- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜਕਰਤਾਵਾਂ ਨੇ 1,097 ਅਜਿਹੇ ਬੱਚਿਆਂ ਦੀ ਸਿਹਤ ਦਾ ਅਧਿਐਨ ਕੀਤਾ, ਜਿਨ੍ਹਾਂ ਦਾ ਜਨਮ ਗਰਭ ਅਵਸਥਾ ਦੀ ਪੂਰੀ ਮਿਆਦ ਤੋਂ ਬਾਅਦ ਹੋਇਆ ਸੀ। ਇਨ੍ਹਾਂ ਬੱਚਿਆਂ ਦੀਆਂ ਮਾਵਾਂ ਸਾਲ 2017 ਤੋਂ 2020 ਦੌਰਾਨ ਉੱਤਰੀ ਕੈਲੀਫੋਰਨੀਆ ਵਿੱਚ ਜੰਗਲਾਂ ਦੀ ਅੱਗ ਲੱਗਣ ਸਮੇਂ ਗਰਭਵਤੀ ਸਨ।

ਕੈਲੀਫੋਰਨੀਆ, ਰਾਇਟਰਜ਼: ਗਰਭ ਅਵਸਥਾ ਦੌਰਾਨ ਹਵਾ ਪ੍ਰਦੂਸ਼ਣ ਅਤੇ ਜੰਗਲਾਂ ਵਿੱਚ ਲੱਗਣ ਵਾਲੀ ਅੱਗ ਦੇ ਧੂੰਏਂ ਦੇ ਸੰਪਰਕ ਵਿੱਚ ਰਹਿਣਾ ਹੋਣ ਵਾਲੇ ਬੱਚੇ ਦੀ ਸਿਹਤ ’ਤੇ ਮਾੜਾ ਅਸਰ ਪਾ ਸਕਦਾ ਹੈ। ਅਮਰੀਕਾ ਦੇ ਕੈਲੀਫੋਰਨੀਆ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਗਰਭ ਅਵਸਥਾ ਦੇ ਵਿਚਕਾਰਲੇ ਅਤੇ ਆਖਰੀ ਮਹੀਨਿਆਂ ਦੌਰਾਨ ਜੰਗਲਾਂ ਦੀ ਅੱਗ ਦੇ ਧੂੰਏਂ ਅਤੇ ਹੋਰ ਹਵਾ ਪ੍ਰਦੂਸ਼ਣ ਦੇ ਸੰਪਰਕ ਵਿੱਚ ਰਹਿਣ ਵਾਲੀਆਂ ਔਰਤਾਂ ਦੇ ਬੱਚਿਆਂ ਵਿੱਚ ਛੋਟੀ ਉਮਰ ਵਿੱਚ ਅਸਥਮਾ ਹੋਣ ਦੀ ਸੰਭਾਵਨਾ ਵਧ ਸਕਦੀ ਹੈ।
ਖੋਜਕਰਤਾਵਾਂ ਅਨੁਸਾਰ, ਬੱਚੇ ਦੇ ਫੇਫੜਿਆਂ ਦਾ ਵਿਕਾਸ ਗਰਭ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਗਰਭ ਅਵਸਥਾ ਦੇ ਕੁਝ ਪੜਾਅ ਪ੍ਰਦੂਸ਼ਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਸਕਦੇ ਹਨ। ਇਹ ਅਧਿਐਨ ਫੀਨਿਕਸ ਵਿੱਚ ਅਮਰੀਕਨ ਕਾਲਜ ਆਫ਼ ਐਲਰਜੀ, ਅਸਥਮਾ ਐਂਡ ਇਮਿਊਨੋਲੋਜੀ ਦੀ ਸਾਲਾਨਾ ਮੀਟਿੰਗ ਵਿੱਚ ਪੇਸ਼ ਕੀਤਾ ਗਿਆ।
1,097 ਬੱਚਿਆਂ ’ਤੇ ਕੀਤਾ ਗਿਆ ਅਧਿਐਨ
ਖੋਜਕਰਤਾਵਾਂ ਨੇ 1,097 ਅਜਿਹੇ ਬੱਚਿਆਂ ਦੀ ਸਿਹਤ ਦਾ ਅਧਿਐਨ ਕੀਤਾ, ਜਿਨ੍ਹਾਂ ਦਾ ਜਨਮ ਗਰਭ ਅਵਸਥਾ ਦੀ ਪੂਰੀ ਮਿਆਦ ਤੋਂ ਬਾਅਦ ਹੋਇਆ ਸੀ। ਇਨ੍ਹਾਂ ਬੱਚਿਆਂ ਦੀਆਂ ਮਾਵਾਂ ਸਾਲ 2017 ਤੋਂ 2020 ਦੌਰਾਨ ਉੱਤਰੀ ਕੈਲੀਫੋਰਨੀਆ ਵਿੱਚ ਜੰਗਲਾਂ ਦੀ ਅੱਗ ਲੱਗਣ ਸਮੇਂ ਗਰਭਵਤੀ ਸਨ। ਅਧਿਐਨ ਵਿੱਚ ਗਰਭ ਅਵਸਥਾ ਦੇ ਵੱਖ-ਵੱਖ ਪੜਾਵਾਂ ਦੌਰਾਨ ਔਰਤਾਂ ਦੇ ਹਵਾ ਪ੍ਰਦੂਸ਼ਣ ਦੇ ਸੰਪਰਕ ਅਤੇ ਬੱਚਿਆਂ ਵਿੱਚ ਅਸਥਮਾ ਹੋਣ ਦੇ ਸਬੰਧਾਂ ਦੀ ਜਾਂਚ ਕੀਤੀ ਗਈ।
ਦੂਜੀ ਅਤੇ ਤੀਜੀ ਤਿਮਾਹੀ ਵਿੱਚ ਵਧੇਰੇ ਖ਼ਤਰਾ
ਅਧਿਐਨ ਵਿੱਚ ਪਾਇਆ ਗਿਆ ਕਿ ਗਰਭ ਅਵਸਥਾ ਦੀ ਦੂਜੀ ਤਿਮਾਹੀ ਦੌਰਾਨ ਹਵਾ ਪ੍ਰਦੂਸ਼ਣ ਦੇ ਬਰੀਕ ਕਣਾਂ ਦੇ ਵਧੇਰੇ ਸੰਪਰਕ ਦਾ ਸਬੰਧ ਬੱਚਿਆਂ ਵਿੱਚ ਛੋਟੀ ਉਮਰ ਵਿੱਚ ਅਸਥਮਾ ਹੋਣ ਨਾਲ ਸੀ। ਉੱਥੇ ਹੀ, ਤੀਜੀ ਤਿਮਾਹੀ ਦੌਰਾਨ ਜੰਗਲਾਂ ਵਿੱਚ ਲੱਗੀ ਅੱਗ ਦੇ ਧੂੰਏਂ ਦੇ ਸੰਪਰਕ ਵਿੱਚ ਰਹਿਣ ਵਾਲੀਆਂ ਔਰਤਾਂ ਦੇ ਬੱਚਿਆਂ ਵਿੱਚ ਵੀ ਅਸਥਮਾ ਹੋਣ ਦੀ ਸੰਭਾਵਨਾ ਵਧੇਰੇ ਦੇਖੀ ਗਈ।
ਇਹ ਬਰੀਕ ਕਣ ਇੰਨੇ ਛੋਟੇ ਹੁੰਦੇ ਹਨ ਕਿ ਸਾਹ ਰਾਹੀਂ ਸਰੀਰ ਦੇ ਅੰਦਰ ਜਾ ਕੇ ਫੇਫੜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਗਰਭ ਅਵਸਥਾ ਦੇ ਇਨ੍ਹਾਂ ਦੋਵਾਂ ਪੜਾਵਾਂ ਦੌਰਾਨ ਪ੍ਰਦੂਸ਼ਣ ਤੋਂ ਬਚਾਅ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੈ ਫੇਫੜਿਆਂ ਦਾ ਵਿਕਾਸ
ਅਧਿਐਨ ਦੀ ਮੁੱਖ ਖੋਜਕਰਤਾ ਅਤੇ ਸੈਕਰਾਮੈਂਟੋ ਸਥਿਤ ਯੂਸੀ ਡੇਵਿਸ ਮੈਡੀਕਲ ਸੈਂਟਰ ਦੀ ਡਾ. ਐਨ ਗੁਯੇਨ ਅਨੁਸਾਰ, ਬੱਚੇ ਦੇ ਫੇਫੜਿਆਂ ਦਾ ਵਿਕਾਸ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਗਰਭ ਅਵਸਥਾ ਦੇ ਕੁਝ ਮਹੀਨੇ ਜੰਗਲਾਂ ਦੀ ਅੱਗ ਦੇ ਧੂੰਏਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਸਕਦੇ ਹਨ।
ਹਾਲਾਂਕਿ, ਖੋਜ ਵਿੱਚ ਪ੍ਰਦੂਸ਼ਣ ਅਤੇ ਅਸਥਮਾ ਵਿਚਕਾਰ ਸਬੰਧ ਸਾਹਮਣੇ ਆਇਆ ਹੈ, ਪਰ ਇਸ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਜੰਗਲਾਂ ਦੀ ਅੱਗ ਦਾ ਧੂੰਆਂ ਸਿੱਧੇ ਤੌਰ ’ਤੇ ਅਸਥਮਾ ਦਾ ਕਾਰਨ ਬਣਦਾ ਹੈ।
ਧੂੰਏਂ ਵਾਲੇ ਦਿਨਾਂ ਵਿੱਚ ਵਰਤੋ ਸਾਵਧਾਨੀ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਕੰਟਰੋਲ ਨਹੀਂ ਕਰ ਸਕਦੀਆਂ, ਪਰ ਧੂੰਏਂ ਦੇ ਸੰਪਰਕ ਨੂੰ ਘੱਟ ਕਰਨ ਲਈ ਕੁਝ ਸਾਵਧਾਨੀਆਂ ਜ਼ਰੂਰ ਵਰਤ ਸਕਦੀਆਂ ਹਨ।
ਅਜਿਹੇ ਦਿਨਾਂ ਵਿੱਚ ਘਰ ਦੇ ਅੰਦਰ ਰਹਿਣਾ, ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣਾ ਅਤੇ ਏਅਰ ਪਿਊਰੀਫਾਇਰ ਦੀ ਵਰਤੋਂ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਇਸ ਨਾਲ ਸਾਹ ਰਾਹੀਂ ਸਰੀਰ ਵਿੱਚ ਜਾਣ ਵਾਲੇ ਧੂੰਏਂ ਅਤੇ ਪ੍ਰਦੂਸ਼ਣ ਦੀ ਮਾਤਰਾ ਘਟਾਈ ਜਾ ਸਕਦੀ ਹੈ। ਮਾਹਿਰਾਂ ਅਨੁਸਾਰ, ਗਰਭ ਅਵਸਥਾ ਦੌਰਾਨ ਪ੍ਰਦੂਸ਼ਣ ਤੋਂ ਬਚਾਅ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਲਈ ਮਹੱਤਵਪੂਰਨ ਹੈ।