ਗਰਦਨ 'ਚ ਦਰਦ ਹੈ ਤਾਂ ਸਿਰਹਾਣਾ ਛੱਡਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ, ਨਹੀਂ ਤਾਂ ਵੱਧ ਸਕਦੀ ਹੈ ਸਮੱਸਿਆ
ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਘਰ 'ਚ ਹੀ ਇਸ ਦਾ ਆਸਾਨੀ ਨਾਲ ਇਲਾਜ ਕਰ ਸਕਦੇ ਹਨ ਅਤੇ ਇਸ ਲਈ ਉਹ ਸਭ ਤੋਂ ਪਹਿਲਾਂ ਬਿਨਾਂ ਸਿਰਹਾਣੇ ਦੇ ਸੌਣ ਦਾ ਤਰੀਕਾ ਅਪਣਾਉਂਦੇ ਹਨ। ਕੀ ਤੁਹਾਨੂੰ ਵੀ ਲੱਗਦਾ ਹੈ ਕਿ ਬਿਨਾਂ ਸਿਰਹਾਣੇ ਦੇ ਸੌਣ ਨਾਲ ਗਰਦਨ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ? ਆਓ ਇਸ ਮਿੱਥ ਦੀ ਅਸਲ ਸੱਚਾਈ ਜਾਣਦੇ ਹਾਂ।
Publish Date: Wed, 23 Sep 2026 11:11 AM (IST)
Updated Date: Wed, 23 Sep 2026 11:16 AM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦਿਨ ਭਰ ਬੈਠੇ-ਬੈਠੇ ਗਰਦਨ ਦਾ ਆਕੜ ਜਾਣਾ ਤੇ ਉਸ 'ਚ ਦਰਦ ਹੋਣਾ ਆਮ ਗੱਲ ਹੈ, ਪਰ ਜੇ ਇਹ ਦਰਦ ਲੰਬੇ ਸਮੇਂ ਤਕ ਬਣਿਆ ਰਹੇ ਤਾਂ ਸਰਵਾਈਕਲ ਪੇਨ ਵਰਗਾ ਗੰਭੀਰ ਰੂਪ ਵੀ ਲੈ ਸਕਦਾ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਘਰ 'ਚ ਹੀ ਇਸ ਦਾ ਆਸਾਨੀ ਨਾਲ ਇਲਾਜ ਕਰ ਸਕਦੇ ਹਨ ਅਤੇ ਇਸ ਲਈ ਉਹ ਸਭ ਤੋਂ ਪਹਿਲਾਂ ਬਿਨਾਂ ਸਿਰਹਾਣੇ ਦੇ ਸੌਣ ਦਾ ਤਰੀਕਾ ਅਪਣਾਉਂਦੇ ਹਨ। ਕੀ ਤੁਹਾਨੂੰ ਵੀ ਲੱਗਦਾ ਹੈ ਕਿ ਬਿਨਾਂ ਸਿਰਹਾਣੇ ਦੇ ਸੌਣ ਨਾਲ ਗਰਦਨ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ? ਆਓ ਇਸ ਮਿੱਥ ਦੀ ਅਸਲ ਸੱਚਾਈ ਜਾਣਦੇ ਹਾਂ।
ਮਿੱਥ: ਬਿਨਾਂ ਸਿਰਹਾਣੇ ਦੇ ਸੌਣਾ ਗਰਦਨ ਦੇ ਦਰਦ ਦਾ ਇਲਾਜ
ਕਈ ਲੋਕ ਇਹ ਦਾਅਵਾ ਕਰਦੇ ਦਿਖਾਈ ਦਿੰਦੇ ਹਨ ਕਿ ਗਰਦਨ ਦੇ ਦਰਦ ਨੂੰ ਘੱਟ ਕਰਨ ਲਈ ਤਕੀਆ ਲਗਾਉਣਾ ਛੱਡਣਾ ਪਵੇਗਾ। ਪਰ ਇਸ ਗੱਲ 'ਚ ਬਿਲਕੁਲ ਵੀ ਸੱਚਾਈ ਨਹੀਂ ਹੈ। ਸਾਨੂੰ ਸਮਝਣ ਦੀ ਲੋੜ ਹੈ ਕਿ ਰੀੜ੍ਹ ਦੀ ਹੱਡੀ ਦਾ ਆਕਾਰ ਇਕਦਮ ਸਿੱਧੀ ਡੰਡੀ ਵਰਗਾ ਨਹੀਂ ਹੁੰਦਾ। ਗਰਦਨ ਵਾਲੇ ਹਿੱਸੇ 'ਚ ਇਸ ਦਾ ਆਕਾਰ ਥੋੜ੍ਹਾ ਜਿਹਾ ਘੁੰਮਾਵਦਾਰ ਹੁੰਦਾ ਹੈ ਜਿਸ ਨੂੰ ਸੌਂਦੇ ਸਮੇਂ ਸਹਾਰਾ ਮਿਲਣਾ ਬਹੁਤ ਜ਼ਰੂਰੀ ਹੈ। ਇਸ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਹਨ।
ਪਿੱਠ ਦੇ ਬਲ ਸੌਣ 'ਤੇ ਗਰਦਨ ਨੂੰ ਸਹਾਰਾ ਨਹੀਂ ਮਿਲਦਾ
ਜੇ ਗੱਦਾ ਚੰਗੀ ਕੁਆਲਿਟੀ ਦਾ ਨਾ ਹੋਵੇ ਤੇ ਸਖ਼ਤ ਹੋਵੇ ਤਾਂ ਪਿੱਠ ਦੇ ਬਲ ਬਿਨਾਂ ਸਿਰਹਾਣੇ ਦੇ ਸੌਣਾ ਗਰਦਨ ਦੇ ਦਰਦ ਨੂੰ ਵਧਾ ਸਕਦਾ ਹੈ। ਦਰਅਸਲ, ਬਿਨਾਂ ਸਿਰਹਾਣ ਦੇ ਸਿਰ ਪਿੱਛੇ ਵੱਲ ਲਟਕ ਜਾਂਦਾ ਹੈ ਤੇ ਗਰਦਨ ਦੇ ਵਿਚਕਾਰ ਗੈਪ ਆ ਜਾਂਦਾ ਹੈ। ਇਸੇ ਗੈਪ 'ਚ ਗਰਦਨ ਨੂੰ ਆਰਾਮ ਲਈ ਸਹਾਰੇ ਦੀ ਲੋੜ ਹੁੰਦੀ ਹੈ। ਜੇ ਸਹਾਰਾ ਨਾ ਦਿੱਤਾ ਜਾਵੇ ਤਾਂ ਇਸ ਨਾਲ ਗਰਦਨ ਦਾ ਕਰਵ ਫਲੈਟ ਹੋ ਸਕਦਾ ਹੈ, ਜੋ ਗਰਦਨ ਦੀਆਂ ਮਾਸਪੇਸ਼ੀਆਂ ਤੇ ਲਿਗਾਮੈਂਟਸ 'ਤੇ ਲੋੜ ਤੋਂ ਵੱਧ ਦਬਾਅ ਪਾ ਕੇ ਉਨ੍ਹਾਂ ਨੂੰ ਖਿੱਚ ਸਕਦਾ ਹੈ। ਨਤੀਜੇ ਵਜੋਂ ਵਿਅਕਤੀ ਸਵੇਰੇ ਆਰਾਮ ਦੀ ਬਜਾਏ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਰਦ ਮਹਿਸੂਸ ਕਰ ਸਕਦਾ ਹੈ।
ਕਰਵਟ ਲੈਂਦੇ ਸਮੇਂ ਵੀ ਗਰਦਨ ਨੂੰ ਹੁੰਦੀ ਹੈ ਪਰੇਸ਼ਾਨੀ
ਇੰਨਾ ਹੀ ਨਹੀਂ, ਕਰਵਟ ਲੈਂਦੇ ਸਮੇਂ ਵੀ ਗਰਦਨ ਨੂੰ ਸਹਾਰੇ ਦੀ ਲੋੜ ਪੈਂਦੀ ਹੈ। ਸੱਜੇ-ਖੱਬੇ ਕਰਵਟ ਲੈਂਦੇ ਸਮੇਂ ਵੀ ਮੋਢੇ ਅਤੇ ਗਰਦਨ ਵਿਚਕਾਰ ਵੱਡਾ ਗੈਪ ਹੋ ਜਾਂਦਾ ਹੈ, ਜਿਸ ਕਾਰਨ ਸਿਰ ਗੱਦੇ ਵੱਲ ਹੇਠਾਂ ਝੁਕ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਗਰਦਨ ਦੀਆਂ ਨਸਾਂ 'ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਹਰ ਰੋਜ਼ ਇਸੇ ਪੁਜ਼ੀਸ਼ਨ 'ਚ ਸੌਣ ਨਾਲ ਨਸਾਂ 'ਚ ਵੀ ਖਿਚਾਅ ਹੋਣ ਲੱਗਦਾ ਹੈ। ਇਹ ਸਰਵਾਈਕਲ ਦੇ ਦਰਦ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਗੰਭੀਰ ਬਣਾ ਸਕਦਾ ਹੈ।
ਕਿਹੋ ਜਿਹਾ ਹੋਣਾ ਚਾਹੀਦਾ ਸਿਰਹਾਣਾ ?
ਗਰਦਨ ਦੇ ਦਰਦ 'ਚ ਰਾਹਤ ਪਾਉਣ ਲਈ ਸੌਣ ਦੀ ਪੁਜ਼ੀਸ਼ਨ ਦਾ ਖਾਸ ਖਿਆਲ ਰੱਖੋ ਅਤੇ ਇੱਥੇ ਦੱਸੀਆਂ ਗੱਲਾਂ 'ਤੇ ਧਿਆਨ ਦਿਓ:
- ਅਜਿਹਾ ਤਕੀਆ ਚੁਣੋ ਜੋ ਨਾ ਤਾਂ ਜ਼ਿਆਦਾ ਉੱਚਾ ਹੋਵੇ ਤੇ ਨਾ ਹੀ ਜ਼ਿਆਦਾ ਚਪਟਾ।
- ਸੌਂਦੇ ਸਮੇਂ ਤੁਹਾਡਾ ਮੱਥਾ ਅਤੇ ਠੋਡੀ ਇਕ ਲੈਵਲ 'ਤੇ ਹੋਣੀ ਚਾਹੀਦੀ ਹੈ।
- ਠੋਡੀ ਦਾ ਛਾਤੀ ਵੱਲ ਦੱਬਣਾ ਮਤਲਬ ਸਿਰਹਾਣਾ ਬਹੁਤ ਉੱਚਾ ਹੈ, ਜਦਕਿ ਸਿਰ ਦਾ ਪਿੱਛੇ ਵੱਲ ਜਾਣਾ ਤਕੀਏ ਦੇ ਜ਼ਿਆਦਾ ਪਤਲੇ ਹੋਣ ਬਾਰੇ ਦੱਸਦਾ ਹੈ।
- ਸਿਰਹਾਣੇ ਦੀ ਮੋਟਾਈ ਗਰਦਨ ਅਤੇ ਮੋਢੇ ਦੇ ਬਾਹਰੀ ਹਿੱਸੇ ਵਿਚਕਾਰ ਦੀ ਦੂਰੀ ਜਿੰਨੀ ਹੋਵੇ ਤਾਂ ਹੋਰ ਬਿਹਤਰ ਹੈ।