Research Reveals : ਕੀ ਬੱਚੇ ਨੂੰ ਦੁੱਧ ਪਿਆਉਣ ਨਾਲ ਖ਼ਤਮ ਹੋ ਜਾਂਦਾ ਹੈ ਬ੍ਰੈਸਟ ਕੈਂਸਰ ਦਾ ਖ਼ਤਰਾ? ਡਾਕਟਰ ਨੇ ਦੱਸਿਆ ਸੱਚ
ਸਾਲ 2002 'ਚ ਮੈਡੀਕਲ ਜਰਨਲ ਦਿ ਲੈਂਸੇਟ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ 30 ਦੇਸ਼ਾਂ ਦੀਆਂ 47 ਖੋਜਾਂ ਦੇ ਅੰਕੜੇ ਸ਼ਾਮਲ ਕੀਤੇ ਗਏ ਸਨ। ਇਸ ਖੋਜ 'ਚ ਸਾਹਮਣੇ ਆਇਆ ਕਿ ਬੱਚੇ ਨੂੰ ਜਿੰਨੇ ਲੰਬੇ ਸਮੇਂ ਤੱਕ ਛਾਤੀ ਦਾ ਦੁੱਧ ਪਿਲਾਇਆ ਜਾਂਦਾ ਹੈ, ਬ੍ਰੈਸਟ ਕੈਂਸਰ ਦਾ ਜੋਖ਼ਮ ਓਨਾ ਹੀ ਘੱਟ ਹੋ ਸਕਦਾ ਹੈ।
Publish Date: Fri, 23 Oct 2026 02:29 PM (IST)
Updated Date: Fri, 23 Oct 2026 02:33 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਬੱਚੇ ਨੂੰ ਛਾਤੀ ਦਾ ਦੁੱਧ ਪਿਲਾਉਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਘੱਟ ਹੋ ਸਕਦਾ ਹੈ? ਇਹ ਸਵਾਲ ਅਕਸਰ ਔਰਤਾਂ ਦੇ ਮਨ 'ਚ ਆਉਂਦਾ ਹੈ। ਮਾਹਿਰਾਂ ਮੁਤਾਬਕ, ਬੱਚੇ ਨੂੰ ਛਾਤੀ ਦਾ ਦੁੱਧ ਪਿਲਾਉਣ ਨਾਲ ਇਸ ਬਿਮਾਰੀ ਦਾ ਜੋਖ਼ਮ ਘੱਟ ਜ਼ਰੂਰ ਹੋ ਸਕਦਾ ਹੈ, ਪਰ ਇਸ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦਾ।
ਛਾਤੀ ਦਾ ਦੁੱਧ ਪਿਲਾਉਣ ਦੇ ਫ਼ਾਇਦਿਆਂ ਬਾਰੇ ਕਈ ਖੋਜਾਂ ਦੇ ਅੰਕੜੇ ਮੌਜੂਦ ਹਨ। ਹਾਲਾਂਕਿ, ਕਿਸੇ ਔਰਤ ਦੇ ਦੁੱਧ ਪਿਲਾਉਣ ਦੇ ਇਤਿਹਾਸ ਤੋਂ ਇਹ ਤੈਅ ਨਹੀਂ ਕੀਤਾ ਜਾ ਸਕਦਾ ਕਿ ਉਸ ਨੂੰ ਬ੍ਰੈਸਟ ਕੈਂਸਰ ਹੋਵੇਗਾ ਜਾਂ ਨਹੀਂ।
ਰਿਸਰਚ ਕੀ ਕਹਿੰਦੀ ਹੈ?
ਸਾਲ 2002 'ਚ ਮੈਡੀਕਲ ਜਰਨਲ ਦਿ ਲੈਂਸੇਟ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ 30 ਦੇਸ਼ਾਂ ਦੀਆਂ 47 ਖੋਜਾਂ ਦੇ ਅੰਕੜੇ ਸ਼ਾਮਲ ਕੀਤੇ ਗਏ ਸਨ। ਇਸ ਖੋਜ 'ਚ ਸਾਹਮਣੇ ਆਇਆ ਕਿ ਬੱਚੇ ਨੂੰ ਜਿੰਨੇ ਲੰਬੇ ਸਮੇਂ ਤੱਕ ਛਾਤੀ ਦਾ ਦੁੱਧ ਪਿਲਾਇਆ ਜਾਂਦਾ ਹੈ, ਬ੍ਰੈਸਟ ਕੈਂਸਰ ਦਾ ਜੋਖ਼ਮ ਓਨਾ ਹੀ ਘੱਟ ਹੋ ਸਕਦਾ ਹੈ।
ਬੱਚਿਆਂ ਦੀ ਗਿਣਤੀ ਨੂੰ ਧਿਆਨ 'ਚ ਰੱਖਦਿਆਂ, ਛਾਤੀ ਦਾ ਦੁੱਧ ਪਿਲਾਉਣ ਦੀ ਮਿਆਦ 'ਚ ਹਰ 12 ਮਹੀਨਿਆਂ ਦੇ ਵਾਧੇ ਨਾਲ ਬ੍ਰੈਸਟ ਕੈਂਸਰ ਦੇ ਜੋਖ਼ਮ 'ਚ 4.3 ਫ਼ੀਸਦੀ ਦੀ ਕਮੀ ਦੇਖੀ ਗਈ।
ਖੋਜਕਰਤਾਵਾਂ ਮੁਤਾਬਕ, ਇਹ ਮਿਆਦ ਇਕ ਔਰਤ ਦੀਆਂ ਸਾਰੀਆਂ ਗਰਭ-ਅਵਸਥਾਵਾਂ ਨੂੰ ਮਿਲਾ ਕੇ ਗਿਣੀ ਜਾਂਦੀ ਹੈ। ਉਦਾਹਰਨ ਲਈ, ਜੇਕਰ ਕਿਸੇ ਔਰਤ ਨੇ ਆਪਣੇ ਦੋਵਾਂ ਬੱਚਿਆਂ ਨੂੰ ਛੇ-ਛੇ ਮਹੀਨੇ ਛਾਤੀ ਦਾ ਦੁੱਧ ਪਿਲਾਇਆ ਹੈ, ਤਾਂ ਦੁੱਧ ਪਿਲਾਉਣ ਦੀ ਕੁੱਲ ਮਿਆਦ 12 ਮਹੀਨੇ ਮੰਨੀ ਜਾਵੇਗੀ।
ਆਮ ਤੌਰ 'ਤੇ ਛਾਤੀ ਦਾ ਦੁੱਧ ਪਿਲਾਉਣ ਦੀ ਮਿਆਦ ਜਿੰਨੀ ਲੰਬੀ ਹੁੰਦੀ ਹੈ, ਓਨਾ ਹੀ ਵਧੇਰੇ ਲਾਭ ਮਿਲ ਸਕਦਾ ਹੈ। ਪਰ ਇਹ ਬ੍ਰੈਸਟ ਕੈਂਸਰ ਤੋਂ ਬਚਾਅ ਦੀ ਕੋਈ ਪੱਕੀ ਗਾਰੰਟੀ ਨਹੀਂ ਹੈ।
ਛਾਤੀ ਦਾ ਦੁੱਧ ਪਿਲਾਉਣ ਨਾਲ ਕੈਂਸਰ ਦਾ ਜੋਖ਼ਮ ਕਿਵੇਂ ਪ੍ਰਭਾਵਿਤ ਹੁੰਦੈ?
ਬੱਚੇ ਨੂੰ ਛਾਤੀ ਦਾ ਦੁੱਧ ਪਿਲਾਉਣ ਨਾਲ ਓਵੂਲੇਸ਼ਨ ਤੇ ਮਾਹਵਾਰੀ 'ਚ ਦੇਰੀ ਹੋ ਸਕਦੀ ਹੈ। ਇਸ ਨਾਲ ਸਰੀਰ ਦੇ ਚੱਕਰੀ ਅੰਡਕੋਸ਼ੀ ਹਾਰਮੋਨਾਂ ਦੇ ਸੰਪਰਕ 'ਚ ਰਹਿਣ ਦਾ ਸਮਾਂ ਘੱਟ ਹੋ ਸਕਦਾ ਹੈ। ਇਸ ਤੋਂ ਇਲਾਵਾ, ਦੁੱਧ ਪਿਲਾਉਣ ਅਤੇ ਬੱਚੇ ਦਾ ਦੁੱਧ ਛੁਡਾਉਣ ਦੀ ਪ੍ਰਕਿਰਿਆ ਦੌਰਾਨ ਛਾਤੀ ਦੇ ਟਿਸ਼ੂਆਂ 'ਚ ਬਦਲਾਅ ਆਉਂਦੇ ਹਨ। ਇਹ ਬਦਲਾਅ ਡੀਐੱਨਏ ਨੂੰ ਨੁਕਸਾਨ ਪਹੁੰਚਾਉਣ ਵਾਲੇ ਸੈੱਲਾਂ ਨੂੰ ਹਟਾਉਣ 'ਚ ਮਦਦ ਕਰ ਸਕਦੇ ਹਨ। ਹਾਲਾਂਕਿ, ਇਹ ਸਾਰੇ ਸੰਭਾਵੀ ਕਾਰਨ ਹਨ। ਅਜੇ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ 'ਚੋਂ ਕਿਹੜਾ ਕਾਰਕ ਕਿੰਨਾ ਯੋਗਦਾਨ ਪਾਉਂਦਾ ਹੈ।
ਇਸ ਤੋਂ ਇਲਾਵਾ, ਦੁੱਧ ਪਿਲਾਉਣ ਦਾ ਅਸਰ ਕੈਂਸਰ ਦੀ ਕਿਸਮ 'ਤੇ ਵੀ ਨਿਰਭਰ ਕਰ ਸਕਦਾ ਹੈ। ਸਾਲ 2015 'ਚ ਹੋਏ ਇਕ ਅਧਿਐਨ 'ਚ ਪਤਾ ਲੱਗਾ ਕਿ ਜਿਨ੍ਹਾਂ ਔਰਤਾਂ ਨੇ ਬੱਚਿਆਂ ਨੂੰ ਛਾਤੀ ਦਾ ਦੁੱਧ ਪਿਲਾਇਆ ਸੀ, ਉਨ੍ਹਾਂ 'ਚ ਟ੍ਰਿਪਲ-ਨੈਗੇਟਿਵ ਬ੍ਰੈਸਟ ਕੈਂਸਰ ਦਾ ਜੋਖ਼ਮ 22 ਫ਼ੀਸਦੀ ਘੱਟ ਪਾਇਆ ਗਿਆ। ਦੂਜੇ ਪਾਸੇ, ਹਾਰਮੋਨ ਰਿਸੈਪਟਰ-ਪਾਜ਼ੀਟਿਵ ਕੈਂਸਰ ਦੇ ਮਾਮਲਿਆਂ 'ਚ ਨਤੀਜੇ ਇਕੋ ਜਿਹੇ ਨਹੀਂ ਸਨ।
ਬ੍ਰੈਸਟ ਹੈਲਥ ਤੇ ਸਾਵਧਾਨੀ ਕਿਉਂ ਜ਼ਰੂਰੀ ਹੈ?
ਜਿਹੜੀਆਂ ਔਰਤਾਂ ਕਿਸੇ ਕਾਰਨ ਕਰਕੇ ਬੱਚੇ ਨੂੰ ਛਾਤੀ ਦਾ ਦੁੱਧ ਨਹੀਂ ਪਿਲਾ ਸਕਦੀਆਂ, ਅਜਿਹਾ ਨਹੀਂ ਕਰਨਾ ਚਾਹੁੰਦੀਆਂ ਜਾਂ ਜਿਨ੍ਹਾਂ ਦੇ ਬੱਚੇ ਨਹੀਂ ਹਨ, ਉਨ੍ਹਾਂ ਨੂੰ ਕੈਂਸਰ ਹੋਣ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਮੰਨਣਾ ਚਾਹੀਦਾ।
ਉਮਰ, ਜੈਨੇਟਿਕਸ ਤੇ ਕਈ ਹੋਰ ਕਾਰਕ ਮਿਲ ਕੇ ਬ੍ਰੈਸਟ ਕੈਂਸਰ ਦੇ ਜੋਖ਼ਮ ਨੂੰ ਤੈਅ ਕਰਦੇ ਹਨ। ਇਸ ਲਈ ਹਰੇਕ ਔਰਤ ਲਈ ਆਪਣੀ ਛਾਤੀ ਦੀ ਸਿਹਤ ਵੱਲ ਧਿਆਨ ਦੇਣਾ ਅਤੇ ਲੋੜ ਅਨੁਸਾਰ ਡਾਕਟਰੀ ਜਾਂਚ ਕਰਵਾਉਣਾ ਮਹੱਤਵਪੂਰਨ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
-
ਛਾਤੀ 'ਚ ਨਵੀਂ ਗੰਢ: ਭਾਵੇਂ ਤੁਸੀਂ ਬੱਚੇ ਨੂੰ ਦੁੱਧ ਪਿਲਾਇਆ ਹੋਵੇ ਜਾਂ ਨਹੀਂ, ਛਾਤੀ 'ਚ ਕੋਈ ਨਵੀਂ ਗੰਢ ਮਹਿਸੂਸ ਹੋਣ 'ਤੇ ਜਾਂਚ ਕਰਵਾਉਣ 'ਚ ਦੇਰੀ ਨਾ ਕਰੋ।
-
ਸਕਿਨ ਜਾਂ ਨਿੱਪਲ 'ਚ ਬਦਲਾਅ: ਛਾਤੀ ਦੀ ਚਮੜੀ 'ਤੇ ਟੋਏ ਪੈਣਾ, ਨਿੱਪਲ ਦਾ ਅੰਦਰ ਵੱਲ ਮੁੜਨਾ ਜਾਂ ਨਿੱਪਲ 'ਚੋਂ ਅਸਧਾਰਨ ਤਰਲ ਨਿਕਲਣਾ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ।
-
ਦੁੱਧ ਪਿਲਾਉਣ ਦੌਰਾਨ ਵੀ ਸਾਵਧਾਨ ਰਹੋ: ਜੇਕਰ ਛਾਤੀ 'ਚ ਕੋਈ ਬਦਲਾਅ ਲਗਾਤਾਰ ਬਣਿਆ ਰਹਿੰਦਾ ਹੈ, ਤਾਂ ਉਸ ਨੂੰ ਆਮ ਸਮਝ ਕੇ ਅਣਡਿੱਠਾ ਨਾ ਕਰੋ। ਡਾਕਟਰ ਨਾਲ ਸੰਪਰਕ ਕਰਕੇ ਜਾਂਚ ਕਰਵਾਓ।
-
ਸਮੇਂ ਸਿਰ ਸਕ੍ਰੀਨਿੰਗ: ਕੈਂਸਰ ਦੀ ਸਕ੍ਰੀਨਿੰਗ ਉਮਰ ਅਤੇ ਪਰਿਵਾਰਕ ਮੈਡੀਕਲ ਇਤਿਹਾਸ ਨੂੰ ਧਿਆਨ 'ਚ ਰੱਖ ਕੇ ਕਰਵਾਉਣੀ ਚਾਹੀਦੀ ਹੈ।
(ਡਾ. ਸ਼ਵੇਤਾ ਰਾਜ਼ਦਾਨ, ਸੀਨੀਅਰ ਕੰਸਲਟੈਂਟ ਅਤੇ ਅਸਿਸਟੈਂਟ ਪ੍ਰੋਫੈਸਰ, ਬ੍ਰੈਸਟ ਡਿਜ਼ੀਜ਼ ਡਿਵੀਜ਼ਨ, ਜਨਰਲ ਸਰਜਰੀ, ਅਮ੍ਰਿਤਾ ਹਸਪਤਾਲ, ਫਰੀਦਾਬਾਦ।)