ਮਿਰਗੀ ਹੋਣ 'ਤੇ ਕੀ ਪ੍ਰੈਗਨੈਂਸੀ 'ਚ ਵਧ ਜਾਂਦੈ ਖ਼ਤਰਾ? ਮਾਂ ਬਣਨ ਦੀ ਯੋਜਨਾ ਤੋਂ ਪਹਿਲਾਂ ਜਾਣ ਲਓ ਦਵਾਈਆਂ ਨਾਲ ਜੁੜੀਆਂ ਜ਼ਰੂਰੀ ਗੱਲਾਂ
ਮਿਰਗੀ ਦੀ ਸਮੱਸਿਆ ਹੋਣ ਦਾ ਇਹ ਬਿਲਕੁਲ ਮਤਲਬ ਨਹੀਂ ਹੈ ਕਿ ਤੁਹਾਨੂੰ ਗਰਭ ਧਾਰਨ ਕਰਨ 'ਚ ਪਰੇਸ਼ਾਨੀ ਹੋਵੇਗੀ। ਕਈ ਔਰਤਾਂ ਇਸ ਦੌਰਾਨ ਕੁਦਰਤੀ ਤੌਰ 'ਤੇ ਗਰਭਵਤੀ ਹੋ ਸਕਦੀਆਂ ਹਨ। ਹਾਲਾਂਕਿ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਿਰਗੀ ਨਾਲ ਜੁੜੀਆਂ ਕੁਝ ਚੀਜ਼ਾਂ ਪ੍ਰਜਨਨ ਸਿਹਤ 'ਤੇ ਅਸਰ ਪਾ ਸਕਦੀਆਂ ਹਨ।
Publish Date: Mon, 23 Nov 2026 03:42 PM (IST)
Updated Date: Mon, 23 Nov 2026 03:44 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜੇਕਰ ਤੁਹਾਨੂੰ ਮਿਰਗੀ ਦੀ ਸਮੱਸਿਆ ਹੈ ਅਤੇ ਤੁਸੀਂ ਬੱਚੇ ਦੀ ਯੋਜਨਾ ਬਣਾ ਰਹੇ ਹੋ, ਤਾਂ ਹੋਰਨਾਂ ਦੇ ਮੁਕਾਬਲੇ ਤੁਹਾਡੇ ਮਨ 'ਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਹੋ ਸਕਦੀਆਂ ਹਨ। ਤੁਹਾਡੇ ਮਨ 'ਚ ਸਵਾਲ ਉੱਠਦੇ ਹੋਣਗੇ ਕਿ ਕੀ ਮਿਰਗੀ ਕਾਰਨ ਗਰਭ ਧਾਰਨ ਕਰਨ 'ਚ ਮੁਸ਼ਕਲ ਆਵੇਗੀ? ਕੀ ਇਸ ਦੀਆਂ ਦਵਾਈਆਂ ਦਾ ਬੱਚੇ 'ਤੇ ਅਸਰ ਪਵੇਗਾ? ਕੀ ਗਰਭ ਅਵਸਥਾ ਦੌਰਾਨ ਇਹ ਦਵਾਈਆਂ ਲੈਣਾ ਸੁਰੱਖਿਅਤ ਹੈ?
ਇਹ ਸਵਾਲ ਮਾਪੇ ਬਣਨ ਦੇ ਖੂਬਸੂਰਤ ਅਹਿਸਾਸ ਨੂੰ ਚਿੰਤਾ 'ਚ ਬਦਲ ਸਕਦੇ ਹਨ। ਪਰ ਚੰਗੀ ਗੱਲ ਇਹ ਹੈ ਕਿ ਮਿਰਗੀ ਤੋਂ ਪੀੜਤ ਔਰਤਾਂ ਵੀ ਸਿਹਤਮੰਦ ਗਰਭ ਅਵਸਥਾ ਦਾ ਅਨੁਭਵ ਕਰ ਸਕਦੀਆਂ ਹਨ, ਬਸ਼ਰਤੇ ਇਸ ਦੌਰਾਨ ਉਨ੍ਹਾਂ ਨੂੰ ਬਿਹਤਰ ਮੈਡੀਕਲ ਦੇਖਭਾਲ ਮਿਲੇ ਅਤੇ ਸਹੀ ਦਵਾਈਆਂ ਲਈਆਂ ਜਾਣ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ, ਤਾਂ ਜੋ ਮਿਰਗੀ ਅਤੇ ਗਰਭ ਅਵਸਥਾ ਨਾਲ ਜੁੜੀਆਂ ਕਈ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ।
ਕੀ ਮਿਰਗੀ ਦਾ ਫਰਟੀਲਿਟੀ (ਪ੍ਰਜਣਨ ਸਮਰੱਥਾ) 'ਤੇ ਪੈਂਦਾ ਹੈ ਮਾੜਾ ਅਸਰ?
ਮਿਰਗੀ ਦੀ ਸਮੱਸਿਆ ਹੋਣ ਦਾ ਇਹ ਬਿਲਕੁਲ ਮਤਲਬ ਨਹੀਂ ਹੈ ਕਿ ਤੁਹਾਨੂੰ ਗਰਭ ਧਾਰਨ ਕਰਨ 'ਚ ਪਰੇਸ਼ਾਨੀ ਹੋਵੇਗੀ। ਕਈ ਔਰਤਾਂ ਇਸ ਦੌਰਾਨ ਕੁਦਰਤੀ ਤੌਰ 'ਤੇ ਗਰਭਵਤੀ ਹੋ ਸਕਦੀਆਂ ਹਨ। ਹਾਲਾਂਕਿ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਿਰਗੀ ਨਾਲ ਜੁੜੀਆਂ ਕੁਝ ਚੀਜ਼ਾਂ ਪ੍ਰਜਨਨ ਸਿਹਤ 'ਤੇ ਅਸਰ ਪਾ ਸਕਦੀਆਂ ਹਨ।
ਕਈ ਔਰਤਾਂ ਨੂੰ ਇਸ ਦੌਰਾਨ ਹਾਰਮੋਨਲ ਬਦਲਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੇ ਮਾਹਵਾਰੀ ਚੱਕਰ, ਓਵੂਲੇਸ਼ਨ ਅਤੇ ਪ੍ਰਜਨਨ ਪ੍ਰਕਿਰਿਆ 'ਤੇ ਅਸਰ ਪੈ ਸਕਦਾ ਹੈ। ਕੁਝ ਐਂਟੀ-ਸੀਜ਼ਰ ਦਵਾਈਆਂ ਵੀ ਇਨ੍ਹਾਂ ਹਾਰਮੋਨਲ ਬਦਲਾਵਾਂ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ। ਅਜਿਹੀ ਸਥਿਤੀ 'ਚ ਗਰਭ ਨਿਰੋਧਕ ਗੋਲੀਆਂ ਅਤੇ ਹੋਰ ਤਰੀਕੇ ਉਮੀਦ ਮੁਤਾਬਕ ਅਸਰਦਾਰ ਨਹੀਂ ਰਹਿੰਦੇ।
ਪੌਲੀਸਿਸਟਿਕ ਓਵਰੀ ਸਿੰਡਰੋਮ (PCOS) ਅਤੇ ਅਨਿਯਮਿਤ ਮਾਹਵਾਰੀ ਚੱਕਰ 'ਤੇ ਵੀ ਧਿਆਨ ਦੇਣ ਦੀ ਲੋੜ ਹੁੰਦੀ ਹੈ। ਖ਼ਾਸ ਕਰਕੇ ਉਦੋਂ, ਜਦੋਂ ਤੁਸੀਂ ਲੰਬੇ ਸਮੇਂ ਤੋਂ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋਵੋ ਪਰ ਸਫ਼ਲਤਾ ਨਾ ਮਿਲ ਰਹੀ ਹੋਵੇ।
ਜੇਕਰ ਤੁਹਾਡਾ ਮਾਹਵਾਰੀ ਚੱਕਰ ਬਦਲ ਰਿਹਾ ਹੈ ਜਾਂ ਪਹਿਲਾਂ ਵਾਂਗ ਹੀ ਅਨਿਯਮਿਤ ਹੈ ਜਾਂ ਤੁਹਾਨੂੰ ਪ੍ਰਜਨਨ ਸਮਰੱਥਾ ਸਬੰਧੀ ਚਿੰਤਾ ਹੈ, ਤਾਂ ਅਜਿਹੀ ਸਥਿਤੀ 'ਚ ਨਿਊਰੋਲੋਜਿਸਟ ਅਤੇ ਗਾਇਨੀਕੋਲੋਜਿਸਟ ਦੋਵਾਂ ਨਾਲ ਸਲਾਹ ਕਰਨੀ ਚਾਹੀਦੀ ਹੈ। ਇਸ ਸਥਿਤੀ 'ਚ ਇਹ ਨਾ ਸਮਝੋ ਕਿ ਇਹ ਸਭ ਕੁਝ ਸਿਰਫ਼ ਮਿਰਗੀ ਕਾਰਨ ਹੀ ਹੋ ਰਿਹਾ ਹੈ।
ਮਿਰਗੀ ਦੀ ਸਮੱਸਿਆ 'ਚ ਗਰਭ ਅਵਸਥਾ ਦੀ ਯੋਜਨਾ ਕਿਵੇਂ ਬਣਾਈਏ?
ਮਿਰਗੀ ਦੀ ਸਮੱਸਿਆ 'ਚ ਪਹਿਲਾਂ ਤੋਂ ਯੋਜਨਾ ਬਣਾਉਣਾ ਬਹੁਤ ਮਾਇਨੇ ਰੱਖਦਾ ਹੈ। ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਨਿਊਰੋਲੋਜਿਸਟ ਨਾਲ ਜ਼ਰੂਰ ਸਲਾਹ ਕਰੋ। ਡਾਕਟਰ ਤੁਹਾਡੀ ਮੈਡੀਕਲ ਹਿਸਟਰੀ, ਇਲਾਜ ਅਤੇ ਸਿਹਤ ਨੂੰ ਦੇਖ ਕੇ ਸਹੀ ਸਲਾਹ ਦੇਣਗੇ। ਇਸ ਤਰ੍ਹਾਂ ਦੀ ਕਾਊਂਸਲਿੰਗ ਭਵਿੱਖ 'ਚ ਹੋਣ ਵਾਲੇ ਖ਼ਤਰਿਆਂ ਨੂੰ ਸਮਝਣ ਅਤੇ ਸਹੀ ਇਲਾਜ ਤੈਅ ਕਰਨ 'ਚ ਮਦਦਗਾਰ ਹੋ ਸਕਦੀ ਹੈ। ਗਰਭ ਅਵਸਥਾ ਦੌਰਾਨ ਮਿਰਗੀ ਦੇ ਦੌਰਿਆਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਮਾਂ ਅਤੇ ਬੱਚੇ ਦੋਵਾਂ ਲਈ ਖ਼ਤਰਨਾਕ ਹੋ ਸਕਦੇ ਹਨ।
ਡਾਕਟਰ ਗਰਭ ਧਾਰਨ ਕਰਨ ਤੋਂ ਪਹਿਲਾਂ ਫੋਲਿਕ ਐਸਿਡ ਲੈਣ ਦੀ ਸਲਾਹ ਦੇ ਸਕਦੇ ਹਨ। ਇਸ ਤੋਂ ਇਲਾਵਾ, ਜਿਹੜੀਆਂ ਔਰਤਾਂ ਐਂਟੀ-ਸੀਜ਼ਰ ਦਵਾਈਆਂ ਲੈ ਰਹੀਆਂ ਹਨ, ਉਨ੍ਹਾਂ ਨੂੰ ਗਰਭ ਧਾਰਨ ਕਰਨ ਤੋਂ ਤਿੰਨ ਮਹੀਨੇ ਪਹਿਲਾਂ ਹੀ 5 ਮਿਲੀਗ੍ਰਾਮ ਦੀ ਹਾਈ ਡੋਜ਼ ਲੈਣ ਦੀ ਸਲਾਹ ਦਿੱਤੀ ਜਾ ਸਕਦੀ ਹੈ। ਇਹ ਖੁਰਾਕ ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਤੱਕ ਜਾਰੀ ਰੱਖੀ ਜਾ ਸਕਦੀ ਹੈ।
ਗਰਭ ਅਵਸਥਾ 'ਚ ਦਵਾਈਆਂ ਬਾਰੇ ਸਹੀ ਜਾਣਕਾਰੀ ਹੋਣੀ ਜ਼ਰੂਰੀ
ਹੁਣ ਦੂਜੇ ਸਵਾਲ ਵੱਲ ਆਉਂਦੇ ਹਾਂ ਕਿ ਕੀ ਮਿਰਗੀ ਲਈ ਲਈਆਂ ਜਾਣ ਵਾਲੀਆਂ ਦਵਾਈਆਂ ਸੁਰੱਖਿਅਤ ਹਨ ਜਾਂ ਨਹੀਂ? ਦੱਸ ਦੇਈਏ ਕਿ ਕਈ ਦਵਾਈਆਂ ਭਰੂਣ 'ਚ ਜਨਮਜਾਤ ਨੁਕਸ ਪੈਦਾ ਕਰ ਸਕਦੀਆਂ ਹਨ ਅਤੇ ਉਸ ਦੇ ਵਿਕਾਸ 'ਚ ਮੁਸ਼ਕਲਾਂ ਖੜ੍ਹੀਆਂ ਕਰ ਸਕਦੀਆਂ ਹਨ। ਹਾਲਾਂਕਿ, ਇਸ ਦਾ ਖ਼ਤਰਾ ਦਵਾਈ ਦੀ ਕਿਸਮ 'ਤੇ ਨਿਰਭਰ ਕਰਦਾ ਹੈ।
ਉਦਾਹਰਨ ਵਜੋਂ, ਸੋਡੀਅਮ ਵੈਲਪ੍ਰੋਏਟ ਨਾਲ ਭਰੂਣ 'ਚ ਜਨਮਜਾਤ ਨੁਕਸ ਅਤੇ ਉਸ ਦੇ ਵਿਕਾਸ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਵਧ ਸਕਦਾ ਹੈ। ਦੂਜੇ ਪਾਸੇ, ਲੈਮੋਟ੍ਰਿਜੀਨ ਅਤੇ ਲੇਵੇਟੀਰਾਸੀਟਮ ਵਰਗੀਆਂ ਦਵਾਈਆਂ ਨੂੰ ਤੁਲਨਾਤਮਕ ਤੌਰ 'ਤੇ ਵਧੇਰੇ ਸੁਰੱਖਿਅਤ ਮੰਨਿਆ ਜਾਂਦਾ ਹੈ। ਪਰ ਕੋਈ ਵੀ ਦਵਾਈ ਪੂਰੀ ਤਰ੍ਹਾਂ ਖ਼ਤਰੇ ਤੋਂ ਮੁਕਤ ਨਹੀਂ ਹੁੰਦੀ।
ਇਸ ਗੱਲ ਦਾ ਵੀ ਧਿਆਨ ਰੱਖੋ ਕਿ ਇਹ ਜਾਣਕਾਰੀ ਮਿਲਣ ਤੋਂ ਬਾਅਦ ਅਚਾਨਕ ਦਵਾਈ ਲੈਣੀ ਬੰਦ ਨਾ ਕਰੋ, ਕਿਉਂਕਿ ਅਜਿਹਾ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਦਵਾਈ ਦੀ ਖੁਰਾਕ ਬਦਲਣ ਜਾਂ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਲਓ।
ਗਰਭ ਅਵਸਥਾ ਅਤੇ ਬੱਚੇ ਦੇ ਜਨਮ ਤੋਂ ਬਾਅਦ ਕੀ ਹੁੰਦਾ ਹੈ?
ਗਰਭ ਅਵਸਥਾ ਇਕ ਅਜਿਹੀ ਸਥਿਤੀ ਹੈ, ਜੋ ਸਰੀਰ 'ਚ ਦਵਾਈਆਂ ਨੂੰ ਸੋਖਣ, ਪਚਾਉਣ ਅਤੇ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਬਦਲ ਦਿੰਦੀ ਹੈ। ਇਸ ਦੇ ਨਤੀਜੇ ਵਜੋਂ ਸਰੀਰ 'ਚ ਮਿਰਗੀ ਦੀਆਂ ਕੁਝ ਦਵਾਈਆਂ ਦਾ ਅਸਰ ਘੱਟ ਹੋ ਸਕਦਾ ਹੈ। ਇਸ ਕਾਰਨ ਦੌਰਿਆਂ ਨੂੰ ਪਹਿਲਾਂ ਵਾਂਗ ਕੰਟਰੋਲ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਨਿਯਮਤ ਜਾਂਚ ਕਰਵਾਉਣੀ ਜ਼ਰੂਰੀ ਹੈ।
ਲੋੜੀਂਦੀ ਨੀਂਦ ਲੈਣਾ, ਸਮੇਂ ਸਿਰ ਦਵਾਈਆਂ ਖਾਣੀਆਂ, ਤਣਾਅ ਨੂੰ ਕੰਟਰੋਲ ਕਰਨਾ ਅਤੇ ਨਿਯਮਤ ਤੌਰ 'ਤੇ ਡਾਕਟਰ ਕੋਲ ਜਾਣਾ ਵੀ ਬਹੁਤ ਮਹੱਤਵਪੂਰਨ ਹੈ। ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਵਧੇਰੇ ਦੇਖਭਾਲ ਦੀ ਲੋੜ ਹੁੰਦੀ ਹੈ, ਕਿਉਂਕਿ ਨੀਂਦ ਦੀ ਕਮੀ ਕਾਰਨ ਮਿਰਗੀ ਦੇ ਦੌਰੇ ਪੈਣ ਦਾ ਖ਼ਤਰਾ ਵਧ ਸਕਦਾ ਹੈ। ਇਸ ਦੇ ਨਾਲ ਹੀ, ਐਂਟੀ-ਸੀਜ਼ਰ ਦਵਾਈਆਂ ਲੈਣ ਵਾਲੀਆਂ ਔਰਤਾਂ ਬੱਚੇ ਨੂੰ ਆਪਣਾ ਦੁੱਧ ਪਿਲਾ ਸਕਦੀਆਂ ਹਨ। ਹਾਲਾਂਕਿ, ਦਵਾਈ ਦੀ ਖੁਰਾਕ ਅਤੇ ਦੁੱਧ ਚੁੰਘਾਉਣ ਸਬੰਧੀ ਡਾਕਟਰ ਨਾਲ ਸਲਾਹ ਕਰਨੀ ਜ਼ਰੂਰੀ ਹੈ।
(ਡਾ. ਅਮਿਤ ਗੁਪਤਾ, ਦਿੱਲੀ ਦੇ ਸੀਕੇ ਬਿਰਲਾ ਹਸਪਤਾਲ ਦੇ ਨਿਊਰੋਸਰਜਰੀ ਅਤੇ ਸਪਾਈਨ ਸਰਜਰੀ ਵਿਭਾਗ ਦੇ ਡਾਇਰੈਕਟਰ ਹਨ।)