ਮਰਦਾਂ ਨੂੰ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ! ਛਾਤੀ 'ਚ ਦਿਖਾਈ ਦੇਣ ਵਾਲੇ ਇਨ੍ਹਾਂ ਬਦਲਾਵਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼
ਮਰਦਾਂ 'ਚ ਬ੍ਰੈਸਟ ਕੈਂਸਰ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਦੇ ਲੱਛਣਾਂ ਦੀ ਜਲਦੀ ਪਛਾਣ ਕਰਨਾ ਮੁਸ਼ਕਲ ਹੋ ਸਕਦਾ ਹੈ। ਕਈ ਮਾਮਲਿਆਂ 'ਚ ਮਰਦ ਡਾਕਟਰ ਕੋਲ ਜਾਣ ਤੋਂ ਵੀ ਝਿਜਕਦੇ ਹਨ। ਇੱਥੇ ਕੁਝ ਅਜਿਹੇ ਲੱਛਣ ਦੱਸੇ ਗਏ ਹਨ, ਜਿਨ੍ਹਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
Publish Date: Mon, 26 Oct 2026 03:12 PM (IST)
Updated Date: Mon, 26 Oct 2026 03:14 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਔਰਤਾਂ 'ਚ ਬ੍ਰੈਸਟ ਕੈਂਸਰ ਬਾਰੇ ਤਾਂ ਅਕਸਰ ਗੱਲ ਕੀਤੀ ਜਾਂਦੀ ਹੈ, ਪਰ ਮਰਦਾਂ 'ਚ ਇਸ ਕੈਂਸਰ ਨੂੰ ਕਈ ਵਾਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਹਾਲਾਂਕਿ, ਮਰਦਾਂ 'ਚ ਬ੍ਰੈਸਟ ਕੈਂਸਰ ਬਹੁਤ ਹੀ ਦੁਰਲੱਭ ਹੈ ਅਤੇ ਇਹ ਲਗਭਗ 1 ਫ਼ੀਸਦੀ ਮਾਮਲਿਆਂ 'ਚ ਹੀ ਪਾਇਆ ਜਾਂਦਾ ਹੈ, ਪਰ ਇਸ ਦੇ ਲੱਛਣਾਂ ਦੀ ਪਛਾਣ ਕਰਨ 'ਚ ਦੇਰੀ ਸਥਿਤੀ ਨੂੰ ਗੰਭੀਰ ਬਣਾ ਸਕਦੀ ਹੈ। ਅਜਿਹੇ 'ਚ ਮਰਦਾਂ ਲਈ ਵੀ ਇਸ ਜਾਨਲੇਵਾ ਬਿਮਾਰੀ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ।
ਮਰਦਾਂ 'ਚ ਬ੍ਰੈਸਟ ਕੈਂਸਰ ਨੂੰ ਸਮਝੋ
ਮਰਦਾਂ 'ਚ ਨਿੱਪਲ ਦੇ ਹੇਠਾਂ ਬ੍ਰੈਸਟ ਟਿਸ਼ੂ ਬਹੁਤ ਘੱਟ ਮਾਤਰਾ 'ਚ ਹੁੰਦੇ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਟਿਸ਼ੂ ਔਰਤਾਂ ਦੀ ਛਾਤੀ ਵਾਂਗ ਵਿਕਸਤ ਨਹੀਂ ਹੁੰਦੇ, ਇਸ ਦੇ ਬਾਵਜੂਦ ਇਨ੍ਹਾਂ 'ਚ ਬ੍ਰੈਸਟ ਕੈਂਸਰ ਹੋ ਸਕਦਾ ਹੈ। ਜ਼ਿਆਦਾਤਰ ਮਰਦਾਂ 'ਚ ਇਹ ਕੈਂਸਰ ਦੁੱਧ ਦੀਆਂ ਨਲੀਆਂ ਤੋਂ ਸ਼ੁਰੂ ਹੁੰਦਾ ਹੈ, ਜਿਸ ਨੂੰ ਮੈਡੀਕਲ ਭਾਸ਼ਾ 'ਚ ਇਨਵੇਸਿਵ ਡਕਟਲ ਕਾਰਸੀਨੋਮਾ (Invasive Ductal Carcinoma) ਕਿਹਾ ਜਾਂਦਾ ਹੈ।
ਲੱਛਣਾਂ ਦੀ ਕਰੋ ਪਛਾਣ
ਮਰਦਾਂ 'ਚ ਬ੍ਰੈਸਟ ਕੈਂਸਰ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਦੇ ਲੱਛਣਾਂ ਦੀ ਜਲਦੀ ਪਛਾਣ ਕਰਨਾ ਮੁਸ਼ਕਲ ਹੋ ਸਕਦਾ ਹੈ। ਕਈ ਮਾਮਲਿਆਂ 'ਚ ਮਰਦ ਡਾਕਟਰ ਕੋਲ ਜਾਣ ਤੋਂ ਵੀ ਝਿਜਕਦੇ ਹਨ। ਇੱਥੇ ਕੁਝ ਅਜਿਹੇ ਲੱਛਣ ਦੱਸੇ ਗਏ ਹਨ, ਜਿਨ੍ਹਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
- ਬਿਨਾਂ ਦਰਦ ਵਾਲੀ ਗੰਢ ਜਾਂ ਬ੍ਰੈਸਟ ਟਿਸ਼ੂ ਦਾ ਮੋਟਾ ਹੋਣਾ, ਖ਼ਾਸ ਕਰਕੇ ਨਿੱਪਲ ਦੇ ਆਲੇ-ਦੁਆਲੇ।
- ਨਿੱਪਲ 'ਚ ਬਦਲਾਅ, ਜਿਵੇਂ ਕਿ ਉਸ ਦਾ ਅੰਦਰ ਵੱਲ ਧਸਣਾ, ਲਾਲੀ ਪੈਣਾ ਜਾਂ ਪੇਪੜੀ ਜੰਮਣਾ।
- ਨਿੱਪਲ 'ਚੋਂ ਤਰਲ ਪਦਾਰਥ ਨਿਕਲਣਾ, ਖ਼ਾਸ ਕਰਕੇ ਖ਼ੂਨ ਮਿਲਿਆ ਹੋਇਆ ਡਿਸਚਾਰਜ।
- ਕੱਛਾਂ 'ਚ ਸੋਜ ਜਾਂ ਗੰਢ ਬਣਨਾ।
- ਚਮੜੀ 'ਚ ਬਦਲਾਅ, ਜਿਵੇਂ ਕਿ ਟੋਏ ਪੈਣਾ ਜਾਂ ਛਾਲੇ ਬਣਨਾ।
ਇਹ ਵੀ ਸਮਝਣਾ ਜ਼ਰੂਰੀ ਹੈ ਕਿ ਇਨ੍ਹਾਂ ਲੱਛਣਾਂ ਦਾ ਮਤਲਬ ਹਮੇਸ਼ਾ ਕੈਂਸਰ ਹੋਣਾ ਨਹੀਂ ਹੁੰਦਾ। ਸਹੀ ਕਾਰਨ ਜਾਣਨ ਲਈ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
ਮਰਦਾਂ 'ਚ ਕਿਸ ਨੂੰ ਹੈ ਵੱਧ ਖ਼ਤਰਾ?
ਕਈ ਕਾਰਕ ਮਰਦਾਂ 'ਚ ਬ੍ਰੈਸਟ ਕੈਂਸਰ ਦਾ ਖ਼ਤਰਾ ਵਧਾ ਸਕਦੇ ਹਨ। ਇਨ੍ਹਾਂ 'ਚ ਵਧਦੀ ਉਮਰ, ਪਰਿਵਾਰ 'ਚ ਕੈਂਸਰ ਦਾ ਇਤਿਹਾਸ, BRCA1 ਅਤੇ BRCA2 ਵਰਗੇ ਜੈਨੇਟਿਕ ਮਿਊਟੇਸ਼ਨ ਅਤੇ ਪਹਿਲਾਂ ਛਾਤੀ 'ਤੇ ਰੇਡੀਏਸ਼ਨ ਦਾ ਅਸਰ ਪੈਣਾ ਸ਼ਾਮਲ ਹਨ।
ਇਸ ਤੋਂ ਇਲਾਵਾ, ਹਾਰਮੋਨ ਨਾਲ ਸਬੰਧਤ ਸਥਿਤੀਆਂ, ਕਲਾਈਨਫੈਲਟਰ ਸਿੰਡਰੋਮ ਅਤੇ ਜਿਗਰ ਨਾਲ ਜੁੜੀਆਂ ਬਿਮਾਰੀਆਂ, ਜਿਨ੍ਹਾਂ ਕਾਰਨ ਹਾਰਮੋਨ ਦੇ ਪੱਧਰ 'ਤੇ ਅਸਰ ਪੈਂਦਾ ਹੈ, ਮਰਦਾਂ 'ਚ ਬ੍ਰੈਸਟ ਕੈਂਸਰ ਦਾ ਖ਼ਤਰਾ ਵਧਾ ਸਕਦੀਆਂ ਹਨ।
ਕੀ ਹੈ ਇਸ ਦਾ ਇਲਾਜ?
ਇਲਾਜ ਲਈ ਡਾਕਟਰ ਸਭ ਤੋਂ ਪਹਿਲਾਂ ਕਲੀਨਿਕਲ ਜਾਂਚ ਕਰਦੇ ਹਨ। ਇਸ ਤੋਂ ਬਾਅਦ ਮੈਮੋਗ੍ਰਾਫੀ ਜਾਂ ਅਲਟਰਾਸਾਊਂਡ ਵਰਗੇ ਇਮੇਜਿੰਗ ਟੈਸਟ ਕਰਵਾਉਣ ਅਤੇ ਕੈਂਸਰ ਦੀ ਪੁਸ਼ਟੀ ਲਈ ਬਾਇਓਪਸੀ ਦੀ ਸਲਾਹ ਦਿੱਤੀ ਜਾ ਸਕਦੀ ਹੈ।
ਇਲਾਜ ਕੈਂਸਰ ਦੀ ਸਟੇਜ 'ਤੇ ਨਿਰਭਰ ਕਰਦਾ ਹੈ। ਇਸ 'ਚ ਸਰਜਰੀ, ਰੇਡੀਏਸ਼ਨ ਥੈਰੇਪੀ, ਕੀਮੋਥੈਰੇਪੀ, ਹਾਰਮੋਨ ਥੈਰੇਪੀ ਅਤੇ ਟਾਰਗੇਟਿਡ ਟ੍ਰੀਟਮੈਂਟ ਸ਼ਾਮਲ ਹੋ ਸਕਦੇ ਹਨ।
ਮਰਦਾਂ 'ਚ ਬ੍ਰੈਸਟ ਕੈਂਸਰ ਬਾਰੇ ਜਾਗਰੂਕਤਾ ਜ਼ਰੂਰੀ
ਇਹ ਗੱਲ ਧਿਆਨ 'ਚ ਰੱਖੋ ਕਿ ਮਰਦਾਂ 'ਚ ਬ੍ਰੈਸਟ ਕੈਂਸਰ ਭਾਵੇਂ ਦੁਰਲੱਭ ਹੈ, ਪਰ ਇਸ ਕਾਰਨ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਮਰਦਾਂ ਨੂੰ ਸਮਝਣ ਦੀ ਲੋੜ ਹੈ ਕਿ ਛਾਤੀ ਦੀ ਸਿਹਤ ਸਿਰਫ਼ ਔਰਤਾਂ ਦੀ ਚਿੰਤਾ ਦਾ ਵਿਸ਼ਾ ਨਹੀਂ ਹੈ। ਲੱਛਣਾਂ ਦੀ ਸਮੇਂ ਸਿਰ ਪਛਾਣ ਅਤੇ ਡਾਕਟਰੀ ਜਾਂਚ ਇਸ ਦੇ ਇਲਾਜ 'ਚ ਮਦਦਗਾਰ ਸਾਬਤ ਹੋ ਸਕਦੀ ਹੈ।
(ਡਾ. ਸੌਰਭ ਗੁਪਤਾ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਸ਼ਾਲੀਮਾਰ ਬਾਗ ਦੇ ਸਰਜੀਕਲ ਓਨਕੋਲੋਜੀ ਅਤੇ ਰੋਬੋਟਿਕ ਸਰਜਰੀ ਵਿਭਾਗ ਦੇ ਸੀਨੀਅਰ ਡਾਇਰੈਕਟਰ ਅਤੇ ਯੂਨਿਟ ਹੈੱਡ ਹਨ।)