
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਰ ਸਾਲ 29 ਅਗਸਤ ਨੂੰ ਭਾਰਤ ’ਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਕਿਤਾਬਾਂ ਸਾਨੂੰ ਗਿਆਨ ਦਿੰਦੀਆਂ ਹਨ ਤੇ ਖੇਡਾਂ ਸਾਨੂੰ ਤੰਦਰੁਸਤੀ, ਅਨੁਸ਼ਾਸਨ, ਹਿੰਮਤ ਤੇ ਟੀਮ ਭਾਵਨਾ ਸਿਖਾਉਂਦੀਆਂ ਹਨ।

ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ। ਇਹ ਸਿਰਫ਼ ਸਰੀਰ ਨੂੰ ਤੰਦਰੁਸਤ ਤੇ ਤਾਕਤਵਰ ਹੀ ਨਹੀਂ ਬਣਾਉਂਦੀਆਂ ਸਗੋਂ ਮਨ ’ਚ ਅਨੁਸ਼ਾਸਨ, ਹੌਸਲਾ, ਸਹਿਯੋਗ, ਸਬਰ ਤੇ ਜਿੱਤ-ਹਾਰ ਨੂੰ ਸਵੀਕਾਰ ਕਰਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਅੱਜ ਜਦੋਂ ਬੱਚਿਆਂ ਤੇ ਨੌਜਵਾਨਾਂ ਦਾ ਵੱਡਾ ਸਮਾਂ ਮੋਬਾਈਲ, ਕੰਪਿਊਟਰ ਤੇ ਹੋਰ ਡਿਜੀਟਲ ਸਾਧਨਾਂ ਨਾਲ ਬੀਤ ਰਿਹਾ ਹੈ, ਅਜਿਹੇ ਸਮੇਂ ’ਚ ਖੇਡ ਮੈਦਾਨਾਂ ਵੱਲ ਵਾਪਸੀ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ। ਖੇਡ ਦਿਵਸ ਸਿਰਫ਼ ਤਮਗ਼ੇ ਜਿੱਤਣ ਦਾ ਦਿਨ ਨਹੀਂ ਸਗੋਂ ਖੇਡਾਂ ਰਾਹੀਂ ਚੰਗੀ ਸਿਹਤ, ਮਜ਼ਬੂਤ ਚਰਿੱਤਰ ਤੇ ਬਿਹਤਰ ਭਵਿੱਖ ਦੀ ਨੀਂਹ ਰੱਖਣ ਦਾ ਸੰਦੇਸ਼ ਵੀ ਦਿੰਦਾ ਹੈ। ਹਰ ਸਾਲ 29 ਅਗਸਤ ਨੂੰ ਭਾਰਤ ’ਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਕਿਤਾਬਾਂ ਸਾਨੂੰ ਗਿਆਨ ਦਿੰਦੀਆਂ ਹਨ ਤੇ ਖੇਡਾਂ ਸਾਨੂੰ ਤੰਦਰੁਸਤੀ, ਅਨੁਸ਼ਾਸਨ, ਹਿੰਮਤ ਤੇ ਟੀਮ ਭਾਵਨਾ ਸਿਖਾਉਂਦੀਆਂ ਹਨ।
ਮੇਜਰ ਧਿਆਨ ਚੰਦ ਨੂੰ ਯਾਦ ਕਰਨ ਦਾ ਦਿਨ
ਰਾਸ਼ਟਰੀ ਖੇਡ ਦਿਵਸ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਯਾਦ ’ਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਸ਼ਾਨਦਾਰ ਖੇਡ ਨਾਲ ਭਾਰਤ ਦਾ ਨਾਂ ਦੁਨੀਆ ਭਰ ’ਚ ਰੌਸ਼ਨ ਕੀਤਾ। ਉਨ੍ਹਾਂ ਦਾ ਜੀਵਨ ਬੱਚਿਆਂ ਲਈ ਪ੍ਰੇਰਣਾਸਰੋਤ ਹੈ। ਉਨ੍ਹਾਂ ਸਾਬਿਤ ਕੀਤਾ ਕਿ ਲਗਾਤਾਰ ਮਿਹਨਤ, ਅਭਿਆਸ ਤੇ ਆਪਣੇ ਟੀਚੇ ਪ੍ਰਤੀ ਸਮਰਪਣ ਨਾਲ ਵੱਡੀਆਂ ਮੰਜ਼ਿਲਾਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ। ਇਸ ਦਿਨ ਸਾਨੂੰ ਉਨ੍ਹਾਂ ਵਰਗੇ ਖਿਡਾਰੀਆਂ ਦੀਆਂ ਉਪਲੱਬਧੀਆਂ ਨੂੰ ਯਾਦ ਕਰਦਿਆਂ ਖੇਡਾਂ ਪ੍ਰਤੀ ਆਪਣਾ ਪਿਆਰ ਹੋਰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ 1928 ਦੇ ਐਮਸਟਰਡਮ, 1932 ਦੇ ਲਾਸ ਏਂਜਲਸ ਅਤੇ 1936 ਦੇ ਬਰਲਿਨ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨਾਲ ਸੋਨ ਤਮਗ਼ੇ ਜਿੱਤੇ। 1936 ਦੇ ਬਰਲਿਨ ਓਲੰਪਿਕ ਵਿਚ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਵੀ ਸਨ। ਉਨ੍ਹਾਂ ਦੀ ਸ਼ਾਨਦਾਰ ਖੇਡ ਤੇ ਗੋਲ ਕਰਨ ਦੀ ਅਦਭੁੱਤ ਕਲਾ ਕਾਰਨ ਉਨ੍ਹਾਂ ਨੂੰ ‘ਹਾਕੀ ਦਾ ਜਾਦੂਗਰ’ ਵੀ ਕਿਹਾ ਜਾਂਦਾ ਹੈ।
ਖੇਡਾਂ ਸਰੀਰ ਨੂੰ ਬਣਾਉਂਦੀਆਂ ਤੰਦਰੁਸਤ
ਕਿਹਾ ਜਾਂਦਾ ਹੈ ਕਿ ਤੰਦਰੁਸਤ ਸਰੀਰ ’ਚ ਹੀ ਤੰਦਰੁਸਤ ਮਨ ਵੱਸਦਾ ਹੈ। ਖੇਡਾਂ ਇਸ ਕਹਾਵਤ ਨੂੰ ਸੱਚ ਸਾਬਿਤ ਕਰਦੀਆਂ ਹਨ। ਦੌੜਨਾ, ਤੈਰਨਾ, ਸਾਈਕਲ ਚਲਾਉਣਾ, ਫੁੱਟਬਾਲ, ਹਾਕੀ, ਕ੍ਰਿਕਟ, ਬਾਸਕਟਬਾਲ, ਵਾਲੀਬਾਲ ਤੇ ਕਬੱਡੀ ਵਰਗੀਆਂ ਖੇਡਾਂ ਸਰੀਰ ਨੂੰ ਸਰਗਰਮ ਰੱਖਦੀਆਂ ਹਨ। ਖੇਡਾਂ ਸਿਰਫ਼ ਸਰੀਰ ਨੂੰ ਹੀ ਤੰਦਰੁਸਤ ਨਹੀਂ ਬਣਾਉਂਦੀਆਂ ਸਗੋਂ ਮਨ ਨੂੰ ਵੀ ਮਜ਼ਬੂਤ ਕਰਦੀਆਂ ਹਨ। ਜਦੋਂ ਕੋਈ ਬੱਚਾ ਮੈਦਾਨ ਵਿਚ ਖੇਡਦਾ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਜਿੱਤ ਮਿਲਦੀ ਹੈ ਤੇ ਕਦੇ ਹਾਰ। ਜਿੱਤ ਬੱਚੇ ’ਚ ਆਤਮ-ਵਿਸ਼ਵਾਸ ਪੈਦਾ ਕਰਦੀ ਹੈ, ਜਦੋਂਕਿ ਹਾਰ ਉਸ ਨੂੰ ਆਪਣੀਆਂ ਗ਼ਲਤੀਆਂ ਤੋਂ ਸਿੱਖਣ ਦਾ ਮੌਕਾ ਦਿੰਦੀ ਹੈ। ਖੇਡਾਂ ਬੱਚਿਆਂ ਨੂੰ ਇਹ ਵੀ ਸਿਖਾਉਂਦੀਆਂ ਹਨ ਕਿ ਹਾਰ ਜਾਣਾ ਅੰਤ ਨਹੀਂ ਹੁੰਦਾ। ਹਾਰ ਤੋਂ ਬਾਅਦ ਦੁਬਾਰਾ ਮਿਹਨਤ ਕਰ ਕੇ ਅਗਲੀ ਵਾਰ ਬਿਹਤਰ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਇਹ ਸੋਚ ਜੀਵਨ ਦੇ ਹਰ ਖੇਤਰ ’ਚ ਬੱਚਿਆਂ ਦੇ ਕੰਮ ਆਉਂਦੀ ਹੈ।
ਖੇਡਾਂ ਸਿਖਾਉਂਦੀਆਂ ਹਨ ਅਨੁਸ਼ਾਸਨ
ਖੇਡਾਂ ’ਚ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੁੰਦੀ ਹੈ। ਜੇ ਖਿਡਾਰੀ ਨਿਯਮਾਂ ਦੀ ਉਲੰਘਣਾ ਕਰੇ ਤਾਂ ਟੀਮ ਜਾਂ ਖਿਡਾਰੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਖੇਡਾਂ ਬੱਚਿਆਂ ਨੂੰ ਅਨੁਸ਼ਾਸਨ ਦੀ ਮਹੱਤਤਾ ਸਮਝਾਉਂਦੀਆਂ ਹਨ। ਇਕ ਚੰਗਾ ਖਿਡਾਰੀ ਸਮੇਂ ਸਿਰ ਅਭਿਆਸ ਕਰਦਾ ਹੈ, ਆਪਣੇ ਕੋਚ ਦੀ ਗੱਲ ਸੁਣਦਾ ਹੈ, ਸਾਥੀ ਖਿਡਾਰੀਆਂ ਦਾ ਸਤਿਕਾਰ ਕਰਦਾ ਹੈ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ। ਇਹ ਗੁਣ ਬੱਚੇ ਦੀ ਪੜ੍ਹਾਈ ਤੇ ਰੋਜ਼ਾਨਾ ਜੀਵਨ ’ਚ ਵੀ ਮਦਦ ਕਰਦੇ ਹਨ।
ਟੀਮ ਭਾਵਨਾ ਦਾ ਵਿਕਾਸ
ਕਈ ਖੇਡਾਂ ਇਕੱਲਿਆਂ ਖੇਡੀਆਂ ਜਾਂਦੀਆਂ ਹਨ ਪਰ ਬਹੁਤ ਸਾਰੀਆਂ ਖੇਡਾਂ ਟੀਮ ਨਾਲ ਮਿਲ ਕੇ ਖੇਡਣੀਆਂ ਪੈਂਦੀਆਂ ਹਨ। ਹਾਕੀ, ਕ੍ਰਿਕਟ, ਫੁੱਟਬਾਲ, ਕਬੱਡੀ ਤੇ ਵਾਲੀਬਾਲ ਵਰਗੀਆਂ ਖੇਡਾਂ ਬੱਚਿਆਂ ’ਚ ਟੀਮ ਭਾਵਨਾ ਪੈਦਾ ਕਰਦੀਆਂ ਹਨ। ਟੀਮ ’ਚ ਖੇਡਦੇ ਸਮੇਂ ਬੱਚੇ ਸਮਝਦੇ ਹਨ ਕਿ ਹਰ ਵਿਅਕਤੀ ਦੀ ਆਪਣੀ ਭੂਮਿਕਾ ਹੁੰਦੀ ਹੈ। ਜੇ ਟੀਮ ਦਾ ਇਕ ਮੈਂਬਰ ਚੰਗਾ ਪ੍ਰਦਰਸ਼ਨ ਕਰੇ ਪਰ ਬਾਕੀ ਸਾਥੀ ਸਹਿਯੋਗ ਨਾ ਕਰਨ ਤਾਂ ਜਿੱਤ ਮੁਸ਼ਕਲ ਹੋ ਸਕਦੀ ਹੈ। ਇਸ ਤਰ੍ਹਾਂ ਖੇਡਾਂ ਬੱਚਿਆਂ ਨੂੰ ਸਹਿਯੋਗ, ਇਕ-ਦੂਜੇ ਦੀ ਮਦਦ ਤੇ ਸਾਂਝੀ ਮਿਹਨਤ ਦਾ ਪਾਠ ਪੜ੍ਹਾਉਂਦੀਆਂ ਹਨ।
ਜਿੱਤ ਨਾਲੋਂ ਖੇਡ ਭਾਵਨਾ ਵੱਡੀ
ਖੇਡਾਂ ਦਾ ਮਕਸਦ ਸਿਰਫ਼ ਜਿੱਤਣਾ ਨਹੀਂ ਹੁੰਦਾ। ਅਸਲ ਖਿਡਾਰੀ ਉਹ ਹੁੰਦਾ ਹੈ, ਜੋ ਜਿੱਤਣ ’ਤੇ ਨਿਮਰ ਰਹੇ ਤੇ ਹਾਰਨ ’ਤੇ ਹੌਸਲਾ ਨਾ ਛੱਡੇ। ਵਿਰੋਧੀ ਟੀਮ ਦੇ ਖਿਡਾਰੀਆਂ ਦਾ ਸਤਿਕਾਰ ਕਰਨਾ ਵੀ ਖੇਡ ਭਾਵਨਾ ਦਾ ਹਿੱਸਾ ਹੈ। ਬੱਚਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਖੇਡ ’ਚ ਜਿੱਤ ਤੇ ਹਾਰ ਦੋਵੇਂ ਸੰਭਵ ਹਨ। ਜਿੱਤ ਸਾਨੂੰ ਖ਼ੁਸ਼ੀ ਦਿੰਦੀ ਹੈ ਤੇ ਹਾਰ ਸਾਨੂੰ ਆਪਣੀਆਂ ਕਮੀਆਂ ਦੂਰ ਕਰਨ ਦਾ ਮੌਕਾ ਦਿੰਦੀ ਹੈ। ਇਸ ਲਈ ਹਾਰ ਤੋਂ ਡਰਨ ਦੀ ਬਜਾਏ ਉਸ ਤੋਂ ਸਿੱਖਣਾ ਚਾਹੀਦਾ ਹੈ।
ਮੋਬਾਈਲ ਤੋਂ ਮੈਦਾਨ ਵੱਲ
ਅੱਜ ਬਹੁਤ ਸਾਰੇ ਬੱਚੇ ਆਪਣਾ ਬਹੁਤਾ ਸਮਾਂ ਮੋਬਾਈਲ ਫੋਨ ਜਾਂ ਵੀਡੀਓ ਗੇਮਾਂ ’ਤੇ ਬਿਤਾਉਂਦੇ ਹਨ। ਤਕਨਾਲੋਜੀ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ ਪਰ ਇਸ ਦੀ ਵਰਤੋਂ ਸੰਤੁਲਿਤ ਢੰਗ ਨਾਲ ਹੋਣੀ ਚਾਹੀਦੀ ਹੈ। ਬੱਚਿਆਂ ਲਈ ਜ਼ਰੂਰੀ ਹੈ ਕਿ ਉਹ ਹਰ ਰੋਜ਼ ਕੁਝ ਸਮਾਂ ਸਰੀਰਕ ਗਤੀਵਿਧੀਆਂ ਲਈ ਕੱਢਣ। ਮੋਬਾਈਲ ਦੇਖਣ ਦੀ ਬਜਾਏ ਮੈਦਾਨ ’ਚ ਜਾ ਕੇ ਖੇਡਣਾ ਚੰਗਾ ਹੈ। ਦੋਸਤਾਂ ਨਾਲ ਕ੍ਰਿਕਟ ਖੇਡਣਾ, ਸਾਈਕਲ ਚਲਾਉਣਾ, ਦੌੜ ਲਗਾਉਣਾ ਜਾਂ ਕਬੱਡੀ ਖੇਡਣਾ ਸਰੀਰ ਤੇ ਮਨ ਦੋਵਾਂ ਲਈ ਲਾਭਦਾਇਕ ਹੈ। ਬੱਚਿਆਂ ਦੀ ਖੇਡਾਂ ’ਚ ਰੁਚੀ ਵਧਾਉਣ ਲਈ ਮਾਪਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਕਈ ਵਾਰ ਮਾਪੇ ਸਿਰਫ਼ ਪੜ੍ਹਾਈ ਨੂੰ ਹੀ ਮਹੱਤਵ ਦਿੰਦੇ ਹਨ ਤੇ ਖੇਡਾਂ ਨੂੰ ਸਮੇਂ ਦੀ ਬਰਬਾਦੀ ਸਮਝਦੇ ਹਨ। ਅਸਲ ਵਿਚ ਖੇਡਾਂ ਤੇ ਪੜ੍ਹਾਈ ਇਕ-ਦੂਜੇ ਦੇ ਵਿਰੋਧੀ ਨਹੀਂ ਹਨ।
ਰਾਸ਼ਟਰੀ ਖੇਡ ਦਿਵਸ ਸਾਨੂੰ ਖੇਡਾਂ ਦੀ ਮਹੱਤਤਾ ਸਮਝਣ ਤੇ ਉਨ੍ਹਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਖੇਡਾਂ ਬੱਚਿਆਂ ਨੂੰ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਹਿੰਮਤ, ਸਹਿਯੋਗ, ਧੀਰਜ ਤੇ ਖੇਡ ਭਾਵਨਾ ਸਿਖਾਉਂਦੀਆਂ ਹਨ। ਇਸ ਲਈ ਆਓ ਖੇਡ ਦਿਵਸ ’ਤੇ ਇਹ ਸੰਕਲਪ ਲਈਏ ਕਿ ਮੋਬਾਈਲ ਤੇ ਸਕਰੀਨ ਦੇ ਸਮੇਂ ਨੂੰ ਸੰਤੁਲਿਤ ਕਰ ਕੇ ਹਰ ਰੋਜ਼ ਕੁਝ ਸਮਾਂ ਖੇਡਾਂ ਲਈ ਜ਼ਰੂਰ ਕੱਢੀਏ। ਖੇਡਾਂ ਖੇਡੋ, ਤੰਦਰੁਸਤ ਰਹੋ ਤੇ ਆਪਣੇ ਦੇਸ਼ ਤੇ ਪਰਿਵਾਰ ਦਾ ਨਾਂ ਰੋਸ਼ਨ ਕਰੋ।