- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖੀ ਜੀਵਨ ਵਿਚ ਸਫਲਤਾ ਹਾਸਲ ਕਰਨ ਦੀ ਇੱਛਾ ਹਰ ਕਿਸੇ ਦੇ ਮਨ ਵਿਚ ਹੁੰਦੀ ਹੈ। ਹਰ ਬੱਚਾ ਚਾਹੁੰਦਾ ਹੈ ਕਿ ਉਹ ਪੜ੍ਹਾਈ ’ਚ ਚੰਗੇ ਨੰਬਰ ਪ੍ਰਾਪਤ ਕਰੇ, ਖੇਡਾਂ ਵਿਚ ਮੱਲਾਂ ਮਾਰੇ, ਵੱਡਾ ਹੋ ਕੇ ਕੋਈ ਚੰਗਾ ਅਹੁਦਾ ਹਾਸਲ ਕਰੇ ਤੇ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਨਾਂ ਰੌਸ਼ਨ ਕਰੇ ਪਰ ਸਫਲਤਾ ਦੀ ਇਸ ਮੰਜ਼ਿਲ ਤੱਕ ਪਹੁੰਚਣ ਲਈ ਸਿਰਫ਼ ਸੁਪਨੇ ਦੇਖਣਾ ਹੀ ਕਾਫ਼ੀ ਨਹੀਂ ਹੁੰਦਾ ਸਗੋਂ ਉਨ੍ਹਾਂ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰਨੀ ਵੀ ਜ਼ਰੂਰੀ ਹੁੰਦੀ ਹੈ।

ਮਨੁੱਖੀ ਜੀਵਨ ਵਿਚ ਸਫਲਤਾ ਹਾਸਲ ਕਰਨ ਦੀ ਇੱਛਾ ਹਰ ਕਿਸੇ ਦੇ ਮਨ ਵਿਚ ਹੁੰਦੀ ਹੈ। ਹਰ ਬੱਚਾ ਚਾਹੁੰਦਾ ਹੈ ਕਿ ਉਹ ਪੜ੍ਹਾਈ ’ਚ ਚੰਗੇ ਨੰਬਰ ਪ੍ਰਾਪਤ ਕਰੇ, ਖੇਡਾਂ ਵਿਚ ਮੱਲਾਂ ਮਾਰੇ, ਵੱਡਾ ਹੋ ਕੇ ਕੋਈ ਚੰਗਾ ਅਹੁਦਾ ਹਾਸਲ ਕਰੇ ਤੇ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਨਾਂ ਰੌਸ਼ਨ ਕਰੇ ਪਰ ਸਫਲਤਾ ਦੀ ਇਸ ਮੰਜ਼ਿਲ ਤੱਕ ਪਹੁੰਚਣ ਲਈ ਸਿਰਫ਼ ਸੁਪਨੇ ਦੇਖਣਾ ਹੀ ਕਾਫ਼ੀ ਨਹੀਂ ਹੁੰਦਾ ਸਗੋਂ ਉਨ੍ਹਾਂ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰਨੀ ਵੀ ਜ਼ਰੂਰੀ ਹੁੰਦੀ ਹੈ। ਦੁਨੀਆ ਵਿਚ ਕੋਈ ਵੀ ਵੱਡੀ ਪ੍ਰਾਪਤੀ ਬਿਨਾਂ ਮਿਹਨਤ ਦੇ ਹਾਸਲ ਨਹੀਂ ਕੀਤੀ ਜਾ ਸਕਦੀ। ਇਸੇ ਲਈ ਕਿਹਾ ਜਾਂਦਾ ਹੈ ਕਿ ਮਿਹਨਤ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਜਿਹੜੇ ਲੋਕ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਸਬਰ, ਲਗਨ ਤੇ ਇਮਾਨਦਾਰੀ ਨਾਲ ਯਤਨ ਕਰਦੇ ਹਨ, ਉਹੀ ਅਸਲ ਸਫਲਤਾ ਦੇ ਹੱਕਦਾਰ ਬਣਦੇ ਹਨ।
ਸਫਲਤਾ ਦਾ ਪਹਿਲਾ ਕਦਮ ਹੈ ਮਿਹਨਤ
ਮਿਹਨਤ ਮਨੁੱਖ ਦੀ ਸਫਲਤਾ ਦੀ ਬੁਨਿਆਦ ਹੁੰਦੀ ਹੈ। ਕੋਈ ਵੀ ਵਿਅਕਤੀ ਜਨਮ ਤੋਂ ਹੀ ਕਾਮਯਾਬ ਨਹੀਂ ਹੁੰਦਾ ਸਗੋਂ ਆਪਣੀ ਮਿਹਨਤ, ਸਿੱਖਣ ਦੀ ਇੱਛਾ ਤੇ ਲਗਾਤਾਰ ਕੋਸ਼ਿਸ਼ਾਂ ਸਦਕਾ ਉਹ ਆਪਣੀ ਵੱਖਰੀ ਪਛਾਣ ਬਣਾਉਂਦਾ ਹੈ। ਜੇ ਅਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦੁਨੀਆ ਦੀਆਂ ਵੱਡੀਆਂ ਪ੍ਰਾਪਤੀਆਂ ਪਿੱਛੇ ਸਾਲਾਂ ਦੀ ਮਿਹਨਤ ਤੇ ਸੰਘਰਸ਼ ਲੁਕਿਆ ਹੁੰਦਾ ਹੈ। ਖਿਡਾਰੀ ਮੈਦਾਨ ਵਿਚ ਕੁਝ ਮਿੰਟਾਂ ਲਈ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹਨ ਪਰ ਉਸ ਪ੍ਰਦਰਸ਼ਨ ਪਿੱਛੇ ਉਨ੍ਹਾਂ ਦੀਆਂ ਅਣਗਿਣਤ ਕੋਸ਼ਿਸ਼ਾਂ ਹੁੰਦੀਆਂ ਹਨ। ਇਸੇ ਤਰ੍ਹਾਂ ਕਿਸੇ ਵਿਗਿਆਨੀ ਦੀ ਨਵੀਂ ਖੋਜ ਜਾਂ ਕਿਸੇ ਕਲਾਕਾਰ ਦੀ ਕਲਾ ਪਿੱਛੇ ਵੀ ਲੰਮਾ ਅਭਿਆਸ ਤੇ ਮਿਹਨਤ ਹੁੰਦੀ ਹੈ।
ਸ਼ਾਰਟਕੱਟ ਦੀ ਆਦਤ ਤੋਂ ਬਚਣ ਦੀ ਲੋੜ
ਅੱਜ ਦੇ ਤੇਜ਼ ਰਫ਼ਤਾਰ ਯੁੱਗ ’ਚ ਹਰ ਕੋਈ ਘੱਟ ਸਮੇਂ ਵਿਚ ਵੱਧ ਤੋਂ ਵੱਧ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਸੋਚ ਦਾ ਪ੍ਰਭਾਵ ਬੱਚਿਆਂ ਉੱਤੇ ਵੀ ਪੈ ਰਿਹਾ ਹੈ। ਕਈ ਬੱਚੇ ਪੂਰਾ ਸਾਲ ਪੜ੍ਹਾਈ ਕਰਨ ਦੀ ਬਜਾਏ ਇਮਤਿਹਾਨਾਂ ਦੇ ਦਿਨਾਂ ’ਚ ਹੀ ਸਾਰਾ ਸਿਲੇਬਸ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਬੱਚੇ ਵਿਸ਼ੇ ਨੂੰ ਸਮਝਣ ਦੀ ਥਾਂ ਸਿਰਫ਼ ਉੱਤਰ ਰਟਣ ਨੂੰ ਤਰਜੀਹ ਦਿੰਦੇ ਹਨ। ਇਸੇ ਤਰ੍ਹਾਂ ਖੇਡਾਂ ਵਿਚ ਵੀ ਕਈ ਵਾਰ ਬੱਚੇ ਨਿਯਮਤ ਅਭਿਆਸ ਕਰਨ ਦੀ ਬਜਾਏ ਜਲਦੀ ਨਾਂ ਕਮਾਉਣ ਦੇ ਸੁਪਨੇ ਦੇਖਣ ਲੱਗਦੇ ਹਨ। ਅਜਿਹੇ ਸ਼ਾਰਟਕੱਟ ਕੁਝ ਸਮੇਂ ਲਈ ਸੌਖੇ ਜ਼ਰੂਰ ਲੱਗ ਸਕਦੇ ਹਨ ਪਰ ਇਨ੍ਹਾਂ ਨਾਲ ਮਿਲਣ ਵਾਲੀ ਸਫਲਤਾ ਲੰਮੇ ਸਮੇਂ ਤੱਕ ਕਾਇਮ ਨਹੀਂ ਰਹਿੰਦੀ। ਬਿਨਾਂ ਮਿਹਨਤ ਦੇ ਪ੍ਰਾਪਤ ਕੀਤੇ ਗਿਆਨ ਵਿਚ ਡੂੰਘਾਈ ਨਹੀਂ ਹੁੰਦੀ ਤੇ ਨਾ ਹੀ ਅਜਿਹੀ ਪ੍ਰਾਪਤੀ ਮਨੁੱਖ ਨੂੰ ਅੰਦਰੂਨੀ ਸੰਤੁਸ਼ਟੀ ਦਿੰਦੀ ਹੈ। ਇਸ ਲਈ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਸਫਲਤਾ ਦਾ ਕੋਈ ਜਾਦੂਈ ਰਸਤਾ ਨਹੀਂ ਹੁੰਦਾ।
ਛੋਟੀਆਂ ਕੋਸ਼ਿਸ਼ਾਂ ਬਣਦੀਆਂ ਵੱਡੀ ਸਫਲਤਾ ਦਾ ਆਧਾਰ
ਕਈ ਵਾਰ ਬੱਚੇ ਕਿਸੇ ਵੱਡੇ ਟੀਚੇ ਨੂੰ ਦੇਖ ਕੇ ਘਬਰਾ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨੂੰ ਹਾਸਲ ਕਰਨਾ ਬਹੁਤ ਔਖਾ ਹੈ ਪਰ ਅਸਲ ਵਿਚ ਵੱਡੀਆਂ ਪ੍ਰਾਪਤੀਆਂ ਛੋਟੇ-ਛੋਟੇ ਕਦਮਾਂ ਨਾਲ ਹੀ ਸੰਭਵ ਹੁੰਦੀਆਂ ਹਨ। ਜੇ ਕੋਈ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਚੰਗੇ ਨੰਬਰ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਰੋਜ਼ ਥੋੜ੍ਹਾ-ਥੋੜ੍ਹਾ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਰੋਜ਼ਾਨਾ ਦਾ ਅਭਿਆਸ ਉਸ ਦੇ ਗਿਆਨ ਵਿਚ ਵਾਧਾ ਕਰੇਗਾ ਤੇ ਇਮਤਿਹਾਨਾਂ ਵੇਲੇ ਉਸ ਨੂੰ ਬੇਲੋੜੇ ਤਣਾਅ ਤੋਂ ਵੀ ਬਚਾਏਗਾ। ਇਸੇ ਤਰ੍ਹਾਂ ਜੇ ਕੋਈ ਬੱਚਾ ਚਿੱਤਰਕਾਰੀ, ਸੰਗੀਤ, ਨਾਚ ਜਾਂ ਕਿਸੇ ਖੇਡ ਵਿਚ ਮੁਹਾਰਤ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਰੋਜ਼ ਅਭਿਆਸ ਕਰਨਾ ਪਵੇਗਾ। ਸ਼ੁਰੂਆਤ ਵਿਚ ਗ਼ਲਤੀਆਂ ਹੋ ਸਕਦੀਆਂ ਹਨ ਪਰ ਲਗਾਤਾਰ ਕੋਸ਼ਿਸ਼ਾਂ ਨਾਲ ਹੀ ਉਸ ਦੇ ਹੁਨਰ ਵਿਚ ਨਿਖਾਰ ਆਵੇਗਾ। ਹਰ ਰੋਜ਼ ਕੀਤੀ ਗਈ ਥੋੜ੍ਹੀ ਜਿਹੀ ਮਿਹਨਤ ਸਮੇਂ ਦੇ ਨਾਲ ਵੱਡੇ ਨਤੀਜੇ ਦੇਣ ਲੱਗਦੀ ਹੈ।
ਅਸਫਲਤਾ ਤੋਂ ਸਿੱਖੋ
ਮਿਹਨਤ ਦੇ ਰਸਤੇ ਵਿਚ ਹਮੇਸ਼ਾ ਸਫਲਤਾ ਹੀ ਮਿਲੇ, ਇਹ ਜ਼ਰੂਰੀ ਨਹੀਂ। ਕਈ ਵਾਰ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਮਨਚਾਹੇ ਨਤੀਜੇ ਨਹੀਂ ਮਿਲਦੇ। ਅਜਿਹੇ ਸਮੇਂ ਬਹੁਤ ਸਾਰੇ ਬੱਚੇ ਨਿਰਾਸ਼ ਹੋ ਜਾਂਦੇ ਹਨ ਤੇ ਆਪਣਾ ਟੀਚਾ ਛੱਡਣ ਬਾਰੇ ਸੋਚਣ ਲੱਗਦੇ ਹਨ ਪਰ ਅਸਲ ਵਿਚ ਅਸਫਲਤਾ ਵੀ ਸਫਲਤਾ ਦੀ ਯਾਤਰਾ ਦਾ ਮਹੱਤਵਪੂਰਨ ਹਿੱਸਾ ਹੁੰਦੀ ਹੈ। ਜਦੋਂ ਕੋਈ ਬੱਚਾ ਕਿਸੇ ਪ੍ਰੀਖਿਆ ਵਿਚ ਘੱਟ ਨੰਬਰ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਆਪਣੀਆਂ ਕਮੀਆਂ ਪਛਾਣਨੀਆਂ ਚਾਹੀਦੀਆਂ ਹਨ। ਜੇ ਖੇਡ ਦੇ ਮੈਦਾਨ ਵਿਚ ਹਾਰ ਦਾ ਸਾਹਮਣਾ ਕਰਨਾ ਪਵੇ ਤਾਂ ਉਸ ਨੂੰ ਆਪਣੀ ਖੇਡ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗ਼ਲਤੀਆਂ ਤੋਂ ਸਿੱਖ ਕੇ ਦੁਬਾਰਾ ਕੋਸ਼ਿਸ਼ ਕਰਨਾ ਹੀ ਅਸਲ ਹਿੰਮਤ ਹੈ। ਜਿਹੜੇ ਬੱਚੇ ਮੁਸ਼ਕਲਾਂ ਦੇ ਬਾਵਜੂਦ ਹਾਰ ਨਹੀਂ ਮੰਨਦੇ, ਉਹ ਜ਼ਿੰਦਗੀ ਵਿਚ ਅੱਗੇ ਵਧਣ ਦੀ ਵਧੇਰੇ ਸਮਰੱਥਾ ਰੱਖਦੇ ਹਨ।
ਅਨੁਸ਼ਾਸਨ ਵੀ ਜ਼ਰੂਰੀ
ਸਿਰਫ਼ ਮਿਹਨਤ ਕਰਨਾ ਹੀ ਕਾਫ਼ੀ ਨਹੀਂ ਸਗੋਂ ਉਸ ਮਿਹਨਤ ਨੂੰ ਸਹੀ ਦਿਸ਼ਾ ਦੇਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਅਨੁਸ਼ਾਸਨ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਬੱਚਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਪੜ੍ਹਾਈ, ਖੇਡਾਂ, ਆਰਾਮ ਤੇ ਹੋਰ ਗਤੀਵਿਧੀਆਂ ਲਈ ਸਮਾਂ ਨਿਰਧਾਰਤ ਕਰਨਾ ਚਾਹੀਦਾ ਹੈ। ਸਮੇਂ ਸਿਰ ਉੱਠਣਾ, ਆਪਣਾ ਕੰਮ ਪੂਰਾ ਕਰਨਾ, ਅਧਿਆਪਕਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਤੇ ਆਪਣੇ ਟੀਚੇ ਪ੍ਰਤੀ ਗੰਭੀਰ ਰਹਿਣਾ ਅਨੁਸ਼ਾਸਨ ਦਾ ਹੀ ਹਿੱਸਾ ਹਨ। ਅਨੁਸ਼ਾਸਨ ਮਨੁੱਖ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜ਼ਿੰਮੇਵਾਰ ਬਣਾਉਂਦਾ ਹੈ। ਜਿਹੜੇ ਬੱਚੇ ਛੋਟੀ ਉਮਰ ਤੋਂ ਹੀ ਅਨੁਸ਼ਾਸਨ ਤੇ ਨਿਯਮਤ ਮਿਹਨਤ ਦੀ ਆਦਤ ਪਾ ਲੈਂਦੇ ਹਨ, ਉਨ੍ਹਾਂ ਲਈ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਆਸਾਨ ਹੋ ਜਾਂਦਾ ਹੈ।
ਮੋਬਾਈਲ ਤੋਂ ਬਚਾ ਕੇ ਰੱਖੋ ਸਮਾਂ
ਤਕਨਾਲੋਜੀ ਦੇ ਇਸ ਦੌਰ ਵਿਚ ਮੋਬਾਈਲ ਤੇ ਸੋਸ਼ਲ ਮੀਡੀਆ ਬੱਚਿਆਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਇਨ੍ਹਾਂ ਰਾਹੀਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਪਰ ਇਨ੍ਹਾਂ ਦੀ ਬੇਲੋੜੀ ਵਰਤੋਂ ਸਮੇਂ ਦੀ ਬਰਬਾਦੀ ਦਾ ਕਾਰਨ ਵੀ ਬਣਦੀ ਹੈ। ਕਈ ਬੱਚੇ ਘੰਟਿਆਂਬੱਧੀ ਮੋਬਾਈਲ ਉੱਤੇ ਵੀਡੀਓ ਦੇਖਣ ਜਾਂ ਗੇਮਾਂ ਖੇਡਣ ਵਿਚ ਸਮਾਂ ਬਿਤਾਉਂਦੇ ਹਨ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਤਕਨਾਲੋਜੀ ਦੀ ਵਰਤੋਂ ਗਿਆਨ ਵਧਾਉਣ ਤੇ ਨਵੀਆਂ ਚੀਜ਼ਾਂ ਸਿੱਖਣ ਲਈ ਕਰਨ। ਆਪਣੇ ਸਮੇਂ ਦੀ ਸਹੀ ਵਰਤੋਂ ਕਰਕੇ ਹੀ ਉਹ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲ ਸਕਦੇ ਹਨ।
ਮਾਪਿਆਂ ਤੇ ਅਧਿਆਪਕਾਂ ਦੀ ਜ਼ਿੰਮੇਵਾਰੀ
ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਦੇ ਸੁਪਨੇ, ਸੋਚ ਤੇ ਮਿਹਨਤ ਹੀ ਆਉਣ ਵਾਲੇ ਸਮੇਂ ਵਿਚ ਸਮਾਜ ਦੀ ਦਿਸ਼ਾ ਤੈਅ ਕਰਦੇ ਹਨ। ਇਸ ਲਈ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮਿਹਨਤ ਦੀ ਮਹੱਤਤਾ ਸਮਝਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਸਿੱਖਿਆ ਮਿਲਣੀ ਚਾਹੀਦੀ ਹੈ ਕਿ ਜ਼ਿੰਦਗੀ ਵਿਚ ਕੋਈ ਵੀ ਮੁਕਾਮ ਹਾਸਲ ਕਰਨ ਲਈ ਧੀਰਜ, ਲਗਨ ਤੇ ਨਿਰੰਤਰ ਯਤਨਾਂ ਦੀ ਲੋੜ ਹੁੰਦੀ ਹੈ। ਮਾਪਿਆਂ ਤੇ ਅਧਿਆਪਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਸਿਰਫ਼ ਚੰਗੇ ਨਤੀਜੇ ਲਿਆਉਣ ਲਈ ਹੀ ਨਹੀਂ ਸਗੋਂ ਇਮਾਨਦਾਰੀ ਨਾਲ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕਰਨ।
ਸਫਲਤਾ ਕੋਈ ਇਕ ਦਿਨ ਦੀ ਪ੍ਰਾਪਤੀ ਨਹੀਂ ਸਗੋਂ ਲਗਾਤਾਰ ਕੀਤੀ ਮਿਹਨਤ ਦਾ ਨਤੀਜਾ ਹੁੰਦੀ ਹੈ। ਜ਼ਿੰਦਗੀ ਵਿਚ ਸੁਪਨੇ ਦੇਖਣ ਵਾਲੇ ਤਾਂ ਬਹੁਤ ਹੁੰਦੇ ਹਨ ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਨ ਵਾਲੇ ਹੀ ਆਪਣੀ ਮੰਜ਼ਿਲ ਤੱਕ ਪਹੁੰਚਦੇ ਹਨ। ਇਸ ਲਈ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਮੁਸ਼ਕਲਾਂ ਤੋਂ ਨਾ ਘਬਰਾਉਣ, ਅਸਫਲਤਾਵਾਂ ਤੋਂ ਸਿੱਖਣ ਤੇ ਆਪਣੇ ਟੀਚੇ ਵੱਲ ਲਗਾਤਾਰ ਵਧਦੇ ਰਹਿਣ ਕਿਉਂਕਿ ਸਫਲਤਾ ਦਾ ਕੋਈ ਲਿਫ਼ਟ ਵਾਲਾ ਰਸਤਾ ਨਹੀਂ ਹੁੰਦਾ, ਇਸ ਦੀਆਂ ਪੌੜੀਆਂ ਮਿਹਨਤ ਨਾਲ ਹੀ ਚੜ੍ਹਨੀਆਂ ਪੈਂਦੀਆਂ ਹਨ।
- ਹਰਪ੍ਰੀਤ ਕੌਰ, ਰੱਲਾ