ਅੰਤੜੀਆਂ ਦਾ ਇਹ ਆਮ ਬੈਕਟੀਰੀਆ ਬਣ ਸਕਦਾ ਹੈ ਕੈਂਸਰ ਦੀ ਵਜ੍ਹਾ, 20 ਸਾਲ ਬਾਅਦ ਵਿਗਿਆਨੀਆਂ ਨੇ ਖੋਲ੍ਹਿਆ ਵੱਡਾ ਰਾਜ਼; ਇਲਾਜ ਦੀ ਨਵੀਂ ਉਮੀਦ ਜਾਗੀ
ਅਧਿਐਨ ਦੀ ਸੀਨੀਅਰ ਲੇਖਿਕਾ ਅਤੇ ਜੌਨਸ ਹੌਪਕਿੰਸ ਦੀ ਵਿਗਿਆਨੀ ਸਿੰਥੀਆ ਸੀਅਰਜ਼ ਅਨੁਸਾਰ, ਬੈਕਟੀਰੀਆ ਦੇ ਜ਼ਹਿਰੀਲੇ ਪਦਾਰਥ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਜਾਂਚ ਅਤੇ ਇਲਾਜ ਦੀਆਂ ਨਵੀਆਂ ਵਿਧੀਆਂ ਵਿਕਸਿਤ ਕਰਨ ਦਾ ਰਾਹ ਖੁੱਲ੍ਹ ਸਕਦਾ ਹੈ। ਖੋਜਕਰਤਾ ਹੁਣ ਅਜਿਹੇ ਛੋਟੇ ਅਣੂਆਂ ਅਤੇ ਜੈਵਿਕ ਇਲਾਜਾਂ 'ਤੇ ਕੰਮ ਕਰ ਰਹੇ ਹਨ, ਜੋ ਇਸ ਜ਼ਹਿਰੀਲੇ ਪਦਾਰਥ ਨੂੰ ਕੋਸ਼ਿਕਾਵਾਂ ਨਾਲ ਜੁੜਨ ਤੋਂ ਰੋਕ ਸਕਣ।
Publish Date: Mon, 02 Nov 2026 11:00 AM (IST)
Updated Date: Mon, 02 Nov 2026 11:08 AM (IST)
ਏਐਨਆਈ, ਨਵੀਂ ਦਿੱਲੀ : ਵਿਗਿਆਨੀਆਂ ਨੇ ਅੰਤੜੀਆਂ 'ਚ ਪਾਏ ਜਾਣ ਵਾਲੇ ਇਕ ਆਮ ਬੈਕਟੀਰੀਆ ਤੇ ਕੋਲਨ ਕੈਂਸਰ ਵਿਚਕਾਰ ਸਬੰਧ ਨੂੰ ਸਮਝਣ 'ਚ ਅਹਿਮ ਸਫਲਤਾ ਹਾਸਲ ਕੀਤੀ ਹੈ। ਅਮਰੀਕਾ ਦੀ ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਬੈਕਟੀਰੋਇਡਸ ਫ੍ਰੈਜਿਲਿਸ (Bacteroides fragilis) ਨਾਂ ਦੇ ਬੈਕਟੀਰੀਆ ਦਾ ਜ਼ਹਿਰੀਲਾ ਪਦਾਰਥ ਆਂਤਾਂ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚਾ ਕੇ ਸੋਜ ਅਤੇ ਟਿਊਮਰ ਬਣਨ ਦੀ ਪ੍ਰਕਿਰਿਆ ਨੂੰ ਵਧਾ ਸਕਦਾ ਹੈ।
ਕਰੀਬ ਦੋ ਦਹਾਕਿਆਂ ਤੋਂ ਵਿਗਿਆਨੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਹ ਜ਼ਹਿਰੀਲਾ ਪਦਾਰਥ ਅੰਤੜੀਆਂ ਦੀਆਂ ਕੋਸ਼ਿਕਾਵਾਂ 'ਤੇ ਹਮਲਾ ਕਿਵੇਂ ਕਰਦਾ ਹੈ। ਨੇਚਰ (Nature) ਜਰਨਲ 'ਚ ਪ੍ਰਕਾਸ਼ਿਤ ਅਧਿਐਨ 'ਚ ਇਸ ਸਵਾਲ ਦਾ ਜਵਾਬ ਮਿਲਿਆ ਹੈ।
ਕਲੌਡਿਨ-4 ਪ੍ਰੋਟੀਨ ਦੀ ਮਿਲੀ ਅਹਿਮ ਭੂਮਿਕਾ
ਇਸ ਬੈਕਟੀਰੀਆ ਦੀਆਂ ਕੁਝ ਕਿਸਮਾਂ BFT (Bacteroides fragilis toxin) ਨਾਂ ਦਾ ਜ਼ਹਿਰੀਲਾ ਪਦਾਰਥ ਪੈਦਾ ਕਰਦੀਆਂ ਹਨ। ਇਹ ਪਦਾਰਥ ਅੰਤੜੀਆਂ ਦੀ ਸੁਰੱਖਿਆ ਕਰਨ ਵਾਲੀ ਪਰਤ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਨਾਲ ਲੰਬੇ ਸਮੇਂ ਤੱਕ ਸੋਜ ਬਣੀ ਰਹਿ ਸਕਦੀ ਹੈ ਅਤੇ ਕੈਂਸਰ ਨਾਲ ਜੁੜੀਆਂ ਪ੍ਰਕਿਰਿਆਵਾਂ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ।
ਵਿਗਿਆਨੀਆਂ ਨੇ ਪਾਇਆ ਕਿ ਇਹ ਜ਼ਹਿਰੀਲਾ ਪਦਾਰਥ ਸਭ ਤੋਂ ਪਹਿਲਾਂ ਕਲੌਡਿਨ-4 (Claudin-4) ਨਾਂ ਦੇ ਪ੍ਰੋਟੀਨ ਨਾਲ ਜੁੜਦਾ ਹੈ। ਇਹ ਪ੍ਰੋਟੀਨ ਅੰਤੜੀਆਂ ਦੀਆਂ ਕੋਸ਼ਿਕਾਵਾਂ ਵਿਚਕਾਰ ਮਜ਼ਬੂਤ ਜੋੜ ਬਣਾਉਣ ਅਤੇ ਸੁਰੱਖਿਆ ਪਰਤ ਨੂੰ ਬਰਕਰਾਰ ਰੱਖਣ 'ਚ ਮਦਦ ਕਰਦਾ ਹੈ।
CRISPR ਤਕਨੀਕ ਨਾਲ ਮਿਲਿਆ ਅਹਿਮ ਸੁਰਾਗ
ਇਸ ਗੁੱਥੀ ਨੂੰ ਸੁਲਝਾਉਣ ਲਈ ਵਿਗਿਆਨੀਆਂ ਨੇ CRISPR ਜੀਨ-ਐਡਿਟਿੰਗ ਤਕਨੀਕ ਦੀ ਮਦਦ ਲਈ। ਇਸ ਰਾਹੀਂ ਉਨ੍ਹਾਂ ਨੇ ਅੰਤੜੀਆਂ ਦੀਆਂ ਕੋਸ਼ਿਕਾਵਾਂ 'ਚ ਵੱਖ-ਵੱਖ ਜੀਨਾਂ ਨੂੰ ਨਿਸ਼ਕਿਰਿਆ ਕਰਕੇ ਜਾਂਚ ਕੀਤੀ ਕਿ ਜ਼ਹਿਰੀਲੇ ਪਦਾਰਥ ਨੂੰ ਕੋਸ਼ਿਕਾਵਾਂ ਨਾਲ ਜੁੜਨ ਲਈ ਕਿਸ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਸ ਜਾਂਚ 'ਚ ਕਲੌਡਿਨ-4 ਦੀ ਅਹਿਮ ਭੂਮਿਕਾ ਸਾਹਮਣੇ ਆਈ।
ਜਦੋਂ ਇਸ ਨਾਲ ਜੁੜੇ ਜੀਨ ਨੂੰ ਨਕਾਰਾ ਕੀਤਾ ਗਿਆ ਤਾਂ ਜ਼ਹਿਰੀਲਾ ਪਦਾਰਥ ਕੋਸ਼ਿਕਾਵਾਂ ਨਾਲ ਨਹੀਂ ਜੁੜ ਸਕਿਆ ਅਤੇ ਈ-ਕੈਡੇਰਿਨ (E-cadherin) ਨਾਂ ਦੇ ਪ੍ਰੋਟੀਨ ਨੂੰ ਨੁਕਸਾਨ ਪਹੁੰਚਾਉਣ 'ਚ ਵੀ ਅਸਫਲ ਰਿਹਾ। ਈ-ਕੈਡੇਰਿਨ ਕੋਸ਼ਿਕਾਵਾਂ ਨੂੰ ਇਕ-ਦੂਜੇ ਨਾਲ ਜੋੜ ਕੇ ਰੱਖਣ 'ਚ ਮਦਦ ਕਰਦਾ ਹੈ।
ਇਲਾਜ ਦੀ ਨਵੀਂ ਉਮੀਦ, ਪਰ ਅਜੇ ਹੋਰ ਖੋਜ ਦੀ ਲੋੜ
ਅਧਿਐਨ ਦੀ ਸੀਨੀਅਰ ਲੇਖਿਕਾ ਅਤੇ ਜੌਨਸ ਹੌਪਕਿੰਸ ਦੀ ਵਿਗਿਆਨੀ ਸਿੰਥੀਆ ਸੀਅਰਜ਼ ਅਨੁਸਾਰ, ਬੈਕਟੀਰੀਆ ਦੇ ਜ਼ਹਿਰੀਲੇ ਪਦਾਰਥ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਣ ਨਾਲ ਜਾਂਚ ਅਤੇ ਇਲਾਜ ਦੀਆਂ ਨਵੀਆਂ ਵਿਧੀਆਂ ਵਿਕਸਿਤ ਕਰਨ ਦਾ ਰਾਹ ਖੁੱਲ੍ਹ ਸਕਦਾ ਹੈ। ਖੋਜਕਰਤਾ ਹੁਣ ਅਜਿਹੇ ਛੋਟੇ ਅਣੂਆਂ ਅਤੇ ਜੈਵਿਕ ਇਲਾਜਾਂ 'ਤੇ ਕੰਮ ਕਰ ਰਹੇ ਹਨ, ਜੋ ਇਸ ਜ਼ਹਿਰੀਲੇ ਪਦਾਰਥ ਨੂੰ ਕੋਸ਼ਿਕਾਵਾਂ ਨਾਲ ਜੁੜਨ ਤੋਂ ਰੋਕ ਸਕਣ।
ਵਿਗਿਆਨੀਆਂ ਨੂੰ ਦੋਵਾਂ ਅਣੂਆਂ ਦੀ ਸਹੀ ਤਿੰਨ-ਆਯਾਮੀ (3D) ਬਣਤਰ ਸਮਝਣ ਲਈ ਵੀ ਅੱਗੇ ਹੋਰ ਖੋਜ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਸਾਲ 2009 ਦੇ ਇਕ ਅਧਿਐਨ 'ਚ ਵੀ ਇਸ ਜ਼ਹਿਰੀਲੇ ਪਦਾਰਥ ਅਤੇ ਕੋਲਨ ਟਿਊਮਰ ਵਿਚਕਾਰ ਸਬੰਧ ਸਾਹਮਣੇ ਆਇਆ ਸੀ। ਨਵੀਂ ਖੋਜ ਇਸ ਪ੍ਰਕਿਰਿਆ ਦੀ ਇਕ ਅਹਿਮ ਕੜੀ ਨੂੰ ਸਪੱਸ਼ਟ ਕਰਦੀ ਹੈ। ਹਾਲਾਂਕਿ, ਇਹ ਬੈਕਟੀਰੀਆ ਸਿਹਤਮੰਦ ਲੋਕਾਂ ਦੀਆਂ ਆਂਤਾਂ 'ਚ ਵੀ ਪਾਇਆ ਜਾ ਸਕਦਾ ਹੈ ਅਤੇ ਇਸ ਦੀ ਮੌਜੂਦਗੀ ਦਾ ਮਤਲਬ ਇਹ ਨਹੀਂ ਹੈ ਕਿ ਵਿਅਕਤੀ ਨੂੰ ਕੈਂਸਰ ਜ਼ਰੂਰ ਹੋਵੇਗਾ।
ਚੂਹਿਆਂ 'ਤੇ ਸਫਲ ਰਿਹਾ ਬਚਾਅ ਦਾ ਪ੍ਰਯੋਗ
ਖੋਜਕਰਤਾਵਾਂ ਨੇ ਇਸ ਖੋਜ ਦੇ ਆਧਾਰ 'ਤੇ ਇਕ ਖ਼ਾਸ ਪ੍ਰੋਟੀਨ ਆਧਾਰਿਤ 'ਮੌਲੀਕਿਊਲਰ ਡਿਕੌਇ' (Molecular Decoy) ਤਿਆਰ ਕੀਤਾ। ਇਹ ਇਕ ਨਕਲੀ ਟੀਚੇ ਵਾਂਗ ਕੰਮ ਕਰਦਾ ਹੈ ਅਤੇ ਜ਼ਹਿਰੀਲੇ ਪਦਾਰਥ ਨੂੰ ਅੰਤੜੀਆਂ ਦੀਆਂ ਕੋਸ਼ਿਕਾਵਾਂ ਤਕ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਨਾਲ ਬੰਨ੍ਹ ਲੈਂਦਾ ਹੈ।
ਚੂਹਿਆਂ 'ਤੇ ਕੀਤੇ ਗਏ ਪ੍ਰਯੋਗਾਂ 'ਚ ਇਸ ਤਰੀਕੇ ਨਾਲ ਜ਼ਹਿਰੀਲੇ ਪਦਾਰਥ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਅ ਦੇਖਿਆ ਗਿਆ। ਹਾਲਾਂਕਿ, ਅਜੇ ਇਹ ਸਾਬਤ ਨਹੀਂ ਹੋਇਆ ਹੈ ਕਿ ਇਹ ਤਰੀਕਾ ਮਨੁੱਖਾਂ 'ਚ ਕੈਂਸਰ ਨੂੰ ਰੋਕ ਸਕਦਾ ਹੈ।