- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖੀ ਜੀਵਨ ’ਚ ਮਾਂ-ਬਾਪ ਤੋਂ ਬਾਅਦ ਜੇ ਕਿਸੇ ਸਖ਼ਸੀਅਤ ਦਾ ਸਭ ਤੋਂ ਵੱਧ ਪ੍ਰਭਾਵ ਹੁੰਦਾ ਹੈ ਤਾਂ ਉਹ ਅਧਿਆਪਕ ਹੁੰਦਾ ਹੈ। ਮਾਪੇ ਬੱਚੇ ਨੂੰ ਜਨਮ ਦਿੰਦੇ ਹਨ, ਜਦੋਂਕਿ ਅਧਿਆਪਕ ਉਸ ਦੀ ਸਖ਼ਸੀਅਤ ਨੂੰ ਤਰਾਸ਼ ਕੇ ਉਸ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦਾ ਹੈ। ਭਾਰਤੀ ਸੱਭਿਆਚਾਰ ’ਚ ਪ੍ਰਾਚੀਨ ਸਮੇਂ ਤੋਂ ਹੀ ਗੁਰੂ ਦਾ ਸਥਾਨ ਬਹੁਤ ਉੱਚਾ ਮੰਨਿਆ ਗਿਆ ਹੈ।

ਮਨੁੱਖੀ ਜੀਵਨ ’ਚ ਮਾਂ-ਬਾਪ ਤੋਂ ਬਾਅਦ ਜੇ ਕਿਸੇ ਸਖ਼ਸੀਅਤ ਦਾ ਸਭ ਤੋਂ ਵੱਧ ਪ੍ਰਭਾਵ ਹੁੰਦਾ ਹੈ ਤਾਂ ਉਹ ਅਧਿਆਪਕ ਹੁੰਦਾ ਹੈ। ਮਾਪੇ ਬੱਚੇ ਨੂੰ ਜਨਮ ਦਿੰਦੇ ਹਨ, ਜਦੋਂਕਿ ਅਧਿਆਪਕ ਉਸ ਦੀ ਸਖ਼ਸੀਅਤ ਨੂੰ ਤਰਾਸ਼ ਕੇ ਉਸ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰਦਾ ਹੈ। ਭਾਰਤੀ ਸੱਭਿਆਚਾਰ ’ਚ ਪ੍ਰਾਚੀਨ ਸਮੇਂ ਤੋਂ ਹੀ ਗੁਰੂ ਦਾ ਸਥਾਨ ਬਹੁਤ ਉੱਚਾ ਮੰਨਿਆ ਗਿਆ ਹੈ।
ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਕੀਤਾ ਜਾਂਦਾ ਯਾਦ
ਭਾਰਤ ’ਚ ਹਰ ਸਾਲ 5 ਸਤੰਬਰ ਦਾ ਦਿਨ ਮਹਾਨ ਅਧਿਆਪਕ, ਦਾਰਸ਼ਨਿਕ, ਉੱਘੇ ਚਿੰਤਕ ਤੇ ਦੇਸ਼ ਦੇ ਪਹਿਲੇ ਉਪ-ਰਾਸ਼ਟਰਪਤੀ ਤੇ ਦੂਸਰੇ ਰਾਸ਼ਟਰਪਤੀ ਮਰਹੂਮ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਕਰ ਕੇ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਦੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ ਤਾਂ ਉਨ੍ਹਾਂ ਨਿਮਰਤਾ ਨਾਲ ਕਿਹਾ ਸੀ ਕਿ ਇਸ ਦਿਨ ਨੂੰ ਸਮੂਹ ਅਧਿਆਪਕਾਂ ਦੇ ਸਨਮਾਨ ਵਜੋਂ ਮਨਾਇਆ ਜਾਵੇ। ਉਦੋਂ ਤੋਂ ਹੀ ਇਹ ਦਿਨ ਸਮਾਜ ਨੂੰ ਇਹ ਯਾਦ ਦਿਵਾਉਣ ਦਾ ਵਿਸ਼ੇਸ਼ ਮੌਕਾ ਹੁੰਦਾ ਹੈ ਕਿ ਕਿਸੇ ਵੀ ਦੇਸ਼ ਦੀ ਤਰੱਕੀ, ਖ਼ੁਸ਼ਹਾਲੀ ਤੇ ਸੱਭਿਅਤਾ ਦੀ ਨੀਂਹ ਉਥੋਂ ਦੇ ਅਧਿਆਪਕਾਂ ਦੇ ਹੱਥਾਂ ਵਿਚ ਹੁੰਦੀ ਹੈ। ਸਾਡੇ ਸੱਭਿਆਚਾਰ ’ਚ ਅਧਿਆਪਕ ਗਿਆਨ ਦਾ ਚਾਨਣ-ਮੁਨਾਰਾ ਮੰਨਿਆ
ਜਾਂਦਾ ਹੈ, ਜੋ ਸਿਰਫ਼ ਪੜ੍ਹਾਉਂਦਾ ਨਹੀਂ ਸੀ ਸਗੋਂ ਸਮਾਜ ਨੂੰ ਜੀਵਨ ਜਿਊਣ ਦੀ ਜਾਚ ਵੀ ਸਿਖਾਉਂਦਾ ਸੀ।
ਗਿਆਨ ਦਾ ਵੱਡਾ ਸਰੋਤ
ਅਜੋਕੇ ਤਕਨੀਕੀ ਤੇ ਤੇਜ਼ ਰਫ਼ਤਾਰ ਵਾਲੇ ਯੁੱਗ ’ਚ ਅਧਿਆਪਕ ਦਾ ਰੁਤਬਾ ਤੇ ਉਸ ਦੀ ਭੂਮਿਕਾ ਨਵੇਂ ਦੌਰ ਵਿੱਚੋਂ ਲੰਘ ਰਹੀ ਹੈ। ਇਕ ਸਮਾਂ ਸੀ, ਜਦੋਂ ਵਿਦਿਆਰਥੀ ਲਈ ਅਧਿਆਪਕ ਹੀ ਗਿਆਨ ਦਾ ਸਭ ਤੋਂ ਵੱਡਾ ਸਰੋਤ ਹੁੰਦਾ ਸੀ। ਅੱਜ ਮੋਬਾਈਲ, ਇੰਟਰਨੈੱਟ, ਸੋਸ਼ਲ ਮੀਡੀਆ, ਮਨਸੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ), ਹੋਰ ਆਨਲਾਈਨ ਪਲੇਟਫਾਰਮ ਤੇ ਸਿੱਖਣ-ਸਿਖਾਉਣ ਦੀਆਂ ਨਵੀਆਂ ਤਕਨੀਕਾਂ ਨੇ ਗਿਆਨ ਦੀ ਦੁਨੀਆ ਨੂੰ ਬੇਹੱਦ ਵਿਸ਼ਾਲ ਕਰ ਦਿੱਤਾ ਹੈ। ਇਕ ਕਲਿੱਕ ਨਾਲ ਦੁਨੀਆ ਭਰ ਦੀ ਜਾਣਕਾਰੀ ਵਿਦਿਆਰਥੀ ਦੇ ਸਾਹਮਣੇ ਆ ਜਾਂਦੀ ਹੈ ਪਰ ਜਾਣਕਾਰੀ ਤੇ ਗਿਆਨ ਵਿਚ ਬਹੁਤ ਅੰਤਰ ਹੈ। ਵਿਦਿਆਰਥੀਆਂ ਨੂੰ ਇਹ ਅੰਤਰ ਸਮਝਾਉਣ ਵਾਲਾ ਵਿਅਕਤੀ ਅੱਜ ਵੀ ਅਧਿਆਪਕ ਹੀ ਹੈ। ਉਹ ਵਿਦਿਆਰਥੀਆਂ ਦੇ ਭਵਿੱਖ ਦਾ ਸ਼ਿਲਪਕਾਰ ਹੁੰਦਾ ਹੈ।
ਤਕਨੀਕ ਨਹੀਂ ਲੈ ਸਕਦੀ ਅਧਿਆਪਕ ਦੀ ਜਗ੍ਹਾ
ਤਕਨੀਕ ਕਦੇ ਵੀ ਅਧਿਆਪਕ ਦੀ ਥਾਂ ਨਹੀਂ ਲੈ ਸਕਦੀ ਪਰ ਇਹ ਅਧਿਆਪਕ ਦਾ ਸਹਾਇਕ ਸਾਧਨ ਜ਼ਰੂਰ ਬਣ ਸਕਦੀ ਹੈ। ਕੰਪਿਊਟਰ ਜਾਣਕਾਰੀ ਦੇ ਸਕਦਾ ਹੈ, ਇੰਟਰਨੈੱਟ ਸੈਂਕੜੇ ਜਵਾਬ ਦੇ ਸਕਦਾ ਹੈ ਪਰ ਕਿਸੇ ਬੱਚੇ ਦੀਆਂ ਅੱਖਾਂ ’ਚ ਛੁਪੀ ਚਿੰਤਾ ਨੂੰ ਪੜ੍ਹਨਾ, ਉਸ ਦੀ ਚੁੱਪ ਦੇ ਪਿੱਛੇ ਲੁਕੀ ਪਰੇਸ਼ਾਨੀ ਨੂੰ ਸਮਝਣਾ, ਉਸ ਨੂੰ ਹੌਸਲਾ ਦੇਣਾ ਤੇ ਉਸ ਦੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਦਾ ਕੰਮ ਸੰਵੇਦਨਸ਼ੀਲ ਅਧਿਆਪਕ ਹੀ ਕਰ ਸਕਦਾ ਹੈ। ਅਧਿਆਪਕ ਦੀ ਮਨੁੱਖੀ ਛੋਹ ਹੀ ਬੱਚੇ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਤਰਾਸ਼ ਸਕਦੀ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਦਾ ਅਸਲ ਆਧਾਰ ਉਸ ਦੀ ਸਿੱਖਿਆ ਪ੍ਰਣਾਲੀ ਹੁੰਦੀ ਹੈ ਤੇ ਸਿੱਖਿਆ ਪ੍ਰਣਾਲੀ ਦੀ ਰੂਹ ਅਧਿਆਪਕ ਹੁੰਦਾ ਹੈ। ਜੇ ਅਧਿਆਪਕ ਸਨਮਾਨਿਤ, ਉਤਸ਼ਾਹਿਤ ਤੇ ਖ਼ੁਸ਼ਹਾਲ ਮਾਹੌਲ ਵਿਚ ਕੰਮ ਕਰੇਗਾ ਤਾਂ ਉਹ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਬਿਹਤਰ ਢੰਗ ਨਾਲ ਘੜ ਸਕੇਗਾ। ਇਸ ਲਈ ਅਧਿਆਪਕ ਨੂੰ ਸਿਰਫ਼ ਨਤੀਜਿਆਂ ਦੇ ਪੈਮਾਨੇ ਨਾਲ ਨਹੀਂ ਸਗੋਂ ਉਸ ਦੀ ਮਿਹਨਤ ਤੇ ਸਮਾਜ ਨਿਰਮਾਣ ਵਿਚ ਯੋਗਦਾਨ ਨਾਲ ਵੀ ਦੇਖਿਆ ਜਾਣਾ ਚਾਹੀਦਾ ਹੈ।
ਕਈ ਗੁਣਾਂ ਵਧੀ ਜ਼ਿੰਮੇਵਾਰੀ
ਅਜੋਕੇ ਸਮੇਂ ’ਚ ਅਧਿਆਪਕ ਦੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਗਈ ਹੈ। ਅੱਜ ਉਸ ਦੀ ਜ਼ਿੰਮੇਵਾਰੀ ਕੇਵਲ ਪਾਠਕ੍ਰਮ ਪੂਰਾ ਕਰਨਾ ਨਹੀਂ ਸਗੋਂ ਬੱਚੇ ਨੂੰ ਬਦਲਦੇ ਸਮਾਜ ਤੇ ਹਰ ਤਰ੍ਹਾਂ ਦੇ ਹਾਲਾਤਾਂ ਲਈ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਅਧਿਾਅਪਕ ’ਤੇ ਆ ਪਈ ਹੈ। ਵਿਦਿਆਰਥੀ ਨੂੰ ਇਮਤਿਹਾਨ ਪਾਸ ਕਰਨ ਲਈ ਨਹੀਂ ਸਗੋਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਦੀ ਉਮੀਦ ਵੀ ਉਸ ਤੋਂ ਹੀ ਕੀਤੀ ਜਾਂਦੀ ਹੈ। ਵਿਦਿਆਰਥੀਆਂ ’ਚ ਤਰਕਸ਼ੀਲ ਸੋਚ, ਸਿਰਜਣਾਤਮਕਤਾ, ਅਨੁਸ਼ਾਸਨ, ਸਹਿਣਸ਼ੀਲਤਾ, ਇਮਾਨਦਾਰੀ, ਮਿਹਨਤ ਤੇ ਮਨੁੱਖਤਾ ਜਿਹੇ ਵੱਡਮੁੱਲੇ ਗੁਣ ਪੈਦਾ ਕਰਨੇ ਵੀ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ ਤੇ ਇਹ ਕਾਰਜ ਵੀ ਅਧਿਆਪਕ ਦੇ ਹਿੱਸੇ ਆਇਆ ਹੈ।
ਅੰਕਾਂ ਦੀ ਦੌੜ ਨਹੀਂ ਜ਼ਿੰਦਗੀ
ਇਕ ਚੰਗਾ ਅਧਿਆਪਕ ਵਿਦਿਆਰਥੀ ਨੂੰ ਇਹ ਸਮਝਾਉਂਦਾ ਹੈ ਕਿ ਜ਼ਿੰਦਗੀ ਸਿਰਫ਼ ਅੰਕਾਂ ਦੀ ਦੌੜ ਨਹੀਂ ਸਗੋਂ ਅਸਲ ਕਾਮਯਾਬੀ ਚੰਗਾ ਇਨਸਾਨ ਬਣਨ ਵਿਚ ਹੈ। ਜਿਹੜਾ ਅਧਿਆਪਕ ਖ਼ੁਦ ਸਮੇਂ ਦਾ ਪਾਬੰਦ, ਇਮਾਨਦਾਰ, ਮਿਹਨਤੀ ਹੋਵੇ, ਉਹ ਕਿਸੇ ਖ਼ਾਸ ਕੋਸ਼ਿਸ਼ਾਂ ਦੇ ਬਗ਼ੈਰ ਹੀ ਆਪਣੇ ਵਿਦਿਆਰਥੀਆਂ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ। ਅਧਿਆਪਕ ਦੀ ਸ਼ਖ਼ਸੀਅਤ ਹੀ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਪਾਠ-ਪੁਸਤਕ ਹੈ। ਵਿਦਿਆਰਥੀ ਕਿਤਾਬ ਵਿੱਚੋਂ ਪੜ੍ਹੇ ਪਾਠ ਨੂੰ ਤਾਂ ਸਮਾਂ ਪਾ ਕੇ ਭੁੱਲ ਸਕਦੇ ਹਨ ਪਰ ਅਧਿਆਪਕ ਵੱਲੋਂ ਦਿੱਤੀ ਅਗਵਾਈ ਤੇ ਹੌਸਲਾ ਉਸ ਨੂੰ ਸਾਰੀ ਉਮਰ ਯਾਦ ਰਹਿੰਦਾ ਹੈ। ਇਸੇ ਲਈ ਅਧਿਆਪਕ ਨੂੰ ਸਮਾਜ ’ਚ ਸਿਰਫ਼ ਇਕ ਸਰਕਾਰੀ ਕਰਮਚਾਰੀ ਵਜੋਂ ਦੇਖਣਾ ਉਸ ਦੀ ਭੂਮਿਕਾ ਨੂੰ ਛੋਟਾ ਕਰਨਾ ਹੈ। ਅਧਿਆਪਕ ਰਾਸ਼ਟਰ ਨਿਰਮਾਣ ਦੀ ਨੀਂਹ ਰੱਖਣ ਵਾਲਾ ਹੈ। ਸਮਾਜ ਵਿਚ ਡਾਕਟਰ, ਇੰਜੀਨੀਅਰ, ਵਿਗਿਆਨੀ, ਪ੍ਰਸ਼ਾਸਕ, ਕਲਾਕਾਰ, ਲੇਖਕ, ਸਿਪਾਹੀ, ਉਦਯੋਗਪਤੀ ਤੇ ਰਾਜਸੀ ਆਗੂਆਂ ਵਜੋਂ ਭੂਮਿਕਾ ਨਿਭਾਉਣ ਵਾਲਿਆਂ ਦੇ ਜੀਵਨ ’ਚ ਕਿਸੇ ਨਾ ਕਿਸੇ ਅਧਿਆਪਕ ਦਾ ਵੱਡਮੁੱਲਾ ਯੋਗਦਾਨ ਜ਼ਰੂਰ ਹੁੰਦਾ ਹੈ।
ਮਾਪੇ ਵੀ ਬਣਾ ਕੇ ਰੱਖਣ ਸਾਂਝ
ਇਕ ਅਧਿਆਪਕ ਦੀ ਮਿਹਨਤ ਦਾ ਨਤੀਜਾ ਤੁਰੰਤ ਨਹੀਂ ਮਿਲਦਾ। ਕਿਸਾਨ ਬੀਜ ਬੀਜਦਾ ਹੈ ਤਾਂ ਕੁਝ ਸਮੇਂ ਬਾਅਦ ਫ਼ਸਲ ਨਜ਼ਰ ਆ ਜਾਂਦੀ ਹੈ, ਜਦੋਂਕਿ ਅਧਿਆਪਕ ਵੱਲੋਂ ਬੀਜੇ ਗਿਆਨ ਤੇ ਸੰਸਕਾਰਾਂ ਦੇ ਬੀਜਾਂ ਦਾ ਨਤੀਜਾ ਕਈ ਸਾਲਾਂ ਬਾਅਦ ਸਾਹਮਣੇ ਆਉਂਦਾ ਹੈ। ਅਧਿਆਪਕ ਦੀ ਇੱਜ਼ਤ ਸਿਰਫ਼ ਭਾਸ਼ਣਾਂ ਤੇ ਅਧਿਆਪਕ ਦਿਵਸ ਦੇ ਸਮਾਗਮਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਉਸ ਨੂੰ ਸਨਮਾਨ ਦੇਣ ਦਾ ਅਰਥ ਉਸ ਦੇ ਕੰਮ ਦੀ ਮਹੱਤਤਾ ਨੂੰ ਸਮਝਣਾ ਹੈ। ਉਸ ਨੂੰ ਬੇਲੋੜੇ ਦਬਾਅ ਤੋਂ ਮੁਕਤ ਕਰਨਾ, ਸਿੱਖਿਆ ਨਾਲ ਸਬੰਧਿਤ ਕੰਮਾਂ ਲਈ ਲੋੜੀਂਦੇ ਸਰੋਤ ਮੁਹੱਈਆ ਕਰਵਾਉਣਾ ਤੇ ਉਸ ਨੂੰ ਆਪਣੇ ਅਧਿਆਪਨ ਕਾਰਜ ਲਈ ਢੁੱਕਵਾਂ ਮਾਹੌਲ ਦੇਣਾ ਵੀ ਸਮਾਜ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਮਾਪੇ ਵੀ ਅਧਿਆਪਕ ਨਾਲ ਸਾਂਝ ਬਣਾ ਕੇ ਰੱਖਣ ਕਿਉਂਕਿ ਬੱਚੇ ਦੀ ਸਿੱਖਿਆ ਸਿਰਫ਼ ਸਕੂਲ ਦੀ ਜ਼ਿੰਮੇਵਾਰੀ ਨਹੀਂ। ਇਹ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜਦੋਂ ਮਾਪੇ ਤੇ ਅਧਿਆਪਕ ਇਕ-ਦੂਜੇ ’ਤੇ ਭਰੋਸਾ ਕਰਨ ਤੇ ਮਿਲ ਕੇ ਉਪਰਾਲੇ ਕਰਨ ਤਾਂ ਇਸ ਦਾ ਸਭ ਤੋਂ ਵੱਡਾ ਲਾਭ ਵਿਦਿਆਰਥੀ ਨੂੰ ਹੁੰਦਾ ਹੈ।
ਜ਼ਿੰਦਗੀ ਬਦਲਣ ਦੀ ਸਮਰੱਥਾ
ਇਕ ਆਦਰਸ਼ ਅਧਿਆਪਕ ਕੋਲ ਵਿਦਿਆਰਥੀ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਹੁੰਦੀ ਹੈ। ਕਈ ਵਾਰ ਇਕ ਛੋਟਾ ਜਿਹਾ ਵਾਕ, ਹੌਸਲੇ ਦੀ ਥਾਪ, ਸਹੀ ਸਲਾਹ ਜਾਂ ਇਕ ਮੌਕੇ ਦੀ ਪੇਸ਼ਕਸ਼ ਵਿਦਿਆਰਥੀ ਨੂੰ ਨਿਰਾਸ਼ਾ ਵਿੱਚੋਂ ਕੱਢ ਕੇ ਕਾਮਯਾਬੀ ਦੇ ਰਾਹ ’ਤੇ ਲੈ ਜਾਂਦੀ ਹੈ। ਇਸ ਲਈ ਅਧਿਆਪਕ ਦਾ ਰੁਤਬਾ ਅੱਜ ਵੀ ਓਨਾ ਹੀ ਉੱਚਾ ਹੈ, ਜਿੰਨਾ ਪੁਰਾਣੇ ਸਮਿਆਂ ’ਚ ਸੀ। ਫ਼ਰਕ ਸਿਰਫ਼ ਇਹ ਹੈ ਕਿ ਅੱਜ ਅਧਿਆਪਕ ਦੀ ਭੂਮਿਕਾ ਦਾ ਖੇਤਰ ਹੋਰ ਵਿਸ਼ਾਲ ਹੋ ਗਿਆ ਹੈ। ਉਹ ਗਿਆਨ ਦੇਣ ਵਾਲੇ ਤੋਂ ਗਿਆਨ ਦਾ ਮਾਰਗਦਰਸ਼ਕ ਬਣ ਗਿਆ ਹੈ। ਉਹ ਪਾਠ ਪੜ੍ਹਾਉਣ ਵਾਲੇ ਤੋਂ ਸ਼ਖ਼ਸੀਅਤ ਨਿਰਮਾਤਾ ਬਣ ਗਿਆ ਹੈ। ਉਹ ਸਿਰਫ਼ ਕਲਾਸਰੂਮ ਤੱਕ ਸੀਮਤ ਨਹੀਂ ਰਿਹਾ ਸਗੋਂ ਬਦਲਦੇ ਸਮਾਜ ਵਿਚ ਬੱਚਿਆਂ ਲਈ ਸਹੀ ਦਿਸ਼ਾ-ਸੂਚਕ ਬਣ ਗਿਆ ਹੈ। ਮੰਨਿਆ ਜਾਂਦਾ ਹੈ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੀਆਂ ਇਮਾਰਤਾਂ ਵਿਚ ਨਹੀਂ, ਉਸ ਦੇ ਕਲਾਸਰੂਮਾਂ ਵਿਚ ਤਿਆਰ ਹੁੰਦਾ ਹੈ। ਕਲਾਸਰੂਮ ਵਿਚ ਭਵਿੱਖ ਨੂੰ ਘੜਨ ਵਾਲਾ ਸਭ ਤੋਂ ਮਹੱਤਵਪੂਰਨ ਕਿਰਦਾਰ ਅਧਿਆਪਕ ਦਾ ਹੁੰਦਾ ਹੈ। ਇਸ ਲਈ ਅਧਿਆਪਕ ਦਾ ਸਤਿਕਾਰ ਕਰਨਾ ਅਸਲ ਵਿਚ ਆਪਣੇ ਭਵਿੱਖ ਦਾ ਸਤਿਕਾਰ ਕਰਨਾ ਹੈ।
ਅਧਿਆਪਕ ਦਿਵਸ ਮੌਕੇ ਸਿਰਫ਼ ਸਮਾਗਮ ਕਰਵਾ ਲੈਣ ਤੇ ਜਸ਼ਨ ਮਨਾ ਲੈਣੇ ਹੀ ਕਾਫ਼ੀ ਨਹੀਂ ਸਗੋਂ ਅਧਿਆਪਕਾਂ ਦੇ ਯੋਗਦਾਨ ਨੂੰ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ। ਅਧਿਆਪਕ ਉਹ ਸ਼ਖ਼ਸ ਹੈ, ਜੋ ਆਪਣੇ ਵਿਦਿਆਰਥੀਆਂ ਦੀ ਕਾਮਯਾਬੀ ਵਿੱਚੋਂ ਆਪਣੀ ਕਾਮਯਾਬੀ ਲੱਭਦਾ ਹੈ ਤੇ ਆਪਣੀ ਸਾਰੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਕਰ ਦਿੰਦਾ ਹੈ। ਇਸ ਲਈ ਅਧਿਆਪਕ ਦਿਵਸ ਦੀ ਸਾਰਥਿਕਤਾ ਵੀ ਤਾਂ ਹੀ ਹੈ ਅਸੀਂ ਅਧਿਆਪਕ ਦੇ ਸਤਿਕਾਰ ਨੂੰ ਇਕ ਦਿਨ ਦੀ ਬਜਾਏ ਸਾਲ ਦੇ ਹਰ ਦਿਨ ਦੀ ਸੋਚ ਬਣਾਈਏ।
- ਮਨਪ੍ਰੀਤ ਸਿੰਘ ਰੂਬੀ