- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਵੇਂ ਮਨੁੱਖੀ ਜੀਵਨ ਦਾ ਆਦਿ ਅੰਤ ਪਾਉਣਾ ਬਹੁਤ ਔਖਾ ਹੈ, ਉਸੇ ਤਰ੍ਹਾਂ ਸਾਡੇ ਮਨ ਦੀਆਂ ਗਹਿਰਾਈਆਂ ਨੂੰ ਮਾਪਣਾ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਸਾਡਾ ਮਨ ਹੀ ਹੈ, ਜੋ ਸਾਨੂੰ ਜਿੱਤਾਂ ਦੇ ਸਿਖ਼ਰਾਂ ’ਤੇ ਪਹੁੰਚਾਉਂਦਾ ਹੈ ਜਾਂ ਹਾਰਾਂ ਦੀਆਂ ਗਹਿਰਾਈਆਂ ਵਿਚ ਸੁੱਟਦਾ ਹੈ। ਸਿਆਣੇ ਆਖਦੇ ਹਨ ਕਿ ਮਨ ਦੇ ਹਾਰੇ ਹਾਰ ਅਤੇ ਮਨ ਦੇ ਜਿੱਤੇ ਜਿੱਤ। ਗੁਰੂ ਸਾਹਿਬਾਨ ਨੇ ਵੀ ਮਨ ਜੀਤੇ ਜਗੁ ਜੀਤੁ ਦਾ ਉਪਦੇਸ਼ ਦਿੱਤਾ ਹੈ।

ਜਿਵੇਂ ਮਨੁੱਖੀ ਜੀਵਨ ਦਾ ਆਦਿ ਅੰਤ ਪਾਉਣਾ ਬਹੁਤ ਔਖਾ ਹੈ, ਉਸੇ ਤਰ੍ਹਾਂ ਸਾਡੇ ਮਨ ਦੀਆਂ ਗਹਿਰਾਈਆਂ ਨੂੰ ਮਾਪਣਾ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਸਾਡਾ ਮਨ ਹੀ ਹੈ, ਜੋ ਸਾਨੂੰ ਜਿੱਤਾਂ ਦੇ ਸਿਖ਼ਰਾਂ ’ਤੇ ਪਹੁੰਚਾਉਂਦਾ ਹੈ ਜਾਂ ਹਾਰਾਂ ਦੀਆਂ ਗਹਿਰਾਈਆਂ ਵਿਚ ਸੁੱਟਦਾ ਹੈ। ਸਿਆਣੇ ਆਖਦੇ ਹਨ ਕਿ ਮਨ ਦੇ ਹਾਰੇ ਹਾਰ ਅਤੇ ਮਨ ਦੇ ਜਿੱਤੇ ਜਿੱਤ। ਗੁਰੂ ਸਾਹਿਬਾਨ ਨੇ ਵੀ ਮਨ ਜੀਤੇ ਜਗੁ ਜੀਤੁ ਦਾ ਉਪਦੇਸ਼ ਦਿੱਤਾ ਹੈ। ਦੁਨੀਆ ਦੇ ਗ੍ਰੰਥ ਮਾਨਸਿਕ ਅਵਸਥਾ ਦਾ ਵਿਸ਼ਲੇਸ਼ਣ ਕਰਦੇ ਹੋਏ ਦਰਸਾਉਂਦੇ ਹਨ ਕਿ ਇਹ ਇਕ ਉਹ ਸ਼ਕਤੀ ਹੈ, ਜਿਸ ਨਾਲ ਅਸੀਂ ਇਸ ਜੱਗ ਦੇ ਜੇਤੂ ਬਣ ਕੇ ਆਪਣੀ ਮਹਾਨਤਾ ਕਾਇਮ ਕਰ ਸਕਦੇ ਹਾਂ। ਮਹਾਨ ਉਹ ਨਹੀਂ ਹੁੰਦਾ, ਜਿਸ ਨੇ ਜਗ ਜਿੱਤਿਆ ਹੁੰਦਾ ਹੈ, ਮਹਾਨ ਉਹ ਬਣਦਾ ਹੈ, ਜੋ ਇਸ ਜੱਗ ਦੇ ਭਲੇ ਵਾਸਤੇ ਕੰਮ ਕਰਦਾ ਹੈ। ਜਿਨ੍ਹਾਂ ਮਹਾਂਪੁਰਸ਼ਾਂ, ਫਿਲਾਸਫਰਾਂ ਨੇ ਇਸ ਦੁਨੀਆ ਨੂੰ ਸੋਹਣਾ ਤੇ ਸੁਚੱਜਾ ਬਣਾਉਣ ਵਿਚ ਆਪਣਾ ਯੋਗਦਾਨ ਦਿੱਤਾ, ਉਨ੍ਹਾਂ ਨੂੰ ਅੱਜ ਦੁਨੀਆ ਯਾਦ ਕਰਦੀ ਹੈ। ਇਸੇ ਕਰਕੇ ਸਭ ਤੋਂ ਵੱਡਾ ਸਿੱਖਾਂ ਦਾ ਗੁਣ ਹੁੰਦਾ ਹੈ ਚਾਣਕਿਆ, ਰੂਮੀ, ਪਾਇਥਾਗੋਰਸ, ਟਾਲਸਟਾਏ, ਫੈਂਕਲਿਨ, ਡਾਰਵਨ, ਫਰਾਈਡ ,ਕੀਟਸ, ਗਲੈਲੀਓ, ਨਿਊਟਨ, ਸੁਕਰਾਤ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਵਰਗੇ ਉੱਚੇ ਤੇ ਸੁੱਚੇ ਵਿਚਾਰਾਂ ਦੇ ਧਾਰਨੀ ਮਹਾਪੁਰਖਾਂ ਨੂੰ ਅਦਬ ਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।
ਹਰ ਘਟਨਾ ਤੋਂ ਸਿੱਖੋ ਕੁਝ
ਵਿਦਿਆਰਥੀ ਜੀਵਨ ਵਿਚ ਸਭ ਤੋਂ ਵੱਡਾ ਗੁਣ ਸਿੱਖਣ ਦਾ ਹੁੰਦਾ ਹੈ। ਇਸ ਲਈ ਹਰ ਬੱਚੇ ਅੰਦਰ ਇਹ ਜਗਿਆਸਾ ਪੈਦਾ ਹੋਣੀ ਲਾਜ਼ਮੀ ਹੈ ਕਿ ਉਹ ਹਰ ਘਟਨਾ ਵਿੱਚੋਂ ਕੁਝ ਨਾ ਕੁਝ ਸਿੱਖੇ। ਸਾਡੀ ਸਭ ਤੋਂ ਵੱਡੀ ਗੁਰੂ ਸਾਡੀ ਮਾਤਾ ਹੁੰਦੀ ਹੈ, ਜਿਸ ਨੇ ਸਾਨੂੰ ਇਹ ਸੋਹਣਾ ਤੇ ਨਰੋਆ ਜਿਸਮ ਦੇ ਕੇ ਇਸ ਧਰਤੀ ’ਤੇ ਤੋਰਿਆ ਹੁੰਦਾ ਹੈ। ਅੱਗੇ ਜਾ ਕੇ ਸਾਡੇ ਅਧਿਆਪਕ ਸਾਡੇ ਗੁਣਾਂ ਨੂੰ ਚਮਕਾਉਂਦੇ ਹੋਏ ਸਾਨੂੰ ਸਫਲ ਇਨਸਾਨ ਬਣਾਉਂਦੇ ਹਨ। ਵਿਦਿਆਰਥੀਆਂ ਦੀਆਂ ਛੁਪੀਆਂ ਹੋਈਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਾਸਤੇ ਉਹ ਜਿੱਥੇ ਵੱਡੀਆਂ ਵੱਡੀਆਂ ਉਦਾਹਰਨਾਂ ਦਿੰਦੇ ਹਨ, ਉੱਥੇ ਬਹੁਤ ਸਾਰਾ ਅਭਿਆਸ ਵੀ ਕਰਵਾਉਂਦੇ ਹਨ। ਇਸ ਅਭਿਆਸ ਨਾਲ ਹੀ ਸਾਡੇ ਅੰਦਰ ਹੁਨਰ ਪੈਦਾ ਹੁੰਦਾ ਹੈ। ਹੁਨਰਮੰਦ ਇਨਸਾਨ ਦੀ ਜ਼ਰੂਰਤ ਹਰ ਕੋਈ ਮਹਿਸੂਸ ਕਰਦਾ ਹੈ। ਅਸੀਂ ਹੁਨਰਮੰਦੀ ਨਾਲ ਹੀ ਆਪਣਾ ਆਲਾ-ਦੁਆਲਾ, ਘਰ ਬਾਹਰ ਤੇ ਇਸ ਦੇਸ਼ ਨੂੰ ਨਵੀਂ ਲੀਹ ਪ੍ਰਦਾਨ ਕਰ ਸਕਦੇ ਹਾਂ।
ਨਰੋਏ ਵਿਚਾਰਾਂ ਦਾ ਹੋਣਾ ਜ਼ਰੂਰੀ
ਨਵੀਆਂ ਲੀਹਾਂ ’ਤੇ ਤੁਰਨ ਵਾਸਤੇ ਨਰੋਏ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਨਰੋਏ ਵਿਚਾਰ ਪੁਸਤਕਾਂ ਵਿੱਚੋਂ ਅਤੇ ਮਹਾਨ ਪੁਰਸ਼ਾਂ ਕੋਲੋਂ ਮਿਲਦੇ ਹਨ। ਜਿਹੜੇ ਵਿਦਿਆਰਥੀ ਸਿਲੇਬਸ ਤੋਂ ਇਲਾਵਾ ਪੁਸਤਕਾਂ ਪੜ੍ਹਦੇ ਹਨ, ਉਨ੍ਹਾਂ ਦੇ ਵਿਚਾਰਾਂ ਨੂੰ ਨਰੋਆਪਣ ਤੇ ਨਿਵੇਕਲਾਪਣ ਮਿਲ ਜਾਂਦਾ ਹੈ। ਇਨ੍ਹਾਂ ਗੁਣਾਂ ਸਦਕਾ ਉਨ੍ਹਾਂ ਦੇ ਵਿਚਾਰਾਂ ਨੂੰ ਜਿੱਥੇ ਅਧਿਆਪਕ ਬੜੀ ਸੰਜੀਦਗੀ ਨਾਲ ਸੁਣਦੇ ਹਨ, ਉੱਥੇ ਸਮਾਜ ਵੀ ਆਦਰ ਤੇ ਸਤਿਕਾਰ ਨਾਲ ਸੁਣਦਾ ਹੈ। ਜੋ ਅਸੀਂ ਸਿੱਖ ਰਹੇ ਹਾਂ, ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਵੇਂ ਪੜ੍ਹੀ ਹੋਈ ਕਿਤਾਬ ਵਿੱਚੋਂ ਜੋ ਕੁਝ ਸਿੱਖਿਆ ਹੈ, ਉਸ ’ਤੇ ਅਮਲ ਕਰਨ ਦੀ ਲੋੜ ਹੁੰਦੀ ਹੈ। ਅਸੀਂ ਪੜ੍ਹਦੇ-ਸੁਣਦੇ ਤਾਂ ਬਹੁਤ ਕੁਝ ਹਾਂ ਪਰ ਅਮਲਾਂ ਤੋਂ ਬਹੁਤ ਦੂਰ ਹਾਂ। ਜੇ ਅੱਜ ਤੱਕ ਅਸੀਂ ਆਪਣੇ ਮਹਾਪੁਰਖਾਂ ਦੇ ਵਿਚਾਰਾਂ ਨੂੰ ਜੀਵਨ ਵਿਚ ਅਪਣਾਇਆ ਹੁੰਦਾ ਹੈ ਤਾਂ ਇਹ ਸੰਸਾਰ ਦੁੱਖਾਂ ਦਾ ਘਰ ਤੇ ਜੰਗਾ ਯੁੱਧਾਂ ਦਾ ਅਖਾੜਾ ਨਾ ਬਣਦਾ। ਮਨ ਮੱਤ ਹੀ ਮਨੁੱਖ ਨੂੰ ਵੈਰ-ਵਿਰੋਧ ਵਿਚ ਲੈ ਕੇ ਜਾਂਦੀ ਹੈ ਗੁਰਮਤਿ ਅਨੁਸਾਰ ਚੱਲਣ ਵਾਲੇ ਇਨਸਾਨ ਕੁਦਰਤ ਨਾਲ ਜੁੜ ਕੇ ਇਸ ਦੇ ਸੁਹੱਪਣ ਨੂੰ ਕਾਇਮ ਰੱਖਦੇ ਹਨ।
ਕੁਦਰਤ ਨਾਲ ਜੁੜਨ ਦੀ ਜ਼ਰੂਰਤ
ਵਿਦਿਆਰਥੀ ਜੀਵਨ ਵਿਚ ਸਾਨੂੰ ਹਰ ਘਟਨਾ ਤੋਂ ਕੋਈ ਨਾ ਕੋਈ ਪ੍ਰੇਰਨਾ ਜ਼ਰੂਰ ਲੈਣੀ ਚਾਹੀਦੀ ਹੈ। ਕਥਾ ਕਹਾਣੀਆਂ ਪੜ੍ਹ-ਸੁਣ ਕੇ ਅਸੀਂ ਉਨ੍ਹਾਂ ਦੇ ਤੱਤ ਸਾਰ ਨੂੰ ਆਪਣੇ ਜੀਵਨ ਵਿਚ ਅਪਣਾ ਸਕਦੇ ਹਾਂ। ਇਹ ਕਥਾ ਕਹਾਣੀਆਂ ਸੁਣਨ ਸੁਣਾਉਣ ਵਾਸਤੇ ਨਹੀਂ ਸਗੋਂ ਜੀਵਨ ਵਿਚ ਅਪਣਾਉਣ ਵਾਸਤੇ ਹਨ। ਸ਼ਹੀਦ ਭਗਤ ਸਿੰਘ ਦੇ ਮਾਤਾ ਅਮਰ ਕੌਰ ਜੇ ਉਸ ਨੂੰ ਚਾਚਾ ਅਜੀਤ ਸਿੰਘ ਦੇ ਦੇਸ਼ ਪਿਆਰ ਦੀਆਂ ਦੀਆਂ ਕਹਾਣੀਆਂ ਨਾ ਸੁਣਾਉਂਦੇ ਤਾਂ ਸ਼ਾਇਦ ਉਹ ਫ਼ਾਂਸੀ ਦੇ ਰੱਸੇ ਨੂੰ ਨਾ ਚੁੰਮਦੇ। ਇਸ ਲਈ ਸਾਨੂੰ ਆਪਣੇ ਦਿਲ-ਦਿਮਾਗ਼ ਦੇ ਬੂਹੇ ਬਾਰੀਆਂ ਸਦਾ ਖੁੱਲ੍ਹੇ ਰੱਖਣੇ ਚਾਹੀਦੇ ਹਨ। ਕੁਦਰਤ ਦੀ ਰੁਮਕਦੀ ਪੌਣ ਸਹਿਜ, ਸਬਰ ਅਤੇ ਸੰਤੋਖ ਦਾ ਸੁਨੇਹਾ ਦਿੰਦੀ ਹੈ। ਇਸੇ ਤਰ੍ਹਾਂ ਧੁੱਪ ਸਾਨੂੰ ਆਪਣੇ ਅੰਦਰ ਸੰਸਾਰਕ ਯਾਤਰਾਵਾਂ ਤੇ ਆਉਂਦੀਆਂ ਔਕੜਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ। ਬਸ਼ਰਤੇ ਕਿ ਅਸੀਂ ਕੁਦਰਤ ਨਾਲ ਜੁੜੇ ਹੋਈਏ ਤਾਂ ਹੀ ਇਹ ਪ੍ਰੇਰਨਾਵਾਂ ਅਸੀਂ ਹਾਸਲਿ ਕਰ ਸਕਦੇ ਹਾਂ। ਅੱਜ ਦੇ ਵਿਦਿਆਰਥੀ ਨੂੰ ਨੈਟ ਦੇ ਜਾਲ ਵਿੱਚੋਂ ਨਿਕਲ ਕੇ ਕੁਦਰਤ ਨਾਲ ਜੁੜਨ ਦੀ ਜ਼ਰੂਰਤ ਹੈ ਅਤੇ ਕੁਦਰਤ ਸਿੱਖਣ, ਸਮਝਣ ਅਤੇ ਜਾਣਨ ਦੇ ਗੁਣ ਸਾਡੇ ਅੰਦਰ ਉਪਜਾਉਂਦੀ ਹੈ।
ਹਰ ਪੜਾਅ ’ਤੇ ਸਿੱਖਦਾ ਮਨੁੱਖ
ਅਸਲ ’ਚ ਸਿੱਖਣਾ ਅਜਿਹਾ ਸਫ਼ਰ ਹੈ, ਜਿਸ ਦੀ ਕੋਈ ਅੰਤਿਮ ਮੰਜ਼ਿਲ ਨਹੀਂ ਹੁੰਦੀ। ਮਨੁੱਖ ਆਪਣੇ ਜੀਵਨ ਦੇ ਹਰ ਪੜਾਅ ’ਤੇ ਕੁਝ ਨਾ ਕੁਝ ਨਵਾਂ ਸਿੱਖਦਾ ਹੈ। ਵਿਦਿਆਰਥੀ ਜੀਵਨ ਇਸ ਸਿੱਖਣ ਲਈ ਸਭ ਤੋਂ ਸੁੰਦਰ ਤੇ ਮਹੱਤਵਪੂਰਨ ਸਮਾਂ ਹੁੰਦਾ ਹੈ। ਇਸ ਸਮੇਂ ਜੇ ਬੱਚੇ ਆਪਣੇ ਮਨ ਨੂੰ ਚੰਗੇ ਵਿਚਾਰਾਂ, ਪੁਸਤਕਾਂ, ਮਹਾਪੁਰਖਾਂ ਦੀਆਂ ਸਿੱਖਿਆਵਾਂ ਤੇ ਕੁਦਰਤ ਦੇ ਨੇੜੇ ਰੱਖਣ ਤਾਂ ਉਨ੍ਹਾਂ ਦੀ ਸੋਚ ਵਿਸ਼ਾਲ ਤੇ ਜੀਵਨ ਸੁਚੱਜਾ ਬਣ ਸਕਦਾ ਹੈ। ਸਿਰਫ਼ ਗਿਆਨ ਹਾਸਲ ਕਰਨਾ ਹੀ ਕਾਫ਼ੀ ਨਹੀਂ ਸਗੋਂ ਉਸ ਗਿਆਨ ਨੂੰ ਆਪਣੇ ਆਚਰਨ ਦਾ ਹਿੱਸਾ ਬਣਾਉਣਾ ਵੀ ਜ਼ਰੂਰੀ ਹੈ। ਹਰ ਘਟਨਾ, ਹਰ ਤਜਰਬਾ ਤੇ ਹਰ ਵਿਅਕਤੀ ਸਾਨੂੰ ਕੋਈ ਨਾ ਕੋਈ ਸਬਕ ਦੇ ਸਕਦਾ ਹੈ। ਲੋੜ ਸਿਰਫ਼ ਖੁੱਲ੍ਹੇ ਮਨ ਨਾਲ ਉਸ ਨੂੰ ਸਮਝਣ ਦੀ ਹੈ। ਜਿਹੜਾ ਵਿਦਿਆਰਥੀ ਸਿੱਖਣ ਦੀ ਲਗਨ, ਮਿਹਨਤ, ਨਰੋਈ ਸੋਚ ਅਤੇ ਕੁਦਰਤ ਨਾਲ ਪਿਆਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦਾ ਹੈ, ਉਹ ਆਪਣੇ ਭਵਿੱਖ ਨੂੰ ਹੀ ਨਹੀਂ, ਸਗੋਂ ਸਮਾਜ ਦੇ ਭਵਿੱਖ ਨੂੰ ਵੀ ਰੌਸ਼ਨ ਕਰਨ ਦੇ ਸਮਰੱਥ ਬਣ ਜਾਂਦਾ ਹੈ।
- ਬਲਜਿੰਦਰ ਮਾਨ