ਇਸ ਖੋਜ ਵਿਚ ਏਮਜ਼ ਨਵੀਂ ਦਿੱਲੀ ਦੀ ਟੀਮ ਦੀ ਅਗਵਾਈ ਬਾਇਓ ਫਿਜਿਕਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸਰੋਜ ਕੁਮਾਰ ਨੇ ਕੀਤੀ। ਉਨ੍ਹਾਂ ਕਿਹਾ ਕਿ ਆਸਾਨ ਸ਼ਬਦਾਂ ਵਿਚ ਸਮਝੀਏ ਤਾਂ ‘ਆਈ-43’ ਅਜਿਹਾ ਤੱਤ ਹੈ ਜੋ ਦਿਮਾਗ ਤੱਕ ਪਹੁੰਚ ਸਕਦਾ ਹੈ। ਦਿਮਾਗ ਦੇ ਚਾਰਾਂ ਪਾਸੇ ਸੁਰੱਖਿਆ ਪਰਤ ਹੁੰਦੀ ਹੈ, ਜਿਸ ਨੂੰ ਬਲੱਡ ਬ੍ਰੇਨ ਬੈਰੀਅਰ ਕਿਹਾ ਜਾਂਦਾ ਹੈ।

ਅਨੂਪ ਕੁਮਾਰ ਸਿੰਘ, ਜਾਗਰਣ : ਨਵੀਂ ਦਿੱਲੀ : ਯਾਦਦਾਸ਼ਤ ਲੋਪ ਹੋਣ ਨਾਲ ਸਬੰਧਤ ਲਾਇਲਾਜ ਬਿਮਾਰੀ ਅਲਜ਼ਾਈਮਰ ਦੇ ਇਲਾਜ ਦੀ ਦਿਸ਼ਾ ਵਿਚ ਭਾਰਤੀ ਵਿਗਿਆਨੀਆਂ ਨੇ ਅਹਿਮ ਉਪਲਬਧੀ ਹਾਸਿਲ ਕੀਤੀ ਹੈ। ਦੇਸ਼ ਦੇ ਪ੍ਰਮੁੱਖ ਅਦਾਰਿਆਂ ਆਈਆਈਟੀ ਬੀਐੱਚਯੂ, ਏਮਸ ਨਵੀਂ ਦਿੱਲੀ ਅਤੇ ਨੈਸ਼ਨਲ ਇੰਸਟੀਟਿਊਟ ਆਫ ਇਮਿਊਨੋਲੋਜੀ ਦੇ ਡਾਕਟਰਾਂ ਤੇ ਖੋਜਕਰਤਿਆਂ ਦੀ ਟੀਮ ਨੇ ‘ਆਈ-43’ ਨਾਮਕ ਨਵੇਂ ਸਰਗਰਮ ਅਣੂ ਦੀ ਭਾਲ ਕੀਤੀ ਹੈ। ਮਾਹਿਰਾਂ ਦਾ ਦਾਅਵਾ ਹੈ ਕਿ ‘ਆਈ-43’ ਜਾਂਚ ਤੇ ਇਲਾਜ ਦੋਹਾਂ ਕੰਮ ਕਰ ਸਕਦਾ ਹੈ। ਇਹ ਖੋਜ ਉੱਘੇ ਮੈਡੀਕਲ ਜਰਨਲ ਰਸਾਲੇ ਨੇਚਰ ਕਮਿਊਨੀਕੇਸ਼ਨਜ਼ ਵਿਚ ਅਹਿਮੀਅਤ ਦੇ ਕੇ ਪ੍ਰਕਾਸ਼ਤ ਹੋਈ ਹੈ। ਇਸ ਅਣੂ ਦੀ ਭਾਲ ਲਈ ਪੇਟੈਂਟ ਲਈ ਵੀ ਦਾਇਰ ਕੀਤਾ ਜਾ ਚੁੱਕਾ ਹੈ। ਰਸਮੀ ਕਾਰਵਾਈ ਅਤੇ ਪ੍ਰਵਾਨਗੀ ਤੋਂ ਬਾਅਦ ਕਲੀਨਿਕਲ ਟ੍ਰਾਇਲ ਸ਼ੁਰੂ ਹੋ ਜਾਣਗੇ।
ਇਸ ਖੋਜ ਵਿਚ ਏਮਜ਼ ਨਵੀਂ ਦਿੱਲੀ ਦੀ ਟੀਮ ਦੀ ਅਗਵਾਈ ਬਾਇਓ ਫਿਜਿਕਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸਰੋਜ ਕੁਮਾਰ ਨੇ ਕੀਤੀ। ਉਨ੍ਹਾਂ ਕਿਹਾ ਕਿ ਆਸਾਨ ਸ਼ਬਦਾਂ ਵਿਚ ਸਮਝੀਏ ਤਾਂ ‘ਆਈ-43’ ਅਜਿਹਾ ਤੱਤ ਹੈ ਜੋ ਦਿਮਾਗ ਤੱਕ ਪਹੁੰਚ ਸਕਦਾ ਹੈ। ਦਿਮਾਗ ਦੇ ਚਾਰਾਂ ਪਾਸੇ ਸੁਰੱਖਿਆ ਪਰਤ ਹੁੰਦੀ ਹੈ, ਜਿਸ ਨੂੰ ਬਲੱਡ ਬ੍ਰੇਨ ਬੈਰੀਅਰ ਕਿਹਾ ਜਾਂਦਾ ਹੈ।
ਕਈ ਦਵਾਈਆਂ ਇਸ ਨੂੰ ਪਾਰ ਨਹੀਂ ਕਰ ਸਕਦੀਆਂ ਪਰ ‘ਆਈ-43’ ਇਸ ਰੁਕਾਵਟ ਨੂੰ ਪਾਰ ਕਰ ਕੇ ਸਿੱਧਾ ਦਿਮਾਗ ਵਿਚ ਅਸਰ ਕਰਦਾ ਹੈ। ਅਲਜ਼ਾਈਮਰ ਕਾਰਨ ਦਿਮਾਗ ਵਿਚ ਜਮ੍ਹਾ ਹੋਣ ਵਾਲਾ ‘ਐਮਾਈਲੋਇਡ-ਬੀਟਾ ਪਲਾਕ’ ਨਾਂ ਦਾ ਹਾਨੀਕਾਰਕ ਐਂਜ਼ਾਈਮ ਉਥੇ ਮੌਜੂਦ ‘ਐਸੀਟਾਈਲਕੋਲੀਨ’ ਨਾਂ ਦੇ ਅਹਿਮ ਰਸਾਇਣ ਨੂੰ ਨਸ਼ਟ ਕਰ ਦਿੰਦਾ ਹੈ, ਜਿਸ ਨਾਲ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ।
‘ਆਈ-43’ ਇਸ ਐਂਜ਼ਾਈਮ ਦੀ ਪਛਾਣ ਕਰ ਕੇ ਬਿਮਾਰੀ ਦਾ ਜਲਦੀ ਪਤਾ ਲਗਾਉਣ ਵਿਚ ਮਦਦ ਕਰਦਾ ਹੈ।
ਏਨਾ ਹੀ ਨਹੀਂ, ਇਹ ਅਣੂ ਉਸ ਹਾਨੀਕਾਰਕ ਐਂਜ਼ਾਈਮ ਨੂੰ ਰੋਕਣ ਤੇ ਖਤਮ ਕਰਨ ਵਿਚ ਵੀ ਸਮਰੱਥ ਹੈ, ਜੋ ਐਸੀਟਾਈਲਕੋਲੀਨ ਨਾਂ ਦੇ ਜ਼ਰੂਰੀ ਰਸਾਇਣ ਨੂੰ ਨਸ਼ਟ ਕਰਦਾ ਹੈ। ਐਸੀਟਾਈਲਕੋਲੀਨ ਯਾਦਦਾਸ਼ਤ ਤੇ ਸੋਚਣ-ਸਮਝਣ ਦੀ ਸਮਰੱਥਾ ਲਈ ਜ਼ਰੂਰੀ ਹੁੰਦਾ ਹੈ। ਇਸ ਦੇ ਨਸ਼ਟ ਹੋਣ ਨਾਲ ਅਲਜ਼ਾਈਮਰ 'ਤੇ ਅਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਆਈਆਈਟੀ ਬੀਐਚਯੂ ਦੀ ਟੀਮ ਦੀ ਅਗਵਾਈ ਪ੍ਰੋ. ਗਿਆਨ ਪੀ. ਮੋਦੀ ਨੇ ਕੀਤੀ। ਨੈਸ਼ਨਲ ਇੰਸਟੀਟਿਊਟ ਆਫ ਇਮਿਊਨੋਲੋਜੀ ਤੋਂ ਪ੍ਰੋ. ਸਾਰਿਕਾ ਵੀ ਇਸ ਵਿਚ ਸ਼ਾਮਲ ਸਨ।
ਅਲਜ਼ਾਈਮਰ ਕੀ ਹੁੰਦਾ ਹੈ :
ਮਾਹਿਰਾਂ ਮੁਤਾਬਕ ਅਲਜ਼ਾਈਮਰ ਦਰਅਸਲ ਡਿਮੈਂਸ਼ੀਆ (ਦਿਮਾਗ਼ੀ ਕਮਜ਼ੋਰੀ) ਦੀ ਆਮ ਕਿਸਮ ਹੈ। ਇਸ ਵਿਚ ਯਾਦਦਾਸ਼ਤ ਦੇ ਨਾਲ-ਨਾਲ ਸੋਚਣ-ਸਮਝਣ, ਫੈਸਲਾ ਲੈਣ, ਸ਼ਨਾਖ਼ਤ ਕਰਨ ਅਤੇ ਬੋਲਣ ਦੀ ਸਮਰੱਥਾ ਪ੍ਰਭਾਵਤ ਹੁੰਦੀ ਹੈ। ਯਾਦਦਾਸ਼ਤ ਲੋਪ ਹੋਣ ਲੱਗਦੀ ਹੈ ਤੇ ਕੰਮ ਕਰਨ ਦੀ ਯੋਗਤਾ ਹੌਲੀ-ਹੌਲੀ ਖਤਮ ਹੋ ਜਾਂਦੀ ਹੈ।