- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਮਹੱਤਵਪੂਰਨ ਪੜਾਅ ਹੁੰਦਾ ਹੈ। ਇਸ ਸਮੇਂ ਵਿਦਿਆਰਥੀ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਲੈਂਦਾ ਸਗੋਂ ਆਪਣੇ ਵਿਚਾਰ, ਆਦਤਾਂ, ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਜੀਵਨ ਪ੍ਰਤੀ ਨਜ਼ਰੀਆ ਵੀ ਵਿਕਸਤ ਕਰਦਾ ਹੈ। ਇਸ ਵਿਕਾਸ ’ਚ ਅਧਿਆਪਕਾਂ, ਮਾਪਿਆਂ ਤੇ ਸਮਾਜ ਵੱਲੋਂ ਮਿਲਣ ਵਾਲੇ ਪ੍ਰੇਰਣਾਦਾਇਕ ਸ਼ਬਦਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ।

ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਮਹੱਤਵਪੂਰਨ ਪੜਾਅ ਹੁੰਦਾ ਹੈ। ਇਸ ਸਮੇਂ ਵਿਦਿਆਰਥੀ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਲੈਂਦਾ ਸਗੋਂ ਆਪਣੇ ਵਿਚਾਰ, ਆਦਤਾਂ, ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਜੀਵਨ ਪ੍ਰਤੀ ਨਜ਼ਰੀਆ ਵੀ ਵਿਕਸਤ ਕਰਦਾ ਹੈ। ਇਸ ਵਿਕਾਸ ’ਚ ਅਧਿਆਪਕਾਂ, ਮਾਪਿਆਂ ਤੇ ਸਮਾਜ ਵੱਲੋਂ ਮਿਲਣ ਵਾਲੇ ਪ੍ਰੇਰਣਾਦਾਇਕ ਸ਼ਬਦਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ।
ਕਈ ਵਾਰ ਵਿਦਿਆਰਥੀ ਆਪਣੀ ਯੋਗਤਾ ਬਾਰੇ ਸ਼ੱਕ ਕਰਨ ਲੱਗ ਪੈਂਦਾ ਹੈ। ਅਜਿਹੇ ਸਮੇਂ ਤੂੰ ਕਰ ਸਕਦਾ ਹੈਂ, ਮਿਹਨਤ ਜਾਰੀ ਰੱਖੋ, ਤੁਹਾਡੀ ਕੋਸ਼ਿਸ਼ ਕਾਬਿਲ-ਏ-ਤਾਰੀਫ਼ ਹੈ, ਵਰਗੇ ਸ਼ਬਦ ਉਸ ਅੰਦਰ ਆਤਮ-ਵਿਸ਼ਵਾਸ ਪੈਦਾ ਕਰਦੇ ਹਨ। ਜਦੋਂ ਵਿਦਿਆਰਥੀ ਖ਼ੁਦ ’ਤੇ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਹ ਔਖੇ ਕੰਮਾਂ ਤੋਂ ਘਬਰਾਉਂਦਾ ਨਹੀਂ। ਸਫਲਤਾ ਹਮੇਸ਼ਾ ਤੁਰੰਤ ਨਹੀਂ ਮਿਲਦੀ। ਪੜ੍ਹਾਈ ’ਚ ਕਈ ਵਾਰ ਚੰਗੇ ਨਤੀਜੇ ਨਾ ਆਉਣ ਦੇ ਬਾਵਜੂਦ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ। ਪ੍ਰੇਰਣਾਦਾਇਕ ਸ਼ਬਦ ਵਿਦਿਆਰਥੀ ਨੂੰ ਇਹ ਸਮਝਾਉਂਦੇ ਹਨ ਕਿ ਅਸਫਲਤਾ ਮੰਜ਼ਿਲ ਦਾ ਅੰਤ ਨਹੀਂ ਸਗੋਂ ਸਿੱਖਣ ਦਾ ਪੜਾਅ ਹੈ।
ਜੇ ਕਿਸੇ ਵਿਦਿਆਰਥੀ ਦੇ ਅੰਕ ਘੱਟ ਆ ਜਾਣ ਤਾਂ ਉਸ ਨੂੰ ਨਿਰਾਸ਼ ਕਰਨ ਦੀ ਬਜਾਏ ਉਸ ਦੀ ਗ਼ਲਤੀ ਸਮਝਾ ਕੇ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ‘ਇਸ ਵਾਰ ਘੱਟ ਰਹਿ ਗਿਆ, ਅਗਲੀ ਵਾਰ ਹੋਰ ਵਧੀਆ ਕਰਾਂਗੇ’ ਵਰਗਾ ਵਾਕ ਵਿਦਿਆਰਥੀ ਨੂੰ ਦੁਬਾਰਾ ਕੋਸ਼ਿਸ਼ ਕਰਨ ਦੀ ਤਾਕਤ ਦਿੰਦਾ ਹੈ। ਪ੍ਰੇਰਣਾਦਾਇਕ ਸ਼ਬਦ ਵਿਦਿਆਰਥੀਆਂ ਨੂੰ ਨਾਂਹ-ਪੱਖੀ ਸੋਚ ਤੋਂ ਬਾਹਰ ਕੱਢ ਕੇ ਹਾਂ-ਪੱਖੀ ਸੋਚ ਵੱਲ ਲੈ ਜਾਂਦੇ ਹਨ। ਉਹ ਸਮੱਸਿਆ ਨੂੰ ਰੁਕਾਵਟ ਸਮਝਣ ਦੀ ਬਜਾਏ ਚੁਣੌਤੀ ਤੇ ਸਿੱਖਣ ਦਾ ਮੌਕਾ ਸਮਝਣਾ ਸਿੱਖਦੇ ਹਨ। ਜਦੋਂ ਅਧਿਆਪਕ ਵਿਦਿਆਰਥੀ ਦੀ ਮਿਹਨਤ ਦੀ ਸੱਚੇ ਦਿਲੋਂ ਪ੍ਰਸ਼ੰਸਾ ਕਰਦਾ ਹੈ ਤਾਂ ਵਿਦਿਆਰਥੀ ਅਧਿਆਪਕ ਨਾਲ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਨ ’ਚ ਵਧੇਰੇ ਆਰਾਮ ਮਹਿਸੂਸ ਕਰਦਾ ਹੈ। ਇਸ ਨਾਲ ਜਮਾਤ ਦਾ ਮਾਹੌਲ ਵੀ ਖ਼ੁਸ਼ਗਵਾਰ ਤੇ ਸਿੱਖਣਯੋਗ ਬਣਦਾ ਹੈ।
ਹਰ ਵਿਦਿਆਰਥੀ ਦੀ ਯੋਗਤਾ ਇੱਕੋ ਜਿਹੀ ਨਹੀਂ ਹੁੰਦੀ। ਕਿਸੇ ਲਈ ਇਕ ਛੋਟਾ ਸੁਧਾਰ ਵੀ ਵੱਡੀ ਪ੍ਰਾਪਤੀ ਹੋ ਸਕਦਾ ਹੈ। ਇਸ ਲਈ ‘ਅੱਜ ਤੁਸੀਂ ਕੱਲ੍ਹ ਨਾਲੋਂ ਵਧੀਆ ਕੀਤਾ ਹੈ’ ਵਰਗੇ ਸ਼ਬਦ ਉਸ ਨੂੰ ਲਗਾਤਾਰ ਸੁਧਾਰ ਕਰਨ ਲਈ ਪ੍ਰੇਰਿਤ ਕਰਦੇ ਹਨ। ਅਜਿਹੇ ਵਾਕ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਨਿਰਧਾਰਤ ਕਰਨ ਤੇ ਉਨ੍ਹਾਂ ਵੱਲ ਕਦਮ ਵਧਾਉਣ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਵੱਡੇ ਸੁਪਨਿਆਂ ਨੂੰ ਛੋਟੇ-ਛੋਟੇ ਟੀਚਿਆਂ ’ਚ ਵੰਡ ਕੇ ਲਗਾਤਾਰ ਮਿਹਨਤ ਕੀਤੀ ਜਾਵੇ। ਪ੍ਰੇਰਿਤ ਕਰਨ ਵਾਲੇ ਸ਼ਬਦ ਭਾਵੇਂ ਛੋਟੇ ਹੁੰਦੇ ਹਨ ਪਰ ਉਨ੍ਹਾਂ ਦਾ ਪ੍ਰਭਾਵ ਬਹੁਤ ਡੂੰਘਾ ਹੋ ਸਕਦਾ ਹੈ। ਸਹੀ ਸਮੇਂ ’ਤੇ ਕਿਹਾ ਗਿਆ ਹੌਸਲਾ ਦੇਣ ਵਾਲਾ ਸ਼ਬਦ ਜਾਂ ਵਾਕ ਵਿਦਿਆਰਥੀ ਦੇ ਅੰਦਰ ਨਵੀਂ ਉਮੀਦ ਅਤੇ ਮਿਹਨਤ ਦਾ ਜਜ਼ਬਾ ਪੈਦਾ ਕਰ ਸਕਦਾ ਹੈ। ਇਸ ਲਈ ਅਧਿਆਪਕਾਂ ਤੇ ਮਾਪਿਆਂ ਨੂੰ ਵਿਦਿਆਰਥੀਆਂ ਦੀਆਂ ਕਮੀਆਂ ਦੱਸਣ ਦੇ ਨਾਲ-ਨਾਲ ਉਨ੍ਹਾਂ ਦੀ ਮਿਹਨਤ, ਪ੍ਰਗਤੀ ਤੇ ਚੰਗੇ ਗੁਣਾਂ ਦੀ ਪ੍ਰਸ਼ੰਸਾ ਵੀ ਕਰਨੀ ਚਾਹੀਦੀ ਹੈ।
- ਬਲਜੀਤ ਸਿੰਘ ਅਕਲੀਆ