
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਦੋਂ ਕੋਈ ਬੱਚਾ ਆਨਲਾਈਨ ਗੇਮ ’ਚ ਪੈਸੇ ਹਾਰ ਜਾਂਦਾ ਹੈ ਤਾਂ ਕਈ ਵਾਰ ਉਹ ਹਾਰੇ ਹੋਏ ਪੈਸੇ ਵਾਪਸ ਹਾਸਲ ਕਰਨ ਦੀ ਉਮੀਦ ’ਚ ਦੁਬਾਰਾ ਪੈਸੇ ਲਗਾਉਂਦਾ ਹੈ। ਇਸ ਤਰ੍ਹਾਂ ਹਾਰ ਤੋਂ ਬਾਅਦ ਹੋਰ ਪੈਸੇ ਲਗਾਉਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਤੇ ਉਹ ਹੌਲੀ-ਹੌਲੀ ਇਸ ਜਾਲ ’ਚ ਫਸ ਜਾਂਦਾ ਹੈ। ਪੈਸਿਆਂ ਦਾ ਨੁਕਸਾਨ, ਪਰਿਵਾਰ ਤੋਂ ਗੱਲ ਲੁਕਾਉਣਾ ਤੇ ਲਗਾਤਾਰ ਤਣਾਅ ਉਸ ਦੀ ਮਾਨਸਿਕ ਸਿਹਤ ’ਤੇ ਵੀ ਮਾੜਾ ਪ੍ਰਭਾਵ ਪਾ ਸਕਦਾ ਹੈ।

ਅੱਜ ਦਾ ਯੁੱਗ ਡਿਜੀਟਲ ਯੁੱਗ ਹੈ, ਜਿਸ ’ਚ ਆਨਲਾਈਨ ਗੇਮਿੰਗ ਮਨੋਰੰਜਨ ਦਾ ਮਹੱਤਵਪੂਰਨ ਜ਼ਰੀਆ ਬਣ ਚੁੱਕੀ ਹੈ। ਮਨੋਰੰਜਨ ਲਈ ਖੇਡੀ ਜਾਣ ਵਾਲੀ ਗੇਮ ਜਦੋਂ ਪੈਸਿਆਂ ਨਾਲ ਜੁੜ ਜਾਂਦੀ ਹੈ ਤਾਂ ਇਹ ਗੰਭੀਰ ਸਮੱਸਿਆ ਦਾ ਰੂਪ ਧਾਰ ਲੈਂਦੀ ਹੈ। ਹਾਲ ਹੀ ’ਚ ਪੰਜਾਬ ਦੇ ਨਵਾਂਸ਼ਹਿਰ ਵਿਚ ਤਿੰਨ ਦੋਸਤਾਂ ਵੱਲੋਂ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲਣ ਦੀ ਘਟਨਾ ਸਾਹਮਣੇ ਆਈ। ਮੁੱਢਲੀਆਂ ਰਿਪੋਰਟਾਂ ਮੁਤਾਬਕ ਇਸ ਘਟਨਾ ਦਾ ਕਾਰਨ ਆਨਲਾਈਨ ਗੇਮ ਵਿਚ ਪੈਸੇ ਹਾਰਨ ਕਾਰਨ ਪੈਦਾ ਹੋਇਆ ਤਣਾਅ ਦੱਸਿਆ ਗਿਆ ਹੈ। ਇਸ ਘਟਨਾ ਨੇ ਸਾਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਨਲਾਈਨ ਗੇਮਿੰਗ ਕਿਸ ਤਰ੍ਹਾਂ ਨੌਜਵਾਨਾਂ ਨੂੰ ਮਾਨਸਿਕ ਦਬਾਅ ਵੱਲ ਧੱਕ ਰਹੀ ਹੈ।
ਜਦੋਂ ਕੋਈ ਬੱਚਾ ਆਨਲਾਈਨ ਗੇਮ ’ਚ ਪੈਸੇ ਹਾਰ ਜਾਂਦਾ ਹੈ ਤਾਂ ਕਈ ਵਾਰ ਉਹ ਹਾਰੇ ਹੋਏ ਪੈਸੇ ਵਾਪਸ ਹਾਸਲ ਕਰਨ ਦੀ ਉਮੀਦ ’ਚ ਦੁਬਾਰਾ ਪੈਸੇ ਲਗਾਉਂਦਾ ਹੈ। ਇਸ ਤਰ੍ਹਾਂ ਹਾਰ ਤੋਂ ਬਾਅਦ ਹੋਰ ਪੈਸੇ ਲਗਾਉਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਤੇ ਉਹ ਹੌਲੀ-ਹੌਲੀ ਇਸ ਜਾਲ ’ਚ ਫਸ ਜਾਂਦਾ ਹੈ। ਪੈਸਿਆਂ ਦਾ ਨੁਕਸਾਨ, ਪਰਿਵਾਰ ਤੋਂ ਗੱਲ ਲੁਕਾਉਣਾ ਤੇ ਲਗਾਤਾਰ ਤਣਾਅ ਉਸ ਦੀ ਮਾਨਸਿਕ ਸਿਹਤ ’ਤੇ ਵੀ ਮਾੜਾ ਪ੍ਰਭਾਵ ਪਾ ਸਕਦਾ ਹੈ। ਆਨਲਾਈਨ ਗੇਮਿੰਗ ’ਤੇ ਸਿਰਫ਼ ਪਾਬੰਦੀ ਲਗਾਉਣ ਨਾਲ ਹੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਬੱਚਿਆਂ ਨੂੰ ਆਫਲਾਈਨ ਖੇਡਾਂ, ਕਸਰਤ ਤੇ ਹੋਰ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਵੀ ਜ਼ਰੂਰੀ ਹੈ। ਖੇਡਾਂ ਨਾ ਸਿਰਫ਼ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ ਸਗੋਂ ਦੋਸਤਾਂ ਤੇ ਸਮਾਜ ਨਾਲ ਜੁੜਨ ਦਾ ਮੌਕਾ ਵੀ ਦਿੰਦੀਆਂ ਹਨ।
ਸਰਕਾਰ ਨੂੰ ਪੈਸਿਆਂ ਨਾਲ ਜੁੜੀਆਂ ਆਨਲਾਈਨ ਗੇਮਿੰਗ ਗਤੀਵਿਧੀਆਂ ’ਤੇ ਸਖ਼ਤ ਨਿਗਰਾਨੀ ਰੱਖਣੀ ਚਾਹੀਦੀ ਹੈ। ਸਕੂਲਾਂ-ਕਾਲਜਾਂ ’ਚ ਵੀ ਆਨਲਾਈਨ ਗੇਮਿੰਗ ਦੇ ਮਾਨਸਿਕ ਤੇ ਆਰਥਿਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ ’ਤੇ ਧਿਆਨ ਦੇਣ ਦੇ ਨਾਲ ਉਨ੍ਹਾਂ ਨਾਲ ਦੋਸਤਾਨਾ ਮਾਹੌਲ ’ਚ ਗੱਲਬਾਤ ਕਰਨੀ ਚਾਹੀਦੀ ਹੈ, ਤਾਂ ਜੋ ਬੱਚਾ ਕਿਸੇ ਸਮੱਸਿਆ ਵਿਚ ਫਸਣ ’ਤੇ ਉਸ ਨੂੰ ਲੁਕਾਉਣ ਦੀ ਬਜਾਏ ਪਰਿਵਾਰ ਨਾਲ ਸਾਂਝਾ ਕਰ ਸਕੇ।
ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ। ਉਨ੍ਹਾਂ ਨੂੰ ਆਨਲਾਈਨ ਗੇਮਿੰਗ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ ਲਈ ਸਰਕਾਰ, ਮਾਪਿਆਂ, ਸਿੱਖਿਆ ਸੰਸਥਾਵਾਂ ਤੇ ਸਮਾਜ ਨੂੰ ਮਿਲ ਕੇ ਯਤਨ ਕਰਨੇ ਪੈਣਗੇ। ਮਨੋਰੰਜਨ ਜ਼ਿੰਦਗੀ ਦਾ ਹਿੱਸਾ ਹੋ ਸਕਦਾ ਹੈ ਪਰ ਇਸ ਨੂੰ ਜ਼ਿੰਦਗੀ ’ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਪੈਸੇ ਦੀ ਹਾਰ ਜਾਂ ਕੋਈ ਵੀ ਮੁਸ਼ਕਲ ਜ਼ਿੰਦਗੀ ਤੋਂ ਵੱਡੀ ਨਹੀਂ ਹੁੰਦੀ ਤੇ ਮੁਸ਼ਕਲ ਸਮੇਂ ’ਚ ਪਰਿਵਾਰ ਜਾਂ ਕਿਸੇ ਭਰੋਸੇਯੋਗ ਵਿਅਕਤੀ ਨਾਲ ਗੱਲ ਕਰਨਾ ਹੀ ਸਹੀ ਰਸਤਾ ਹੈ।
- ਰੁਪਾਲੀ ਵਧਵਾ