ਕੁਝ ਬੱਚਿਆਂ ਵਿੱਚ ਇਸ ਦੇ ਲੱਛਣ ਬਹੁਤ ਛੋਟੀ ਉਮਰ ਵਿੱਚ ਦਿਖਣ ਲੱਗਦੇ ਹਨ, ਜਦੋਂ ਕਿ ਕੁਝ ਵਿੱਚ ਸਕੂਲ ਜਾਣ ਦੀ ਉਮਰ ਤੱਕ ਸਪੱਸ਼ਟ ਨਹੀਂ ਹੁੰਦੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਆਟਿਜ਼ਮ ਸਪੈਕਟ੍ਰਮ ਡਿਸਆਰਡਰ (Autism Spectrum Disorder) ਇੱਕ ਵਿਕਾਸਾਤਮਕ ਸਥਿਤੀ ਹੈ, ਜੋ ਦਿਮਾਗ ਦੇ ਵਿਕਾਸ ਵਿੱਚ ਤਬਦੀਲੀ ਕਾਰਨ ਹੁੰਦੀ ਹੈ। ਇਸ ਦਾ ਅਸਰ ਬੱਚਿਆਂ ਦੇ ਗੱਲਬਾਤ ਕਰਨ ਅਤੇ ਦੂਜਿਆਂ ਨਾਲ ਮੇਲ-ਜੋਲ ਰੱਖਣ ਦੇ ਤਰੀਕੇ 'ਤੇ ਪੈਂਦਾ ਹੈ। ਮਾਪਿਆਂ ਵਜੋਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਟਿਜ਼ਮ ਦੇ ਲੱਛਣ ਹਰ ਬੱਚੇ ਵਿੱਚ ਵੱਖ-ਵੱਖ ਹੋ ਸਕਦੇ ਹਨ।
ਕੁਝ ਬੱਚਿਆਂ ਵਿੱਚ ਇਸ ਦੇ ਲੱਛਣ ਬਹੁਤ ਛੋਟੀ ਉਮਰ ਵਿੱਚ ਦਿਖਣ ਲੱਗਦੇ ਹਨ, ਜਦੋਂ ਕਿ ਕੁਝ ਵਿੱਚ ਸਕੂਲ ਜਾਣ ਦੀ ਉਮਰ ਤੱਕ ਸਪੱਸ਼ਟ ਨਹੀਂ ਹੁੰਦੇ। ਸਮੇਂ ਸਿਰ ਇਸ ਦੀ ਪਛਾਣ ਕਰਨਾ ਬੱਚੇ ਦੇ ਬਿਹਤਰ ਭਵਿੱਖ ਲਈ ਬੇਹੱਦ ਜ਼ਰੂਰੀ ਹੈ। ਆਓ ਜਾਣਦੇ ਹਾਂ ਵੱਖ-ਵੱਖ ਉਮਰ ਦੇ ਬੱਚਿਆਂ ਵਿੱਚ ਆਟਿਜ਼ਮ ਦੇ ਮੁੱਖ ਸੰਕੇਤ ਕੀ ਹਨ:
ਛੋਟੇ ਬੱਚਿਆਂ ਵਿੱਚ ਸ਼ੁਰੂਆਤੀ ਸੰਕੇਤ
ਸ਼ਿਸ਼ੂਆਂ ਅਤੇ ਟੌਡਲਰਾਂ ਵਿੱਚ ਆਟਿਜ਼ਮ ਦੇ ਲੱਛਣ ਅਕਸਰ ਉਨ੍ਹਾਂ ਦੇ ਸਮਾਜਿਕ ਵਿਵਹਾਰ ਨਾਲ ਜੁੜੇ ਹੁੰਦੇ ਹਨ, ਜਿਵੇਂ:
ਨਾਂ ਲੈਣ 'ਤੇ ਹੁੰਗਾਰਾ ਨਾ ਦੇਣਾ: ਆਮ ਤੌਰ 'ਤੇ ਬੱਚੇ ਆਪਣਾ ਨਾਂ ਪੁਕਾਰਨ 'ਤੇ ਮੁੜ ਕੇ ਦੇਖਦੇ ਹਨ, ਪਰ ਆਟਿਸਟਿਕ ਬੱਚੇ ਅਕਸਰ ਇਸ ਨੂੰ ਅਣਸੁਣਾ ਕਰ ਦਿੰਦੇ ਹਨ।
ਅੱਖਾਂ ਨਾ ਮਿਲਾਉਣਾ (Eye Contact): ਗੱਲ ਕਰਦੇ ਸਮੇਂ ਜਾਂ ਖੇਡਦੇ ਸਮੇਂ ਅੱਖਾਂ ਵਿੱਚ ਅੱਖਾਂ ਪਾ ਕੇ ਨਾ ਦੇਖਣਾ ਇੱਕ ਅਹਿਮ ਸੰਕੇਤ ਹੈ।
ਘੱਟ ਮੁਸਕਰਾਉਣਾ: ਜੇਕਰ ਤੁਸੀਂ ਬੱਚੇ ਨੂੰ ਦੇਖ ਕੇ ਮੁਸਕਰਾਉਂਦੇ ਹੋ ਅਤੇ ਉਹ ਬਦਲੇ ਵਿੱਚ ਕੋਈ ਪ੍ਰਤੀਕਿਰਿਆ ਜਾਂ ਮੁਸਕਾਨ ਨਹੀਂ ਦਿੰਦਾ, ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।
ਸੈਂਸਰੀ ਸੈਂਸੀਟਿਵਿਟੀ: ਕਿਸੇ ਖ਼ਾਸ ਆਵਾਜ਼, ਗੰਧ ਜਾਂ ਸੁਆਦ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਣਾ ਜਾਂ ਰੋਣ ਲੱਗਣਾ।
ਹਰਕਤਾਂ ਦੁਹਰਾਉਣਾ: ਆਪਣੇ ਹੱਥਾਂ ਨੂੰ ਫੜਫੜਾਉਣਾ, ਉਂਗਲਾਂ ਚਟਕਾਉਣਾ ਜਾਂ ਸਰੀਰ ਨੂੰ ਵਾਰ-ਵਾਰ ਅੱਗੇ-ਪਿੱਛੇ ਝੁਲਾਉਣਾ।
ਬਹੁਤ ਘੱਟ ਬੋਲਣਾ: ਆਪਣੀ ਉਮਰ ਦੇ ਹੋਰ ਬੱਚਿਆਂ ਦੀ ਤੁਲਨਾ ਵਿੱਚ ਘੱਟ ਬੋਲਣਾ ਜਾਂ ਬਿਲਕੁਲ ਨਾ ਬੋਲਣਾ।
ਕਾਲਪਨਿਕ ਖੇਡ ਦੀ ਕਮੀ: ਰੋਲਪਲੇਅ ਵਾਲੀਆਂ ਖੇਡਾਂ, ਜਿਵੇਂ ਗੁੱਡੀ-ਪਟੋਲੇ ਜਾਂ ਕਿਚਨ ਸੈੱਟ ਆਦਿ ਵਿੱਚ ਕੋਈ ਦਿਲਚਸਪੀ ਨਾ ਦਿਖਾਉਣਾ।
ਵੱਡੇ ਬੱਚਿਆਂ ਵਿੱਚ ਆਟਿਜ਼ਮ ਦੇ ਲੱਛਣ
ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਸਮਾਜਿਕ ਵਿਵਹਾਰ ਅਤੇ ਗੱਲਬਾਤ ਵਿੱਚ ਚੁਣੌਤੀਆਂ ਜ਼ਿਆਦਾ ਸਪੱਸ਼ਟ ਹੋਣ ਲੱਗਦੀਆਂ ਹਨ:
ਭਾਵਨਾਵਾਂ ਨੂੰ ਸਮਝਣ ਵਿੱਚ ਮੁਸ਼ਕਲ: ਦੂਜਿਆਂ ਦੇ ਹਾਵ-ਭਾਵ ਜਾਂ ਉਹ ਕੀ ਮਹਿਸੂਸ ਕਰ ਰਹੇ ਹਨ, ਇਸ ਨੂੰ ਸਮਝਣ ਵਿੱਚ ਉਨ੍ਹਾਂ ਨੂੰ ਦਿੱਕਤ ਹੁੰਦੀ ਹੈ।
ਗੱਲਬਾਤ ਦਾ ਵੱਖਰਾ ਤਰੀਕਾ: ਆਪਣੀ ਪਸੰਦ ਦੇ ਵਿਸ਼ਿਆਂ 'ਤੇ ਲਗਾਤਾਰ ਬੋਲਦੇ ਰਹਿਣਾ, ਪਰ ਦੂਜਿਆਂ ਦੀ ਗੱਲ ਨਾ ਸੁਣਨਾ ਜਾਂ ਇੱਕੋ ਵਾਕ ਨੂੰ ਵਾਰ-ਵਾਰ ਦੁਹਰਾਉਣਾ।
ਫਿਕਸ ਰੂਟੀਨ: ਇਨ੍ਹਾਂ ਨੂੰ ਇੱਕ ਨਿਸ਼ਚਿਤ ਰੂਟੀਨ ਪਸੰਦ ਹੁੰਦਾ ਹੈ। ਜੇਕਰ ਰੋਜ਼ਾਨਾ ਦੇ ਕੰਮਾਂ ਵਿੱਚ ਮਾੜੀ ਜਿਹੀ ਤਬਦੀਲੀ ਵੀ ਹੋਵੇ, ਤਾਂ ਇਹ ਬਹੁਤ ਪਰੇਸ਼ਾਨ ਜਾਂ ਗੁੱਸੇ ਹੋ ਸਕਦੇ ਹਨ।
ਡੂੰਘੀ ਦਿਲਚਸਪੀ: ਕਿਸੇ ਇੱਕ ਖ਼ਾਸ ਵਿਸ਼ੇ, ਖਿਡੌਣੇ ਜਾਂ ਗਤੀਵਿਧੀ ਵਿੱਚ ਬਹੁਤ ਜ਼ਿਆਦਾ ਡੁੱਬੇ ਰਹਿਣਾ।
ਸਮਾਜਿਕ ਇਕੱਲਤਾ: ਦੋਸਤ ਬਣਾਉਣ ਵਿੱਚ ਪਰੇਸ਼ਾਨੀ ਜਾਂ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਨਾ।
ਕਮਜ਼ੋਰ ਕਮਿਊਨੀਕੇਸ਼ਨ ਸਕਿੱਲਜ਼: ਇਹ ਮੁਹਾਵਰਿਆਂ ਜਾਂ ਵਿਅੰਗ ਨੂੰ ਨਹੀਂ ਸਮਝ ਪਾਉਂਦੇ। ਉਦਾਹਰਨ ਵਜੋਂ, ਜੇ ਕੋਈ ਕਹੇ "ਪੇਟ ਵਿੱਚ ਚੂਹੇ ਕੁੱਦ ਰਹੇ ਹਨ", ਤਾਂ ਉਹ ਇਸ ਨੂੰ ਸੱਚ ਮੰਨ ਸਕਦੇ ਹਨ।