
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੀਤਿਆ ਹੋਇਆ ਸਮਾਂ ਤੇ ਮੂੰਹੋਂ ਨਿਕਲਿਆ ਸ਼ਬਦ ਕਦੇ ਵਾਪਸ ਨਹੀਂ ਆਉਂਦੇ। ਇਹ ਕਹਾਵਤ ਮਨੁੱਖੀ ਜੀਵਨ ਦੀ ਅਜਿਹੀ ਸੱਚਾਈ ਨੂੰ ਪ੍ਰਗਟ ਕਰਦੀ ਹੈ, ਜਿਸ ਨੂੰ ਕੋਈ ਵੀ ਝੂਠਲਾ ਨਹੀਂ ਸਕਦਾ। ਮਨੁੱਖ ਧਨ-ਦੌਲਤ ਗੁਆ ਕੇ ਮੁੜ ਕਮਾ ਸਕਦਾ ਹੈ, ਸਿਹਤ ਵੀ ਇਲਾਜ ਨਾਲ ਸੁਧਰ ਸਕਦੀ ਹੈ ਪਰ ਲੰਘਿਆ ਹੋਇਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ।

ਬੀਤਿਆ ਹੋਇਆ ਸਮਾਂ ਤੇ ਮੂੰਹੋਂ ਨਿਕਲਿਆ ਸ਼ਬਦ ਕਦੇ ਵਾਪਸ ਨਹੀਂ ਆਉਂਦੇ। ਇਹ ਕਹਾਵਤ ਮਨੁੱਖੀ ਜੀਵਨ ਦੀ ਅਜਿਹੀ ਸੱਚਾਈ ਨੂੰ ਪ੍ਰਗਟ ਕਰਦੀ ਹੈ, ਜਿਸ ਨੂੰ ਕੋਈ ਵੀ ਝੂਠਲਾ ਨਹੀਂ ਸਕਦਾ। ਮਨੁੱਖ ਧਨ-ਦੌਲਤ ਗੁਆ ਕੇ ਮੁੜ ਕਮਾ ਸਕਦਾ ਹੈ, ਸਿਹਤ ਵੀ ਇਲਾਜ ਨਾਲ ਸੁਧਰ ਸਕਦੀ ਹੈ ਪਰ ਲੰਘਿਆ ਹੋਇਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਇਸ ਲਈ ਸਮਾਂ ਜੀਵਨ ਦੀ ਸਭ ਤੋਂ ਕੀਮਤੀ ਪੂੰਜੀ ਹੈ। ਜੋ ਵਿਅਕਤੀ ਸਮੇਂ ਦੀ ਕਦਰ ਕਰਨਾ ਸਿੱਖ ਲੈਂਦਾ ਹੈ, ਉਹ ਆਪਣੇ ਜੀਵਨ ਨੂੰ ਸਫਲਤਾ, ਅਨੁਸ਼ਾਸਨ ਤੇ ਸੰਤੁਸ਼ਟੀ ਨਾਲ ਭਰ ਲੈਂਦਾ ਹੈ।
ਅੱਜ ਦਾ ਯੁੱਗ ਤਕਨਾਲੋਜੀ ਤੇ ਸਖ਼ਤ ਮੁਕਾਬਲੇ ਦਾ ਯੁੱਗ ਹੈ। ਹਰ ਦਿਨ ਨਵੀਆਂ ਚੁਣੌਤੀਆਂ ਤੇ ਨਵੇਂ ਮੌਕੇ ਸਾਹਮਣੇ ਆ ਰਹੇ ਹਨ। ਅਜਿਹੇ ਸਮੇਂ ’ਚ ਉਹੀ ਵਿਅਕਤੀ ਅੱਗੇ ਵਧਦਾ ਹੈ, ਜੋ ਆਪਣੇ ਸਮੇਂ ਦੀ ਯੋਜਨਾਬੱਧ ਵਰਤੋਂ ਕਰਦਾ ਹੈ। ਸਮੇਂ ਦੀ ਪਾਬੰਦੀ ਕੇਵਲ ਘੜੀ ਦੇਖ ਕੇ ਚੱਲਣ ਦਾ ਨਾਂ ਨਹੀਂ ਸਗੋਂ ਇਹ ਅਜਿਹੀ ਜੀਵਨਸ਼ੈਲੀ ਹੈ, ਜੋ ਮਨੁੱਖ ਨੂੰ ਜ਼ਿੰਮੇਵਾਰ, ਭਰੋਸੇਯੋਗ ਤੇ ਕਰਮਸ਼ੀਲ ਬਣਾਉਂਦੀ ਹੈ। ਹਰ ਮਨੁੱਖ ਨੂੰ ਦਿਨ ਦੇ ਚੌਵੀ ਘੰਟੇ ਹੀ ਮਿਲਦੇ ਹਨ। ਕੁਦਰਤ ਨੇ ਇਸ ’ਚ ਕਦੇ ਭੇਦਭਾਵ ਨਹੀਂ ਕੀਤਾ। ਫ਼ਰਕ ਸਿਰਫ਼ ਇਸ ਗੱਲ ਦਾ ਹੁੰਦਾ ਹੈ ਕਿ ਕੋਈ ਇਨ੍ਹਾਂ ਘੰਟਿਆਂ ਨੂੰ ਸਿਰਜਣਾਤਮਕ ਕੰਮਾਂ, ਸਿੱਖਿਆ, ਮਿਹਨਤ ਤੇ ਸਮਾਜ ਸੇਵਾ ’ਚ ਲਗਾਉਂਦਾ ਹੈ, ਜਦੋਂਕਿ ਕੋਈ ਆਲਸ, ਟਾਲ-ਮਟੋਲ ਤੇ ਬੇਲੋੜੇ ਮਨੋਰੰਜਨ ਵਿਚ ਗੁਆ ਦਿੰਦਾ ਹੈ। ਸਮੇਂ ਦੀ ਸਹੀ ਵਰਤੋਂ ਕਰਨ ਵਾਲੇ ਲੋਕ ਹੀ ਆਪਣੇ ਸੁਪਨਿਆਂ ਨੂੰ ਹਕੀਕਤ ਦਾ ਰੂਪ ਦਿੰਦੇ ਹਨ।
ਸਮੇਂ ਦੀ ਪਾਬੰਦੀ ਮਨੁੱਖ ਦੇ ਚਰਿੱਤਰ ਦਾ ਦਰਪਣ ਹੈ। ਸਮੇਂ ਦਾ ਪਾਬੰਦ ਵਿਅਕਤੀ ਆਪਣੇ ਵਾਅਦਿਆਂ ਦਾ ਪੱਕਾ, ਦੂਜਿਆਂ ਦੇ ਸਮੇਂ ਦਾ ਸਤਿਕਾਰ ਕਰਨ ਵਾਲਾ ਤੇ ਆਪਣੇ ਫ਼ਰਜ਼ਾਂ ਪ੍ਰਤੀ ਇਮਾਨਦਾਰ ਹੁੰਦਾ ਹੈ। ਸਮਾਜ ’ਚ ਅਜਿਹੇ ਲੋਕਾਂ ਉੱਤੇ ਭਰੋਸਾ ਕੀਤਾ ਜਾਂਦਾ ਹੈ ਤੇ ਉਹ ਆਪਣੇ ਆਚਰਨ ਰਾਹੀਂ ਦੂਜਿਆਂ ਲਈ ਪ੍ਰੇਰਣਾ ਬਣਦੇ ਹਨ। ਸਕੂਲੀ ਜੀਵਨ ਵਿੱਚ ਸਮੇਂ ਦੀ ਪਾਬੰਦੀ ਦਾ ਵਿਸ਼ੇਸ਼ ਮਹੱਤਵ ਹੈ। ਜਿਹੜੇ ਵਿਦਿਆਰਥੀ ਸਮੇਂ ਸਿਰ ਸਕੂਲ ਪਹੁੰਚਦੇ ਹਨ, ਨਿਯਮਿਤ ਪੜ੍ਹਾਈ ਕਰਦੇ ਹਨ ਤੇ ਆਪਣੇ ਕੰਮ ਨਿਰਧਾਰਿਤ ਸਮੇਂ ਵਿਚ ਪੂਰੇ ਕਰਦੇ ਹਨ, ਉਹ ਭਵਿੱਖ ’ਚ ਵੀ ਸਫਲਤਾ ਹਾਸਲ ਕਰਦੇ ਹਨ। ਅਧਿਆਪਕ ਵੀ ਇਸ ਸੰਸਕਾਰ ਦੇ ਮੁੱਖ ਵਾਹਕ ਹਨ। ਉਨ੍ਹਾਂ ਦਾ ਸਮੇਂ ਸਿਰ ਕਲਾਸ ਵਿਚ ਪਹੁੰਚਣਾ ਤੇ ਅਨੁਸ਼ਾਸਿਤ ਢੰਗ ਨਾਲ ਪੜ੍ਹਾਉਣਾ ਵਿਦਿਆਰਥੀਆਂ ਲਈ ਜੀਵੰਤ ਸਿੱਖਿਆ ਬਣ ਜਾਂਦਾ ਹੈ। ਸਮੇਂ ਦੀ ਪਾਬੰਦੀ ਵਿਕਸਿਤ ਕਰਨ ਲਈ ਸਾਨੂੰ ਆਪਣੇ ਦਿਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ, ਕੰਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਟਾਲ-ਮਟੋਲ ਤੋਂ ਬਚਣਾ ਚਾਹੀਦਾ ਹੈ ਤੇ ਹਰ ਦਿਨ ਦੇ ਅੰਤ ’ਤੇ ਆਪਣੇ ਕੰਮਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਛੋਟੀਆਂ-ਛੋਟੀਆਂ ਚੰਗੀਆਂ ਆਦਤਾਂ ਹੀ ਵੱਡੀਆਂ ਕਾਮਯਾਬੀਆਂ ਦਾ ਆਧਾਰ ਬਣਦੀਆਂ ਹਨ।
ਸਮੇਂ ਦੀ ਪਾਬੰਦੀ ਕੋਈ ਸਧਾਰਨ ਆਦਤ ਨਹੀਂ ਸਗੋਂ ਸਫਲਤਾ ਦਾ ਮੂਲ ਮੰਤਰ, ਚੰਗੇ ਚਰਿੱਤਰ ਦੀ ਪਛਾਣ ਤੇ ਵਿਕਸਤ ਰਾਸ਼ਟਰ ਦੀ ਨੀਂਹ ਹੈ। ਆਓ ਅਸੀਂ ਅੱਜ ਤੋਂ ਹੀ ਇਹ ਸੰਕਲਪ ਕਰੀਏ ਕਿ ਸਮੇਂ ਦਾ ਸਤਿਕਾਰ ਕਰਾਂਗੇ, ਹਰ ਕੰਮ ਸਮੇਂ ਸਿਰ ਕਰਾਂਗੇ ਤੇ ਆਪਣੇ ਜੀਵਨ ਨੂੰ ਅਨੁਸ਼ਾਸਨ, ਮਿਹਨਤ ਅਤੇ ਇਮਾਨਦਾਰੀ ਨਾਲ ਸਜਾਵਾਂਗੇ ਕਿਉਂਕਿ ਸਮਾਂ ਹੀ ਉਹ ਅਨਮੋਲ ਪੂੰਜੀ ਹੈ, ਜੋ ਸਾਡੀ ਕਿਸਮਤ ਵੀ ਲਿਖਦੀ ਹੈ ਤੇ ਸਾਡੀ ਪਛਾਣ ਵੀ ਬਣਾਉਂਦੀ ਹੈ। ਜੋ ਮਨੁੱਖ ਸਮੇਂ ਦੀ ਕਦਰ ਕਰਦਾ ਹੈ, ਸਮਾਂ ਉਸ ਨੂੰ ਅਜਿਹੀ ਪਛਾਣ ਦਿੰਦਾ ਹੈ, ਜਿਸ ਨੂੰ ਦੁਨੀਆ ਸਾਲਾਂ ਤੱਕ ਯਾਦ ਰੱਖਦੀ ਹੈ।
- ਸਿਮਰਨਜੀਤ ਕੌਰ