈ ਹੈ ਅਤੇ ਹਾਲ ਹੀ 'ਚ ਸ਼ਿਕਾਗੋ 'ਚ 'ਅਮੈਰਿਕਨ ਸੁਸਾਇਟੀ ਫਾਰ ਕਲੀਨਿਕਲ ਔਨਕੋਲੋਜੀ' ਦੀ ਮੀਟਿੰਗ 'ਚ ਇਸਨੂੰ ਪ੍ਰੈਜ਼ੈਂਟ ਕੀਤਾ ਗਿਆ ਸੀ। ਇਸ ਸਟੱਡੀ 'ਚ 500 ਅਜਿਹੇ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਦਾ ਕੈਂਸਰ ਸਰੀਰ ਦੇ ਹੋਰ ਹਿੱਸਿਆਂ 'ਚ ਫੈਲ ਚੁੱਕਾ ਸੀ ਅਤੇ ਜਿਨ੍ਹਾਂ 'ਤੇ ਪਿਛਲਾ ਇਲਾਜ ਬੇਅਸਰ ਹੋ ਚੁੱਕਾ ਸੀ।
ਇਨ੍ਹਾਂ ਮਰੀਜ਼ਾਂ ਨੂੰ ਦੋ ਗਰੁੱਪਾਂ 'ਚ ਵੰਡ ਕੇ ਇਹ ਟੈਬਲੇਟ ਜਾਂ ਫਿਰ ਕੀਮੋਥੈਰੇਪੀ ਦਿੱਤੀ ਗਈ। ਨਤੀਜਿਆਂ 'ਚ ਸਾਹਮਣੇ ਆਇਆ ਕਿ ਰੋਜ਼ਾਨਾ ਲਈ ਜਾਣ ਵਾਲੀ ਇਸ ਟੈਬਲੇਟ ਨੇ ਮਰੀਜ਼ਾਂ ਦੇ ਜਿਊਂਦੇ ਰਹਿਣ ਦੇ ਸਮੇਂ ਨੂੰ ਕਰੀਬ ਦੁੱਗਣਾ ਕਰ ਦਿੱਤਾ। ਟੈਬਲੇਟ ਲੈਣ ਵਾਲੇ ਮਰੀਜ਼ ਔਸਤਨ 13.2 ਮਹੀਨਿਆਂ ਤਕ ਜਿਊਂਦੇ ਰਹੇ, ਜਦੋਂਕਿ ਕੀਮੋਥੈਰੇਪੀ ਲੈਣ ਵਾਲੇ ਮਰੀਜ਼ ਸਿਰਫ਼ 6.7 ਮਹੀਨੇ ਹੀ ਜੀ ਸਕੇ। ਇਸ ਤੋਂ ਇਲਾਵਾ, ਕੀਮੋਥੈਰੇਪੀ ਦੀ ਤੁਲਨਾ 'ਚ ਇਸ ਟੈਬਲੇਟ ਦੇ ਸਾਈਡ ਇਫੈਕਟਸ ਵੀ ਘੱਟ ਦੇਖੇ ਗਏ। ਭਾਵੇਂ ਇਹ ਸੁਧਾਰ ਛੋਟਾ ਹੈ, ਪਰ ਕੀਮੋਥੈਰੇਪੀ ਦੇ ਮੁਕਾਬਲੇ ਇੰਨੀ ਵੱਡੀ ਬੜ੍ਹਤ ਦਿਖਾਉਣ ਵਾਲੀ ਇਹ ਪਹਿਲੀ ਦਵਾਈ ਹੈ।
ਹਾਲਾਂਕਿ, ਸਮੇਂ ਦੇ ਨਾਲ ਇਸ ਦਵਾਈ ਦਾ ਅਸਰ ਘੱਟ ਹੋਣ ਲੱਗਦਾ ਹੈ ਪਰ ਮਰੀਜ਼ਾਂ ਨੇ ਕੀਮੋਥੈਰੇਪੀ ਗਰੁੱਪ ਦੀ ਤੁਲਨਾ 'ਚ ਇਸਦੀ ਵਰਤੋਂ ਕਾਫ਼ੀ ਲੰਬੇ ਸਮੇਂ ਤਕ ਕੀਤੀ। ਇਸ ਟੈਬਲੇਟ ਦੀ ਵਜ੍ਹਾ ਕਰ ਕੇ ਟਿਊਮਰ ਦਾ ਸਾਈਜ਼ ਛੋਟਾ ਹੋਇਆ, ਜਿਸ ਨਾਲ ਮਰੀਜ਼ਾਂ ਨੂੰ ਦਰਦ ਤੋਂ ਰਾਹਤ ਮਿਲੀ ਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਬਿਹਤਰ ਹੋਈ। ਡੇਟਾ ਐਨਾਲਿਸਿਸ ਤੋਂ ਬਾਅਦ ਵੀ ਕਈ ਮਰੀਜ਼ ਇਸ ਦਵਾਈ ਦੀ ਵਰਤੋਂ ਕਰ ਰਹੇ ਸਨ, ਜਿਸਦਾ ਮਤਲਬ ਹੈ ਕਿ ਅੱਗੇ ਚੱਲ ਕੇ ਜਿਊਂਦੇ ਰਹਿਣ ਦਾ ਇਹ ਅੰਤਰ ਹੋਰ ਵੀ ਵੱਧ ਸਕਦਾ ਹੈ।
ਵਿਗਿਆਨੀ ਹੁਣ ਇਸ ਦਵਾਈ ਦੀ ਵਰਤੋਂ ਬਿਮਾਰੀ ਦੇ ਸ਼ੁਰੂਆਤੀ ਪੜਾਵਾਂ 'ਚ ਕਰਨ ਦੀ ਸੰਭਾਵਨਾ ਵੀ ਤਲਾਸ਼ਣਗੇ। ਉਹ ਦੇਖਣਾ ਚਾਹੁੰਦੇ ਹਨ ਕਿ ਕੀ ਟਿਊਮਰ ਦਾ ਆਕਾਰ ਛੋਟਾ ਹੋਣ ਨਾਲ ਮਰੀਜ਼ਾਂ 'ਚ ਸਰਜਰੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਾਂ ਨਹੀਂ। ਹਾਲਾਂਕਿ, ਡਾਕਟਰ ਬ੍ਰਾਇਨ ਵੋਲਪਿਨ ਨੇ ਦੱਸਿਆ ਕਿ ਇਸ ਟੈਬਲੇਟ ਦੀ ਵਰਤੋਂ ਨਾਲ ਕੁਝ ਸਾਈਡ ਇਫੈਕਟਸ ਵੀ ਹੋ ਸਕਦੇ ਹਨ, ਜਿਨ੍ਹਾਂ ਵਿਚ ਸਕਿਨ 'ਤੇ ਰੈਸ਼ੇਜ਼ ਹੋਣਾ ਤੇ ਮੂੰਹ 'ਚ ਛਾਲੇ ਪੈਣਾ ਸ਼ਾਮਲ ਹੈ।