ਕੀ ਹਾਈ BP ਚੁੱਪਚਾਪ ਪਹੁੰਚਾ ਰਿਹਾ ਦਿਮਾਗ ਦੀਆਂ ਨਾੜੀਆਂ ਨੂੰ ਨੁਕਸਾਨ? ਜਾਣੋ ਸਟ੍ਰੋਕ ਦਾ ਖ਼ਤਰਾ ਘਟਾਉਣ ਦੇ ਤਰੀਕੇ
ਹਾਈਪਰਟੈਨਸ਼ਨ ਖ਼ੂਨ ਦੀਆਂ ਨਾੜੀਆਂ ਦੀਆਂ ਕੰਧਾਂ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ। ਇਸ ਕਾਰਨ ਨਾੜੀਆਂ ਹੌਲੀ-ਹੌਲੀ ਨੁਕਸਾਨੀਆਂ ਜਾਣ ਲੱਗਦੀਆਂ ਹਨ ਅਤੇ ਕਈ ਤਰੀਕਿਆਂ ਨਾਲ ਸਟ੍ਰੋਕ ਦਾ ਖ਼ਤਰਾ ਵਧ ਜਾਂਦਾ ਹੈ।
Publish Date: Wed, 28 Oct 2026 03:29 PM (IST)
Updated Date: Wed, 28 Oct 2026 03:43 PM (IST)
ਬ੍ਰਹਮਾਨੰਦ ਮਿਸ਼ਰਾ, ਨਵੀਂ ਦਿੱਲੀ : ਆਮ ਤੌਰ 'ਤੇ ਸਟ੍ਰੋਕ ਨੂੰ ਸਮਝੀਏ ਤਾਂ ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ, ਜਦੋਂ ਦਿਮਾਗ ਦੇ ਕਿਸੇ ਹਿੱਸੇ 'ਚ ਖ਼ੂਨ ਦੀ ਸਪਲਾਈ ਖ਼ੂਨ ਦੀਆਂ ਨਾੜੀਆਂ 'ਚ ਰੁਕਾਵਟ (ਇਸਕੀਮਿਕ ਸਟ੍ਰੋਕ) ਜਾਂ ਨਾੜੀ ਫਟਣ (ਹੈਮਰੇਜਿਕ ਸਟ੍ਰੋਕ) ਕਾਰਨ ਰੁਕ ਜਾਂਦੀ ਹੈ। ਜੀਵਨਸ਼ੈਲੀ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਇਹ ਬਿਮਾਰੀ ਗੰਭੀਰ ਹੁੰਦੀ ਜਾ ਰਹੀ ਹੈ। ਅੱਜ ਸਟ੍ਰੋਕ ਦੁਨੀਆ ਭਰ 'ਚ ਮੌਤਾਂ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਅਪੰਗਤਾ ਦੇ ਵੱਡੇ ਕਾਰਨਾਂ 'ਚੋਂ ਇਕ ਬਣ ਚੁੱਕਾ ਹੈ। ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਸਟ੍ਰੋਕ ਦੇ ਸਭ ਤੋਂ ਮਹੱਤਵਪੂਰਨ ਬਦਲੇ ਜਾ ਸਕਣ ਵਾਲੇ ਜੋਖ਼ਮ ਕਾਰਕਾਂ 'ਚੋਂ ਇਕ ਹੈ। ਜੇਕਰ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ ਦੀ ਆਦਤ ਪਾ ਲੈਂਦੇ ਹੋ, ਤਾਂ ਇਸ ਸਮੱਸਿਆ ਦੇ ਖ਼ਤਰੇ ਨੂੰ ਘਟਾ ਸਕਦੇ ਹੋ।
ਹਾਈਪਰਟੈਨਸ਼ਨ ਕਿਵੇਂ ਵਧਾਉਂਦਾ ਹੈ ਸਟ੍ਰੋਕ ਦਾ ਖ਼ਤਰਾ?
ਹਾਈਪਰਟੈਨਸ਼ਨ ਖ਼ੂਨ ਦੀਆਂ ਨਾੜੀਆਂ ਦੀਆਂ ਕੰਧਾਂ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ। ਇਸ ਕਾਰਨ ਨਾੜੀਆਂ ਹੌਲੀ-ਹੌਲੀ ਨੁਕਸਾਨੀਆਂ ਜਾਣ ਲੱਗਦੀਆਂ ਹਨ ਅਤੇ ਕਈ ਤਰੀਕਿਆਂ ਨਾਲ ਸਟ੍ਰੋਕ ਦਾ ਖ਼ਤਰਾ ਵਧ ਜਾਂਦਾ ਹੈ।
- ਖ਼ੂਨ ਦੀਆਂ ਨਾੜੀਆਂ ਨੂੰ ਨੁਕਸਾਨ: ਲਗਾਤਾਰ ਹਾਈ ਬਲੱਡ ਪ੍ਰੈਸ਼ਰ ਧਮਨੀਆਂ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਐਥੀਰੋਸਕਲੇਰੋਸਿਸ ਦੀ ਸਮੱਸਿਆ ਹੋ ਸਕਦੀ ਹੈ, ਜਿਸ 'ਚ ਚਰਬੀ ਦੀਆਂ ਪਰਤਾਂ ਜਮ੍ਹਾਂ ਹੋ ਕੇ ਖ਼ੂਨ ਦੀਆਂ ਨਾੜੀਆਂ ਨੂੰ ਤੰਗ ਕਰ ਦਿੰਦੀਆਂ ਹਨ।
- ਇਸਕੀਮਿਕ ਸਟ੍ਰੋਕ: ਧਮਨੀਆਂ ਦੇ ਤੰਗ ਹੋਣ ਅਤੇ ਚਰਬੀ ਦੀਆਂ ਪਰਤਾਂ ਦੇ ਫਟਣ ਨਾਲ ਖ਼ੂਨ ਦਾ ਥੱਕਾ ਬਣ ਸਕਦਾ ਹੈ, ਜਿਸ ਕਾਰਨ ਦਿਮਾਗ ਤੱਕ ਖ਼ੂਨ ਦੀ ਸਪਲਾਈ ਰੁਕ ਜਾਂਦੀ ਹੈ।
- ਹੈਮਰੇਜਿਕ ਸਟ੍ਰੋਕ: ਲੰਬੇ ਸਮੇਂ ਤੱਕ ਹਾਈਪਰਟੈਨਸ਼ਨ ਰਹਿਣ ਨਾਲ ਖ਼ੂਨ ਦੀਆਂ ਛੋਟੀਆਂ ਨਾੜੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਨਾਲ ਉਨ੍ਹਾਂ ਦੇ ਫਟਣ ਅਤੇ ਦਿਮਾਗ 'ਚ ਖ਼ੂਨ ਵਗਣ ਦਾ ਖ਼ਤਰਾ ਵਧ ਜਾਂਦਾ ਹੈ।
- ਸਮਾਲ-ਵੈਸਲ ਬਿਮਾਰੀ: ਹਾਈਪਰਟੈਨਸ਼ਨ ਦਿਮਾਗ ਦੇ ਡੂੰਘੇ ਹਿੱਸਿਆਂ ਤੱਕ ਖ਼ੂਨ ਪਹੁੰਚਾਉਣ ਵਾਲੀਆਂ ਛੋਟੀਆਂ ਧਮਨੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਕਾਰਨ ਲੈਕੂਨਰ ਇਨਫਾਰਕਟ ਹੋ ਸਕਦਾ ਹੈ ਅਤੇ ਚੇਤਨਾ 'ਚ ਕਮੀ ਆ ਸਕਦੀ ਹੈ।
ਹਾਈਪਰਟੈਨਸ਼ਨ ਦੇ ਅਕਸਰ ਕੋਈ ਖ਼ਾਸ ਲੱਛਣ ਦਿਖਾਈ ਨਹੀਂ ਦਿੰਦੇ। ਇਸ ਲਈ ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਕਰਵਾਉਣੀ ਜ਼ਰੂਰੀ ਹੈ। ਜੀਵਨਸ਼ੈਲੀ 'ਚ ਬਦਲਾਅ ਕਰਨ ਅਤੇ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਲੈਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਸਟ੍ਰੋਕ ਦਾ ਖ਼ਤਰਾ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਸਟ੍ਰੋਕ ਨਾਲ ਜੁੜੇ ਹੋਰ ਜੋਖ਼ਮ ਕਾਰਕ
ਸਟ੍ਰੋਕ ਦੇ ਜੋਖ਼ਮ ਕਾਰਕਾਂ ਨੂੰ ਦੋ ਸ਼੍ਰੇਣੀਆਂ 'ਚ ਵੰਡਿਆ ਜਾ ਸਕਦਾ ਹੈ—ਜਿਨ੍ਹਾਂ 'ਚ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ।
ਸੁਧਾਰੇ ਜਾ ਸਕਣ ਵਾਲੇ ਜੋਖ਼ਮ ਕਾਰਕ
- ਡਾਇਬਟੀਜ਼ ਮੈਲਿਟਸ: ਖ਼ੂਨ 'ਚ ਗਲੂਕੋਜ਼ ਦਾ ਪੱਧਰ ਵਧਣ ਨਾਲ ਨਾੜੀਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਐਥੀਰੋਸਕਲੇਰੋਸਿਸ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ।
- ਹਾਈ ਕੋਲੈਸਟ੍ਰੋਲ: ਐੱਲਡੀਐੱਲ ਕੋਲੈਸਟ੍ਰੋਲ ਵਧਣ ਨਾਲ ਨਾੜੀਆਂ 'ਚ ਚਰਬੀ ਦੀਆਂ ਪਰਤਾਂ ਜਮ੍ਹਾਂ ਹੋ ਜਾਂਦੀਆਂ ਹਨ ਅਤੇ ਧਮਨੀਆਂ ਤੰਗ ਹੋ ਜਾਂਦੀਆਂ ਹਨ।
- ਸਿਗਰਟਨੋਸ਼ੀ ਅਤੇ ਤੰਬਾਕੂ ਦੀ ਵਰਤੋਂ: ਤੰਬਾਕੂ ਖ਼ੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਬਲੱਡ ਪ੍ਰੈਸ਼ਰ ਵਧਾਉਂਦਾ ਹੈ ਅਤੇ ਖ਼ੂਨ ਦੇ ਥੱਕੇ ਬਣਨ ਦੀ ਸੰਭਾਵਨਾ ਵਧਾਉਂਦਾ ਹੈ।
- ਮੋਟਾਪਾ: ਸਰੀਰ ਦਾ ਵਧਿਆ ਹੋਇਆ ਭਾਰ ਹਾਈਪਰਟੈਨਸ਼ਨ, ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਾਉਂਦਾ ਹੈ।
- ਸਰੀਰਕ ਗਤੀਵਿਧੀਆਂ ਦੀ ਕਮੀ: ਸਰੀਰਕ ਤੌਰ 'ਤੇ ਸਰਗਰਮ ਨਾ ਰਹਿਣ ਕਾਰਨ ਮੋਟਾਪਾ, ਹਾਈਪਰਟੈਨਸ਼ਨ ਅਤੇ ਮੈਟਾਬੋਲਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵਧਦੀਆਂ ਹਨ।
- ਖ਼ਰਾਬ ਖੁਰਾਕ: ਜ਼ਿਆਦਾ ਨਮਕ, ਸੈਚੁਰੇਟਿਡ ਫੈਟ ਅਤੇ ਬਹੁਤ ਜ਼ਿਆਦਾ ਪ੍ਰੋਸੈੱਸਡ ਭੋਜਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਾਉਂਦੇ ਹਨ।
- ਦਿਲ ਦੀ ਬਿਮਾਰੀ: ਐਟਰੀਅਲ ਫਿਬ੍ਰਿਲੇਸ਼ਨ ਕਾਰਨ ਦਿਲ 'ਚ ਖ਼ੂਨ ਦੇ ਥੱਕੇ ਬਣ ਸਕਦੇ ਹਨ, ਜੋ ਦਿਮਾਗ ਤੱਕ ਪਹੁੰਚ ਕੇ ਸਟ੍ਰੋਕ ਦਾ ਕਾਰਨ ਬਣ ਸਕਦੇ ਹਨ।
- ਸ਼ਰਾਬ ਦਾ ਸੇਵਨ: ਜ਼ਿਆਦਾ ਸ਼ਰਾਬ ਪੀਣ ਦੀ ਆਦਤ ਨਾਲ ਬਲੱਡ ਪ੍ਰੈਸ਼ਰ ਅਤੇ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ।
ਜਿਨ੍ਹਾਂ ਜੋਖ਼ਮ ਕਾਰਕਾਂ ਨੂੰ ਬਦਲਿਆ ਨਹੀਂ ਜਾ ਸਕਦਾ, ਉਨ੍ਹਾਂ 'ਚ ਵਧਦੀ ਉਮਰ, ਪਰਿਵਾਰਕ ਇਤਿਹਾਸ, ਜੈਨੇਟਿਕ ਕਾਰਨ ਅਤੇ ਪਹਿਲਾਂ ਹੋਇਆ ਸਟ੍ਰੋਕ ਜਾਂ ਟ੍ਰਾਂਜ਼ੀਐਂਟ ਇਸਕੀਮਿਕ ਅਟੈਕ (ਟੀਆਈਏ) ਸ਼ਾਮਲ ਹਨ। ਭਾਵੇਂ ਇਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਹੋਰ ਜੋਖ਼ਮ ਕਾਰਕਾਂ ਨੂੰ ਕੰਟਰੋਲ ਕਰਕੇ ਸਟ੍ਰੋਕ ਦੇ ਸਮੁੱਚੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਸਟ੍ਰੋਕ ਦੇ ਸ਼ੁਰੂਆਤੀ ਚਿਤਾਵਨੀ ਸੰਕੇਤ
ਸਟ੍ਰੋਕ ਦੇ ਲੱਛਣਾਂ ਨੂੰ ਜਲਦੀ ਪਛਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਰੰਤ ਇਲਾਜ ਨਾਲ ਦਿਮਾਗ ਦੇ ਟਿਸ਼ੂਆਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਠੀਕ ਹੋਣ ਦੀ ਸੰਭਾਵਨਾ ਵਧਦੀ ਹੈ।
B.E. F.A.S.T. ਇਕ ਤਰੀਕਾ ਹੈ, ਜੋ ਸਟ੍ਰੋਕ ਦੇ ਆਮ ਚੇਤਾਵਨੀ ਸੰਕੇਤਾਂ ਨੂੰ ਪਛਾਣਨ 'ਚ ਮਦਦ ਕਰਦਾ ਹੈ।
- B – ਬੈਲੈਂਸ (ਸੰਤੁਲਨ): ਅਚਾਨਕ ਚੱਕਰ ਆਉਣਾ, ਸਰੀਰ ਦਾ ਤਾਲਮੇਲ ਵਿਗੜਨਾ ਜਾਂ ਤੁਰਨ 'ਚ ਮੁਸ਼ਕਲ ਹੋਣਾ।
- E – ਆਈਜ਼ (ਅੱਖਾਂ): ਅਚਾਨਕ ਧੁੰਦਲਾ ਦਿਖਾਈ ਦੇਣਾ, ਦੋ-ਦੋ ਚੀਜ਼ਾਂ ਦਿਖਾਈ ਦੇਣਾ ਜਾਂ ਨਜ਼ਰ ਚਲੀ ਜਾਣਾ।
- F – ਫੇਸ (ਚਿਹਰਾ): ਚਿਹਰੇ ਦਾ ਇਕ ਪਾਸਾ ਲਟਕ ਜਾਣਾ ਜਾਂ ਸੁੰਨ ਹੋ ਜਾਣਾ।
- A – ਆਰਮ (ਬਾਂਹ): ਅਚਾਨਕ ਕਮਜ਼ੋਰੀ ਜਾਂ ਸੁੰਨ ਹੋਣਾ, ਖ਼ਾਸ ਕਰਕੇ ਇਕ ਬਾਂਹ ਜਾਂ ਸਰੀਰ ਦੇ ਇਕ ਪਾਸੇ।
- S – ਸਪੀਚ (ਬੋਲਣਾ): ਠੀਕ ਤਰ੍ਹਾਂ ਨਾ ਬੋਲ ਸਕਣਾ, ਬੋਲਣ 'ਚ ਮੁਸ਼ਕਲ ਹੋਣਾ ਜਾਂ ਦੂਜਿਆਂ ਦੀ ਗੱਲ ਸਮਝ ਨਾ ਆਉਣਾ।
- T – ਟਾਈਮ (ਸਮਾਂ): ਇਨ੍ਹਾਂ 'ਚੋਂ ਕੋਈ ਵੀ ਲੱਛਣ ਦਿਖਾਈ ਦੇਣ 'ਤੇ ਤੁਰੰਤ ਐਮਰਜੈਂਸੀ ਸੇਵਾ ਨੂੰ ਫ਼ੋਨ ਕਰੋ।
ਹੋਰ ਚਿਤਾਵਨੀ ਸੰਕੇਤਾਂ 'ਚ ਅਚਾਨਕ ਉਲਝਣ ਮਹਿਸੂਸ ਹੋਣਾ, ਨਿਗਲਣ 'ਚ ਮੁਸ਼ਕਲ ਅਤੇ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਅਚਾਨਕ ਤੇਜ਼ ਸਿਰਦਰਦ ਹੋਣਾ ਸ਼ਾਮਲ ਹਨ।
ਜੇਕਰ ਸਟ੍ਰੋਕ ਹੋਣ ਦਾ ਸ਼ੱਕ ਹੋਵੇ, ਤਾਂ ਤੁਰੰਤ ਐਮਰਜੈਂਸੀ ਮੈਡੀਕਲ ਮਦਦ ਲਵੋ। ਲੱਛਣ ਸ਼ੁਰੂ ਹੋਣ ਦਾ ਸਮਾਂ ਨੋਟ ਕਰੋ, ਮਰੀਜ਼ ਨੂੰ ਖਾਣ-ਪੀਣ ਲਈ ਕੁਝ ਨਾ ਦਿਓ ਅਤੇ ਮੈਡੀਕਲ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਐਸਪਰੀਨ ਦੇਣ ਤੋਂ ਬਚੋ, ਕਿਉਂਕਿ ਸਟ੍ਰੋਕ ਦੌਰਾਨ ਦਿਮਾਗ 'ਚ ਖ਼ੂਨ ਵਗਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਜੇਕਰ ਲੱਛਣ ਕੁਝ ਮਿੰਟਾਂ 'ਚ ਹੀ ਗਾਇਬ ਹੋ ਜਾਣ, ਤਾਂ ਇਹ ਟ੍ਰਾਂਜ਼ੀਐਂਟ ਇਸਕੀਮਿਕ ਅਟੈਕ (ਟੀਆਈਏ) ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਵੀ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਜ਼ਰੂਰੀ ਹੈ।
ਜੀਵਨਸ਼ੈਲੀ 'ਚ ਕਰੋ ਸੁਧਾਰ, ਘਟੇਗਾ ਸਟ੍ਰੋਕ ਦਾ ਖ਼ਤਰਾ
ਜੀਵਨਸ਼ੈਲੀ 'ਚ ਕੁਝ ਜ਼ਰੂਰੀ ਬਦਲਾਅ ਕਰਕੇ ਸਟ੍ਰੋਕ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
- ਬਲੱਡ ਪ੍ਰੈਸ਼ਰ ਕੰਟਰੋਲ ਕਰੋ: ਨਿਯਮਤ ਤੌਰ 'ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰੋ ਅਤੇ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਲਗਾਤਾਰ ਲੈਂਦੇ ਰਹੋ।
- ਸੰਤੁਲਿਤ ਖੁਰਾਕ ਲਵੋ: ਫਲ, ਸਬਜ਼ੀਆਂ, ਸਾਬਤ ਅਨਾਜ, ਦਾਲਾਂ ਅਤੇ ਸੁੱਕੇ ਮੇਵੇ ਖਾਓ। ਨਮਕ, ਤਲੀਆਂ ਹੋਈਆਂ ਚੀਜ਼ਾਂ ਅਤੇ ਸੈਚੁਰੇਟਿਡ ਫੈਟ ਦੀ ਮਾਤਰਾ ਘੱਟ ਰੱਖੋ।
- ਨਿਯਮਿਤ ਕਸਰਤ ਕਰੋ: ਹਰ ਹਫ਼ਤੇ ਘੱਟੋ-ਘੱਟ 150 ਮਿੰਟ ਦਰਮਿਆਨੀ ਤੀਬਰਤਾ ਵਾਲੀ ਕਸਰਤ ਕਰਨ ਦਾ ਟੀਚਾ ਰੱਖੋ। ਇਸ 'ਚ ਤੇਜ਼ ਤੁਰਨਾ ਜਾਂ ਸਾਈਕਲ ਚਲਾਉਣਾ ਸ਼ਾਮਲ ਹੋ ਸਕਦਾ ਹੈ।
- ਸਿਗਰਟਨੋਸ਼ੀ ਛੱਡੋ: ਤੰਬਾਕੂ ਵਾਲੇ ਉਤਪਾਦਾਂ ਅਤੇ ਦੂਜਿਆਂ ਦੇ ਸਿਗਰਟ ਦੇ ਧੂੰਏਂ ਦੇ ਸੰਪਰਕ ਤੋਂ ਵੀ ਬਚੋ।
- ਭਾਰ ਸਹੀ ਰੱਖੋ: ਹੌਲੀ-ਹੌਲੀ ਭਾਰ ਘਟਾਉਣ ਨਾਲ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਗਲੂਕੋਜ਼ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ।
- ਡਾਇਬਟੀਜ਼ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰੋ: ਨਿਯਮਿਤ ਜਾਂਚ ਕਰਵਾਓ ਅਤੇ ਲੋੜ ਅਨੁਸਾਰ ਸਹੀ ਇਲਾਜ ਕਰਵਾਓ।
- ਨੀਂਦ ਦੀ ਗੁਣਵੱਤਾ ਸੁਧਾਰੋ: ਜ਼ਿਆਦਾ ਸ਼ਰਾਬ ਪੀਣ ਤੋਂ ਬਚੋ, ਨੀਂਦ ਦੀਆਂ ਚੰਗੀਆਂ ਆਦਤਾਂ ਅਪਣਾਓ ਅਤੇ ਲੱਛਣ ਦਿਖਾਈ ਦੇਣ 'ਤੇ ਸਲੀਪ ਐਪਨੀਆ ਦੀ ਜਾਂਚ ਕਰਵਾਓ।
ਸਟ੍ਰੋਕ ਦੇ ਚਿਤਾਵਨੀ ਸੰਕੇਤਾਂ ਨੂੰ ਪਛਾਣਨਾ, ਐਮਰਜੈਂਸੀ 'ਚ ਤੁਰੰਤ ਇਲਾਜ ਕਰਵਾਉਣਾ ਅਤੇ ਬਦਲੇ ਜਾ ਸਕਣ ਵਾਲੇ ਜੋਖ਼ਮ ਕਾਰਕਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਸਿਹਤਮੰਦ ਜੀਵਨਸ਼ੈਲੀ, ਨਿਯਮਿਤ ਮੈਡੀਕਲ ਜਾਂਚ ਅਤੇ ਸਹੀ ਦਵਾਈਆਂ ਸਟ੍ਰੋਕ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾ ਸਕਦੀਆਂ ਹਨ ਅਤੇ ਲੰਬੇ ਸਮੇਂ ਤੱਕ ਸਿਹਤਮੰਦ ਰਹਿਣ 'ਚ ਮਦਦ ਕਰ ਸਕਦੀਆਂ ਹਨ।