ਪ੍ਰੀਖਿਆ ਅੰਗਰੇਜ਼ੀ ਭਾਸ਼ਾ ਦੇ ਇਗਜ਼ਾਮੀਨੇਸ਼ਨ ਦਾ ਪੰਜਾਬੀ ਅਨੁਵਾਦ ਹੈ। ਸਿੱਖਿਆ ਦੇ ਖੇਤਰ ’ਚ ਪ੍ਰੀਖਿਆ ਉਹ ਪ੍ਰੀਕਿਰਿਆ ਹੈ, ਜਿਸ ਰਾਹੀਂ ਵਿਦਿਆਰਥੀ ਦੇ ਗਿਆਨ ਦੀ ਸਮਝ, ਹੁਨਰ ਤੇ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈ। ਇਹ ਵਿਦਿਆਰਥੀਆਂ ਦੀ ਨਿਸ਼ਚਿਤ ਸਮੇਂ ਦੌਰਾਨ ਕੀਤੀ ਗਈ ਮੁਕੰਮਲ ਤਿਆਰੀ ਦੀ ਪਰਖ ਕਰ ਕੇ ਉਸਦਾ ਦਾ ਨਤੀਜਾ ਪ੍ਰਦਰਸ਼ਿਤ ਕਰਦੀ ਹੈ।

ਪ੍ਰੀਖਿਆ ਅੰਗਰੇਜ਼ੀ ਭਾਸ਼ਾ ਦੇ ਇਗਜ਼ਾਮੀਨੇਸ਼ਨ ਦਾ ਪੰਜਾਬੀ ਅਨੁਵਾਦ ਹੈ। ਸਿੱਖਿਆ ਦੇ ਖੇਤਰ ’ਚ ਪ੍ਰੀਖਿਆ ਉਹ ਪ੍ਰੀਕਿਰਿਆ ਹੈ, ਜਿਸ ਰਾਹੀਂ ਵਿਦਿਆਰਥੀ ਦੇ ਗਿਆਨ ਦੀ ਸਮਝ, ਹੁਨਰ ਤੇ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈ। ਇਹ ਵਿਦਿਆਰਥੀਆਂ ਦੀ ਨਿਸ਼ਚਿਤ ਸਮੇਂ ਦੌਰਾਨ ਕੀਤੀ ਗਈ ਮੁਕੰਮਲ ਤਿਆਰੀ ਦੀ ਪਰਖ ਕਰ ਕੇ ਉਸਦਾ ਦਾ ਨਤੀਜਾ ਪ੍ਰਦਰਸ਼ਿਤ ਕਰਦੀ ਹੈ। ਇਸ ਤਰ੍ਹਾਂ ਪ੍ਰੀਖਿਆ ਵਿਦਿਆਰਥੀ ਨੂੰ ਵਿਸ਼ੇਸ਼ ਮਾਪਦੰਡਾਂ ’ਤੇ ਖਰਾ ਉਤਾਰਨ ਦੀ ਤਕਨੀਕ ਮਾਤਰ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਵਿਦਿਆਰਥੀ ਹੋਣਹਾਰ ਤੇ ਤਿਆਰੀ ਕਰਨ ਦੇ ਬਾਵਜੂਦ ਪ੍ਰੀਖਿਆ ਵਿੱਚੋਂ ਚੰਗੇ ਅੰਕ ਪ੍ਰਾਪਤ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਪੇਪਰ ਲਿਖਣ ਦੀ ਤਕਨੀਕ ਜਾਂ ਰਣਨੀਤੀ ਨਹੀਂ ਪਤਾ ਹੁੰਦੀ। ਅਸਲ ’ਚ ਪ੍ਰੀਖਿਆ ਵਿਚ ਵਧੀਆ ਪੇਪਰ ਲਿਖਣਾ ਵੀ ਕਲਾ ਹੈ, ਜਿਹੜੀ ਸਹੀ ਯੋਜਨਾ, ਅਨੁਸ਼ਾਸਨ, ਸਮੇਂ ਦੀ ਪਾਬੰਦੀ ਤੇ ਸੁਚੱਜੀ ਪੇਸ਼ਕਾਰੀ ਨਾਲ ਸੰਭਵ ਹੈ। ਮੌਜੂਦਾ ਸਮੇਂ ’ਚ ਲਿਖਤੀ ਪ੍ਰੀਖਿਆ ਹਰਮਨ ਪਿਆਰੀ ਹੈ। ਪ੍ਰੀਖਿਆ ਦੌਰਾਨ ਵਧੀਆ ਪੇਪਰ ਹੱਲ ਕਰਨ ਲਈ ਵਿਆਪਕ ਰਣਨੀਤੀ ਬਣਾ ਕੇ, ਉਸ ਉੱਤੇ ਅਨੁਸ਼ਾਸਿਤ ਹੋ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ। ਵਧੀਆਂ ਪੇਪਰ ਉਦੋਂ ਹੀ ਸੰਭਵ ਹੈ, ਜਦੋਂ ਤਿਆਰ ਕੀਤੀ ਰਣਨੀਤੀ ਅਨੁਸਾਰ ਦਰਸਾਏ ਪੜਾਵਾਂ ਦੀ ਪਾਲਣਾ ਕੀਤੀ ਜਾਵੇ।
ਸਿਲੇਬਸ ਬਾਰੇ ਹੋਵੇ ਜਾਣਕਾਰੀ
ਵਧੀਆ ਪੇਪਰ ਲਿਖਣ ਤੋਂ ਪਹਿਲਾਂ ਉਸ ਦਾ ਆਧਾਰ ਮਜ਼ਬੂਤ ਹੋਣਾ ਜ਼ਰੂਰੀ ਹੈ। ਵਿਦਿਆਰਥੀਆਂ ਨੂੰ ਸਿਲੇਬਸ ਬਾਰੇ ਮੁਕੰਮਲ ਜਾਣਕਾਰੀ ਹੋਣੀ ਜ਼ਰੂਰੀ ਹੈ। ਪਾਠ-ਪੁਸਤਕਾਂ ਦੇ ਅਧਿਐਨ ਤੇ ਅਭਿਆਸ, ਨੋਟਸ ਤਿਆਰ ਕਰਨੇ, ਅੰਦਰੂਨੀ ਪ੍ਰਸ਼ਨਾਂ ਦੀ ਚੰਗੀ ਸਮਝ, ਪਿਛਲੇ ਸਾਲਾਂ ਵਿਚ ਆਏ ਪ੍ਰਸ਼ਨ ਪੱਤਰ ਦੀ ਸਮਝ,ਮਾਡਲ ਟੈਸਟ ਪੇਪਰਾਂ ਦਾ ਅਭਿਆਸ ਕਰਨਾ ਜ਼ਰੂਰੀ ਹੈ। ਰੋਜ਼ਾਨਾ ਦੁਹਰਾਈ ਕਰਨ ਨਾਲ ਜਿੱਥੇ ਵਿਸ਼ੇ ਉੱਤੇ ਪਕੜ ਬਣਦੀ ਹੈ, ਉੱਥੇ ਗਿਆਨ ਵਿਚ ਵੀ ਵਾਧਾ ਹੁੰਦਾ ਹੈ।
ਅਧਿਆਪਕ ਦੀ ਭੂਮਿਕਾ
ਪ੍ਰੀਖਿਆ ਅਸਲ ਵਿਚ ਉੱਤਮ ਅਧਿਆਪਕ ਦੀ ਸੈਸ਼ਨ ਦੌਰਾਨ ਕਰਵਾਈ ਗਈ ਤਿਆਰੀ ਦਾ ਨਤੀਜਾ ਹੈ। ਯੋਗ ਅਧਿਆਪਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਅਰਥੀਆਂ ਨੂੰ ਸਹੀ ਦਿਸ਼ਾ ਦਿਖਾਉਣ, ਸਮੇਂ-ਸਮੇਂ ’ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ। ਉਹ ਆਪਣੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਉੱਤਰ-ਪੁਸਤਿਕਾ ਲਿਖਣ ਦੀ ਤਕਨੀਕ ਦੱਸਣ ਤੇ ਘਰੇਲੂ ਮੁਲਾਂਕਣ ਦੌਰਾਨ ਬਤੌਰ ਪ੍ਰੀਖਿਅਕ ਡਿਊਟੀ ਨਿਭਾਉਣ। ਉਹ ਆਪਣੇ ਵਿਦਿਆਰਥੀਆਂ ਦਾ ਮਨੋਬਲ ਹਮੇਸ਼ਾ ਉੱਪਰ ਰੱਖਣ ਲਈ ਯਤਨਸ਼ੀਲ ਰਹਿਣ।
ਮਾਪਿਆਂ ਦਾ ਯੋਗਦਾਨ
ਪ੍ਰੀਖਿਆ ਦੌਰਾਨ ਵਿਦਿਆਰਥੀ ਅਕਸਰ ਆਪਣੇ ਉੱਤੇ ਅਣ-ਉਚਿਤ ਦਬਾਅ ਬਣਾ ਲੈਂਦੇ ਹਨ। ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਅਜਿਹੀ ਸਥਿਤੀ ਨਾ ਆਉਣ ਦੇਣ। ਉਹ ਆਪਣੇ ਬੱਚਿਆਂ ’ਚ ਪੂਰਨ ਵਿਸ਼ਵਾਸ ਦਿਖਾਉਦੇ ਹੋਏ ਉਚਿਤ ਮਾਹੌਲ ਦਿੰਦੇ ਹੋਏ ਵਧੀਆ ਕਾਰਗੁਜਾਰੀ ਲਈ ਪ੍ਰੇਰਿਤ ਕਰਨ। ਬੱਚੇ ਦੀ ਸਿਹਤ, ਪੌਸ਼ਟਿਕ ਖ਼ੁਰਾਕ ਤੇ ਸਹੀ ਨੀਂਦ ਦਾ ਧਿਆਨ ਰੱਖਣਾ ਮਾਪਿਆ ਦੀ ਮੁੱਢਲੀ ਜ਼ਿੰਮੇਵਾਰੀ ਹੈ।
ਪ੍ਰਸ਼ਨ ਪੱਤਰ ਨੂੰ ਧਿਆਨ ਨਾਲ ਪੜ੍ਹਨਾ
ਪ੍ਰੀਖਿਆ ਕੇਂਦਰ ਵਿਚ ਪਹੁੰਚਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ, ਖ਼ੁਦ ਨੂੰ ਉਸ ਮਾਹੌਲ ਵਿਚ ਢਾਲ ਲਓ। ਜਦੋਂ ਨਿਗਰਾਨ ਵੱਲੋਂ ਪ੍ਰਸ਼ਨ ਪੱਤਰ ਦਿੱਤਾ ਜਾਵੇ, ਬਿਨਾਂ ਸਮਾਂ ਬਰਬਾਦ ਕੀਤੇ ਉਸ ਨੂੰ ਧਿਆਨ ਨਾਲ ਪੜ੍ਹਿਆ ਜਾਵੇ। ਅਕਸਰ ਦੇਖਿਆ ਜਾਂਦਾ ਹੈ ਕਿ ਕਾਹਲ ਵਿਚ ਵਿਦਿਆਰਥੀ ਪ੍ਰਸ਼ਨ ਨੂੰ ਅਧੂਰਾ ਸਮਝ ਲੈਂਦੇ ਹਨ, ਜਿਸ ਨਾਲ ਅੰਕਾਂ ਦਾ ਨੁਕਸਾਨ ਹੁੰਦਾ ਹੈ। ਹਰ ਪ੍ਰਸ਼ਨ ਦਾ ਉੱਤਰ ਦੇਣ ਤੋਂ ਪਹਿਲਾਂ ਉਸ ਪ੍ਰਸ਼ਨ ਦੇ ਕਿੰਨੇ ਅੰਕ ਹਨ, ਦਾ ਧਿਆਨ ਵੀ ਜ਼ਰੂਰੀ ਹੈ। ਅੰਕਾਂ ਨੂੰ ਦੇਖ ਕੇ ਸਮਝ ਹੋਣੀ ਚਾਹੀਦੀ ਹੈ ਕਿ ਉਸ ਦਾ ਉੱਤਰ ਕਿੰਨੇ ਸ਼ਬਦਾਂ ’ਚ ਦੇਣਾ ਬਣਦਾ ਹੈ। ਵਿਦਿਆਰਥੀਆਂ ਨੂੰ ‘ਵਿਆਖਿਆ ਕਰੋ’,‘ਸੰਖੇਪ ਵਿਚ ਲਿਖੋ’,‘ਕਾਰਨ ਦੱਸੋ’ ਵਰਗੇ ਪ੍ਰਸ਼ਨਾਂ ਦੇ ਉੱਤਰ ਦੇਣ ਬਾਰੇ ਗਿਆਨ ਹੋਣਾ ਚਾਹੀਦਾ ਹੈ।
ਸਮੇਂ ਦੀ ਸਹੀ ਯੋਜਨਾ
ਪ੍ਰੀਖਿਆ ਵਿਚ ਉੱਤਰ ਜਿੰਨਾ ਅਹਿਮ ਹੈ, ਓਨਾ ਹੀ ਸਮਾਂ ਵੀ ਕੀਮਤੀ ਹੈ। ਪੇਪਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਫ਼ੈਸਲਾ ਕਰ ਲੈਣਾ ਚਾਹੀਦਾ ਹੈ ਕਿ ਹਰ ਭਾਗ ਜਾਂ ਪ੍ਰਸ਼ਨ ਲਈ ਕਿੰਨਾ ਸਮਾਂ ਦਿੱਤਾ ਜਾਵੇ। ਵੱਧ ਅੰਕਾਂ ਵਾਲੇ ਪ੍ਰਸ਼ਨਾਂ ਲਈ ਜ਼ਿਆਦਾ ਸਮਾਂ ਅਤੇ ਘੱਟ ਅੰਕਾਂ ਵਾਲਿਆਂ ਲਈ ਘੱਟ ਸਮਾਂ ਨਿਰਧਾਰਤ ਕਰ ਕੇ ਰੱਖਣਾ ਚਾਹੀਦਾ ਹੈ। ਆਖ਼ਰੀ 10–15 ਮਿੰਟ ਦੁਹਰਾਈ ਲਈ ਜ਼ਰੂਰ ਬਚਾ ਕੇ ਰੱਖਣੇ ਚਾਹੀਦੇ ਹਨ।
ਉੱਤਰ ਦੀ ਪ੍ਰਭਾਵਸ਼ੀਲਤਾ
ਪ੍ਰਸ਼ਨ ਦਾ ਉੱਤਰ ਦੇਣ ਸਮੇਂ ਸ਼ੁਰੂਆਤ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਉੱਤਰ ਦੀ ਸੁਚੱਜੀ ਤੇ ਸਪੱਸ਼ਟ ਪੇਸ਼ਕਾਰੀ ਨਾਲ ਪ੍ਰੀਖਿਅਕ ਉੱਤੇ ਸਕਾਰਾਤਮਿਕ ਪ੍ਰਭਾਵ ਸੁਭਾਵਿਕ ਹੈ। ਤੁਹਾਡੀ ਪੇਪਰ ਲਈ ਕੀਤੀ ਸਫਲ ਕੋਸ਼ਿਸ ਅੰਕਾਂ ਵਿਚ ਨਿਸ਼ਚਿਤ ਤੌਰ ’ਤੇ ਵਾਧਾ ਕਰੇਗੀ। ਵੱਡੇ ਪ੍ਰਸ਼ਨਾਂ ਵਿਚ ਉੱਤਰ ਦੇਣ ਸਮੇਂ ਦੋ- ਚਾਰ ਲਾਈਨਾਂ ਵਿਚ ਭੂਮਿਕਾ ਲਿਖੀ ਜਾਵੇ, ਫਿਰ ਮੁੱਖ ਵਿਸ਼ੇ ਨੂੰ ਲਿਖਿਆ ਜਾਵੇ ਤੇ ਅੰਤ ’ਚ ਸੰਖੇਪ ਵਿਚ ਸਿੱਟਾ ਰਿਪੋਰਟ ਰਾਹੀਂ ਉੱਤਰ ਨੂੰ ਸਮਾਪਤ ਕੀਤਾ ਜਾਵੇ। ਇਸ ਤਰ੍ਹਾਂ ਉੱਤਰ ਵਿਚ ਪ੍ਰਭਾਵਸ਼ੀਲਤਾ ਆਉਂਦੀ ਹੈ। ਬੇਲੋੜੀ ਵਿਆਖਿਆ ਤੋਂ ਗੁਰੇਜ਼ ਕੀਤਾ ਜਾਵੇ, ਇਹ ਅੰਕਾਂ ਨੂੰ ਘਟਾਉਣ ਦਾ ਕੰਮ ਕਰਦੀ ਹੈ।
ਖ਼ਾਸ ਨੁਕਤੇ
ਉੱਤਰ ਲਿਖਣ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਪ੍ਰਸ਼ਨ ਵਿਚ ਪੁੱਛੇ ਗਏ ਖ਼ਾਸ ਨੁਕਤਿਆਂ ਨੂੰ ਰੇਖਾਂਕਿਤ ਕੀਤਾ ਜਾਵੇ ਤਾਂ ਜੋ ਪ੍ਰੀਖਿਅਕ ਨੂੰ ਉਹ ਸਪੱਸ਼ਟ ਦਿਖਾਈ ਦੇਵੇ। ਇਹ ਨਾ ਹੋਵੇ ਕਿ ਉਹ ਉੱਤਰ ਵਿਚ ਖ਼ਾਸ ਨੁਕਤਾ ਲੱਭਦਾ ਰਹਿ ਜਾਵੇ। ਉੱਤਰ ਪੁਸਤਿਕਾ ਸਾਫ਼ ਅਤੇ ਪੜ੍ਹਨਯੋਗ ਹੋਣੀ ਲਾਜ਼ਮੀ ਸ਼ਰਤ ਹੈ। ਭੈੜੀ ਜਾਂ ਅਸਪੱਸ਼ਟ ਲਿਖਾਵਟ ਕਰਕੇ ਪ੍ਰੀਖਿਅਕ ਨੂੰ ਉੱਤਰ ਸਮਝਣ ਵਿਚ ਮੁਸ਼ਕਲ ਆਉਂਦੀ ਹੈ। ਜਿੱਥੋਂ ਤਕ ਸੰਭਵ ਹੋਵੇ, ਹੈਡਿੰਗ, ਸਿਰਲੇਖ, ਉਪ-ਸਿਰਲੇਖ, ਬਿੰਦੂਆਂ ਅਤੇ ਪੈਰਾਗ੍ਰਾਫਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾਇਗ੍ਰਾਮ, ਨਕਸ਼ੇ ਜਾਂ ਚਾਰਟ ਸਾਫ਼ ਤੇ ਸਪੱਸ਼ਟ ਅੰਕਾਂ ਵਿਚ ਵਾਧਾ ਕਰਦੇ ਹਨ।
ਭਾਸ਼ਾ ਤੇ ਸ਼ਬਦਾਵਲੀ ਦਾ ਧਿਆਨ
ਉੱਤਰ ਪੁਸਤਿਕਾ ਲਿਖਣ ਸਮੇਂ ਭਾਸ਼ਾ ਸੌਖੀ, ਸਪੱਸ਼ਟ ਤੇ ਗ਼ਲਤੀਆਂ ਤੋਂ ਮੁਕਤ ਹੋਣੀ ਚਾਹੀਦੀ ਹੈ। ਵਿਆਕਰਨਿਕ ਤੇ ਵਿਰਾਮ ਚਿੰਨ੍ਹਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ। ਬੇਲੋੜੇ ਔਖੇ ਸ਼ਬਦਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ। ਇਹ ਗੱਲ ਯਾਦ ਰੱਖੋ ਕਿ ਪ੍ਰੀਖਿਅਕ ਸਪੱਸ਼ਟ ਲੇਖਣੀ ਅਤੇ ਸਮਝ ਨੂੰ ਅੰਕ ਦਿੰਦਾ ਹੈ, ਨਾ ਕਿ ਭਾਰੀ ਸ਼ਬਦਾਂ ਨੂੰ।
ਪ੍ਰੀਖਿਆ ਦੌਰਾਨ ਆਤਮ-ਵਿਸ਼ਵਾਸ
ਪ੍ਰੀਖਿਆ ਦੌਰਾਨ ਤਣਾਅ ਤੇ ਚਿੰਤਾ ਮੁਕਤ ਹੋ ਕੇ ਆਤਮ-ਵਿਸ਼ਵਾਸ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਜੇ ਪ੍ਰੀਖਿਆਰਥੀ ਕਿਸੇ ਤਰ੍ਹਾਂ ਦਾ ਤਣਾਅ ਮਹਿਸੂਸ ਕਰ ਰਿਹਾ ਹੈ ਤਾਂ ਹੋ ਸਕਦਾ ਉਹ ਕੁਝ ਪ੍ਰਸ਼ਨਾਂ ਦੇ ਉੱਤਰ ਭੁੱਲ ਸਕਦਾ ਹੈ। ਮੰਨ ਲਵੋ ਕੋਈ ਪ੍ਰਸ਼ਨ ਤੁਰੰਤ ਯਾਦ ਨਾ ਆਵੇ ਤਾਂ ਘਬਰਾਉਣ ਦੀ ਬਜਾਏ ਅਗਲਾ ਪ੍ਰਸ਼ਨ ਕਰਨਾ ਚਾਹੀਦਾ ਹੈ। ਸਮਾਂ ਰਹਿ ਕੇ ਕਈ ਵਾਰ ਉੱਤਰ ਯਾਦ ਆ ਜਾਂਦਾ ਹੈ। ਸ਼ਾਂਤ-ਚਿੱਤ ਨਾਲ ਲਿਖਿਆ ਗਿਆ ਉੱਤਰ ਹਮੇਸ਼ਾ ਵਧੀਆ ਅੰਕ ਦਿਵਾਉਂਦਾ ਹੈ।
ਆਖ਼ਰ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਪ੍ਰੀਖਿਆ ਦੌਰਾਨ ਵਧੀਆ ਪੇਪਰ ਲਿਖਣ ਲਈ ਸਿਰਫ਼ ਗਿਆਨ ਦਾ ਹੋਣਾ ਕਾਫ਼ੀ ਨਹੀਂ ਸਗੋਂ ਸਹੀ ਯੋਜਨਾ, ਅਭਿਆਸ ਤੇ ਆਤਮ-ਵਿਸ਼ਵਾਸ ਵੀ ਓਨਾ ਹੀ ਜ਼ਰੂਰੀ ਹੈ। ਜਿਹੜੇ ਵਿਦਿਆਰਥੀ ਪ੍ਰੀਖਿਆ ਤੋਂ ਪਹਿਲਾਂ ਪੂਰੀ ਤਿਆਰੀ ਕਰਦੇ ਹਨ ਅਤੇ ਪ੍ਰੀਖਿਆ ਦੌਰਾਨ ਠੰਢੇ ਦਿਮਾਗ਼ ਨਾਲ ਸੁਚੱਜੇ ਢੰਗ ਨਾਲ ਉੱਤਰ ਲਿਖਦੇ ਹਨ, ਉਹ ਨਿਸ਼ਚਿਤ ਹੀ ਸਫਲਤਾ ਹਾਸਿਲ ਕਰਦੇ ਹਨ।
- ਪ੍ਰਿੰ. ਕੁਸੁਮ ਟਾਕ