- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਖੋਜ ਨੇਚਰ ਨਿਊਰੋਸਾਇੰਸ ਜਰਨਲ ’ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਖੋਜ ਇਹ ਸਮਝਣ ’ਚ ਮਦਦ ਕਰ ਸਕਦੀ ਹੈ ਕਿ ਵਿਗਿਆਨੀਆਂ ਨੂੰ ਦਹਾਕਿਆਂ ਤੋਂ ਲੈਬ ’ਚ ‘ਹਿੰਡਬ੍ਰੇਨ’ (ਦਿਮਾਗ ਦੇ ਤਿੰਨ ਮੁੱਖ ਹਿੱਸਿਆਂ ’ਚੋਂ ਇਕ) ਦੇ ਨਿਊਰਾਨ ਵਿਕਸਤ ਕਰਨ ’ਚ ਮੁਸ਼ਕਲ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ। ਇਸ ਅੰਤਰ ਨੇ ਬ੍ਰੇਨ ਸਟੈਮ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ, ਜਿਨ੍ਹਾਂ ’ਚ ਸਪਾਈਨਲ ਮਸਕੁਲਰ ਐਟ੍ਰੋਫੀ ਅਤੇ ਐਮੀਓਟ੍ਰੋਫਿਕ ਲੈਟਰਲ ਸਕਲੇਰੋਸਿਸ ਸ਼ਾਮਲ ਹਨ, ’ਤੇ ਖੋਜ ’ਚ ਰੁਕਾਵਟ ਪੈਦਾ ਕੀਤੀ ਹੈ। ਇਹ ਦੋਵੇਂ ਹੀ ਮੋਟਰ ਨਿਊਰਾਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ।

ਪੀਟੀਆਈ। ਇਨਸਾਨੀ ਦਿਮਾਗ਼, ਜਿਸ ਨੂੰ ਆਮ ਤੌਰ ’ਤੇ ਇਕੋ ਅੰਗ ਮੰਨਿਆ ਜਾਂਦਾ ਹੈ, ਸ਼ਾਇਦ ਕਰੋੜਾਂ ਸਾਲਾਂ ਦੌਰਾਨ ਦੋ ਵੱਖ-ਵੱਖ ਅੰਗਾਂ ਵਜੋਂ ਵਿਕਸਤ ਹੋਇਆ ਹੈ। ਇਹ ਜਾਣਕਾਰੀ ਇਕ ਖੋਜ ’ਚ ਸਾਹਮਣੇ ਆਈ ਹੈ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ, ਵਿਗਿਆਨੀ ਹੁਣ ਤੱਕ ਇਸ ਸਿਧਾਂਤ ਨੂੰ ਮੰਨਦੇ ਰਹੇ ਹਨ ਕਿ ਵਿਕਾਸ ਦੇ ਸ਼ੁਰੂਆਤੀ ਪੜਾਅ ’ਚ ਇਕ ਹੀ ‘ਪ੍ਰੋਜੈਨਿਟਰ ਸੈੱਲ’ (ਮੂਲ ਕੋਸ਼ਿਕਾ) ਹੁੰਦੀ ਹੈ, ਜਿਸ ਤੋਂ ਪੂਰਾ ਦਿਮਾਗ ਬਣਦਾ ਹੈ। ਇਹ ਮੌਜੂਦਾ ਮਾਡਲ ਦੱਸਦਾ ਹੈ ਕਿ ਦਿਮਾਗ ਦੇ ਸਾਰੇ ਹਿੱਸਿਆਂ ਦਾ ਵਿਕਾਸ ਇਕੋ ਥਾਂ ਤੋਂ ਸ਼ੁਰੂ ਹੁੰਦਾ ਹੈ। ਪ੍ਰੋਜੈਨਿਟਰ ਕੋਸ਼ਿਕਾਵਾਂ ਅਜਿਹੀਆਂ ਜੈਵਿਕ ਕੋਸ਼ਿਕਾਵਾਂ ਹੁੰਦੀਆਂ ਹਨ, ਜੋ ਸਟੈਮ ਕੋਸ਼ਿਕਾਵਾਂ ਤੋਂ ਬਣਦੀਆਂ ਹਨ ਅਤੇ ਸਿਰਫ਼ ਇਕ ਜਾਂ ਕੁਝ ਨਿਸ਼ਚਿਤ ਕਿਸਮ ਦੀਆਂ ਵਿਸ਼ੇਸ਼ ਕੋਸ਼ਿਕਾਵਾਂ ’ਚ ਹੀ ਵਿਕਸਤ ਹੋ ਸਕਦੀਆਂ ਹਨ।
ਟੀਮ ਨੇ ਚੂਹੇ ਦੇ ਭਰੂਣ ਦੇ ਵਿਕਾਸ ’ਤੇ ਖੋਜ ਕੀਤੀ ਅਤੇ ਦਿਖਾਇਆ ਕਿ ਇਨਸਾਨੀ ਦਿਮਾਗ ਅਸਲ ’ਚ ਦੋ ਪੁਰਾਣੇ ਨਰਵਸ ਸਿਸਟਮਾਂ ਤੋਂ ਮਿਲ ਕੇ ਬਣਿਆ ਹੈ, ਜੋ ਬਹੁਤ ਚਤੁਰਾਈ ਨਾਲ ਆਪਸ ’ਚ ਜੁੜੇ ਹੋਏ ਹਨ। ਇਕ ਹਿੱਸਾ ਵਧੇਰੇ ਪੁਰਾਣਾ ਹੈ, ਜੋ ਦਿਲ ਦੀ ਧੜਕਣ ਅਤੇ ਸਾਹ ਲੈਣ ਵਰਗੀਆਂ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ, ਜਦਕਿ ਦੂਜਾ ਹਿੱਸਾ ਇਨਸਾਨ ਨੂੰ ਖ਼ਾਸ ਬਣਾਉਂਦਾ ਹੈ, ਜਿਸ ਨਾਲ ਉਹ ਕਵਿਤਾ, ਗਣਿਤ ਅਤੇ ਆਪਣੀ ਪ੍ਰਜਾਤੀ ਦੀ ਉਤਪਤੀ ਬਾਰੇ ਸੋਚ ਸਕਦਾ ਹੈ। ਉਨ੍ਹਾਂ ਨੇ ਪਾਇਆ ਕਿ ਇਹ ਦੋਵੇਂ ਸਿਸਟਮ ਨਾਲੋ-ਨਾਲ ਵਿਕਸਤ ਹੁੰਦੇ ਹਨ ਅਤੇ ਇਨ੍ਹਾਂ ਦੀਆਂ ਕੋਸ਼ਿਕਾਵਾਂ ਕਦੇ ਵੀ ਇਕ-ਦੂਜੇ ਨਾਲ ਮਿਲਦੀਆਂ ਜਾਂ ਓਵਰਲੈਪ ਨਹੀਂ ਕਰਦੀਆਂ।
ਇਹ ਖੋਜ ਨੇਚਰ ਨਿਊਰੋਸਾਇੰਸ ਜਰਨਲ ’ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਖੋਜ ਇਹ ਸਮਝਣ ’ਚ ਮਦਦ ਕਰ ਸਕਦੀ ਹੈ ਕਿ ਵਿਗਿਆਨੀਆਂ ਨੂੰ ਦਹਾਕਿਆਂ ਤੋਂ ਲੈਬ ’ਚ ‘ਹਿੰਡਬ੍ਰੇਨ’ (ਦਿਮਾਗ ਦੇ ਤਿੰਨ ਮੁੱਖ ਹਿੱਸਿਆਂ ’ਚੋਂ ਇਕ) ਦੇ ਨਿਊਰਾਨ ਵਿਕਸਤ ਕਰਨ ’ਚ ਮੁਸ਼ਕਲ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ। ਇਸ ਅੰਤਰ ਨੇ ਬ੍ਰੇਨ ਸਟੈਮ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਿਮਾਰੀਆਂ, ਜਿਨ੍ਹਾਂ ’ਚ ਸਪਾਈਨਲ ਮਸਕੁਲਰ ਐਟ੍ਰੋਫੀ ਅਤੇ ਐਮੀਓਟ੍ਰੋਫਿਕ ਲੈਟਰਲ ਸਕਲੇਰੋਸਿਸ ਸ਼ਾਮਲ ਹਨ, ’ਤੇ ਖੋਜ ’ਚ ਰੁਕਾਵਟ ਪੈਦਾ ਕੀਤੀ ਹੈ। ਇਹ ਦੋਵੇਂ ਹੀ ਮੋਟਰ ਨਿਊਰਾਨਾਂ ਨੂੰ ਪ੍ਰਭਾਵਿਤ ਕਰਦੀਆਂ ਹਨ।
ਸਟੈਨਫੋਰਡ ਯੂਨੀਵਰਸਿਟੀ ’ਚ ਡਿਵੈਲਪਮੈਂਟਲ ਬਾਇਓਲੋਜੀ ਦੇ ਐਸੋਸੀਏਟ ਪ੍ਰੋਫੈਸਰ ਅਤੇ ਸੀਨੀਅਰ ਲੇਖਕ ਕਾਇਲ ਲੋਹ ਨੇ ਕਿਹਾ, “ਅਸੀਂ ਪਹਿਲੀ ਵਾਰ ਇਹ ਦਿਖਾਇਆ ਹੈ ਕਿ ਦਿਮਾਗ ਦਾ ਅਗਲਾ ਹਿੱਸਾ, ਪਿਛਲੇ ਹਿੱਸੇ ਤੋਂ ਬਿਲਕੁਲ ਵੱਖਰੇ ਪ੍ਰੋਜੈਨਿਟਰ ਸੈੱਲ ਤੋਂ ਬਣਦਾ ਹੈ। ਸਾਡੀ ਖੋਜ ਦਾ ਮਤਲਬ ਹੈ ਕਿ ਹੁਣ ਅਸੀਂ ਦਿਮਾਗ ਦੇ ਪਿਛਲੇ ਹਿੱਸੇ (ਹਿੰਡਬ੍ਰੇਨ) ਤੋਂ ਨਿਊਰਾਨ ਵਿਕਸਤ ਕਰ ਸਕਦੇ ਹਾਂ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਦਾ ਅਧਿਐਨ ਕਰ ਸਕਦੇ ਹਾਂ।”
ਬਾਲਗ ਦਿਮਾਗ਼ ਦੇ ਤਿੰਨ ਮੁੱਖ ਹਿੱਸੇ ਹੁੰਦੇ ਹਨ—ਫੋਰਬ੍ਰੇਨ (ਅਗਲਾ ਹਿੱਸਾ), ਮਿਡਬ੍ਰੇਨ (ਵਿਚਕਾਰਲਾ ਹਿੱਸਾ) ਤੇ ਹਿੰਡਬ੍ਰੇਨ (ਪਿਛਲਾ ਹਿੱਸਾ)। ਖੋਜਕਰਤਾਵਾਂ ਨੇ ਦਿਮਾਗ ਦੀਆਂ ਦੋ ਵੱਖ-ਵੱਖ ਪ੍ਰੋਜੈਨਿਟਰ ਕੋਸ਼ਿਕਾਵਾਂ ਦੀ ਪਛਾਣ ਕੀਤੀ। ਇਕ ‘ਓਟੀਐਕਸ2’ ਜੀਨ ਨੂੰ ਐਕਸਪ੍ਰੈੱਸ ਕਰਦੀ ਹੈ ਅਤੇ ਅੱਗੇ ਚੱਲ ਕੇ ਫੋਰਬ੍ਰੇਨ ਤੇ ਮਿਡਬ੍ਰੇਨ ਬਣਾਉਂਦੀ ਹੈ, ਜਦਕਿ ਦੂਜੀ ‘ਜੀਬੀਐਕਸ2’ ਜੀਨ ਨੂੰ ਐਕਸਪ੍ਰੈੱਸ ਕਰਦੀ ਹੈ ਅਤੇ ਹਿੰਡਬ੍ਰੇਨ ਬਣਾਉਣ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਦਿਖਾਇਆ ਕਿ ਸੈੱਲਾਂ ਦੇ ਇਹ ਦੋਵੇਂ ਸਮੂਹ ਕਦੇ ਵੀ ਓਵਰਲੈਪ ਨਹੀਂ ਕਰਦੇ। ਇਹ ਵਿਕਾਸ ਦੇ ਸ਼ੁਰੂਆਤੀ ਪੜਾਅ ਤੋਂ ਹੀ ਇਕ-ਦੂਜੇ ਤੋਂ ਪੂਰੀ ਤਰ੍ਹਾਂ ਵੱਖਰੇ ਹੁੰਦੇ ਹਨ।