- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਦਿਖਾਈ ਦੇਣ ਵਿਚ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਨਾ ਮੋਟਾਪਾ ਹੈ, ਨਾ ਡਾਇਬੀਟੀਜ਼ ਅਤੇ ਨਾ ਹੀ ਹਾਈ ਬਲੱਡ ਪ੍ਰੈਸ਼ਰ। ਆਈਸੀਐੱਮਆਰ-ਇੰਡਿਆਬੀ ਅਧਿਐਨ ਦੇ ਅਨੁਸਾਰ, ਗ਼ੈਰ-ਸਿਹਤਮੰਦ ਖਾਣ-ਪੀਣ ਅਤੇ ਬਦਲਦੀ ਜੀਵਨ ਸ਼ੈਲੀ ਇਸ ਸਮੱਸਿਆ ਦੇ ਸਭ ਤੋਂ ਵੱਡੇ ਕਾਰਨ ਬਣ ਕੇ ਉਭਰੇ ਹਨ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਦੇਸ਼ ਵਿਚ ਕੋਲੇਸਟਰੋਲ ਦੀ ਸਮੱਸਿਆ ਤੇਜ਼ੀ ਨਾਲ ਗੰਭੀਰ ਹੋ ਰਹੀ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਰਾਸ਼ਟਰੀ ਅਧਿਐਨ ਦੇ ਅਨੁਸਾਰ, ਲਗਪਗ 87.3 ਫ਼ੀਸਦ ਭਾਰਤੀ ਬਾਲਗ ਗ਼ੈਰ-ਸਾਧਾਰਨ ਲਿਪਿਡ ਪੱਧਰ (ਡਿਸਲਿਪਿਡਮੀਆ) ਨਾਲ ਪ੍ਰਭਾਵਿਤ ਹਨ। ਇਸ ਦਾ ਮਤਲਬ ਹੈ ਕਿ ਔਸਤ 10 ਵਿੱਚੋਂ 9 ਲੋਕਾਂ ਵਿਚ ਖ਼ਰਾਬ ਕੋਲੇਸਟਰੋਲ ਦੀ ਸਮੱਸਿਆ ਮੌਜੂਦ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਦਿਖਾਈ ਦੇਣ ਵਿਚ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਨਾ ਮੋਟਾਪਾ ਹੈ, ਨਾ ਡਾਇਬੀਟੀਜ਼ ਅਤੇ ਨਾ ਹੀ ਹਾਈ ਬਲੱਡ ਪ੍ਰੈਸ਼ਰ।
ਆਈਸੀਐੱਮਆਰ-ਇੰਡਿਆਬੀ ਅਧਿਐਨ ਦੇ ਅਨੁਸਾਰ, ਗ਼ੈਰ-ਸਿਹਤਮੰਦ ਖਾਣ-ਪੀਣ ਅਤੇ ਬਦਲਦੀ ਜੀਵਨ ਸ਼ੈਲੀ ਇਸ ਸਮੱਸਿਆ ਦੇ ਸਭ ਤੋਂ ਵੱਡੇ ਕਾਰਨ ਬਣ ਕੇ ਉਭਰੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਦਿਲ ਦੇ ਰੋਗ ਸਿਰਫ ਜਨਮਜਾਤ ਕਾਰਨਾਂ ਕਰਕੇ ਨਹੀਂ ਹੁੰਦੇ, ਸਗੋਂ ਸਾਡੀਆਂ ਰੋਜ਼ਾਨਾ ਦੀਆਂ ਆਦਤਾਂ ਵੀ ਇਸ ਲਈ ਬਰਾਬਰ ਤੌਰ 'ਤੇ ਜ਼ਿੰਮੇਵਾਰ ਹਨ। ਸੰਤੁਲਿਤ ਭੋਜਨ, ਰੈਗੂਲਰ ਕਸਰ, ਵਜ਼ਨ ਨੂੰ ਕੰਟਰੋਲ ਰੱਖਣਾ ਅਤੇ ਤੰਬਾਕੂ ਤੋਂ ਦੂਰੀ ਬਣਾ ਕੇ ਇਸ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਅਧਿਐਨ ਵਿਚ ਪਾਇਆ ਗਿਆ ਕਿ ਡਿਸਲਿਪਿਡਮੀਆ ਦਾ ਸਭ ਤੋਂ ਵੱਡਾ ਕਾਰਨ ਸਰੀਰ ਵਿਚ ਐੱਚਡੀਐੱਲ (ਚੰਗੇ ਕੋਲੇਸਟਰੋਲ) ਦਾ ਘਟਣਾ ਅਤੇ ਟ੍ਰਾਈਗਲਿਸਰਾਈਡ ਦਾ ਵਧਣਾ ਹੈ। ਐੱਚਡੀਐੱਲ ਧਮਨੀਆਂ ਤੋਂ ਖ਼ਰਾਬ ਚਰਬੀ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਸ ਦੇ ਘਟਣ ਨਾਲ ਧਮਨੀਆਂ ਵਿਚ ਚਰਬੀ ਜੰਮਣ ਲਗਦੀ ਹੈ, ਜਿਸ ਨਾਲ ਦਿਲ ਦੇ ਦੌਰੇ, ਸਟ੍ਰੋਕ ਅਤੇ ਹੋਰ ਦਿਲ ਦੇ ਰੋਗਾਂ ਦਾ ਖ਼ਤਰਾ ਵਧ ਜਾਂਦਾ ਹੈ। ਨਾਲ ਹੀ ਇਨਸੁਲਿਨ ਰੇਜ਼ਿਸਟੈਂਸ ਦਾ ਖ਼ਤਰਾ ਵੀ ਵਧਦਾ ਹੈ।
ਮਾਹਿਰਾਂ ਦੇ ਮੁਤਾਬਕ, ਭਾਰਤੀ ਭੋਜਨ ਵਿਚ ਕਾਰਬੋਹਾਈਡਰੇਟ ਦੀ ਵੱਧ ਮਾਤਰਾ ਲੋਕਾਂ ਨੂੰ ਇਸ ਸਮੱਸਿਆ ਲਈ ਕੁਦਰਤੀ ਤੌਰ 'ਤੇ ਵੱਧ ਸੰਵੇਦਨਸ਼ੀਲ ਬਣਾਉਂਦੀ ਹੈ। ਹਾਲਾਂਕਿ, ਸਮੇਂ 'ਤੇ ਜੀਵਨਸ਼ੈਲੀ ਵਿਚ ਸੁਧਾਰ ਕਰ ਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਅਧਿਐਨ ਦੇ ਤਹਿਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 23,665 ਲੋਕਾਂ ਦੀ ਲਿਪਿਡ ਪ੍ਰੋਫਾਈਲ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਦੇ ਆਧਾਰ 'ਤੇ ਖੋਜੀਆਂ ਨੇ ਅਨੁਮਾਨ ਲਗਾਇਆ ਹੈ ਕਿ ਦੇਸ਼ ਵਿਚ ਲਗਪਗ 35.5 ਕਰੋੜ ਲੋਕ ਗ਼ੈਰ-ਸਾਧਾਰਨ ਲਿਪਿਡ ਪੱਧਰ ਨਾਲ ਪ੍ਰਭਾਵਿਤ ਹੋ ਸਕਦੇ ਹਨ, ਜਦੋਂਕਿ ਉਨ੍ਹਾਂ ਦਾ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਵਜ਼ਨ ਸਧਾਰਨ ਹੋ।
ਰਿਪੋਰਟ ਦੇ ਅਨੁਸਾਰ, 30 ਤੋਂ 39 ਸਾਲ ਦੀ ਉਮਰ ਦੇ ਲੋਕਾਂ ਵਿਚ ਡਿਸਲਿਪਿਡਮੀਆ ਦਾ ਖ਼ਤਰਾ ਸਭ ਤੋਂ ਵੱਧ ਪਾਇਆ ਗਿਆ। ਇਹ ਜੀਵਨ ਦਾ ਸਭ ਤੋਂ ਉਤਪਾਦਕ ਦੌਰ ਮੰਨਿਆ ਜਾਂਦਾ ਹੈ, ਪਰ ਇਸੇ ਸਮੇਂ ਸਰੀਰ ਦੇ ਮੈਟਾਬੋਲਿਜ਼ਮ ਵਿਚ ਗ਼ੈਰ-ਸਿਹਤਮੰਦ ਬਦਲਾਅ ਵੀ ਤੇਜ਼ੀ ਨਾਲ ਸ਼ੁਰੂ ਹੋ ਜਾਂਦੇ ਹਨ। ਮਹਿਲਾਵਾਂ, ਖਾਸ ਕਰਕੇ ਸ਼ਹਿਰੀ ਮਹਿਲਾਵਾਂ ਵਿਚ, ਇਹ ਖ਼ਤਰਾ ਪਿੰਡ ਦੀਆਂ ਮਹਿਲਾਵਾਂ ਦੀ ਤੁਲਨਾ ਵਿਚ ਵੱਧ ਦੇਖਿਆ ਗਿਆ।
ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੋਸੈਸਡ ਫੂਡ ਦਾ ਵਧਦਾ ਚਲਨ, ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨਾ ਅਤੇ ਸਰੀਰਕ ਗਤੀਵਿਧੀਆਂ ਵਿਚ ਕਮੀ ਇਸ ਸਥਿਤੀ ਨੂੰ ਹੋਰ ਗੰਭੀਰ ਬਣਾ ਰਹੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਿਰਫ ਡਾਇਬੀਟੀਜ਼, ਮੋਟਾਪਾ ਜਾਂ ਹਾਈ ਬਲੱਡ ਪ੍ਰੈਸ਼ਰ ਹੋਣ 'ਤੇ ਹੀ ਕੋਲੇਸਟਰੋਲ ਦੀ ਜਾਂਚ ਕਰਨ ਦੀ ਮੌਜੂਦਾ ਰਣਨੀਤੀ ਕਾਫ਼ੀ ਨਹੀਂ ਹੈ। ਵੱਡੇ ਪੱਧਰ 'ਤੇ ਲਿਪਿਡ ਸਕ੍ਰੀਨਿੰਗ, ਸਮੇਂ 'ਤੇ ਖ਼ਤਰੇ ਦੀ ਪਛਾਣ ਅਤੇ ਜੀਵਨਸ਼ੈਲੀ ਵਿਚ ਬਦਲਾਅ ਦੇ ਜ਼ਰੀਏ ਭਵਿੱਖ ਵਿਚ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਮਾਮਲਿਆਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।