
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੋਜਕਾਰਾਂ ਨੇ ਵੈਨਿਸ਼ਿੰਗ ਵ੍ਹਾਈਟ ਮੈਟਰ ਤੋਂ ਪੀੜਤ ਉਨ੍ਹਾਂ ਬੱਚਿਆਂ ’ਤੇ ਨਜ਼ਰ ਰੱਖੀ ਜਿਨ੍ਹਾਂ ਨੂੰ ਗੁਆਨਾਬੇਂਜ਼ ਦਵਾਈ ਦਿੱਤੀ ਗਈ ਸੀ। ਉਨ੍ਹਾਂ ਨੇ ਤਿੰਨ ਸਾਲਾਂ ਤੱਕ ਉਨ੍ਹਾਂ ਦੀ ਬਿਮਾਰੀ ਦੇ ਵਧਣ ਦੀ ਰਫ਼ਤਾਰ ਦੀ ਤੁਲਨਾ ਇਕ ਇੰਟਰਨੈਸ਼ਨਲ ਰਜਿਸਟਰੀ ’ਚ ਸ਼ਾਮਲ 66 ਅਜਿਹੇ ਬੱਚਿਆਂ ਨਾਲ ਕੀਤੀ, ਜਿਨ੍ਹਾਂ ਨੂੰ ਇਹ ਦਵਾਈ ਨਹੀਂ ਦਿੱਤੀ ਗਈ ਸੀ ਤੇ ਜਿਨ੍ਹਾਂ ਦੀ ਬਿਮਾਰੀ ਦੀ ਗੰਭੀਰਤਾ ਵੀ ਉਸੇ ਤਰ੍ਹਾਂ ਦੀ ਸੀ

ਆਈਏਐੱਨਐੱਸ: ਨੀਦਰਲੈਂਡਜ਼ ’ਚ ਐਮਸਟਰਡਮ ਯੂਨੀਵਰਸਿਟੀ ਮੈਡੀਕਲ ਸੈਂਟਰਜ਼ ਦੀ ਅਗਵਾਈ ’ਚ ਹੋਈ ਖੋਜ ਮੁਤਾਬਕ, ਬਲੱਡ ਪ੍ਰੈਸ਼ਰ ਦੀ ਇਕ ਮੌਜੂਦਾ ਦਵਾਈ ਬੱਚਿਆਂ ’ਚ ਦਿਮਾਗ ਦੀ ਜਾਨਲੇਵਾ ਬਿਮਾਰੀ ਦੇ ਵਧਣ ਦੀ ਰਫ਼ਤਾਰ ਨੂੰ ਮੱਠੀ ਕਰ ਸਕਦੀ ਹੈ। ਇਹ ਖੋਜ ‘ਦਿ ਲੈਂਸੇਟ ਨਿਊਰੋਲਾਜੀ’ ਦੇ ਤਾਜ਼ਾ ਅੰਕ ’ਚ ਪ੍ਰਕਾਸ਼ਿਤ ਹੋਈ ਹੈ। ਇਸ ’ਚ ਵੈਨਿਸ਼ਿੰਗ ਵ੍ਹਾਈਟ ਮੈਟਰ ’ਤੇ ਗੁਆਨਾਬੇਂਜ਼ ਦੇ ਅਸਰ ਦੀ ਜਾਂਚ ਕੀਤੀ ਗਈ। ਵੈਨਿਸ਼ਿੰਗ ਵ੍ਹਾਈਟ ਮੈਟਰ ਦਿਮਾਗ ਨਾਲ ਜੁੜੀ ਇਕ ਜਾਨਲੇਵਾ ਅਤੇ ਪਿਤਾ-ਪੁਰਖੀ ਬਿਮਾਰੀ ਹੈ ਜੋ ਮੁੱਖ ਤੌਰ ’ਤੇ ਇਕ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ।
ਖੋਜਕਾਰਾਂ ਨੇ ਵੈਨਿਸ਼ਿੰਗ ਵ੍ਹਾਈਟ ਮੈਟਰ ਤੋਂ ਪੀੜਤ ਉਨ੍ਹਾਂ ਬੱਚਿਆਂ ’ਤੇ ਨਜ਼ਰ ਰੱਖੀ ਜਿਨ੍ਹਾਂ ਨੂੰ ਗੁਆਨਾਬੇਂਜ਼ ਦਵਾਈ ਦਿੱਤੀ ਗਈ ਸੀ। ਉਨ੍ਹਾਂ ਨੇ ਤਿੰਨ ਸਾਲਾਂ ਤੱਕ ਉਨ੍ਹਾਂ ਦੀ ਬਿਮਾਰੀ ਦੇ ਵਧਣ ਦੀ ਰਫ਼ਤਾਰ ਦੀ ਤੁਲਨਾ ਇਕ ਇੰਟਰਨੈਸ਼ਨਲ ਰਜਿਸਟਰੀ ’ਚ ਸ਼ਾਮਲ 66 ਅਜਿਹੇ ਬੱਚਿਆਂ ਨਾਲ ਕੀਤੀ, ਜਿਨ੍ਹਾਂ ਨੂੰ ਇਹ ਦਵਾਈ ਨਹੀਂ ਦਿੱਤੀ ਗਈ ਸੀ ਤੇ ਜਿਨ੍ਹਾਂ ਦੀ ਬਿਮਾਰੀ ਦੀ ਗੰਭੀਰਤਾ ਵੀ ਉਸੇ ਤਰ੍ਹਾਂ ਦੀ ਸੀ। ਉਨ੍ਹਾਂ ਨੇ ਦੇਖਿਆ ਕਿ ਗੁਆਨਾਬੇਂਜ਼ ਨਾਲ ਇਲਾਜ ਕਰਵਾਉਣ ਵਾਲੇ ਬੱਚੇ, ਤੁਲਨਾ ਵਾਲੇ ਗਰੁੱਪ ਦੇ ਬੱਚਿਆਂ ਦੇ ਮੁਕਾਬਲੇ ਘੱਟ ਵਾਰ ਵ੍ਹੀਲਚੇਅਰ ’ਤੇ ਨਿਰਭਰ ਹੋਏ। ਖੋਜਕਾਰ ਮਾਰਜੋ ਵੈਨ ਡੇਰ ਨੈਪ ਨੇ ਕਿਹਾ ਕਿ ਇਸ ਨਾਲ ਪਹਿਲੀ ਵਾਰ ਪਤਾ ਲੱਗਾ ਹੈ ਕਿ ਬੱਚਿਆਂ ’ਚ ਹੋਣ ਵਾਲੀ ਇਸ ਜਾਨਲੇਵਾ ਦਿਮਾਗੀ ਬਿਮਾਰੀ ’ਤੇ ਅਸਰ ਪਾਇਆ ਜਾ ਸਕਦਾ ਹੈ। ਗੁਆਨਾਬੇਂਜ਼ ਨਾਲ ਇਲਾਜ ਕੀਤੇ ਗਏ ਬੱਚਿਆਂ ’ਚੋਂ ਕੋਈ ਵੀ ਖੋਜ ਦੌਰਾਨ ਨਹੀਂ ਮਰਿਆ, ਜਦਕਿ ਤੁਲਨਾ ਵਾਲੇ ਗਰੁੱਪ ਦੇ 66 ਬੱਚਿਆਂ ’ਚੋਂ ਪੰਜ ਦੀ ਮੌਤ ਹੋ ਗਈ। ਇਲਾਜ ਦੇ ਸ਼ੁਰੂਆਤੀ ਕੁਝ ਮਹੀਨਿਆਂ ’ਚ ਹੀ ਭਰਮ, ਸੁਸਤੀ, ਕਬਜ਼ ਤੇ ਬਲੱਡ ਪ੍ਰੈਸ਼ਰ ਘੱਟ ਹੋਣ ਵਰਗੇ ਮਾੜੇ ਪ੍ਰਭਾਵ ਦੇਖੇ ਗਏ। ਚਾਰ ਤੋਂ ਛੇ ਮਹੀਨਿਆਂ ਬਾਅਦ, ਬੱਚੇ ਆਮ ਤੌਰ ’ਤੇ ਦਵਾਈ ਨੂੰ ਚੰਗੀ ਤਰ੍ਹਾਂ ਸਹਿਣ ਕਰ ਸਕੇ।