ਟਮਾਟਰ-ਕੌਰਨ ਨਹੀਂ, ਇਸ ਸਰਦੀ ਜ਼ਰੂਰ ਟ੍ਰਾਈ ਕਰੋ ਕੈਲਸ਼ੀਅਮ ਨਾਲ ਭਰਪੂਰ ਰਾਗੀ ਸੂਪ; ਸਰੀਰ ਨੂੰ ਅੰਦਰੋਂ ਰੱਖੇਗਾ ਗਰਮ ਇਸ ਸੂਪ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨੂੰ ਪੀਣ ਤੋਂ ਬਾਅਦ ਪੇਟ ਵਿੱਚ ਭਾਰੀਪਣ ਮਹਿਸੂਸ ਨਹੀਂ ਹੁੰਦਾ। ਫਾਈਬਰ ਨਾਲ ਭਰਪੂਰ ਹੋਣ ਕਾਰਨ ਰਾਗੀ ਸੂਪ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਭਾਰ ਘਟਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਵੀ ਇੱਕ ਵਧੀਆ ਹੈ। ਯਾਨੀ ਤੁਸੀਂ ਬਿਨਾਂ ਕਿਸੇ ਫ਼ਿਕਰ ਦੇ ਸਵਾਦ ਅਤੇ ਸਿਹਤ ਦੋਵਾਂ ਦਾ ਆਨੰਦ ਮਾਣ ਸਕਦੇ ਹੋ।
Publish Date: Mon, 09 Nov 2026 03:07 PM (IST)
Updated Date: Mon, 09 Nov 2026 03:08 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ । ਸਰਦੀਆਂ ਸ਼ੁਰੂ ਹੁੰਦੇ ਹੀ ਸਭ ਤੋਂ ਪਹਿਲਾਂ ਜਿਸ ਚੀਜ਼ ਦਾ ਖ਼ਿਆਲ ਆਉਂਦਾ ਹੈ, ਉਹ ਹੈ ਰਜਾਈ ਅਤੇ ਗਰਮਾ-ਗਰਮ ਸੂਪ ਦਾ ਇੱਕ ਪਿਆਲਾ। ਅਕਸਰ ਅਸੀਂ ਸਰਦੀਆਂ ਦੀਆਂ ਸ਼ਾਮਾਂ ਵਿੱਚ ਟਮਾਟਰ ਜਾਂ ਕੌਰਨ ਸੂਪ ਪੀਣਾ ਹੀ ਪਸੰਦ ਕਰਦੇ ਹਾਂ ਅਤੇ ਉਸੇ ਪੁਰਾਣੇ ਸਵਾਦ ਦੇ ਆਦੀ ਹੋ ਜਾਂਦੇ ਹਾਂ।
ਪਰ ਜੇਕਰ ਤੁਸੀਂ ਇਸ ਵਾਰ ਕੁਝ ਨਵਾਂ, ਬੇਹੱਦ ਸਵਾਦਿਸ਼ਟ ਅਤੇ ਸਿਹਤਮੰਦ ਬਣਾਉਣਾ ਚਾਹੁੰਦੇ ਹੋ, ਤਾਂ ਰਾਗੀ ਦਾ ਸੂਪ ਤੁਹਾਡੇ ਲਈ ਇਸ ਸਰਦੀਆਂ ਦੇ ਮੌਸਮ ਵਿੱਚ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ।
ਇਸ ਸੂਪ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨੂੰ ਪੀਣ ਤੋਂ ਬਾਅਦ ਪੇਟ ਵਿੱਚ ਭਾਰੀਪਣ ਮਹਿਸੂਸ ਨਹੀਂ ਹੁੰਦਾ। ਫਾਈਬਰ ਨਾਲ ਭਰਪੂਰ ਹੋਣ ਕਾਰਨ ਰਾਗੀ ਸੂਪ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਭਾਰ ਘਟਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਵੀ ਇੱਕ ਵਧੀਆ ਹੈ। ਯਾਨੀ ਤੁਸੀਂ ਬਿਨਾਂ ਕਿਸੇ ਫ਼ਿਕਰ ਦੇ ਸਵਾਦ ਅਤੇ ਸਿਹਤ ਦੋਵਾਂ ਦਾ ਆਨੰਦ ਮਾਣ ਸਕਦੇ ਹੋ।
ਰਾਗੀ ਸੂਪ ਬਣਾਉਣ ਲਈ ਜ਼ਰੂਰੀ ਸਮੱਗਰੀ ਰਾਗੀ ਦਾ ਆਟਾ: 2 ਤੋਂ 3 ਵੱਡੇ ਚਮਚ
ਦੇਸੀ ਘਿਓ ਜਾਂ ਮੱਖਣ: 1 ਛੋਟਾ ਚਮਚ
ਲਸਣ: 3-4 ਤੁਰੀਆਂ (ਬਾਰੀਕ ਕੱਟੀਆਂ ਹੋਈਆਂ)
ਪਿਆਜ਼: 1 ਛੋਟਾ (ਬਾਰੀਕ ਕੱਟਿਆ ਹੋਇਆ)
ਸਬਜ਼ੀਆਂ: ਅੱਧਾ ਕੱਪ (ਬਾਰੀਕ ਕੱਟੀ ਹੋਈ ਗਾਜਰ, ਫਰੈਂਚ ਬੀਨਜ਼ ਅਤੇ ਸ਼ਿਮਲਾ ਮਿਰਚ)
ਕਾਲੀ ਮਿਰਚ ਪਾਊਡਰ: ਅੱਧਾ ਛੋਟਾ ਚਮਚ (ਸਵਾਦ ਅਨੁਸਾਰ)
ਨਮਕ: ਸਵਾਦ ਅਨੁਸਾਰ
ਹਰਾ ਧਨੀਆ: ਸਜਾਵਟ ਲਈ (ਬਾਰੀਕ ਕੱਟਿਆ ਹੋਇਆ)
ਰਾਗੀ ਸੂਪ ਬਣਾਉਣ ਦੀ ਆਸਾਨ ਵਿਧੀ 1. ਰਾਗੀ ਦਾ ਘੋਲ ਤਿਆਰ ਕਰੋ: ਸਭ ਤੋਂ ਪਹਿਲਾਂ ਇੱਕ ਛੋਟੀ ਕਟੋਰੀ ਵਿੱਚ ਰਾਗੀ ਦਾ ਆਟਾ ਲਓ ਅਤੇ ਇਸ ਵਿੱਚ ਅੱਧਾ ਕੱਪ ਪਾਣੀ ਪਾ ਕੇ ਚਮਚੇ ਨਾਲ ਚੰਗੀ ਤਰ੍ਹਾਂ ਮਿਲਾਓ। ਧਿਆਨ ਰੱਖੋ ਕਿ ਘੋਲ ਵਿੱਚ ਕੋਈ ਗੰਢ ਨਾ ਰਹਿ ਜਾਵੇ। ਇਸ ਘੋਲ ਨੂੰ ਇੱਕ ਪਾਸੇ ਰੱਖ ਦਿਓ।
2. ਲਸਣ ਅਤੇ ਪਿਆਜ਼ ਭੁੰਨੋ: ਹੁਣ ਗੈਸ 'ਤੇ ਇੱਕ ਸੂਪ ਪੈਨ ਜਾਂ ਕੜਾਹੀ ਰੱਖੋ ਅਤੇ ਇਸ ਵਿੱਚ ਘਿਓ ਜਾਂ ਮੱਖਣ ਪਾਓ। ਹਲਕਾ ਗਰਮ ਹੋਣ 'ਤੇ ਬਾਰੀਕ ਕੱਟਿਆ ਹੋਇਆ ਲਸਣ ਪਾਓ ਅਤੇ ਖ਼ੁਸ਼ਬੂ ਆਉਣ ਤੱਕ ਭੁੰਨੋ। ਇਸ ਤੋਂ ਬਾਅਦ ਬਾਰੀਕ ਕੱਟਿਆ ਪਿਆਜ਼ ਪਾਓ ਅਤੇ ਹਲਕਾ ਗੁਲਾਬੀ ਹੋਣ ਤੱਕ ਪਕਾਓ।
3. ਸਬਜ਼ੀਆਂ ਪਾਓ: ਪਿਆਜ਼ ਭੁੰਨਣ ਤੋਂ ਬਾਅਦ ਪੈਨ ਵਿੱਚ ਬਾਰੀਕ ਕੱਟੀਆਂ ਹੋਈਆਂ ਸਬਜ਼ੀਆਂ ਪਾ ਦਿਓ। ਇਨ੍ਹਾਂ ਨੂੰ ਮੱਧਮ ਸੇਕ 'ਤੇ 2 ਤੋਂ 3 ਮਿੰਟ ਤੱਕ ਲਗਾਤਾਰ ਹਿਲਾਉਂਦੇ ਹੋਏ ਭੁੰਨੋ, ਤਾਂ ਜੋ ਸਬਜ਼ੀਆਂ ਦਾ ਕੱਚਾਪਣ ਦੂਰ ਹੋ ਜਾਵੇ ਅਤੇ ਉਨ੍ਹਾਂ ਦਾ ਕਰੰਚੀ ਸਵਾਦ ਵੀ ਬਰਕਰਾਰ ਰਹੇ।
4. ਰਾਗੀ ਦਾ ਘੋਲ ਮਿਲਾਓ: ਹੁਣ ਗੈਸ ਦੀ ਅੱਗ ਹੌਲੀ ਕਰ ਦਿਓ ਅਤੇ ਪੈਨ ਵਿੱਚ ਪਹਿਲਾਂ ਤੋਂ ਤਿਆਰ ਕੀਤਾ ਰਾਗੀ ਦਾ ਘੋਲ ਪਾ ਦਿਓ। ਇਸ ਨੂੰ ਤੁਰੰਤ ਹਿਲਾਉਣਾ ਸ਼ੁਰੂ ਕਰ ਦਿਓ, ਤਾਂ ਜੋ ਇਹ ਪੈਨ ਦੇ ਤਲੇ ਨਾਲ ਨਾ ਚਿਪਕੇ। ਇਸ ਤੋਂ ਬਾਅਦ ਬਾਕੀ ਬਚਿਆ ਪਾਣੀ ਵੀ ਮਿਲਾ ਦਿਓ।
5. ਨਮਕ ਅਤੇ ਕਾਲੀ ਮਿਰਚ ਪਾਓ: ਹੁਣ ਸੂਪ ਵਿੱਚ ਸਵਾਦ ਅਨੁਸਾਰ ਨਮਕ ਅਤੇ ਤਾਜ਼ੀ ਕੁੱਟੀ ਹੋਈ ਕਾਲੀ ਮਿਰਚ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਉਬਾਲ ਆਉਣ ਦਿਓ।
6. ਹੌਲੀ ਅੱਗ 'ਤੇ ਪਕਾਓ: ਉਬਾਲ ਆਉਣ ਤੋਂ ਬਾਅਦ ਸੂਪ ਨੂੰ 5 ਤੋਂ 7 ਮਿੰਟ ਤੱਕ ਹੌਲੀ ਅੱਗ 'ਤੇ ਪਕਣ ਦਿਓ। ਵਿਚਕਾਰ ਇਸ ਨੂੰ ਹਿਲਾਉਂਦੇ ਰਹੋ। ਜਿਵੇਂ-ਜਿਵੇਂ ਸੂਪ ਪਕੇਗਾ, ਇਹ ਹੌਲੀ-ਹੌਲੀ ਗਾੜ੍ਹਾ ਅਤੇ ਕ੍ਰੀਮੀ ਬਣਨ ਲੱਗੇਗਾ।
7. ਹਰੇ ਧਨੀਏ ਨਾਲ ਸਜਾਓ: ਜਦੋਂ ਸੂਪ ਚੰਗੀ ਤਰ੍ਹਾਂ ਗਾੜ੍ਹਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। ਉੱਪਰੋਂ ਬਾਰੀਕ ਕੱਟਿਆ ਹੋਇਆ ਹਰਾ ਧਨੀਆ ਪਾਓ।
ਲਓ ਜੀ, ਤੁਹਾਡਾ ਸਵਾਦਿਸ਼ਟ ਅਤੇ ਸਿਹਤਮੰਦ ਰਾਗੀ ਸੂਪ ਬਿਲਕੁਲ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ ਅਤੇ ਸਰਦੀਆਂ ਵਿੱਚ ਇਸ ਦੇ ਲਾਜਵਾਬ ਸਵਾਦ ਦਾ ਆਨੰਦ ਮਾਣੋ।