- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਲੋਵੇਰਾ ਵਿੱਚ ਐਂਟੀਆਕਸੀਡੈਂਟ ਅਤੇ ਸੋਜ ਘਟਾਉਣ ਵਾਲੇ ਗੁਣ ਪਾਏ ਜਾਂਦੇ ਹਨ, ਜੋ ਡੈਂਡਰਫ ਘਟਾਉਣ ਅਤੇ ਵਾਲਾਂ ਨੂੰ ਨਮੀ ਦੇਣ ਵਿੱਚ ਮਦਦ ਕਰ ਸਕਦੇ ਹਨ। ਤਾਜ਼ੇ ਐਲੋਵੇਰਾ ਜੈੱਲ ਨੂੰ 20 ਮਿੰਟ ਤੱਕ ਸਿਰ ਦੀ ਚਮੜੀ ’ਤੇ ਲਗਾਉਣ ਤੋਂ ਬਾਅਦ ਵਾਲ ਧੋ ਲਓ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜਕੱਲ੍ਹ ਵਾਲਾਂ ਦਾ ਪਤਲਾ ਹੋਣਾ, ਟੁੱਟਣਾ ਅਤੇ ਕਮਜ਼ੋਰ ਹੋਣਾ ਆਮ ਸਮੱਸਿਆ ਬਣ ਚੁੱਕੀ ਹੈ। ਖ਼ਰਾਬ ਜੀਵਨਸ਼ੈਲੀ, ਤਣਾਅ, ਪੋਸ਼ਕ ਤੱਤਾਂ ਦੀ ਕਮੀ ਅਤੇ ਜ਼ਿਆਦਾ ਕੈਮੀਕਲ ਵਾਲੇ ਹੇਅਰ ਪ੍ਰੋਡਕਟ ਇਸ ਦੇ ਮੁੱਖ ਕਾਰਨ ਹਨ। ਪਰ ਕੁਝ ਕੁਦਰਤੀ ਤਰੀਕੇ ਅਜਿਹੇ ਵੀ ਹਨ, ਜਿਨ੍ਹਾਂ ਦੇ ਫ਼ਾਇਦਿਆਂ ਨੂੰ ਵਿਗਿਆਨਕ ਖੋਜਾਂ ਵਿੱਚ ਵੀ ਮਾਨਤਾ ਮਿਲੀ ਹੈ। ਆਓ ਜਾਣਦੇ ਹਾਂ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਸਿਹਤ ਸੁਧਾਰਨ ਦੇ ਕੁਝ ਤਰੀਕਿਆਂ ਬਾਰੇ :
ਪ੍ਰੋਟੀਨ ਨਾਲ ਭਰਪੂਰ ਖੁਰਾਕ ਲਓ
ਪ੍ਰੋਟੀਨ ਦੀ ਕਮੀ ਕਾਰਨ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ। ਇਸ ਲਈ ਆਪਣੀ ਖੁਰਾਕ ਵਿੱਚ ਦਾਲਾਂ, ਪਨੀਰ, ਆਂਡੇ, ਦਹੀਂ, ਸੋਇਆ, ਸੁੱਕੇ ਮੇਵੇ ਅਤੇ ਬੀਨਜ਼ ਸ਼ਾਮਲ ਕਰੋ। ਖੋਜਾਂ ਅਨੁਸਾਰ, ਲੋੜੀਂਦੀ ਮਾਤਰਾ ਵਿੱਚ ਪ੍ਰੋਟੀਨ ਲੈਣ ਨਾਲ ਵਾਲਾਂ ਦੇ ਵਾਧੇ ਨੂੰ ਸਹਾਰਾ ਮਿਲਦਾ ਹੈ ਅਤੇ ਵਾਲਾਂ ਦਾ ਝੜਨਾ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
ਆਇਰਨ ਅਤੇ ਬਾਇਓਟਿਨ ਵੱਲ ਦਿਓ ਧਿਆਨ
ਆਇਰਨ ਅਤੇ ਬਾਇਓਟਿਨ ਦੀ ਕਮੀ ਕਾਰਨ ਵਾਲ ਪਤਲੇ ਅਤੇ ਕਮਜ਼ੋਰ ਹੋ ਸਕਦੇ ਹਨ। ਪਾਲਕ, ਚੁਕੰਦਰ, ਅਨਾਰ ਅਤੇ ਗੁੜ ਵਰਗੇ ਕੁਦਰਤੀ ਭੋਜਨ ਆਇਰਨ ਦੇ ਸਰੋਤ ਹਨ। ਇਸੇ ਤਰ੍ਹਾਂ ਅੰਡੇ, ਬਦਾਮ ਅਤੇ ਸ਼ਕਰਕੰਦੀ ਵਿੱਚ ਬਾਇਓਟਿਨ ਪਾਇਆ ਜਾਂਦਾ ਹੈ।
ਨਾਰੀਅਲ ਤੇਲ ਨਾਲ ਸਕੈਲਪ ਦੀ ਮਾਲਿਸ਼ ਕਰੋ
ਨਾਰੀਅਲ ਤੇਲ ਵਾਲਾਂ ਵਿੱਚ ਪ੍ਰੋਟੀਨ ਦੀ ਕਮੀ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ਲਈ ਹਲਕੇ ਗੁਨਗੁਨੇ ਤੇਲ ਨਾਲ ਹਫ਼ਤੇ ਵਿੱਚ ਦੋ ਵਾਰ ਸਿਰ ਦੀ ਮਾਲਿਸ਼ ਕਰੋ। ਇਸ ਨਾਲ ਖੋਪੜੀ ਦੀ ਮਾਲਿਸ਼ ਹੁੰਦੀ ਹੈ ਅਤੇ ਵਾਲਾਂ ਨੂੰ ਨਮੀ ਮਿਲਦੀ ਹੈ।
ਐਲੋਵੇਰਾ ਦੀ ਵਰਤੋਂ ਕਰੋ
ਐਲੋਵੇਰਾ ਵਿੱਚ ਐਂਟੀਆਕਸੀਡੈਂਟ ਅਤੇ ਸੋਜ ਘਟਾਉਣ ਵਾਲੇ ਗੁਣ ਪਾਏ ਜਾਂਦੇ ਹਨ, ਜੋ ਡੈਂਡਰਫ ਘਟਾਉਣ ਅਤੇ ਵਾਲਾਂ ਨੂੰ ਨਮੀ ਦੇਣ ਵਿੱਚ ਮਦਦ ਕਰ ਸਕਦੇ ਹਨ। ਤਾਜ਼ੇ ਐਲੋਵੇਰਾ ਜੈੱਲ ਨੂੰ 20 ਮਿੰਟ ਤੱਕ ਸਿਰ ਦੀ ਚਮੜੀ ’ਤੇ ਲਗਾਉਣ ਤੋਂ ਬਾਅਦ ਵਾਲ ਧੋ ਲਓ।
ਤਣਾਅ ਘਟਾਓ
ਵਿਗਿਆਨਕ ਅਧਿਐਨਾਂ ਅਨੁਸਾਰ, ਤਣਾਅ ਨਾਲ ਜੁੜੇ ਹਾਰਮੋਨ ਵਾਲਾਂ ਦੇ ਵਧਣ ਦੇ ਚੱਕਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਯੋਗਾ, ਮੈਡੀਟੇਸ਼ਨ, ਲੋੜੀਂਦੀ ਨੀਂਦ ਅਤੇ ਨਿਯਮਤ ਕਸਰਤ ਰਾਹੀਂ ਤਣਾਅ ਘਟਾ ਕੇ ਵਾਲਾਂ ਦੀ ਸਿਹਤ ਸੁਧਾਰਨ ਵਿੱਚ ਮਦਦ ਮਿਲ ਸਕਦੀ ਹੈ।
ਜ਼ਿਆਦਾ ਹੀਟ ਅਤੇ ਕੈਮੀਕਲ ਤੋਂ ਬਚੋ
ਵਾਰ-ਵਾਰ ਵਾਲਾਂ ਨੂੰ ਸਟ੍ਰੇਟ ਕਰਨਾ, ਕਲਰ ਕਰਨਾ ਅਤੇ ਹੀਟ ਸਟਾਈਲਿੰਗ ਕਰਨਾ ਉਨ੍ਹਾਂ ਨੂੰ ਕਮਜ਼ੋਰ ਬਣਾ ਸਕਦਾ ਹੈ। ਇਸ ਲਈ ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਸੁਕਾਉਣਾ ਅਤੇ ਹਲਕੇ ਸ਼ੈਂਪੂ ਦੀ ਵਰਤੋਂ ਕਰਨਾ ਬਿਹਤਰ ਆਪਸ਼ਨ ਹੈ।
ਮੇਥੀ ਅਤੇ ਆਂਵਲੇ ਦੀ ਵਰਤੋਂ ਕਰੋ
ਮੇਥੀ ਦੇ ਦਾਣਿਆਂ ਵਿੱਚ ਪ੍ਰੋਟੀਨ ਅਤੇ ਨਿਕੋਟਿਨਿਕ ਐਸਿਡ ਹੁੰਦਾ ਹੈ, ਜੋ ਵਾਲਾਂ ਦੀ ਸਿਹਤ ਲਈ ਫ਼ਾਇਦੇਮੰਦ ਹੋ ਸਕਦਾ ਹੈ। ਉੱਥੇ ਹੀ ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਕੋਲਾਜਨ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ। ਇਨ੍ਹਾਂ ਦੀ ਵਰਤੋਂ ਨਾਲ ਵਾਲਾਂ ਦੀ ਮਜ਼ਬੂਤੀ ਅਤੇ ਸਿਹਤ ਨੂੰ ਫ਼ਾਇਦਾ ਹੋ ਸਕਦਾ ਹੈ।
ਡਿਸਕਲੇਮਰ :ਹਰ ਵਿਅਕਤੀ ਦੇ ਵਾਲਾਂ ਦੀ ਕਿਸਮ ਵੱਖਰੀ ਹੁੰਦੀ ਹੈ, ਇਸ ਲਈ ਇਨ੍ਹਾਂ ਤਰੀਕਿਆਂ ਦੇ ਨਤੀਜੇ ਵੀ ਵੱਖਰੇ ਹੋ ਸਕਦੇ ਹਨ। ਕਿਸੇ ਵੀ ਚੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ। ਜੇਕਰ ਤੁਹਾਨੂੰ ਵਾਲਾਂ ਨਾਲ ਸਬੰਧਤ ਕੋਈ ਸਮੱਸਿਆ ਹੈ ਤਾਂ ਮਾਹਿਰ ਦੀ ਸਲਾਹ ਜ਼ਰੂਰ ਲਓ।