- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
FOMO ਦਾ ਮਤਲਬ ਹੈ ਕਿਸੇ ਚੀਜ਼ ਜਾਂ ਮੌਕੇ ਤੋਂ ਵਾਂਝੇ ਰਹਿ ਜਾਣ ਦਾ ਡਰ, ਜਦਕਿ JOMO ਇਸ ਤੋਂ ਬਿਲਕੁਲ ਉਲਟ ਹੈ। ਇਹ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ’ਚ ਵੀ ਖ਼ੁਸ਼ੀ ਮਹਿਸੂਸ ਕਰਨ ਦੀ ਗੱਲ ਕਰਦਾ ਹੈ, ਜਿਨ੍ਹਾਂ ਨੂੰ ਦੂਜੇ ਲੋਕ ਮਾਣ ਰਹੇ ਹੁੰਦੇ ਹਨ। ਇਸ ਤਰ੍ਹਾਂ JOMO ਦਾ ਪੂਰਾ ਨਾਂ *ਜੌਏ ਆਫ ਮਿਸਿੰਗ ਆਊਟ* ਹੈ। ਇਹ FOMO ਦੀ ਨਕਾਰਾਤਮਕ ਭਾਵਨਾ ਦਾ ਸਕਾਰਾਤਮਕ ਰੂਪ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ :ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਖੋਲ੍ਹਦੇ ਹਾਂ ਤਾਂ ਉੱਥੇ ਲੋਕਾਂ ਨੂੰ ਖ਼ੁਸ਼ੀਆਂ ਮਨਾਉਂਦੇ ਅਤੇ ਮੌਜ-ਮਸਤੀ ਕਰਦੇ ਦੇਖ ਕੇ ਮਨ ’ਚ ਪਿੱਛੇ ਰਹਿ ਜਾਣ ਦੀ ਭਾਵਨਾ ਪੈਦਾ ਹੋਣ ਲੱਗਦੀ ਹੈ। ਜੇਨ-ਜ਼ੀ ਦੀ ਭਾਸ਼ਾ ’ਚ ਇਸ ਭਾਵਨਾ ਨੂੰ FOMO ਯਾਨੀ *ਫੀਅਰ ਆਫ ਮਿਸਿੰਗ ਆਊਟ* ਕਿਹਾ ਜਾਂਦਾ ਹੈ। ਹੁਣ ਜੇਨ-ਜ਼ੀ ਦੀ ਸ਼ਬਦਾਵਲੀ ’ਚ ਇਕ ਹੋਰ ਨਵਾਂ ਸ਼ਬਦ ਜੁੜ ਗਿਆ ਹੈ, ਜਿਸ ਦਾ ਨਾਂ JOMO ਹੈ। ਆਓ ਜਾਣਦੇ ਹਾਂ ਕਿ ਆਖ਼ਰ ਇਹ ਨਵਾਂ ਸ਼ਬਦ ਕਿਸ ਭਾਵਨਾ ਨੂੰ ਦਰਸਾਉਂਦਾ ਹੈ।
ਕੀ ਹੈ JOMO?
FOMO ਦਾ ਮਤਲਬ ਹੈ ਕਿਸੇ ਚੀਜ਼ ਜਾਂ ਮੌਕੇ ਤੋਂ ਵਾਂਝੇ ਰਹਿ ਜਾਣ ਦਾ ਡਰ, ਜਦਕਿ JOMO ਇਸ ਤੋਂ ਬਿਲਕੁਲ ਉਲਟ ਹੈ। ਇਹ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ’ਚ ਵੀ ਖ਼ੁਸ਼ੀ ਮਹਿਸੂਸ ਕਰਨ ਦੀ ਗੱਲ ਕਰਦਾ ਹੈ, ਜਿਨ੍ਹਾਂ ਨੂੰ ਦੂਜੇ ਲੋਕ ਮਾਣ ਰਹੇ ਹੁੰਦੇ ਹਨ। ਇਸ ਤਰ੍ਹਾਂ JOMO ਦਾ ਪੂਰਾ ਨਾਂ *ਜੌਏ ਆਫ ਮਿਸਿੰਗ ਆਊਟ* ਹੈ। ਇਹ FOMO ਦੀ ਨਕਾਰਾਤਮਕ ਭਾਵਨਾ ਦਾ ਸਕਾਰਾਤਮਕ ਰੂਪ ਹੈ।
JOMO ਸਾਨੂੰ ਸਿਖਾਉਂਦਾ ਹੈ ਕਿ ਜਦੋਂ ਅਸੀਂ ਖ਼ੁਦ ਹੀ ਕਿਸੇ ਗਤੀਵਿਧੀ ’ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ ਤਾਂ ਦੂਜਿਆਂ ਨੂੰ ਦੇਖ ਕੇ ਦੁਖੀ ਹੋਣ ਦੀ ਲੋੜ ਨਹੀਂ। ਇਸ ਦੀ ਬਜਾਏ ਆਪਣੇ ਫ਼ੈਸਲੇ ਦਾ ਸਨਮਾਨ ਕਰਦਿਆਂ ਉਸ ’ਚ ਖ਼ੁਸ਼ੀ ਅਤੇ ਸਕੂਨ ਮਹਿਸੂਸ ਕਰਨਾ ਚਾਹੀਦਾ ਹੈ। ਜੇ ਘਰ ਬੈਠ ਕੇ ਤੁਹਾਨੂੰ ਸ਼ਾਂਤੀ ਮਿਲਦੀ ਹੈ ਤਾਂ ਇਸ ਪਲ ਦਾ ਵੀ ਓਨੇ ਹੀ ਉਤਸ਼ਾਹ ਨਾਲ ਆਨੰਦ ਮਾਣੋ, ਜਿੰਨਾ ਕੋਈ ਵਿਅਕਤੀ ਬਾਹਰ ਜਾ ਕੇ ਲੋਕਾਂ ਨਾਲ ਮਿਲਣ-ਜੁਲਣ ਦੌਰਾਨ ਮਾਣਦਾ ਹੈ।
ਜੇਨ-ਜ਼ੀ ਨੇ ਇਕੱਲੇਪਣ ’ਚ ਲੱਭ ਲਈ ਖ਼ੁਸ਼ੀ
ਕਿਹਾ ਜਾਂਦਾ ਹੈ ਕਿ ਨਵੀਂ ਪੀੜ੍ਹੀ ਮਾਨਸਿਕ ਸਿਹਤ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਹੈ। ਅਜਿਹੇ ’ਚ ਜੇਨ-ਜ਼ੀ ਆਪਣੇ ਇਕੱਲੇਪਣ ਨੂੰ ਡਿਪ੍ਰੈਸ਼ਨ ਜਾਂ ਪੈਨਿਕ ਅਟੈਕ ਦਾ ਕਾਰਨ ਬਣਾਉਣ ਦੀ ਬਜਾਏ ਇਕਾਂਤ ’ਚ ਰਹਿ ਕੇ ਖ਼ੁਸ਼ ਰਹਿਣਾ ਚੁਣ ਰਹੀ ਹੈ। ਉਨ੍ਹਾਂ ਨੂੰ ਸਮਝ ਆ ਚੁੱਕੀ ਹੈ ਕਿ ਖ਼ੁਸ਼ ਰਹਿਣ ਦਾ ਮਤਲਬ ਸਿਰਫ਼ ਦੋਸਤਾਂ ਦੇ ਗਰੁੱਪ ਨਾਲ ਘੁੰਮਣਾ-ਫਿਰਨਾ ਨਹੀਂ ਹੈ, ਸਗੋਂ ਆਪਣੇ ਆਪ ਨੂੰ ਮਹੱਤਵ ਦੇਣਾ ਵੀ ਬਹੁਤ ਜ਼ਰੂਰੀ ਹੈ।
ਬੋਰਿੰਗ ਜ਼ਿੰਦਗੀ ਹੀ ਸਭ ਤੋਂ ਮਜ਼ੇਦਾਰ
ਹੁਣ ਜਿਹੜੇ ਲੋਕ ਘਰ ਰਹਿਣਾ ਪਸੰਦ ਕਰਦੇ ਹਨ ਅਤੇ JOMO ਨੂੰ ਅਪਣਾਉਂਦੇ ਹਨ, ਉਨ੍ਹਾਂ ਲਈ ਘਰ ਬੈਠ ਕੇ ਆਰਾਮ ਕਰਨਾ ਬੋਰਿੰਗ ਨਹੀਂ ਹੈ। ਇਹ ਉਨ੍ਹਾਂ ਦਾ ਆਪਣਾ ਸਮਾਂ ਹੁੰਦਾ ਹੈ, ਜਿਸ ਦੌਰਾਨ ਉਹ ਆਪਣੇ ਸ਼ੌਕ ਪੂਰੇ ਕਰਨ ਦੇ ਨਾਲ-ਨਾਲ ਪਸੰਦ ਦਾ ਖਾਣਾ ਵੀ ਖਾ ਸਕਦੇ ਹਨ। ਉਨ੍ਹਾਂ ਲਈ ਇਹ ਸਮਾਂ ਖ਼ੁਦ ਨਾਲ ਜੁੜਨ ਅਤੇ ਆਪਣੀ ਪਸੰਦ ਦੀਆਂ ਚੀਜ਼ਾਂ ਦਾ ਆਨੰਦ ਮਾਣਨ ਦਾ ਮੌਕਾ ਹੈ।
ਸੋਸ਼ਲ ਮੀਡੀਆ ਕਾਰਨ ਵਧਣ ਲੱਗਾ ਸੀ FOMO
ਪਿਛਲੇ ਕੁਝ ਸਾਲਾਂ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਇਸ ਕਾਰਨ ਲੋਕ ਆਨਲਾਈਨ ਵਧੇਰੇ ਸਮਾਂ ਬਿਤਾਉਣ ਅਤੇ ਹਰ ਸਮੇਂ ਉਪਲਬਧ ਰਹਿਣ ਲੱਗੇ ਹਨ। ਦੂਜਿਆਂ ਦੀ ਜੀਵਨਸ਼ੈਲੀ, ਮੁਸਕਰਾਉਂਦੀਆਂ ਤਸਵੀਰਾਂ ਅਤੇ ਛੁੱਟੀਆਂ ਦੌਰਾਨ ਬਿਤਾਏ ਪਲਾਂ ਨੂੰ ਦੇਖ ਕੇ ਆਪਣੀ ਜ਼ਿੰਦਗੀ ਨਾਲ ਤੁਲਨਾ ਕਰਨਾ ਆਦਤ ਬਣ ਗਈ। ਭਾਵੇਂ ਕੈਮਰੇ ਦੇ ਪਿੱਛੇ ਦੀ ਸੱਚਾਈ ਕੁਝ ਵੀ ਹੋਵੇ, ਪਰ ਇਸ ਰੁਝਾਨ ਨੇ ਨਵੀਂ ਪੀੜ੍ਹੀ ਦੀ ਮਾਨਸਿਕ ਸਿਹਤ ’ਤੇ ਕਾਫ਼ੀ ਮਾੜਾ ਅਸਰ ਪਾਇਆ ਹੈ।