Health Tips : ਜੇਕਰ ਤੁਹਾਡੇ ਸਰੀਰ 'ਚ ਵਿਟਾਮਿਨ-ਡੀ ਜਾਂ ਬੀ12 ਦੀ ਕਮੀ ਹੈ ਤਾਂ ਇਹ ਸਪਲੀਮੈਂਟਸ ਤੁਹਾਡੀ ਇਮਿਊਨਿਟੀ ਬਿਹਤਰ ਕਰਨ 'ਚ ਮਦਦ ਕਰ ਸਕਦੇ ਹਨ, ਪਰ ਜੇਕਰ ਤੁਹਾਡੇ ਸਰੀਰ 'ਚ ਪੋਸ਼ਣ ਦੀ ਕੋਈ ਕਮੀ ਨਹੀਂ ਹੈ ਤਾਂ ਬਿਨਾਂ ਵਜ੍ਹਾ ਵਾਧੂ ਗੋਲੀਆਂ ਖਾਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਸਾਡੇ ਸਾਰਿਆਂ 'ਚ 'ਇਮਿਊਨਿਟੀ ਬੂਸਟਰ' ਚੀਜ਼ਾਂ ਦੀ ਇਕ ਹੋੜ ਜਿਹੀ ਲੱਗ ਗਈ ਹੈ। ਅੱਜ ਬਾਜ਼ਾਰ 'ਚ ਵਿਟਾਮਿਨ-ਸੀ, ਵਿਟਾਮਿਨ-ਡੀ, ਜ਼ਿੰਕ, ਮਲਟੀਵਿਟਾਮਿਨ ਤੇ ਤਰ੍ਹਾਂ-ਤਰ੍ਹਾਂ ਦੇ ਹਰਬਲ ਸਪਲੀਮੈਂਟਸ ਦੀ ਭਾਰੀ ਮੰਗ ਹੈ। ਸਾਨੂੰ ਲੱਗਣ ਲੱਗਾ ਹੈ ਕਿ ਬਸ ਇਕ ਗੋਲੀ ਖਾਣ ਨਾਲ ਸਾਡੀ ਇਮਿਊਨਿਟੀ ਰਾਤੋਂ-ਰਾਤ ਮਜ਼ਬੂਤ ਹੋ ਜਾਵੇਗੀ, ਪਰ ਕੀ ਇਹ ਸੱਚ ਹੈ ਜਾਂ ਸਿਰਫ਼ ਬਾਜ਼ਾਰ ਦਾ ਇੱਕ ਨਵਾਂ ਟ੍ਰੈਂਡ?
ਏਸ਼ੀਅਨ ਹਸਪਤਾਲ 'ਚ ਇੰਟਰਨਲ ਮੈਡੀਸਨ ਦੇ ਐਸੋਸੀਏਟ ਡਾਇਰੈਕਟਰ ਤੇ ਹੈੱਡ ਡਾ. ਸੁਨੀਲ ਰਾਣਾ ਦੀ ਮੰਨੀਏ ਤਾਂ ਸਾਡੀ ਇਮਿਊਨਿਟੀ ਕੋਈ ਬਿਜਲੀ ਦਾ ਬਟਨ ਨਹੀਂ ਹੈ, ਜਿਸ ਨੂੰ ਗੋਲੀ ਖਾ ਕੇ ਤੁਰੰਤ 'ਆਨ' ਕੀਤਾ ਜਾ ਸਕੇ। ਇਹ ਸਾਡੇ ਸਰੀਰ ਦਾ ਇਕ ਬਹੁਤ ਹੀ ਗੁੰਝਲਦਾਰ ਸਿਸਟਮ ਹੈ ਜੋ ਸਾਡੇ ਖਾਣ-ਪੀਣ, ਨੀਂਦ, ਕਸਰਤ ਅਤੇ ਮਾਨਸਿਕ ਸ਼ਾਂਤੀ ਵਰਗੇ ਕਈ ਪਹਿਲੂਆਂ 'ਤੇ ਨਿਰਭਰ ਕਰਦਾ ਹੈ। ਆਓ, ਇਸ ਵਾਰ 7 ਅਪ੍ਰੈਲ ਨੂੰ ਮਨਾਏ ਜਾ ਰਹੇ World Health Day 2026 ਦੇ ਮੌਕੇ 'ਤੇ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ।
ਡਾ. ਸੁਨੀਲ ਰਾਣਾ ਅਨੁਸਾਰ ਸਪਲੀਮੈਂਟਸ ਦਾ ਅਸਲੀ ਕੰਮ ਸਾਡੇ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਨਾ ਹੈ ਨਾ ਕਿ ਸਿੱਧੇ ਤੌਰ 'ਤੇ ਇਮਿਊਨਿਟੀ ਨੂੰ 'ਬੂਸਟ' ਕਰਨਾ। ਜੇਕਰ ਤੁਹਾਡੇ ਸਰੀਰ 'ਚ ਵਿਟਾਮਿਨ-ਡੀ ਜਾਂ ਬੀ12 ਦੀ ਕਮੀ ਹੈ ਤਾਂ ਇਹ ਸਪਲੀਮੈਂਟਸ ਤੁਹਾਡੀ ਇਮਿਊਨਿਟੀ ਬਿਹਤਰ ਕਰਨ 'ਚ ਮਦਦ ਕਰ ਸਕਦੇ ਹਨ, ਪਰ ਜੇਕਰ ਤੁਹਾਡੇ ਸਰੀਰ 'ਚ ਪੋਸ਼ਣ ਦੀ ਕੋਈ ਕਮੀ ਨਹੀਂ ਹੈ ਤਾਂ ਬਿਨਾਂ ਵਜ੍ਹਾ ਵਾਧੂ ਗੋਲੀਆਂ ਖਾਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ।
ਇਨ੍ਹਾਂ ਗੋਲੀਆਂ ਦੀ ਵਧਦੀ ਮੰਗ ਦੇ ਪਿੱਛੇ ਮੁੱਖ ਤੌਰ 'ਤੇ ਤਿੰਨ ਕਾਰਨ ਛਿਪੇ ਹਨ:
ਕਈ ਲੋਕ ਸੋਚਦੇ ਹਨ ਕਿ "ਜ਼ਿਆਦਾ ਖਾਵਾਂਗੇ ਤਾਂ ਜ਼ਿਆਦਾ ਫਾਇਦਾ ਹੋਵੇਗਾ", ਪਰ ਡਾਕਟਰ ਇਸ ਸੋਚ ਨੂੰ ਬਿਲਕੁਲ ਗਲਤ ਮੰਨਦੇ ਹਨ। ਲੋੜ ਤੋਂ ਵੱਧ ਸਪਲੀਮੈਂਟਸ ਲੈਣ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉਦਾਹਰਨ ਲਈ, ਬਹੁਤ ਜ਼ਿਆਦਾ ਵਿਟਾਮਿਨ-ਡੀ ਲੈਣ ਨਾਲ ਤੁਹਾਡੀ ਕਿਡਨੀ 'ਤੇ ਬੁਰਾ ਅਸਰ ਪੈ ਸਕਦਾ ਹੈ। ਇਸੇ ਤਰ੍ਹਾਂ, ਜ਼ਿਆਦਾ ਮਾਤਰਾ ਵਿੱਚ ਜ਼ਿੰਕ ਲੈਣ ਨਾਲ ਜੀਅ ਕੱਚਾ ਹੋਣਾ ਅਤੇ ਪਾਚਨ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।
ਡਾਕਟਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਮਜ਼ਬੂਤ ਇਮਿਊਨਿਟੀ ਲਈ ਤੁਹਾਡੀ ਜੀਵਨਸ਼ੈਲੀ (Lifestyle) ਹੀ ਸਭ ਤੋਂ ਵੱਡਾ ਹਥਿਆਰ ਹੈ:
ਸਹੀ ਤੇ ਸੰਤੁਲਿਤ ਖੁਰਾਕ: ਆਪਣੇ ਭੋਜਨ 'ਚ ਤਾਜ਼ੇ ਫਲ, ਸਬਜ਼ੀਆਂ, ਪ੍ਰੋਟੀਨ ਅਤੇ ਹੈਲਦੀ ਫੈਟ ਸ਼ਾਮਲ ਕਰੋ।
ਪੂਰੀ ਨੀਂਦ ਲਓ: ਰੋਜ਼ਾਨਾ 7 ਤੋਂ 8 ਘੰਟੇ ਦੀ ਚੰਗੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ।
ਰੋਜ਼ਾਨਾ ਕਸਰਤ ਕਰੋ: ਦਿਨ ਵਿੱਚ ਘੱਟੋ-ਘੱਟ 30 ਮਿੰਟ ਕਸਰਤ ਕਰਨ ਦੀ ਆਦਤ ਪਾਓ।
ਤਣਾਅ ਤੋਂ ਦੂਰ ਰਹੋ: ਮਾਨਸਿਕ ਸ਼ਾਂਤੀ ਲਈ ਯੋਗਾ ਅਤੇ ਮੈਡੀਟੇਸ਼ਨ ਦਾ ਸਹਾਰਾ ਲਓ।
ਹਾਈਡ੍ਰੇਸ਼ਨ: ਦਿਨ ਭਰ ਲੋੜੀਂਦੀ ਮਾਤਰਾ 'ਚ ਪਾਣੀ ਪੀਓ।
ਹਰ ਸਿਹਤਮੰਦ ਇਨਸਾਨ ਨੂੰ ਇਨ੍ਹਾਂ ਗੋਲੀਆਂ ਦੀ ਲੋੜ ਨਹੀਂ ਹੁੰਦੀ। ਹਾਲਾਂਕਿ, ਕੁਝ ਖਾਸ ਸਥਿਤੀਆਂ 'ਚ ਡਾਕਟਰ ਇਨ੍ਹਾਂ ਦੀ ਸਲਾਹ ਦਿੰਦੇ ਹਨ, ਜਿਵੇਂ:
ਬਜ਼ੁਰਗ ਲੋਕ
ਗਰਭਵਤੀ ਔਰਤਾਂ
ਉਹ ਲੋਕ ਜਿਨ੍ਹਾਂ ਦੇ ਸਰੀਰ ਵਿੱਚ ਪਹਿਲਾਂ ਹੀ ਪੋਸ਼ਣ ਦੀ ਭਾਰੀ ਕਮੀ ਹੋਵੇ
ਉਹ ਲੋਕ ਜਿਨ੍ਹਾਂ ਦਾ ਰੋਜ਼ਾਨਾ ਦਾ ਖਾਣ-ਪੀਣ ਸੰਤੁਲਿਤ ਨਹੀਂ ਹੈ
ਇਮਿਊਨਿਟੀ ਵਧਾਉਣ ਲਈ ਵਿਗਿਆਨ 'ਚ ਕੋਈ 'ਜਾਦੂਈ ਗੋਲੀ' ਨਹੀਂ ਬਣੀ ਹੈ। ਲੰਬੇ ਸਮੇਂ ਤੱਕ ਬਿਮਾਰੀਆਂ ਤੋਂ ਬਚੇ ਰਹਿਣ ਦਾ ਇੱਕੋ ਇੱਕ ਸਹੀ ਰਸਤਾ ਹੈ- ਚੰਗਾ ਖਾਣ-ਪੀਣ ਅਤੇ ਇਕ ਹੈਲਦੀ ਲਾਈਫਸਟਾਈਲ।