ਦੇਸ਼ ਦੀਆਂ ਅੱਧੇ ਨਾਲੋਂ ਜ਼ਿਆਦਾ ਔਰਤਾਂ ਅਨੀਮੀਆ ਦੀਆਂ ਸ਼ਿਕਾਰ, ਦੋ-ਤਿਹਾਈ ਅੱਲ੍ਹੜਾਂ 'ਚ ਵਿਟਾਮਿਨ B12 ਦੀ ਕਮੀ; ICMR ਸਰਵੇਖਣ ਨੇ ਕੀਤਾ ਹੈਰਾਨ
ICMR-ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਦੇ 'ਸੰਪਦਾ' ਸਰਵੇਖਣ (2023-25) ਮੁਤਾਬਕ, 15 ਤੋਂ 49 ਸਾਲ ਦੀਆਂ ਜਿਹੜੀਆਂ ਔਰਤਾਂ ਨਾ ਤਾਂ ਗਰਭਵਤੀ ਹਨ ਅਤੇ ਨਾ ਹੀ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਹਨ, ਉਨ੍ਹਾਂ 'ਚੋਂ 55.9 ਫ਼ੀਸਦੀ ਅਨੀਮੀਆ ਤੋਂ ਪੀੜਤ ਹਨ। ਸੂਬਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਥਿਤੀ 'ਚ ਕਾਫ਼ੀ ਫ਼ਰਕ ਹੈ।
Publish Date: Wed, 25 Nov 2026 04:51 PM (IST)
Updated Date: Wed, 25 Nov 2026 04:54 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦੇਸ਼ ਦੇ 183 ਜ਼ਿਲ੍ਹਿਆਂ 'ਚ 1.7 ਲੱਖ ਤੋਂ ਵੱਧ ਖ਼ੂਨ ਦੇ ਨਮੂਨਿਆਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਏ ਅੰਕੜੇ ਹੈਰਾਨ ਕਰਨ ਵਾਲੇ ਹਨ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਭਾਰਤ 'ਚ ਪੋਸ਼ਣ ਨਾਲ ਜੁੜੀ ਸਭ ਤੋਂ ਵੱਡੀ ਸਮੱਸਿਆ ਸਿਰਫ਼ ਆਇਰਨ ਦੀ ਕਮੀ ਹੈ, ਪਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਨਵੇਂ ਕੌਮੀ ਸਰਵੇਖਣ ਨੇ ਇਸ ਦੀ ਪੂਰੀ ਤਸਵੀਰ ਸਾਹਮਣੇ ਲਿਆਂਦੀ ਹੈ। ਇਸ ਸਰਵੇਖਣ ਮੁਤਾਬਕ, ਭਾਰਤ 'ਚ 15 ਤੋਂ 49 ਸਾਲ ਦੀਆਂ ਅੱਧੇ ਤੋਂ ਵੱਧ ਔਰਤਾਂ ਅਨੀਮੀਆ ਤੋਂ ਪੀੜਤ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਪੋਸ਼ਣ ਦੀ ਇਹ ਸਮੱਸਿਆ ਸਿਰਫ਼ ਇੱਥੋਂ ਤੱਕ ਸੀਮਤ ਹੈ ਤਾਂ ਅਗਲਾ ਅੰਕੜਾ ਹੋਰ ਵੀ ਹੈਰਾਨ ਕਰ ਸਕਦਾ ਹੈ।
ਦੇਸ਼ ਦੇ ਕਰੀਬ ਦੋ-ਤਿਹਾਈ ਕਿਸ਼ੋਰਾਂ 'ਚ ਵਿਟਾਮਿਨ B12 ਦੀ ਕਮੀ ਪਾਈ ਗਈ ਹੈ। ਇਸ ਤੋਂ ਸਪੱਸ਼ਟ ਹੈ ਕਿ ਭਾਰਤ ਸਾਹਮਣੇ ਪੋਸ਼ਣ ਨਾਲ ਜੁੜੀ ਇਹ ਚੁਣੌਤੀ ਸਿਰਫ਼ ਆਇਰਨ ਦੀ ਕਮੀ ਤੱਕ ਸੀਮਤ ਨਹੀਂ ਹੈ।
ਕਿਸ਼ੋਰਾਂ ਅਤੇ ਨੌਜਵਾਨਾਂ 'ਚ ਵਿਟਾਮਿਨ B12 ਦੀ ਭਾਰੀ ਕਮੀ
ਇਸ ਰਿਪੋਰਟ ਦਾ ਸਭ ਤੋਂ ਹੈਰਾਨ ਕਰਨ ਵਾਲਾ ਹਿੱਸਾ ਕਿਸ਼ੋਰਾਂ ਨਾਲ ਜੁੜਿਆ ਹੈ। ਵਿਟਾਮਿਨ B12 ਦੀ ਕਮੀ ਸਭ ਤੋਂ ਵੱਧ ਇਸ ਉਮਰ ਵਰਗ ਦੇ ਲੋਕਾਂ 'ਚ ਦੇਖੀ ਗਈ ਹੈ। ਅੰਕੜਿਆਂ ਮੁਤਾਬਕ, 66.1 ਫ਼ੀਸਦੀ ਕਿਸ਼ੋਰ ਲੜਕਿਆਂ ਅਤੇ 65.4 ਫ਼ੀਸਦੀ ਕਿਸ਼ੋਰ ਲੜਕੀਆਂ 'ਚ ਵਿਟਾਮਿਨ B12 ਦਾ ਪੱਧਰ ਘੱਟ ਪਾਇਆ ਗਿਆ।
ਇਹ ਸਮੱਸਿਆ ਸਿਰਫ਼ ਕਿਸ਼ੋਰਾਂ ਤੱਕ ਹੀ ਸੀਮਤ ਨਹੀਂ ਹੈ। 20 ਤੋਂ 59 ਸਾਲ ਦੀ ਉਮਰ ਦੇ 60.4 ਫ਼ੀਸਦੀ ਮਰਦ ਅਤੇ 15 ਤੋਂ 49 ਸਾਲ ਦੀਆਂ 57.4 ਫ਼ੀਸਦੀ ਔਰਤਾਂ ਵੀ ਇਸ ਦੀ ਲਪੇਟ 'ਚ ਹਨ। ਇਸ ਤੋਂ ਇਲਾਵਾ, 63.1 ਫ਼ੀਸਦੀ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ 51.8 ਫ਼ੀਸਦੀ ਮਾਵਾਂ 'ਚ ਵੀ ਵਿਟਾਮਿਨ B12 ਦੀ ਕਮੀ ਦਰਜ ਕੀਤੀ ਗਈ ਹੈ।
ਔਰਤਾਂ ਤੋਂ ਲੈ ਕੇ ਬੱਚਿਆਂ ਤੱਕ ਅਨੀਮੀਆ ਦੀ ਸਥਿਤੀ
ICMR-ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਦੇ 'ਸੰਪਦਾ' ਸਰਵੇਖਣ (2023-25) ਮੁਤਾਬਕ, 15 ਤੋਂ 49 ਸਾਲ ਦੀਆਂ ਜਿਹੜੀਆਂ ਔਰਤਾਂ ਨਾ ਤਾਂ ਗਰਭਵਤੀ ਹਨ ਅਤੇ ਨਾ ਹੀ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਹਨ, ਉਨ੍ਹਾਂ 'ਚੋਂ 55.9 ਫ਼ੀਸਦੀ ਅਨੀਮੀਆ ਤੋਂ ਪੀੜਤ ਹਨ। ਸੂਬਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਥਿਤੀ 'ਚ ਕਾਫ਼ੀ ਫ਼ਰਕ ਹੈ। ਅੰਡਮਾਨ ਅਤੇ ਨਿਕੋਬਾਰ 'ਚ ਇਹ ਸਮੱਸਿਆ ਸਭ ਤੋਂ ਗੰਭੀਰ ਹੈ, ਜਿੱਥੇ ਇਸ ਉਮਰ ਵਰਗ ਦੀਆਂ 81.2 ਫ਼ੀਸਦੀ ਔਰਤਾਂ ਅਨੀਮੀਆ ਦੀਆਂ ਸ਼ਿਕਾਰ ਹਨ।
ਦੇਸ਼ ਦੇ ਹੋਰ ਉਮਰ ਵਰਗਾਂ 'ਚ ਅਨੀਮੀਆ ਦੀ ਸਥਿਤੀ ਕੁਝ ਇਸ ਤਰ੍ਹਾਂ ਰਹੀ:
- ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ: 58.1 ਫ਼ੀਸਦੀ
- 10 ਤੋਂ 19 ਸਾਲ ਦੀਆਂ ਲੜਕੀਆਂ: 46.3 ਫ਼ੀਸਦੀ
- ਗਰਭਵਤੀ ਔਰਤਾਂ: 43.6 ਫ਼ੀਸਦੀ
- 12 ਤੋਂ 59 ਮਹੀਨੇ ਦੇ ਛੋਟੇ ਬੱਚੇ: 41.8 ਫ਼ੀਸਦੀ
- 5 ਤੋਂ 9 ਸਾਲ ਦੇ ਬੱਚੇ: 31.3 ਫ਼ੀਸਦੀ
- 10 ਤੋਂ 19 ਸਾਲ ਦੇ ਲੜਕੇ: 22.8 ਫ਼ੀਸਦੀ
- 20 ਤੋਂ 59 ਸਾਲ ਦੇ ਮਰਦ: 22 ਫ਼ੀਸਦੀ
ਕੀ ਹਰ ਤਰ੍ਹਾਂ ਦੇ ਅਨੀਮੀਆ ਦਾ ਕਾਰਨ ਸਿਰਫ਼ ਆਇਰਨ ਦੀ ਕਮੀ ਹੈ?
ਇਸ ਸਰਵੇਖਣ ਨੇ ਇਕ ਵੱਡੀ ਗਲਤਫ਼ਹਿਮੀ ਵੀ ਦੂਰ ਕੀਤੀ ਹੈ। 10 ਤੋਂ 19 ਸਾਲ ਦੀਆਂ ਲੜਕੀਆਂ (46.3 ਫ਼ੀਸਦੀ) ਅਤੇ 15 ਤੋਂ 49 ਸਾਲ ਦੀਆਂ ਔਰਤਾਂ (55.9 ਫ਼ੀਸਦੀ) 'ਚ ਅਨੀਮੀਆ ਦੇ ਇੰਨੇ ਜ਼ਿਆਦਾ ਮਾਮਲੇ ਹੋਣ ਦੇ ਬਾਵਜੂਦ, ਇਨ੍ਹਾਂ 'ਚੋਂ ਸਿਰਫ਼ 27 ਫ਼ੀਸਦੀ ਮਾਮਲਿਆਂ 'ਚ ਹੀ ਅਨੀਮੀਆ ਦੇ ਨਾਲ ਆਇਰਨ ਦੀ ਕਮੀ ਵੀ ਪਾਈ ਗਈ।
ਹਾਲਾਂਕਿ, ਵੱਖਰੇ ਤੌਰ 'ਤੇ ਦੇਖਿਆ ਜਾਵੇ ਤਾਂ ਆਇਰਨ ਦੀ ਕਮੀ ਅਜੇ ਵੀ ਕਾਫ਼ੀ ਲੋਕਾਂ 'ਚ ਮੌਜੂਦ ਹੈ। 36.3 ਫ਼ੀਸਦੀ ਕਿਸ਼ੋਰ ਲੜਕੀਆਂ, 15 ਤੋਂ 49 ਸਾਲ ਦੀਆਂ 34.1 ਫ਼ੀਸਦੀ ਔਰਤਾਂ, 29.6 ਫ਼ੀਸਦੀ ਗਰਭਵਤੀ ਔਰਤਾਂ ਅਤੇ 12 ਤੋਂ 59 ਮਹੀਨੇ ਦੇ 23 ਫ਼ੀਸਦੀ ਬੱਚਿਆਂ 'ਚ ਆਇਰਨ ਦੀ ਕਮੀ ਪਾਈ ਗਈ। ਕਿਸ਼ੋਰ ਲੜਕਿਆਂ 'ਚ ਇਹ ਅੰਕੜਾ 10 ਫ਼ੀਸਦੀ ਰਿਹਾ।
ਦੱਸ ਦੇਈਏ ਕਿ ਹਰ ਤਰ੍ਹਾਂ ਦੇ ਅਨੀਮੀਆ ਪਿੱਛੇ ਆਇਰਨ, ਵਿਟਾਮਿਨ B12 ਜਾਂ ਫੋਲੇਟ ਦੀ ਕਮੀ ਹੀ ਜ਼ਿੰਮੇਵਾਰ ਨਹੀਂ ਹੁੰਦੀ। ਥੈਲੇਸੀਮੀਆ, ਸਿਕਲ ਸੈੱਲ ਬਿਮਾਰੀ, ਐਪਲਾਸਟਿਕ ਅਨੀਮੀਆ, ਗੰਭੀਰ ਗੁਰਦਾ ਰੋਗ, ਟੀਬੀ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਵੀ ਅਨੀਮੀਆ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਅਜਿਹੇ ਮਰੀਜ਼ਾਂ ਨੂੰ ਸਿਰਫ਼ ਆਇਰਨ ਸਪਲੀਮੈਂਟ ਦੇਣ ਨਾਲ ਕੋਈ ਫ਼ਾਇਦਾ ਨਹੀਂ ਹੁੰਦਾ।
ਕਿਉਂ ਅਹਿਮ ਹੈ ਇਹ ਸਰਵੇਖਣ?
ਇਸ ਸਾਲ ਦੀ ਸ਼ੁਰੂਆਤ 'ਚ ਜਦੋਂ NFHS-6 ਦੀਆਂ ਫੈਕਟ ਸ਼ੀਟਾਂ ਜਾਰੀ ਕੀਤੀਆਂ ਗਈਆਂ ਸਨ ਤਾਂ ਉਨ੍ਹਾਂ 'ਚ ਅਨੀਮੀਆ ਦੇ ਅੰਕੜੇ ਸ਼ਾਮਲ ਨਹੀਂ ਸਨ। ਉਸ ਸਮੇਂ ਸਰਕਾਰ ਨੇ ਦੱਸਿਆ ਸੀ ਕਿ ਇਸ ਲਈ ICMR ਵੱਲੋਂ ਵੱਖਰਾ ਸਰਵੇਖਣ ਕੀਤਾ ਜਾਵੇਗਾ, ਜਿਸ 'ਚ ਨਾੜੀਆਂ ਤੋਂ ਖ਼ੂਨ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾਵੇਗੀ। ਹੁਣ ਇਸ ਸਰਵੇਖਣ ਨੇ ਉਸੇ ਖਾਲੀ ਥਾਂ ਨੂੰ ਭਰਿਆ ਹੈ।
ਇਸ ਤੋਂ ਪਹਿਲਾਂ NFHS-5 'ਚ 15 ਤੋਂ 49 ਸਾਲ ਦੀਆਂ 57 ਫ਼ੀਸਦੀ ਔਰਤਾਂ 'ਚ ਅਨੀਮੀਆ ਪਾਇਆ ਗਿਆ ਸੀ। ਹਾਲਾਂਕਿ, ਇਨ੍ਹਾਂ ਦੋਵਾਂ ਰਿਪੋਰਟਾਂ ਦੀ ਸਿੱਧੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਦੋਵਾਂ 'ਚ ਜਾਂਚ ਦੇ ਤਰੀਕੇ ਅਤੇ ਸ਼ਾਮਲ ਕੀਤੀਆਂ ਗਈਆਂ ਔਰਤਾਂ ਦੇ ਸਮੂਹ ਵੱਖਰੇ ਸਨ।
ਇਸ ਵੱਡੇ ਕੌਮੀ ਸਰਵੇਖਣ 'ਚ 35 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 183 ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਦੌਰਾਨ 81 ਹਜ਼ਾਰ ਤੋਂ ਵੱਧ ਘਰਾਂ ਤੋਂ ਡਾਟਾ ਇਕੱਠਾ ਕੀਤਾ ਗਿਆ, ਦੋ ਲੱਖ ਤੋਂ ਵੱਧ ਲੋਕਾਂ ਨੂੰ ਸਰਵੇਖਣ 'ਚ ਸ਼ਾਮਲ ਕੀਤਾ ਗਿਆ ਅਤੇ 1.7 ਲੱਖ ਤੋਂ ਵੱਧ ਖ਼ੂਨ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ।