
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਈਆਈਟੀ ਕਾਨਪੁਰ ਦੇ ਕਾਗਨਿਟਿਵ ਸਾਇੰਸ ਡਿਪਾਰਟਮੈਂਟ ਦੇ ਪੀਐੱਚਡੀ ਸਕਾਲਰ ਅਮਲ ਜੂਡ ਅਸ਼ਵਿਨ ਫਰਾਂਸਿਸ ਨੇ ਕਿਹਾ ਕਿ ਅਸੀਂ ਪਾਇਆ ਕਿ ਵੱਖ-ਵੱਖ ਲੱਛਣਾ ਵਾਲੇ ਮਰੀਜ਼ਾਂ ’ਚ ਦਿਮਾਗ਼ ਤੇ ਢਿੱਡ ਦੀ ਫਿਜ਼ੀਓਲਾਜੀ ਦੇ ਵੱਖ-ਵੱਖ ਪੈਟਰਨ ਦੇਖੇ ਗਏ, ਜਿਨ੍ਹਾਂ ਦਾ ਇਲਾਜ ਦੇ ਨਤੀਜਿਆਂ ਨਾਲ ਸਬੰਧ ਸੀ।

ਨਵੀਂ ਦਿੱਲੀ (ਆਈਏਐੱਨਐੱਸ) : ਦਿਮਾਗ਼ ਤੇ ਢਿੱਡ ਦੇ ਇਲੈਕਟ੍ਰੀਕਲ ਸਿਗਨਲ ਤੇ ਕਲੀਨਿਕਲ ਲੱਛਣਾਂ ਦੇ ਆਧਾਰ ’ਤੇ ਐਂਟੀਡਿਪ੍ਰੈਸੈਂਟ ਇਲਾਜ ਸ਼ੁਰੂ ਕਰਨ ਦੇ ਸੱਤ ਤੋਂ ਦਸ ਦਿਨਾਂ ਦੇ ਅੰਦਰ ਹੀ ਇਲਾਜ ਦੇ ਨਤੀਜਿਆਂ ਦਾ ਅੰਦਾਜ਼ਾਂ ਲਗਾਇਆ ਜਾ ਸਕਦਾ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਕਾਨਪੁਰ ਤੇ ਗਣੇਸ਼ ਸ਼ੰਕਰ ਵਿਦਿਆਰਥੀ ਮੈਮੋਰੀਅਲ ਮੈਡੀਕਲ ਕਾਲਜ ਦੇ ਖੋਜੀਆਂ ਦੇ ਸਾਂਝੇ ਅਧਿਐਨ ਨਾਲ ਪਤਾ ਲੱਗਾ ਹੈ ਕਿ ਇਨ੍ਹਾਂ ਨਤੀਜਿਆਂ ਨਾਲ ਇਲਾਜ ਦੇ ਅਸਰ ਦਾ ਪਤਾ ਪਹਿਲਾਂ ਹੀ ਲਗਾਇਆ ਜਾ ਸਕੇਗਾ, ਜਦਕਿ ਆਮ ਤੌਰ ’ਤੇ ਇਸਦੇ ਲਈ ਚਾਰ ਤੋਂ ਛੇ ਹਫ਼ਤੇ ਦਾ ਸਮਾਂ ਲੱਗਦਾ ਹੈ।
ਟ੍ਰੀਟਮੈਂਟ ਦੇ ਅਸਰ ਦਾ ਜਲਦੀ ਪਤਾ ਲਗਾਉਣ ਦੀ ਸਮਰੱਥਾ ਡਿਪ੍ਰੈਸ਼ਨ ਦੇ ਇਲਾਜ ’ਚ ਵੱਡੀ ਚੁਣੌਤੀ ਨਾਲ ਨਜਿੱਠਣ ’ਚ ਮਦਦ ਕਰ ਸਕਦੀ ਹੈ।
ਤਣਾਅ ਦੁਨੀਆ ਭਰ ’ਚ ਲਗਪਗ ਪੰਜ ਫ਼ੀਸਦੀ ਬਾਲਿਗਾਂ ਤੇ ਭਾਰਤ ਦੀ ਆਬਾਦੀ ਦੇ ਲਗਪਗ 4.5 ਫ਼ੀਸਦੀ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਅੱਧੇ ਤੋਂ ਵੱਧ ਮਰੀਜ਼ਾਂ ’ਤੇ ਪਹਿਲੀ ਐਂਟੀਡਿਪ੍ਰੈਸੈਂਟ ਦਵਾਈ ਦਾ ਅਸਰ ਠੀਕ ਤਰ੍ਹਾਂ ਨਹੀਂ ਹੁੰਦਾ ਤੇ ਅਸਰਦਾਰ ਇਲਾਜ ਲੱਭਣ ’ਚ ਅਕਸਰ ਕਈ ਹਫ਼ਤਿਆਂ ਤੱਕ ਵੱਖ-ਵੱਖ ਦਵਾਈਆਂ ਅਜ਼ਮਾਉਣੀਆਂ ਪੈਂਦੀਆਂ ਹਨ। ਆਈਆਈਟੀ ਕਾਨਪੁਰ ਦੇ ਕਾਗਨਿਟਿਵ ਸਾਇੰਸ ਡਿਪਾਰਟਮੈਂਟ ਦੀ ਅਸਿਸਟੈਂਟ ਪ੍ਰੋਫੈਸਰ ਡਾ. ਪ੍ਰਗਤੀ ਪ੍ਰਿਆਦਰਸ਼ਨੀ ਬਾਲਾਸੁਬ੍ਰਾਮਣੀ ਨੇ ਕਿਹਾ ਕਿ ਅਧਿਐਨ ਨਾਲ ਪਤਾ ਲੱਗਾ ਹੈ ਕਿ ਇਲਾਜ ਦੇ ਪਹਿਲੇ ਹਫ਼ਤੇ ’ਚ ਹੀ ਦਿਮਾਗ਼ ਤੇ ਢਿੱਡ ਦੇ ਜੋ ਨਾਨ-ਇਨਵੇਸਿਵ ਇਲੈਕਟ੍ਰੋਫਿਜ਼ੀਓਲਾਜੀਕਲ ਸਿਗਨਲ ਇਕੱਠੇ ਕੀਤੇ ਜਾਂਦੇ ਹਨ, ਉਨ੍ਹਾਂ ’ਚ ਇਲਾਜ ਦੇ ਅਸਰ ਦੇ ਸਬੰਧ ’ਚ ਜ਼ਰੂਰੀ ਜਾਣਕਾਰੀ ਹੁੰਦੀ ਹੈ, ਜਿਸਦੇ ਇਲਾਜ ਦੇ ਤਰੀਕਿਆਂ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ।
ਆਈਆਈਟੀ ਕਾਨਪੁਰ ਦੇ ਕਾਗਨਿਟਿਵ ਸਾਇੰਸ ਡਿਪਾਰਟਮੈਂਟ ਦੇ ਪੀਐੱਚਡੀ ਸਕਾਲਰ ਅਮਲ ਜੂਡ ਅਸ਼ਵਿਨ ਫਰਾਂਸਿਸ ਨੇ ਕਿਹਾ ਕਿ ਅਸੀਂ ਪਾਇਆ ਕਿ ਵੱਖ-ਵੱਖ ਲੱਛਣਾ ਵਾਲੇ ਮਰੀਜ਼ਾਂ ’ਚ ਦਿਮਾਗ਼ ਤੇ ਢਿੱਡ ਦੀ ਫਿਜ਼ੀਓਲਾਜੀ ਦੇ ਵੱਖ-ਵੱਖ ਪੈਟਰਨ ਦੇਖੇ ਗਏ, ਜਿਨ੍ਹਾਂ ਦਾ ਇਲਾਜ ਦੇ ਨਤੀਜਿਆਂ ਨਾਲ ਸਬੰਧ ਸੀ।
ਖੋਜੀਆਂ ਨੇ ਕਲੀਨਿਕਲ ਲੱਛਣਾਂ ਦੇ ਡਾਟਾ ਦੇ ਨਾਲ-ਨਾਲ ਲੜੀਵਾਰ ਇਲੈਕਟ੍ਰੋਐਨਸੇਫੈਲੋਗ੍ਰਾਫੀ (ਈਈਜੀ) ਤੇ ਇਲੈਕਟ੍ਰੋਗੈਸਟ੍ਰੋਗ੍ਰਾਫੀ (ਈਜੀਜੀ) ਦੀ ਵਰਤੋਂ ਕਰ ਕੇ ਦਿਮਾਗ਼ ਤੇ ਢਿੱਡ ਦੀ ਇਲੈਕਟ੍ਰੀਕਲ ਐਕਟੀਵਿਟੀ ਦੀ ਜਾਂਚ ਕੀਤੀ ਗਈ। ਇਸ ਅਧਿਐਨ ’ਚ 206 ਲੋਕ ਸ਼ਾਮਲ ਸਨ, ਜਿਨ੍ਹਾਂ ’ਚ ਡਿਪ੍ਰੈਸ਼ਨ ਦੇ 144 ਅਜਿਹੇ ਮਰੀਜ਼ ਸਨ, ਜਿਨ੍ਹਾਂ ਦਾ ਪਹਿਲਾਂ ਕਦੀ ਇਲਾਜ ਨਹੀਂ ਹੋਇਆ ਸੀ। ਇਲਾਜ ਸ਼ੁਰੂ ਹੋਣ ਦੇ ਸਮੇਂ ਤੇ ਫਿਰ ਲਗਪਗ ਇਕ ਹਫ਼ਤੇ ਬਾਅਦ ਈਈਜੀ ਤੇ ਈਜੀਜੀ ਸਿਗਨਲ ਰਿਕਾਰਡ ਕੀਤੇ। ਉਨ੍ਹਾਂ ਇਹ ਵੀ ਦੇਖਿਆ ਕਿ ਕੀ ਇਹ ਸ਼ੁਰੂਆਤੀ ਬਾਇਓਲਾਜੀਕਲ ਸਿਗਨਲ ਤੇ ਕਲੀਨਿਕਲ ਜਾਣਕਾਰੀ ਮਿਲ ਕੇ ਇਲਾਜ ਦੇ ਨਤੀਜਿਆਂ ਦਾ ਅੰਦਾਜ਼ਾ ਲਗਾ ਸਕਦੇ ਹਨ।