ਖੂਨ ਦੀ ਜਾਂਚ ਨਾਲ ਲੜਕੀਆਂ 'ਚ ਸਮੇਂ ਤੋਂ ਪਹਿਲਾਂ ਜਵਾਨੀ ਦੀ ਪਛਾਣ ਹੋਵੇਗੀ ਆਸਾਨ, ਨਵਾਂ ਟੈਸਟ ਕਾਰਗਰ
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ-ਰਾਸ਼ਟਰੀ ਪ੍ਰਜਨਨ ਅਤੇ ਬਾਲ ਸਿਹਤ ਖੋਜ ਸੰਸਥਾਨ (ICMR-NIRRCH) ਅਤੇ ਬਾਈ ਜੇਰਬਾਈ ਵਾਡੀਆ ਹਸਪਤਾਲ ਫਾਰ ਚਿਲਡਰਨ ਦੇ ਖੋਜਕਰਤਾਵਾਂ ਨੇ ਕਿਸਪੈਪਟਿਨ-10 ਅਤੇ ਲਿਊਟਿਨਾਈਜ਼ਿੰਗ ਹਾਰਮੋਨ (LH) ਦੇ ਅਨੁਪਾਤ ਦਾ ਅਧਿਐਨ ਕੀਤਾ। ਇਸ ਦੇ ਨਤੀਜੇ ਅੰਤਰਰਾਸ਼ਟਰੀ ਖੋਜ ਪੱਤਰਿਕਾ ਕਲਿਨਿਕਾ ਕਿਮਿਕਾ ਐਕਟਾ 'ਚ ਪ੍ਰਕਾਸ਼ਿਤ ਹੋਏ ਹਨ।
Publish Date: Sun, 29 Nov 2026 09:34 AM (IST)
Updated Date: Sun, 29 Nov 2026 09:36 AM (IST)
ਪੀਟੀਆਈ, ਨਵੀਂ ਦਿੱਲੀ : ਘੱਟ ਉਮਰ ਦੀਆਂ ਲੜਕੀਆਂ 'ਚ ਛਾਤੀ ਦਾ ਸ਼ੁਰੂਆਤੀ ਵਿਕਾਸ ਕਿਸ ਕਾਰਨ ਹੋ ਰਿਹਾ ਹੈ, ਇਸ ਦਾ ਪਤਾ ਲਗਾਉਣ 'ਚ ਹੁਣ ਖੂਨ ਦੀ ਇਕ ਸਧਾਰਨ ਜਾਂਚ ਮਦਦਗਾਰ ਸਾਬਤ ਹੋ ਸਕਦੀ ਹੈ। ਭਾਰਤੀ ਖੋਜਕਰਤਾਵਾਂ ਨੇ ਦੋ ਹਾਰਮੋਨਾਂ ਦੇ ਅਨੁਪਾਤ 'ਤੇ ਆਧਾਰਿਤ ਇਕ ਅਜਿਹੇ ਸੂਚਕਾਂਕ ਦੀ ਪਛਾਣ ਕੀਤੀ ਹੈ, ਜੋ ਸਮੇਂ ਤੋਂ ਪਹਿਲਾਂ ਜਵਾਨੀ (Precocious Puberty) ਦੀਆਂ ਦੋ ਸਥਿਤੀਆਂ ਵਿਚਕਾਰ ਫ਼ਰਕ ਕਰਨ 'ਚ ਮਦਦ ਕਰ ਸਕਦਾ ਹੈ। ਇਸ ਨਾਲ ਮੌਜੂਦਾ ਜਾਂਚ ਪ੍ਰਕਿਰਿਆ ਆਸਾਨ ਹੋਣ ਦੀ ਉਮੀਦ ਹੈ।
ਮੁੰਬਈ ਸਥਿਤ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ-ਰਾਸ਼ਟਰੀ ਪ੍ਰਜਨਨ ਅਤੇ ਬਾਲ ਸਿਹਤ ਖੋਜ ਸੰਸਥਾਨ (ICMR-NIRRCH) ਅਤੇ ਬਾਈ ਜੇਰਬਾਈ ਵਾਡੀਆ ਹਸਪਤਾਲ ਫਾਰ ਚਿਲਡਰਨ ਦੇ ਖੋਜਕਰਤਾਵਾਂ ਨੇ ਕਿਸਪੈਪਟਿਨ-10 ਅਤੇ ਲਿਊਟਿਨਾਈਜ਼ਿੰਗ ਹਾਰਮੋਨ (LH) ਦੇ ਅਨੁਪਾਤ ਦਾ ਅਧਿਐਨ ਕੀਤਾ। ਇਸ ਦੇ ਨਤੀਜੇ ਅੰਤਰਰਾਸ਼ਟਰੀ ਖੋਜ ਪੱਤਰਿਕਾ ਕਲਿਨਿਕਾ ਕਿਮਿਕਾ ਐਕਟਾ 'ਚ ਪ੍ਰਕਾਸ਼ਿਤ ਹੋਏ ਹਨ।
ਦੋ ਸਥਿਤੀਆਂ ਵਿਚਕਾਰ ਫ਼ਰਕ ਕਰਨਾ ਜ਼ਰੂਰੀ
ਲੜਕੀਆਂ 'ਚ ਅੱਠ ਸਾਲ ਦੀ ਉਮਰ ਤੋਂ ਪਹਿਲਾਂ ਛਾਤੀ ਦਾ ਵਿਕਾਸ 'ਸੈਂਟਰਲ ਪ੍ਰੀਕੋਸ਼ੀਅਸ ਪਿਊਬਰਟੀ' (Central Precocious Puberty) ਜਾਂ 'ਸਮੇਂ ਤੋਂ ਪਹਿਲਾਂ ਥੈਲਾਰਕੀ' (Premature Thelarche) ਦਾ ਸੰਕੇਤ ਹੋ ਸਕਦਾ ਹੈ।
ਪਹਿਲੀ ਸਥਿਤੀ 'ਚ ਸਰੀਰ 'ਚ ਜਵਾਨੀ ਦੀ ਪ੍ਰਕਿਰਿਆ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਅਤੇ ਇਲਾਜ ਦੀ ਲੋੜ ਪੈ ਸਕਦੀ ਹੈ। ਦੂਜੀ ਸਥਿਤੀ 'ਚ ਸਿਰਫ਼ ਛਾਤੀ ਦਾ ਵਿਕਾਸ ਹੁੰਦਾ ਹੈ, ਜਦਕਿ ਜਵਾਨੀ ਦੇ ਹੋਰ ਲੱਛਣ ਦਿਖਾਈ ਨਹੀਂ ਦਿੰਦੇ। ਇਹ ਆਮ ਤੌਰ 'ਤੇ ਨੁਕਸਾਨ ਰਹਿਤ ਹੁੰਦੀ ਹੈ ਅਤੇ ਇਸ 'ਚ ਨਿਗਰਾਨੀ ਦੀ ਲੋੜ ਪੈਂਦੀ ਹੈ।
ਫਿਲਹਾਲ ਇਨ੍ਹਾਂ ਦੋਵਾਂ ਸਥਿਤੀਆਂ ਵਿਚਕਾਰ ਫ਼ਰਕ ਕਰਨ ਲਈ ਜੀਐੱਨਆਰਐੱਚ (Gonadotropin-Releasing Hormone) ਸਟੀਮੂਲੇਸ਼ਨ ਟੈਸਟ ਕੀਤਾ ਜਾਂਦਾ ਹੈ। ਇਸ 'ਚ ਹਾਰਮੋਨ ਦੇਣ ਤੋਂ ਬਾਅਦ ਕਈ ਘੰਟਿਆਂ ਤੱਕ ਵਾਰ-ਵਾਰ ਖੂਨ ਦੇ ਨਮੂਨੇ ਲੈਣੇ ਪੈਂਦੇ ਹਨ। ਇਹ ਜਾਂਚ ਸਾਰੇ ਸਿਹਤ ਕੇਂਦਰਾਂ 'ਚ ਉਪਲਬਧ ਵੀ ਨਹੀਂ ਹੈ।
ਦੋ ਹਾਰਮੋਨਾਂ ਦਾ ਅਨੁਪਾਤ ਜ਼ਿਆਦਾ ਕਾਰਗਰ ਰਿਹਾ
ਖੋਜਕਰਤਾਵਾਂ ਨੇ ਪਾਇਆ ਕਿ ਕਿਸਪੈਪਟਿਨ-10 ਅਤੇ ਐੱਲਐੱਚ 'ਚੋਂ ਕੋਈ ਵੀ ਇਕੱਲਾ ਦੋਵਾਂ ਸਥਿਤੀਆਂ ਵਿਚਕਾਰ ਭਰੋਸੇਯੋਗ ਫ਼ਰਕ ਨਹੀਂ ਕਰ ਸਕਿਆ। ਪਰ ਦੋਵਾਂ ਦੇ ਅਨੁਪਾਤ ਨਾਲ ਬਿਹਤਰ ਨਤੀਜੇ ਸਾਹਮਣੇ ਆਏ।
ਖੋਜਕਰਤਾਵਾਂ ਮੁਤਾਬਕ, ਇਹ ਸੂਚਕਾਂਕ ਮੌਜੂਦਾ ਜਾਂਚਾਂ ਦੇ ਨਾਲ ਸਹਾਇਕ ਸਾਬਤ ਹੋ ਸਕਦਾ ਹੈ। ਡਾਕਟਰ ਅੰਤਰਾ ਬੈਨਰਜੀ ਨੇ ਕਿਹਾ ਕਿ ਅਧਿਐਨ ਨਾਲ ਇਸ ਅਨੁਪਾਤ ਦੀ ਸੰਭਾਵੀ ਉਪਯੋਗਤਾ ਸਾਹਮਣੇ ਆਈ ਹੈ।
ਉੱਥੇ ਹੀ, ਅਧਿਐਨ ਦੀ ਮੁੱਖ ਲੇਖਿਕਾ ਡਾਕਟਰ ਸੁਚਿੱਤਰਾ ਸੁਰਵੇ ਮੁਤਾਬਕ, ਖੂਨ ਦੇ ਨਮੂਨੇ ਤੋਂ ਤਿਆਰ ਕੀਤਾ ਗਿਆ ਇਹ ਸੂਚਕਾਂਕ ਦੋਵਾਂ ਸਥਿਤੀਆਂ ਵਿਚਕਾਰ ਫ਼ਰਕ ਕਰਨ ਦਾ ਇਕ ਸੌਖਾ ਤਰੀਕਾ ਬਣ ਸਕਦਾ ਹੈ।
ਹਸਪਤਾਲ ਦੇ ਪੀਡੀਆਟ੍ਰਿਕ ਐਂਡੋਕ੍ਰਾਈਨੋਲੋਜੀ ਵਿਭਾਗ ਦੀ ਮੁਖੀ ਪ੍ਰੋਫੈਸਰ ਡਾਕਟਰ ਸੁਧਾ ਰਾਓ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਬੱਚੀਆਂ ਦੀ ਸਮੇਂ ਸਿਰ ਪਛਾਣ ਕਰਨ 'ਚ ਮਦਦ ਮਿਲ ਸਕਦੀ ਹੈ, ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ।
ਇਸ ਦੇ ਨਾਲ ਹੀ ਦੂਜੀਆਂ ਬੱਚੀਆਂ ਨੂੰ ਬੇਲੋੜੀਆਂ ਜਾਂਚਾਂ ਤੋਂ ਬਚਾਇਆ ਜਾ ਸਕੇਗਾ। ਹਾਲਾਂਕਿ, ਖੋਜਕਰਤਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਅਜੇ ਸ਼ੁਰੂਆਤੀ ਖੋਜ ਹੈ। ਇਸ ਨੂੰ ਮੌਜੂਦਾ ਜੀਐੱਨਆਰਐੱਚ ਜਾਂਚ ਦਾ ਬਦਲ ਨਹੀਂ ਮੰਨਿਆ ਜਾ ਸਕਦਾ। ਨਿਯਮਤ ਵਰਤੋਂ ਤੋਂ ਪਹਿਲਾਂ ਵੱਡੇ ਮਰੀਜ਼ ਸਮੂਹਾਂ 'ਤੇ ਇਸ ਦੀ ਸੁਤੰਤਰ ਪੁਸ਼ਟੀ ਕਰਨੀ ਜ਼ਰੂਰੀ ਹੋਵੇਗੀ।