- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਹਿਰਾਂ ਮੁਤਾਬਕ, ਕਿਸੇ ਤੀਬਰ ਭਾਵਨਾਤਮਕ ਜਾਂ ਸਰੀਰਕ ਤਣਾਅ ਤੋਂ ਬਾਅਦ ਹਾਰਮੋਨਾਂ ਦਾ ਪੱਧਰ ਅਚਾਨਕ ਵਧ ਸਕਦਾ ਹੈ, ਜਿਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਦੀ ਆਮ ਤਰੀਕੇ ਨਾਲ ਸੁੰਗੜਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਕਿਸੇ ਪਿਆਰੇ ਦੀ ਮੌਤ, ਰਿਸ਼ਤਾ ਟੁੱਟਣਾ, ਬਹੁਤ ਜ਼ਿਆਦਾ ਗੁੱਸਾ, ਡਰ ਜਾਂ ਗੰਭੀਰ ਬਿਮਾਰੀ ਇਸ ਦੇ ਸੰਭਾਵੀ ਕਾਰਨ ਹੋ ਸਕਦੇ ਹਨ।

ਨਵੀਂ ਦਿੱਲੀ (ਪੀਟੀਆਈ) : ਦਿਲ ਟੁੱਟ ਜਾਂਦਾ ਹੈ, ਇਹ ਸਿਰਫ਼ ਅਖਾਣ ਨਹੀਂ, ਸੱਚਾਈ ਹੈ। ਸਾਹਿਤਕਾਰਾਂ ਅਤੇ ਲੇਖਕਾਂ ਦੀਆਂ ਲਿਖੀਆਂ ਕਈ ਕਹਾਣੀਆਂ ਵਿਚ ਤੁਸੀਂ ਪੜ੍ਹਿਆ ਵੀ ਹੋਵੇਗਾ ਕਿ ਦਿਲ ਟੁੱਟਣ ’ਤੇ ਇਨਸਾਨ ਸਦਮੇ ਵਿਚ ਚਲਾ ਜਾਂਦਾ ਹੈ। ਕਿਸੇ ਆਪਣੇ ਦੇ ਵਿਛੜਨ ਦਾ ਦੁੱਖ ਹੋਵੇ, ਰਿਸ਼ਤਾ ਟੁੱਟਣ ਦਾ ਸਦਮਾ ਜਾਂ ਅਚਾਨਕ ਆਇਆ ਤੇਜ਼ ਗੁੱਸਾ—ਇਨ੍ਹਾਂ ਤੀਬਰ ਭਾਵਨਾਤਮਕ ਸਦਮਿਆਂ ਦਾ ਅਸਰ ਦਿਲ ਦੀ ਕਾਰਜਪ੍ਰਣਾਲੀ ’ਤੇ ਪੈਂਦਾ ਹੈ। ਮੈਡੀਕਲ ਵਿਗਿਆਨ ਅਨੁਸਾਰ, ਕੁਝ ਮਾਮਲਿਆਂ ਵਿਚ ਦਿਲ ਦੀ ਖ਼ੂਨ ਪੰਪ ਕਰਨ ਦੀ ਸਮਰੱਥਾ ਅਚਾਨਕ ਕਮਜ਼ੋਰ ਹੋ ਜਾਂਦੀ ਹੈ। ਇਸ ਦੁਰਲੱਭ ਸਥਿਤੀ ਨੂੰ ‘ਬ੍ਰੋਕਨ ਹਾਰਟ ਸਿੰਡਰੋਮ’ ਜਾਂ ‘ਟਾਕੋਤਸੁਬੋ ਕਾਰਡੀਓਮਾਇਓਪੈਥੀ’ ਕਹਿੰਦੇ ਹਨ।
ਮਾਹਿਰਾਂ ਮੁਤਾਬਕ, ਕਿਸੇ ਤੀਬਰ ਭਾਵਨਾਤਮਕ ਜਾਂ ਸਰੀਰਕ ਤਣਾਅ ਤੋਂ ਬਾਅਦ ਹਾਰਮੋਨਾਂ ਦਾ ਪੱਧਰ ਅਚਾਨਕ ਵਧ ਸਕਦਾ ਹੈ, ਜਿਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਦੀ ਆਮ ਤਰੀਕੇ ਨਾਲ ਸੁੰਗੜਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਕਿਸੇ ਪਿਆਰੇ ਦੀ ਮੌਤ, ਰਿਸ਼ਤਾ ਟੁੱਟਣਾ, ਬਹੁਤ ਜ਼ਿਆਦਾ ਗੁੱਸਾ, ਡਰ ਜਾਂ ਗੰਭੀਰ ਬਿਮਾਰੀ ਇਸ ਦੇ ਸੰਭਾਵੀ ਕਾਰਨ ਹੋ ਸਕਦੇ ਹਨ।
ਦਿੱਲੀ ਸਥਿਤ ਏਮਜ਼ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਰਾਜੀਵ ਨਾਰੰਗ ਅਨੁਸਾਰ, ਅਚਾਨਕ ਅਤੇ ਤੀਬਰ ਭਾਵਨਾਤਮਕ ਪ੍ਰਤੀਕਿਰਿਆ, ਜਿਸ ਵਿਚ ਬਹੁਤ ਜ਼ਿਆਦਾ ਗੁੱਸਾ ਵੀ ਸ਼ਾਮਲ ਹੈ, ਐਡਰੇਨਾਲਾਈਨ ਹਾਰਮੋਨ ਦਾ ਪੱਧਰ ਤੇਜ਼ੀ ਨਾਲ ਵਧਾ ਸਕਦੀ ਹੈ। ਇਸ ਦਾ ਅਸਰ ਦਿਲ ਦੀਆਂ ਮਾਸਪੇਸ਼ੀਆਂ ’ਤੇ ਪੈਂਦਾ ਹੈ ਅਤੇ ਕੁਝ ਸਮੇਂ ਲਈ ਉਨ੍ਹਾਂ ਦੀ ਪੰਪ ਕਰਨ ਦੀ ਸਮਰੱਥਾ ਕਮਜ਼ੋਰ ਹੋ ਸਕਦੀ ਹੈ।
ਦਿਲ ਦੇ ਦੌਰੇ ਵਰਗੇ ਲੱਛਣ, ਇਸ ਲਈ ਸਾਵਧਾਨੀ ਜ਼ਰੂਰੀ
ਬ੍ਰੋਕਨ ਹਾਰਟ ਸਿੰਡਰੋਮ ਵਿਚ ਅਚਾਨਕ ਛਾਤੀ ਵਿਚ ਦਰਦ, ਸਾਹ ਚੜ੍ਹਨਾ, ਪਸੀਨਾ ਆਉਣਾ ਅਤੇ ਦਿਲ ਦੀ ਧੜਕਣ ਤੇਜ਼ ਹੋਣ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਈਸੀਜੀ ਵਿਚ ਵੀ ਦਿਲ ਦੇ ਦੌਰੇ ਵਰਗੀਆਂ ਅਸਧਾਰਨਤਾਵਾਂ ਨਜ਼ਰ ਆ ਸਕਦੀਆਂ ਹਨ। ਹਾਲਾਂਕਿ, ਇਨ੍ਹਾਂ ਮਰੀਜ਼ਾਂ ਦੀਆਂ ਕੋਰੋਨਰੀ ਧਮਨੀਆਂ ਵਿਚ ਅਕਸਰ ਅਜਿਹੀ ਕੋਈ ਵੱਡੀ ਰੁਕਾਵਟ ਨਹੀਂ ਮਿਲਦੀ, ਜੋ ਲੱਛਣਾਂ ਦੀ ਪੂਰੀ ਵਿਆਖਿਆ ਕਰ ਸਕੇ। ਫਿਰ ਵੀ ਜਾਂਚ ਤੋਂ ਬਿਨਾਂ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ।
ਕੋਲਕਾਤਾ ਦੇ ਬੀ.ਐੱਮ. ਬਿਰਲਾ ਹਾਰਟ ਹਸਪਤਾਲ ਦੇ ਕਾਰਡੀਓਲੋਜੀ ਨਿਰਦੇਸ਼ਕ ਡਾ. ਅੰਜਨ ਸਿਓਟੀਆ ਦੱਸਦੇ ਹਨ ਕਿ ਇਸ ਬਿਮਾਰੀ ਦੇ ਸਹੀ ਕਾਰਨ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ। ਮੰਨਿਆ ਜਾਂਦਾ ਹੈ ਕਿ ਐਡਰੇਨਾਲਾਈਨ ਸਮੇਤ ਕੈਟੇਕੋਲਾਮਾਈਨ ਨਾਮਕ ਤਣਾਅ ਨਾਲ ਜੁੜੇ ਰਸਾਇਣਾਂ ਦਾ ਪੱਧਰ ਅਚਾਨਕ ਵਧਣ ਨਾਲ ਦਿਲ ਦੀਆਂ ਮਾਸਪੇਸ਼ੀਆਂ ਅਸਥਾਈ ਤੌਰ ’ਤੇ ਕਮਜ਼ੋਰ ਪੈ ਸਕਦੀਆਂ ਹਨ।
ਜਾਪਾਨੀ ਬਰਤਨ ਤੋਂ ਪਿਆ ਨਾਂ
‘ਟਾਕੋਤਸੁਬੋ’ ਜਾਪਾਨ ਵਿਚ ਵਰਤੇ ਜਾਣ ਵਾਲੇ ਉਸ ਬਰਤਨ ਦਾ ਨਾਂ ਹੈ, ਜਿਸ ਦੀ ਵਰਤੋਂ ਆਕਟੋਪਸ ਫੜਨ ਲਈ ਕੀਤੀ ਜਾਂਦੀ ਹੈ। ਇਸ ਬਰਤਨ ਦਾ ਆਕਾਰ ਇਸ ਬਿਮਾਰੀ ਵਿਚ ਦਿਲ ਦੇ ਖੱਬੇ ਵੈਂਟ੍ਰਿਕਲ (ਹੇਠਲੇ ਕਮਰੇ) ਦੇ ਬਦਲਦੇ ਆਕਾਰ ਨਾਲ ਮਿਲਦਾ-ਜੁਲਦਾ ਹੈ। ਇਸੇ ਕਾਰਨ ਇਸ ਸਥਿਤੀ ਨੂੰ ਟਾਕੋਤਸੁਬੋ ਕਾਰਡੀਓਮਾਇਓਪੈਥੀ ਨਾਂ ਦਿੱਤਾ ਗਿਆ।
ਜ਼ਿਆਦਾਤਰ ਮਰੀਜ਼ਾਂ ਵਿਚ ਢੁੱਕਵੇਂ ਇਲਾਜ ਨਾਲ ਕੁਝ ਦਿਨਾਂ ਜਾਂ ਹਫ਼ਤਿਆਂ ਵਿਚ ਦਿਲ ਦੀ ਕਾਰਜਕੁਸ਼ਲਤਾ ਵਿਚ ਸੁਧਾਰ ਹੋ ਜਾਂਦਾ ਹੈ। ਹਾਲਾਂਕਿ, ਕੁਝ ਮਾਮਲਿਆਂ ਵਿਚ ਹਾਰਟ ਫੇਲ੍ਹ ਹੋਣਾ, ਧੜਕਣ ਵਿਚ ਗੜਬੜੀ ਅਤੇ ਕਾਰਡੀਓਜੈਨਿਕ ਸ਼ਾਕ ਵਰਗੀਆਂ ਗੰਭੀਰ ਪੇਚੀਦਗੀਆਂ ਹੋ ਸਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਨਿਯਮਤ ਕਸਰਤ, ਲੋੜੀਂਦੀ ਨੀਂਦ ਅਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ’ਤੇ ਕਾਬੂ ਦਿਲ ਦੀ ਸਿਹਤ ਲਈ ਜ਼ਰੂਰੀ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਭਾਵਨਾਤਮਕ ਤਣਾਅ ਤੋਂ ਬਾਅਦ ਛਾਤੀ ਵਿਚ ਨਵਾਂ ਦਰਦ, ਸਾਹ ਲੈਣ ਵਿਚ ਮੁਸ਼ਕਲ ਜਾਂ ਠੰਢਾ ਪਸੀਨਾ ਆਵੇ ਤਾਂ ਇਸ ਨੂੰ ਸਿਰਫ਼ ਘਬਰਾਹਟ ਮੰਨ ਕੇ ਨਜ਼ਰਅੰਦਾਜ਼ ਨਾ ਕਰੋ।