- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਨ ਐਸੋਸੀਏਸ਼ਨ ਫ਼ਾਰ ਕੈਂਸਰ ਰਿਸਰਚ ਦੇ ਡਾ. ਰੌਬਰਟ ਵੋਂਡਰਹਾਈਡ ਨੇ ਕਿਹਾ ਕਿ ਸਭ ਨੂੰ ਉਮੀਦ ਹੈ ਕਿ ਇਹ ਮੇਲਾਨੋਮਾ ਦੇ ਮਰੀਜ਼ਾਂ ਦੇ ਇਲਾਜ ਦਾ ਨਵਾਂ ਤਰੀਕਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਹੁਣ ਤੱਕ ਦੀਆਂ ਸਾਡੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਦੇ ਬਰਾਬਰ ਹਨ।

ਨਿਊਯਾਰਕ ਟਾਈਮਜ਼: ਕੈਂਸਰ ਵਿਰੁੱਧ ਆਪਣੀ ਕਿਸਮ ਦੀ ਪਹਿਲੀ ਵੈਕਸੀਨ ਜਲਦੀ ਹੀ ਆ ਸਕਦੀ ਹੈ। ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਵੀਰਵਾਰ ਨੂੰ ਮੇਲਾਨੋਮਾ ਦੇ ਮਰੀਜ਼ਾਂ ’ਤੇ ਕੀਤੇ ਗਏ ਇਕ ਵੈਕਸੀਨ ਟ੍ਰਾਇਲ ਦੇ ਪੂਰੇ ਨਤੀਜੇ ਜਾਰੀ ਕੀਤੇ। ਨਤੀਜਿਆਂ ਮੁਤਾਬਕ, ਟਿਊਮਰ ਕੱਢਣ ਲਈ ਸਰਜਰੀ ਤੋਂ ਬਾਅਦ ਵੈਕਸੀਨ ਲੈਣ ਵਾਲੇ ਮਰੀਜ਼ਾਂ ’ਚ ਦੋ ਸਾਲਾਂ ਦੇ ਅੰਦਰ ਕੈਂਸਰ ਮੁੜ ਹੋਣ ਜਾਂ ਮੌਤ ਦਾ ਖ਼ਤਰਾ, ਵੈਕਸੀਨ ਨਾ ਲੈਣ ਵਾਲਿਆਂ ਦੇ ਮੁਕਾਬਲੇ 42 ਫ਼ੀਸਦੀ ਘੱਟ ਸੀ। ਮੇਲਾਨੋਮਾ ਚਮੜੀ ਦੇ ਕੈਂਸਰ ਦੀ ਸਭ ਤੋਂ ਗੰਭੀਰ ਤੇ ਖ਼ਤਰਨਾਕ ਕਿਸਮ ਹੈ।
ਅਮਰੀਕਨ ਐਸੋਸੀਏਸ਼ਨ ਫ਼ਾਰ ਕੈਂਸਰ ਰਿਸਰਚ ਦੇ ਡਾ. ਰੌਬਰਟ ਵੋਂਡਰਹਾਈਡ ਨੇ ਕਿਹਾ ਕਿ ਸਭ ਨੂੰ ਉਮੀਦ ਹੈ ਕਿ ਇਹ ਮੇਲਾਨੋਮਾ ਦੇ ਮਰੀਜ਼ਾਂ ਦੇ ਇਲਾਜ ਦਾ ਨਵਾਂ ਤਰੀਕਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਹੁਣ ਤੱਕ ਦੀਆਂ ਸਾਡੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਦੇ ਬਰਾਬਰ ਹਨ।
ਖੋਜ ਦੇ ਨਤੀਜੇ ਤੈਅ ਸਮੇਂ ਤੋਂ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ। ਇਨ੍ਹਾਂ ਨੂੰ ਪਹਿਲੀ ਵਾਰ ਸ਼ਨੀਵਾਰ ਨੂੰ ਮੈਡਰਿਡ ’ਚ ਹੋਣ ਵਾਲੀ ਯੂਰਪੀਅਨ ਸੁਸਾਇਟੀ ਫ਼ਾਰ ਮੈਡੀਕਲ ਓਨਕੋਲੋਜੀ ਕਾਂਗਰਸ ’ਚ ਪੇਸ਼ ਕੀਤਾ ਜਾਣਾ ਸੀ। ਪਰ ਕੁਝ ਅੰਕੜੇ ਲੀਕ ਹੋਣ ਤੋਂ ਬਾਅਦ ਕੰਪਨੀਆਂ ਨੇ ਨਤੀਜੇ ਜਾਰੀ ਕਰਨ ’ਤੇ ਲੱਗੀ ਰੋਕ ਹਟਾ ਦਿੱਤੀ।
ਇਸ ਟ੍ਰਾਇਲ ’ਚ ਮੇਲਾਨੋਮਾ ਦੇ 1,137 ਮਰੀਜ਼ ਸ਼ਾਮਲ ਸਨ, ਜਿਨ੍ਹਾਂ ਦੇ ਟਿਊਮਰ ਸਰਜਰੀ ਰਾਹੀਂ ਕੱਢ ਦਿੱਤੇ ਗਏ ਸਨ। ਇਨ੍ਹਾਂ ਮਰੀਜ਼ਾਂ ਨੂੰ ਪੈਂਬ੍ਰੋਲਿਜ਼ੂਮੈਬ (ਕੀਟਰੂਡਾ) ਨਾਂ ਦੀ ਇਮਿਊਨੋਥੈਰੇਪੀ ਦਵਾਈ ਦਿੱਤੀ ਗਈ। ਇਹ ਦਵਾਈ ਕੁਝ ਖ਼ਾਸ ਰੋਗ-ਪ੍ਰਤੀਰੋਧਕ ਕੋਸ਼ਿਕਾਵਾਂ ਉੱਤੇ ਲੱਗ ਬ੍ਰੇਕ ਨੂੰ ਹਟਾਉਂਦੀ ਹੈ, ਤਾਂ ਜੋ ਉਹ ਕੈਂਸਰ ਕੋਸ਼ਿਕਾਵਾਂ ’ਤੇ ਹਮਲਾ ਕਰ ਸਕਣ।
ਮਰੀਜ਼ਾਂ ’ਚੋਂ ਲਗਪਗ ਦੋ-ਤਿਹਾਈ ਨੂੰ ਚੋਣਵੀਂ ਵੰਡ ਰਾਹੀਂ ਪ੍ਰਯੋਗਾਤਮਕ ਐੱਮਆਰਐੱਨਏ ਵੈਕਸੀਨ ਦਿੱਤੀ ਗਈ, ਜਦਕਿ ਬਾਕੀ ਇਕ-ਤਿਹਾਈ ਨੂੰ ਪਲੇਸਬੋ ਦਿੱਤਾ ਗਿਆ। ਇਹ ਵੈਕਸੀਨ ਹਰੇਕ ਮਰੀਜ਼ ਲਈ ਖ਼ਾਸ ਤੌਰ ’ਤੇ ਤਿਆਰ ਕੀਤੀ ਗਈ ਸੀ ਤੇ ਇਸ ’ਚ 34 ਨਿਓਐਂਟੀਜਨ-ਯਾਨੀ ਮਰੀਜ਼ ਦੇ ਟਿਊਮਰ ’ਚ ਬਣਨ ਵਾਲੇ ਨਵੇਂ ਪ੍ਰੋਟੀਨ-ਸ਼ਾਮਲ ਸਨ। ਇਸ ਦਾ ਮਕਸਦ ਸਰੀਰ ਦੇ ਰੋਗ-ਪ੍ਰਤੀਰੋਧਕ ਤੰਤਰ ਨੂੰ ਇਨ੍ਹਾਂ ਪ੍ਰੋਟੀਨਾਂ ਵਿਰੁੱਧ ਪ੍ਰਤੀਕਿਰਿਆ ਕਰਨ ਲਈ ਤਿਆਰ ਕਰਨਾ ਸੀ।
ਟ੍ਰਾਇਲ ’ਚ ਸ਼ਾਮਲ ਹੋਣ ਤੋਂ ਦੋ ਸਾਲ ਬਾਅਦ, ਵੈਕਸੀਨ ਲੈਣ ਵਾਲੇ ਮਰੀਜ਼ਾਂ ’ਚ ਕੈਂਸਰ ਮੁੜ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਪਾਈ ਗਈ।